ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ : ਸਪੀਕਰ ਰਾਣਾ ਕੇ.ਪੀ. ਸਿੰਘ


  • ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣ ਦੀ ਕੀਤੀ ਅਪੀਲ
  • ਗੜ੍ਹਸ਼ੰਕਰ ਦੇ ਪਿੰਡ ਸਮੂੰਦੜਾ ਵਿਖੇ ਕਲਚਰਲ ਕਲੱਬ ਸਮੂੰਦੜਾ ਵਲੋਂ ਸ਼ਹੀਦ ਅਜਮੇਰ ਸਿੰਘ ਮੱਲੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਹੁਸ਼ਿਆਰਪੁਰ, 30 ਨਵੰਬਰ:ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ। ਖੇਡਾਂ ਜਿਥੇ ਨੌਜਵਾਨਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਦੀਆਂ ਹਨ, ਉਥੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਵੀ ਬਚਿਆ ਜਾ ਸਕਦਾ ਹੈ। ਉਹ ਅੱਜ ਪਿੰਡ ਸਮੂੰਦੜਾ ਵਿਖੇ ਸ਼ਿਵ ਓਮ ਯੂਥ ਸਪੋਰਟਸ ਐਂਡ ਕਲਚਰਲ ਕਲੱਬ ਸਮੂੰਦੜਾ ਵਲੋਂ ਸ਼ਹੀਦ ਅਜਮੇਰ ਸਿੰਘ ਮੱਲੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਾਈਨਲ ਮੈਚ ਖੇਡਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ।
                  ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਅਗਾਂਹਵਧੂ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਕਿ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਉਪਲਬੱਧ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਥੇ ਹਰੇਕ
ਵਰਗ ਲਈ ਸਹੂਲਤਾਂ ਮੁਹੱਈਆ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵੱਧ ਤੋਂ ਵੱਧ ਕਿੱਤਾਮੁਖੀ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਆਪਣਾ ਧਿਆਨ ਪੜ੍ਹਾਈ ਅਤੇ ਖੇਡਾਂ ਵੱਲ ਲਗਾਉਣ। ਇਸ ਦੌਰਾਨ ਉਨ੍ਹਾਂ ਨੇ ਫੁੱਟਬਾਲ ਗਰਾਉਂਡ ਦੀ ਚਾਰਦੀਵਾਰੀ ਲਈ 4 ਲੱਖ ਰੁਪਏ ਦੇਣ ਦੀ ਘੋਸ਼ਣ ਵੀ ਕੀਤੀ ਅਤੇ ਆਉਣ ਵਾਲੇ ਸਮੇਂ ਦੌਰਾਨ ਪਿੰਡ ਦੇ ਸਕੂਲ ਨੂੰ ਅਪਗਰੇਡ ਕਰਨ ਦੀ ਗੱਲ ਵੀ ਆਖੀ। ਇਸ ਦੌਰਾਨ ਉਨ੍ਹਾਂ ਨੂੰ ਕਲੱਬ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

                  ਇਸ ਦੌਰਾਨ ਪਿੰਡ ਸਮੂੰਦੜਾ ਅਤੇ ਧਮਾਈ ਵਿਚਕਾਰ ਫਾਈਨਲ ਫੁੱਟਬਾਲ ਮੈਚ ਵੀ ਖੇਡਿਆ ਗਿਆ, ਜਿਸ ਵਿੱਚ ਧਮਾਈ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਲਵ ਕੁਮਾਰ ਗੋਲਡੀ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਪੀ.ਸੀ.ਐਸ. ਅਧਿਕਾਰੀ (ਅੰਡਰ ਟਰੇਨਿੰਗ) ਸਹਾਇਕ ਕਮਿਸ਼ਨਰ ਸ੍ਰੀ ਅਮਿਤ ਸਰੀਨ, ਡੀ.ਐਸ. ਪੀ ਰਾਜ ਕੁਮਾਰ, ਬੀ.ਡੀ.ਪੀ.ਓ. ਸ੍ਰੀ ਰਣਜੀਤ ਸਿੰਘ, ਸਰਪੰਚ ਸਮੂੰਦੜਾ ਠਾਕੁਰ ਕਿਸ਼ਨ ਦੇਵ ਸਿੰਘ, ਦਵਿੰਦਰ ਸਿੰਘ, ਮਨੋਹਰ ਕੁਮਾਰ ਸੈਣੀ, ਵਰਿੰਦਰ ਸਿੰਘ, ਪੰਡਤ ਕਿਸ਼ੋਰ ਕੁਮਾਰ, ਸੁਰਜੀਤ ਧਮਾਈ, ਚਰਨਜੀਤ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਖੇਡ ਪ੍ਰੇਮੀ ਮੌਜੂਦ ਸਨ।  

ਮਾਸ ਕੌਂਸਲਿੰਗ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ 10+2 ਤੋਂ ਬਾਅਦ ਵੱਖ-ਵੱਖ ਕੋਰਸਾਂ ਸਬੰਧੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ, 30 ਨਵੰਬਰ:ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਵਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ ਕਰਵਾਏ ਜਾਣ ਵਾਲੇ ਮਾਸ ਕੌਂਸਲਿੰਗ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ
ਘੰਟਾ ਘਰ  ਵਿਖੇ ਮਾਸ ਕੌਂਸਲਿੰਗ ਪ੍ਰੋਗਰਾਮ ਦੇ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਨੇੜੇ ਦੇ ਸਕੂਲਾਂ ਦੇ ਕਰੀਬ 526 ਵਿਦਿਆਰਥੀ ਸ਼ਾਮਲ ਹੋਏ। ਇਸ ਦੌਰਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਅਫ਼ਸਰ ਸ੍ਰੀ ਜਸਵੰਤ ਰਾਏ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸ੍ਰੀ ਮੋਹਨ ਸਿੰਘ ਲੇਹਲ, ਗਾਇਡੈਂਸ ਕੌਂਸਲਰ ਸ੍ਰੀ ਬੇਅੰਤ ਸਿੰਘ, ਸ.ਸ.ਸ.ਸ. ਘੰਟਾਘਰ ਪ੍ਰਿੰਸੀਪਲ ਕਿਰਨ ਸੈਣੀ, ਆਈ.ਟੀ.ਆਈ. ਤੋਂ ਸ੍ਰੀ ਹਰਭਜਨ ਸਿੰਘ, ਸ੍ਰੀ ਵਰੁਣ ਨਈਅਰ, ਸਿਟੀ ਗਰੁੱਪ ਆਫ਼ ਇੰਸਟੀਚਿਊਟ ਜਲੰਧਰ ਤੋਂ ਸ੍ਰੀ ਪੰਕਜ ਅਰੋੜਾ, ਸੀ-ਪਾਈਟ ਕੈਂਪ ਤਲਵਾੜਾ ਤੋਂ ਮੇਜਰ ਨਵਜੋਤ ਸਿੰਘ ਅਤੇ ਵਿਪਨ ਕੁਮਾਰ, ਫੂਡ ਕਰਾਫ਼ਟ ਇੰਸਟੀਚਿਊਟ ਤੋਂ ਸ੍ਰੀ ਅਸ਼ਵਨੀ ਕੁਮਾਰ, ਅਤੇ ਕਈ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ, ਜਿਸ ਵਿੱਚ ਵਿਦਿਆਰਥੀਆਂ ਨੂੰ 10+2 ਵੱਖ-ਵੱਖ ਕੋਰਸਾ ਬਾਰੇ ਜਾਣਕਾਰੀ ਅਤੇ ਇਸ ਦੇ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਕਲੇਰ

 
  •  ਮੰਡੀਆਂ 'ਚ ਪੁੱਜੇ 4,11,575 ਮੀਟਰਕ ਟਨ ਝੋਨੇ ਦੀ 100 ਫੀਸਦੀ ਹੋਈ ਖਰੀਦ
  • ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ
ਹੁਸ਼ਿਆਰਪੁਰ, 29 ਨਵੰਬਰ:ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਨਿਰਵਿਘਨ ਖਰੀਦ ਕੀਤੀ ਜਾ ਰਹੀ ਹੈ ਅਤੇ ਮੰਡੀਆਂ ਵਿਚ ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 4,07,397 ਮੀਟ੍ਰਿਕ ਟਨ ਲਿਫਟਿੰਗ ਹੋ ਚੁੱਕੀ ਹੈ, ਜਿਸ ਮੁਤਾਬਕ 100 ਫੀਸਦੀ ਲਿਫਟਿੰਗ ਯਕੀਨੀ ਬਣਾ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਫੀਸਦੀ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ 4,11,575 ਮੀਟਰਕ ਟਨ ਝੋਨਾ ਮੰਡੀਆਂ ਵਿਚ ਪਹੁੰਚ ਚੁੱਕਿਆ ਹੈ, ਜਿਸ ਵਿਚੋਂ 100 ਫੀਸਦੀ 4,11,575 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ
ਵਿੱਚੋਂ ਪਨਗਰੇਨ ਵਲੋਂ 1,26,042 ਮੀਟ੍ਰਿਕ ਟਨ, ਮਾਰਕਫੈਡ ਵਲੋਂ 82,737 ਮੀਟ੍ਰਿਕ ਟਨ, ਪਨਸਪ ਵਲੋਂ 71,232 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 40,231 ਮੀਟ੍ਰਿਕ ਟਨ, ਪੰਜਾਬ ਐਗਰੋ ਵਲੋਂ 40,112 ਮੀਟ੍ਰਿਕ ਟਨ, ਐਫ.ਸੀ.ਆਈ ਵਲੋਂ 48,933 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 2,288 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ 630.330 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।

        ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਜਿੱਥੇ ਕਿਸਾਨਾਂ ਨੂੰ ਸਮੇਂ-ਸਿਰ ਅਦਾਇਗੀ ਕੀਤੀ ਜਾ ਰਹੀ ਹੈ, ਉਥੇ ਲਿਫਟਿੰਗ ਦਾ ਕੰਮ ਵੀ ਸੁਚੱਜੇ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਜ਼ਿਲ੍ਹਾਂ ਪ੍ਰਸ਼ਾਸ਼ਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ। 
ਸ਼੍ਰੀਮਤੀ ਕਲੇਰ ਨੇ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਝੋਨੇ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਇਸ ਦਿਨ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 3,89,201 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ, ਜਿਸ ਮੁਤਾਬਕ ਇਸ ਸੀਜ਼ਨ ਵਿੱਚ ਪਿਛਲੇ ਸਾਲ ਨਾਲੋਂ 22,374 ਮੀਟ੍ਰਿਕ ਟਨ ਝੋਨੇ ਦੀ ਵਾਧੂ ਖਰੀਦ ਹੋ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ, ਬਲਕਿ ਆਧੁਨਿਕ ਖੇਤੀਬਾੜੀ ਮਸ਼ੀਨਾਂ ਦੀ ਵਰਤੋਂ ਕਰਦੇ ਹੋਏ ਇਸ ਨੂੰ ਜ਼ਮੀਨ ਵਿੱਚ ਹੀ ਦਬਾਉਣ ਨੂੰ ਤਰਜ਼ੀਹ ਦੇਣ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਪਹਿਲ ਕਦਮੀ ਕਰਦਿਆਂ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਲਈ ਸੁੱਕੇ ਚਾਰੇ ਵਜੋਂ ਵੀ ਵਰਤਿਆ ਜਾ ਸਕਦਾ ਹੈ।

ਕੁਇਜ਼ ਮੁਕਾਬਲਿਆਂ ਵਿੱਚ ਰੇਲਵੇ ਮੰਡੀ ਦੇ ਅਰਸ਼ਦੀਪ ਕੌਰ ਅਤੇ ਮਨਜੀਤ ਨੇ ਮਾਰੀ ਬਾਜ਼ੀ


  • ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਕੀਤਾ ਜਾਵੇ ਪ੍ਰੇਰਿਤ : ਸਹਾਇਕ ਕਮਿਸ਼ਨਰ ਅਮਰਜੀਤ ਸਿੰਘ
  • ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਕੁਇਜ਼ ਮੁਕਾਬਲੇ
ਹੁਸ਼ਿਆਰਪੁਰ, 29 ਨਵੰਬਰ:ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2018 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਰੇਲਵੇ ਮੰਡੀ) ਦੇ ਜੇਤੂ ਵਿਦਿਆਰਥੀਆਂ ਅਰਸ਼ਦੀਪ ਕੌਰ ਤੇ ਮਨਜੀਤ ਨੂੰ ਸਨਮਾਨਿਤ ਵੀ ਕੀਤਾ ਗਿਆ।
                       ਕੁਇਜ਼ ਮੁਕਾਬਲਿਆਂ ਦੌਰਾਨ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ
ਸਬੰਧੀ ਜ਼ਿਲ੍ਹੇ ਵਿੱਚ ਨਵੀਆਂ ਵੋਟਾਂ ਬਣਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ, ਤਾਂ ਜੋ ਵਿਦਿਆਰਥੀਆਂ ਵਿੱਚ ਚੋਣਾਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਕੁਇਜ਼ ਮੁਕਾਬਲੇ ਵਿੱਚ ਜ਼ਿਲ੍ਹੇ ਦੇ 7 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਜਿਨ੍ਹਾਂ ਵਿੱਚ ਰੇਲਵੇ ਮੰਡੀ, ਬਸੀ ਕਲਾਂ, ਮਨਹੋਤਾ, ਜਨੌੜੀ, ਚੱਬੇਵਾਲ, ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਅਤੇ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਦੇ ਵਿਦਿਆਰਥੀ ਸ਼ਾਮਲ ਸਨ, ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵਿਜੇਤਾ ਰਹਿਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੇ ਵਿਦਿਆਰਥੀਆਂ ਨੂੰ ਰਾਜ ਪੱਧਰ 'ਤੇ ਹੋਣ ਵਾਲੇ ਕੁਇਜ਼ ਮੁਕਾਬਲਿਆਂ ਲਈ ਭੇਜਿਆ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੀ ਉਮਰ ਯੋਗਤਾ ਮਿਤੀ 1 ਜਨਵਰੀ 2018 ਦੇ ਆਧਾਰ 'ਤੇ 18 ਸਾਲ ਜਾਂ ਇਸ ਤੋਂ ਉਪਰ ਹੋ ਚੁੱਕੀ ਹੈ, ਉਹ ਆਪਣੀ ਵੋਟ ਜ਼ਰੂਰ ਬਣਵਾਉਣ।

                       ਇਸ ਮੌਕੇ 'ਤੇ ਪੀ.ਸੀ.ਐਸ. ਅਧਿਕਾਰੀ (ਅੰਡਰ ਟਰੇਟਿੰਗ) ਸਹਾਇਕ ਕਮਿਸ਼ਨਰ ਸ੍ਰੀ ਅਮਿਤ ਸਰੀਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਤਹਿਸੀਲਦਾਰ (ਚੋਣਾਂ) ਸ੍ਰੀ ਕਰਨੈਲ ਸਿੰਘ, ਬੀ.ਡੀ.ਪੀ.ਓ. ਸ੍ਰੀ ਹਰਬਿਲਾਸ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ।

ਪੰਜਾਬ ਸਰਕਾਰ ਨੌਜਵਾਨਾਂ ਦਾ ਬੌਧਿਕ ਵਿਕਾਸ ਕਰਨ ਲਈ ਪੱਬਾਂ ਭਾਰ


  • ਅੰਤਰਰਾਜੀ ਕੈਂਪਾਂ 'ਚ ਹਿੱਸਾ ਲੈਣ ਲਈ ਕਿਰਾਏ, ਖਾਣ-ਪੀਣ ਅਤੇ ਰਿਹਾਇਸ਼ ਦੀ ਦਿੱਤੀ ਜਾ ਰਹੀ ਹੈ ਮੁਫ਼ਤ ਸਹੂਲਤ
  • ਨੌਜਵਾਨਾਂ ਨੂੰ ਕੈਂਪਾਂ ਦੌਰਾਨ ਕਰਵਾਈ ਜਾ ਰਹੀ ਟ੍ਰੈਕਿੰਗ ਨਾਲ ਮਿਲ ਸਕਦੇ ਨੇ ਰੁਜ਼ਗਾਰ ਦੇ ਮੌਕੇ
  • ਨੌਜਵਾਨਾਂ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ
ਹੁਸ਼ਿਆਰਪੁਰ, 28 ਨਵੰਬਰ:ਪੰਜਾਬ ਸਰਕਾਰ ਵਲੋਂ ਜਿਥੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹ ਕੇ ਨੌਜਵਾਨਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਥੇ ਅੰਤਰਰਾਜੀ ਕੈਂਪ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦਾ ਬੌਧਿਕ ਵਿਕਾਸ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੈਂਪਾਂ ਦੌਰਾਨ ਕਰਵਾਈ ਜਾ ਰਹੀ ਟ੍ਰੈਕਿੰਗ ਜ਼ਰੀਏ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ।
       ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੁਵਕ ਸੇਵਾਵਾਂ ਵਿਭਾਗ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ
ਰੱਖਣ ਅਤੇ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ, ਜਿਨ੍ਹਾਂ ਤਹਿਤ ਨੌਜਵਾਨਾਂ ਨੂੰ ਅੰਤਰਰਾਜੀ ਦੌਰੇ, ਯੂਥ ਲੀਡਰਸ਼ਿਪ ਟਰੇਨਿੰਗ ਕੈਂਪ, ਹਾਈਕਿੰਗ ਟ੍ਰੈਕਿੰਗ ਕੈਂਪ, ਯੁਵਕ ਮੇਲੇ, ਯੁਵਕ ਦਿਵਸ, ਯੂਥ ਐਕਸਚੇਂਜ ਪ੍ਰੋਗਰਾਮ ਆਦਿ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਕਿਰਾਏ ਤੋਂ ਲੈ ਕੇ ਖਾਣ-ਪੀਣ, ਰਿਹਾਇਸ਼ ਅਤੇ ਟ੍ਰੈਕਿੰਗ ਬਿਲਕੁੱਲ ਮੁਫ਼ਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਰੀਰਕ ਕਸਰਤ, ਬੌਧਿਕ ਗਤੀਵਿਧੀਆਂ, ਟ੍ਰੈਕਿੰਗ, ਸਭਿਆਚਾਰਕ ਮੁਕਾਬਲਿਆਂ ਤੋਂ ਇਲਾਵਾ ਇਤਿਹਾਸਕ ਸਥਾਨਾਂ ਦੇ ਦੌਰੇ ਆਦਿ ਕਰਵਾਏ ਜਾਂਦੇ ਹਨ।

     ਸ਼੍ਰੀਮਤੀ ਕਲੇਰ ਨੇ ਦੱਸਿਆ ਕਿ ਕੈਂਪਾਂ ਦੌਰਾਨ ਪੰਜਾਬ ਦੇ 22 ਜ਼ਿਲ੍ਹਿਆਂ ਤੋਂ ਕੈਂਪਰ ਇਕੱਠੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਚਰਚਾ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਕ ਦੂਸਰੇ ਦੇ ਭਾਸ਼ਾਈ ਵੱਖਰੇਵੇਂ, ਖਾਣ-ਪੀਣ, ਸਭਿਆਚਾਰ ਸਬੰਧੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਆਪਣੀ ਜਿੰਦਗੀ ਨੂੰ ਅਸਲੀ ਤਰੀਕੇ ਨਾਲ ਜਿਉਣ ਦੀ ਸੋਝ ਕਰਵਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਲਈ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਜਿੱਥੇ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰਹਿੰਦੇ ਹਨ, ਉਥੇ ਮਿਲਗੋਭਾ ਸਭਿਆਚਾਰ ਨੂੰ ਵੀ ਬੜਾਵਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਲਈ ਪਹਾੜੀ ਖੇਤਰਾਂ ਵਿੱਚ ਕਰਵਾਈ ਜਾ ਰਹੀ ਟ੍ਰੈਕਿੰਗ ਨਾਲ 'ਟ੍ਰੈਕਿੰਗ ਗਾਈਡ' ਬਣਨ ਦੇ ਮੌਕੇ ਵੀ ਪ੍ਰਦਾਨ ਹੁੰਦੇ ਹਨ।
            ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਪ੍ਰੀਤ
ਕੋਹਲੀ ਨੇ ਦੱਸਿਆ ਕਿ ਇਸ ਸਾਲ ਵਿਭਾਗ ਵਲੋਂ ਜ਼ਿਲ੍ਹੇ ਦੇ ਲੜਕੇ-ਲੜਕੀਆਂ ਦੇ ਮਨਾਲੀ ਵਿਖੇ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਲਗਾਉਣ ਤੋਂ ਇਲਾਵਾ ਕਾਲਜ ਵਿਦਿਆਰਥੀਆਂ, ਗੈਰ-ਵਿਦਿਆਰਥੀਆਂ, ਕੌਮੀ ਸੇਵਾ ਯੋਜਨਾ ਵਲੰਟੀਅਰਾਂ, 9ਵੀਂ-10ਵੀਂ ਕਲਾਸ ਦੇ ਵਿਦਿਆਰਥੀਆਂ ਅਤੇ 11ਵੀਂ-12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਕੈਂਪ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹੇ ਦੇ 30 ਕਾਲਜਾਂ ਵਿੱਚ 30 ਰੈਡ ਰਿਬਨ ਕਲੱਬ ਵੀ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਕਲੱਬਾਂ ਦੁਆਰਾ ਲੋੜ ਪੈਣ 'ਤੇ ਆਪਣੇ ਵਲੰਟੀਅਰ ਖੂਨਦਾਨੀ ਦੇ ਰੂਪ ਵਿੱਚ ਵੀ ਭੇਜੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਇਸ ਸਮੇਂ 50 ਕੌਮੀ ਸੇਵਾ ਯੋਜਨਾ ਯੂਨਿਟ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 5253 ਵਲੰਟੀਅਰ ਭਰਤੀ ਕੀਤੇ ਗਏ ਹਨ, ਜੋ ਕਿ ਵੱਖ-ਵੱਖ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਲੰਟੀਅਰਾਂ ਵਲੋਂ ਹੁਣ ਤੱਕ ਵੱਡੀ ਗਿਣਤੀ ਵਿੱਚ ਇਕ ਰੋਜ਼ਾ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਇਨ੍ਹਾਂ ਸਕੂਲਾਂ ਵਲੋਂ ਅਡਾਪਟ ਕੀਤੇ ਗਏ ਪਿੰਡਾਂ ਅਤੇ ਬਸਤੀਆਂ ਵਿੱਚ ਸਫ਼ਾਈ ਕਰਕੇ ਸਵੱਛਤਾ ਅਭਿਆਨ ਵਿਚ ਯੋਗਦਾਨ ਪਾਇਆ ਗਿਆ।

ਸਫ਼ਲਤਾ ਲਈ ਸਮੇਂ ਦੇ ਹਾਣੀ ਬਣਨ ਨੌਜਵਾਨ : ਪਰਸ਼ੋਤਮ ਸਿੰਘ


  • ਮਾਸ ਕਾਉਂਸਲਿੰਗ ਰਾਹੀਂ ਤਲਵਾੜਾ ਦੇ ਸਕੂਲਾਂ ਨੂੰ ਦਿੱਤੀ ਅਹਿਮ ਜਾਣਕਾਰੀ
ਤਲਵਾੜਾ, 28 ਨਵੰਬਰ: ਜ਼ਿੰਦਗੀ ਵਿੱਚ ਸਫ਼ਲਤਾ ਹਾਸਿਲ ਕਰਨ ਲਈ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ। ਇਹ ਪ੍ਰਗਟਾਵਾ ਇੱਥੇ ਪਰਸ਼ੋਤਮ ਸਿੰਘ ਰੋਜ਼ਗਾਰ ਅਫ਼ਸਰ ਤਲਵਾੜਾ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਵਿਖੇ ਮਾਸ ਕਾਉਂਸਲਿੰਗ ਪ੍ਰੋਗਰਾਮ ਤਹਿਤ ਬਲਾਕ ਤਲਵਾੜਾ
ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮਨਚਾਹੀ ਨੌਕਰੀ ਅਤੇ ਕਿੱਤੇ ਦੀ ਚੋਣ ਲਈ ਲਾਹੇਵੰਦ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਸੰਯੋਜਕ ਬੇਅੰਤ ਸਿੰਘ ਵੱਲੋਂ ਜਿਲ੍ਹੇ ਅੰਦਰ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਯੋਗ ਅਗਵਾਈ ਕੀਤੇ ਜਾ ਰਹੇ ਉਪਰਾਲਿਆਂ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਰੌਸ਼ਨੀ ਪਾਈ ਗਈ। ਇਸ ਮੌਕੇ ਪ੍ਰਿੰ. ਸੁਰੇਸ਼ ਕੁਮਾਰੀ, ਮੇਜਰ ਦਲਜੀਤ ਸਿੰਘ ਸੀ. ਪਾਈਟ ਤਲਵਾੜਾ, ਰਾਜਿੰਦਰ ਸਿੰਘ ਜੇ. ਆਰ. ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ, ਅਸ਼ਵਨੀ ਕੁਮਾਰ ਫ਼ੂਡ ਕਰਾਫ਼ਟ ਇੰਸਚੀਚਿਊਟ, ਪੰਕਜ ਅਰੋੜਾ ਸੀ. ਟੀ. ਗਰੁੱਪ, ਵਰੁਣ ਨਈਅਰ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਵਿਚ ਤਲਵਾੜਾ ਸੈਕਟਰ-1, 2 ਅਤੇ 3 ਤੋਂ ਇਲਾਵਾ ਫ਼ਤਿਹਪੁਰ, ਰਾਮਗੜ ਦੇ ਸਕੂਲਾਂ ਵਿਦਿਆਰਥੀਆਂ ਨੇ ਭਾਗ ਲਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਰਿੰਦਰਪਾਲ ਸਿੰਘ, ਪਰਮਜੀਤ ਸਿੰਘ, ਮਨੋਜ ਕੁਮਾਰ, ਧਿਆਨ ਸਿੰਘ ਚੰਦਨ ਸਮੇਤ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ।

ਸਾਇੰਸ ਮੇਲੇ ਵਿਚ ਵਿਦਿਆਰਥੀਆਂ ਨੇ ਵਿਖਾਇਆ ਉਤਸ਼ਾਹ


ਤਲਵਾੜਾ, 28 ਨਵੰਬਰ: ਸਰਕਾਰੀ ਹਾਈ ਸਕੂਲ ਚੰਗੜਵਾਂ ਵਿਖੇ
ਵਿਦਿਆਰਥੀਆਂ ਵਿੱਚ ਸਾਇੰਸ ਮੇਲੇ ਦੌਰਾਨ ਉਤਸ਼ਾਹ ਵੇਖਣ ਨੂੰ ਮਿਲਿਆ। ਸਕੂਲ ਮੁਖੀ ਕੁਲਵੰਤ ਸਿੰਘ ਅਨੁਸਾਰ ਇਸ ਮੇਲੇ ਵਿਚ ਸਾਇੰਸ ਅਧਿਆਪਕਾ ਮੁਨੀਸ਼ਾ ਸ਼ਰਮਾ ਤੇ ਰਾਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨਿਕ ਨੁਕਤਿਆਂ ਤੇ ਅਧਾਰਿਤ ਤਕਨੀਕਾਂ ਤੇ ਕਿਰਿਆਵਾਂ ਤਿਆਰ ਕਰਵਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋ ਇਲਾਵਾ ਰਣਜੀਤ ਸਿੰਘ, ਗੁਰਪਾਲ ਸਿੰਘ, ਅਮਿਤਾ ਠਾਕੁਰ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਮੈਰਿਜ ਰਜਿਸਟਰੇਸ਼ਨ ਦੌਰਾਨ ਤੋਹਫ਼ੇ ਵਜੋਂ ਭੇਟ ਕੀਤਾ ਜਾ ਰਿਹੈ ਪੌਦਾ


ਹੁਸ਼ਿਆਰਪੁਰ, 28 ਨਵੰਬਰ:ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਲਈ ਜਿਥੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਜਨਤਾ ਵਲੋਂ ਪੌਦੇ ਲਗਾਏ ਜਾਂਦੇ ਹਨ, ਉਥੇ ਮਾਲ ਵਿਭਾਗ ਵਲੋਂ ਵੀ ਇਕ ਨਿਵੇਕਲੀ ਪਹਿਲ ਕਰਦਿਆਂ ਮੈਰਿਜ ਰਜਿਸਟਰੇਸ਼ਨ ਦੌਰਾਨ ਜੋੜੇ ਨੂੰ ਤੋਹਫ਼ੇ ਵਜੋਂ ਇਕ ਪੌਦਾ ਭੇਟ ਕੀਤਾ ਜਾ ਰਿਹਾ ਹੈ।
                       ਹੁਸ਼ਿਆਰਪੁਰ ਦੇ ਤਹਿਸੀਲਦਾਰ ਸ੍ਰੀ ਅਰਵਿੰਦ
ਪ੍ਰਕਾਸ਼ ਵਰਮਾ ਨੇ ਇਕ ਜੋੜੇ ਨੂੰ ਪੌਦਾ ਭੇਟ ਕਰਦਿਆਂ ਕਿਹਾ ਕਿ ਵਾਤਾਵਰਣ ਦਾ ਸੰਤੁਲਨ ਬਰਕਰਾਰ ਰੱਖਣ ਲਈ ਹਰੇਕ ਵਿਅਕਤੀ ਨੂੰ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਧ ਰਿਹਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਘਾਤਕ ਹੈ ਅਤੇ ਇਸ ਦੀ ਰੋਕਥਾਮ ਵੱਧ ਤੋਂ ਵੱਧ ਦਰੱਖਤ ਲਗਾ ਕੇ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ਼ ਰੱਖਣ ਲਈ ਸਾਨੂੰ ਖੁਦ ਪਹਿਲਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਤਹਿਸੀਲ ਹੁਸ਼ਿਆਰਪੁਰ ਵਿੱਚ 400 ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਵਾਲੇ ਜੋੜਿਆ ਨੂੰ ਪੌਦੇ ਭੇਟ ਕੀਤੇ ਗਏ ਹਨ, ਤਾਂ ਕਿ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਇਕ ਪੌਦਾ ਲਗਾ ਕੇ ਕਰ ਸਕਣ।

ਬੇਟੇ ਦੇ ਜਨਮ ਦਿਨ 'ਤੇ 'ਸਾਂਝੀ ਰਸੋਈ' ਨੂੰ ਦਿੱਤੀ 11 ਹਜ਼ਾਰ ਰੁਪਏ ਦੀ ਸਹਾਇਤਾ

ਹੁਸ਼ਿਆਰਪੁਰ, 28 ਨਵੰਬਰ:ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਵਿੱਚ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਖੋਲ੍ਹੀ 'ਸਾਂਝੀ ਰਸੋਈ' ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੈਂਕੜੇ ਵਿਅਕਤੀ ਰੋਜ਼ਾਨਾ 'ਸਾਂਝੀ ਰਸੋਈ' ਵਿੱਚੋਂ ਕੇਵਲ 10 ਰੁਪਏ ਵਿੱਚ ਦੁਪਹਿਰ ਦਾ ਪੌਸ਼ਟਿਕ ਖਾਣਾ ਖਾ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਅੱਜ ਦਾਨੀ ਸੱਜਣ ਸ੍ਰੀ ਕਮਲਜੀਤ ਸੇਤੀਆ ਨੇ ਆਪਣੇ ਬੇਟੇ ਅਨਮੋਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ 11 ਹਜ਼ਾਰ ਰੁਪਏ ਦੀ ਰਕਮ ਸਹਾਇਤਾ ਵਜੋਂ ਮੁਹੱਈਆ ਕਰਵਾਈ। ਇਸ ਮੌਕੇ ਸ੍ਰੀ
ਸੇਤੀਆ ਦੀ ਧਰਮਪਤਨੀ ਸ੍ਰੀਮਤੀ ਸੁਸ਼ਮਾ ਸੇਤੀਆ, ਭਾਰਤੀ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਮੀਨਾਕਸ਼ੀ ਖੰਨਾ, ਸ੍ਰੀ ਅਸ਼ਵਨੀ ਓਹਰੀ, ਸ੍ਰੀ ਮਨੋਜ ਸ਼ਰਮਾ, ਸ੍ਰੀ ਦੀਪਕ ਸ਼ਾਰਦਾ, ਸ੍ਰੀ ਰਘਬੀਰ ਬੰਟੀ, ਸ੍ਰੀ ਵਿਜੇਸ਼ ਗੁਪਤਾ, ਸ੍ਰੀ ਕਮਲ ਗੁਪਤਾ, ਸ੍ਰੀ ਮੁਨੀਸ਼ ਸੇਤੀਆ ਅਤੇ ਸ੍ਰੀ ਰੋਹਿਤ ਸ਼ਰਮਾ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਸ਼ਾਮਲ ਸਨ।
                       'ਸਾਂਝੀ ਰਸੋਈ' ਵਿਖੇ ਕੇਕ ਦੀ ਰਸਮ ਅਦਾ ਕਰਨ ਉਪਰੰਤ ਸ੍ਰੀ ਕਮਲਜੀਤ ਸੇਤੀਆ ਨੂੰ ਇਕ ਸਨਮਾਨ ਚਿੰਨ੍ਹ ਨਾਲ ਸ੍ਰੀ ਅਵਿਨਾਸ਼ ਰਾਏ ਖੰਨਾ ਅਤੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਵਲੋਂ ਸਨਮਾਨਿਤ ਕੀਤਾ ਗਿਆ। ਭਾਰਤੀ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ ਖੋਲ੍ਹੀ 'ਸਾਂਝੀ ਰਸੋਈ' ਪੰਜਾਬ ਵਿੱਚੋਂ ਮੋਹਰੀ ਰੋਲ ਅਦਾ ਕਰ ਰਹੀ ਹੈ। ਸ੍ਰੀ ਖੰਨਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਲੋੜਵੰਦ ਵਿਅਕਤੀਆਂ ਲਈ ਕਾਫ਼ੀ ਸਹਾਈ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੇ ਲੋੜਵੰਦਾਂ ਨੂੰ ਕੇਵਲ 10 ਰੁਪਏ ਵਿੱਚ ਹੀ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ੍ਰੀ ਨਰੇਸ਼ ਗੁਪਤਾ ਨੇ ਕਿਹਾ ਕਿ 'ਸਾਂਝੀ ਰਸੋਈ' ਵਿੱਚ ਯੋਗਦਾਨ ਪਾਉਣ ਅਤੇ ਆਪਣੇ ਵਿਸ਼ੇਸ਼ ਦਿਨ ਬੁੱਕ ਕਰਵਾਉਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ, ਖੇਤੀਬਾੜੀ ਰਸਾਇਣਾਂ ਦੀ ਸੁਚੱਜੀ ਵਰਤੋਂ 'ਤੇ ਦਿੱਤਾ ਜ਼ੋਰ


  • ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੀ ਵਿਗਿਆਨਕ ਸਲਾਹਕਾਰ ਕਮੇਟੀ ਦੀ ਹੋਈ ਬੈਠਕ
ਹੁਸ਼ਿਆਰਪੁਰ, 28 ਨਵੰਬਰ:ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੀ ਵਿਗਿਆਨਕ ਸਲਾਹਕਾਰ ਕਮੇਟੀ ਦੀ ਬੈਠਕ ਵਧੀਕ ਨਿਰਦੇਸ਼ਕ ਪ੍ਰਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਗੁਰਮੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਡਿਪਟੀ ਡਾਇਰੈਕਟਰ ਸਿਖਲਾਈ ਕ੍ਰਿਸ਼ੀ ਵਿਗਿਆਨ
ਕੇਂਦਰ ਡਾ. ਮਨਿੰਦਰ ਸਿੰਘ ਨੇ ਪਿਛਲੀ ਵਿਗਿਆਨਕ ਸਲਾਹਕਾਰ ਕਮੇਟੀ ਦੀ ਕਾਰਵਾਈ ਅਤੇ ਗਤੀਵਿਧੀਆਂ ਸਬੰਧੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਸਾਲ 2017-18 ਦੌਰਾਨ ਲਗਾਏ ਜਾਣ ਵਾਲੇ ਸਿਖਲਾਈ ਕੋਰਸਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ।

           ਬੈਠਕ ਦੌਰਾਨ ਵਧੀਕ ਨਿਰਦੇਸ਼ਕ ਪ੍ਰਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਗੁਰਮੀਤ ਸਿੰਘ ਬੁੱਟਰ ਵਲੋਂ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ, ਖੇਤੀਬਾੜੀ ਰਸਾਇਣਾਂ ਦੀ ਸੁਚੱਜੀ ਵਰਤੋਂ, ਲੋੜ ਅਨੁਸਾਰ ਖੇਤੀ ਖਰਚਿਆਂ ਅਤੇ ਖੇਤੀ ਪਦਾਰਥਾਂ ਦੀ ਪ੍ਰੋਸੈਸਿੰਗ ਸਬੰਧੀ ਜ਼ੋਰ ਦਿੱਤਾ ਗਿਆ। ਇਸ ਦੌਰਾਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਕਰਨ ਵਾਲੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਪ੍ਰਸੰਸ਼ਾ ਪੱਤਰ ਵੀ ਵੰਡੇ ਗਏ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਪੁਸ਼ਪਿੰਦਰ ਪਾਲ ਸਿੰਘ ਪੰਨੂ, ਡਾਇਰੈਕਟਰ ਖੇਤਰੀ ਖੋਜ ਕੇਂਦਰ ਬੁਲੋਵਾਲ ਸੌਂਖੜੀ ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ ਸਿਟਰਸ ਅਸਟੇਟ ਭੂੰਗਾ ਸ੍ਰ: ਜਸਵੰਤ ਸਿੰਘ ਚੋਟਾਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਿਸਾਨ ਵੀ ਮੌਜੂਦ ਸਨ।

ਮਾਸ ਕੌਂਸਲਿੰਗ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਕਿੱਤਾਮੁਖੀ ਕੋਰਸਾਂ ਸਬੰਧੀ ਦਿੱਤੀ ਜਾਣਕਾਰੀ


ਹੁਸ਼ਿਆਰਪੁਰ, 28 ਨਵੰਬਰ:ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਵਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ ਕਰਵਾਏ ਜਾਣ ਵਾਲੇ ਮਾਸ ਕੌਂਸਲਿੰਗ ਪ੍ਰੋਗਰਾਮ ਤਹਿਤ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਮਾਸ
ਕੌਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਨੇੜੇ ਦੇ ਸਕੂਲਾਂ ਦੇ ਕਰੀਬ 550 ਵਿਦਿਆਰਥੀ ਸ਼ਾਮਲ ਹੋਏ। ਇਸ ਦੌਰਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਅਫ਼ਸਰ ਸ੍ਰੀ ਜਸਵੰਤ ਰਾਏ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸ੍ਰੀ ਮੋਹਨ ਸਿੰਘ ਲੇਹਲ, ਗਾਇਡੈਂਸ ਕੌਂਸਲਰ ਸ੍ਰੀ ਬੇਅੰਤ ਸਿੰਘ, ਪ੍ਰਿੰਸੀਪਲ ਦਲਬੀਰ ਕੌਰ, ਆਈ.ਟੀ.ਆਈ. ਤੋਂ ਸ੍ਰੀ ਹਰਬੰਸ ਸਿੰਘ, ਸ੍ਰੀ ਵਰੁਣ ਨਈਅਰ, ਸਿਟੀ ਗਰੁੱਪ ਆਫ਼ ਇੰਸਟੀਚਿਊਟ ਜਲੰਧਰ ਤੋਂ ਸ੍ਰੀ ਪੰਕਜ ਅਰੋੜਾ, ਸੀ-ਪਾਈਟ ਕੈਂਪ ਤਲਵਾੜਾ ਤੋਂ ਮੇਜਰ ਦਲਬੀਰ ਸਿੰਘ, ਫੂਡ ਕਰਾਫ਼ਟ ਇੰਸਟੀਚਿਊਟ ਤੋਂ ਸ੍ਰੀ ਅਸ਼ਵਨੀ ਕੁਮਾਰ, ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਦਫ਼ਤਰ ਤੋਂ ਸ੍ਰੀ ਗੁਰਜੀਤ ਲਾਲ ਨੇ ਵਿਦਿਆਰਥੀਆਂ ਨੂੰ ਬਾਹਰਵੀਂ ਤੋਂ ਬਾਅਦ ਕੀਤੇ ਜਾਣ ਵਾਲੇ ਕਿੱਤਾਮੁਖੀ ਕੋਰਸਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਸੇਵਾ ਦਾ ਅਧਿਕਾਰ ਐਕਟ ਸਬੰਧੀ ਮੁਢਲੀ ਜਾਣਕਾਰੀ ਹੋਣੀ ਅਤਿ ਜ਼ਰੂਰੀ : ਕਮਿਸ਼ਨਰ ਪੰਕਜ ਮਹਾਜਨ


ਹੁਸ਼ਿਆਰਪੁਰ, 28 ਨਵੰਬਰ:ਸੇਵਾ ਦਾ ਅਧਿਕਾਰ ਐਕਟ ਤਹਿਤ ਰਾਜ ਦੇ ਨਿਵਾਸੀਆਂ ਨੂੰ ਸਮੇਂ ਸਿਰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜੇਕਰ ਕਿਸੇ ਨੂੰ ਇਸ ਸਬੰਧੀ ਕੋਈ
ਸਮੱਸਿਆ ਆਉਂਦੀ ਹੈ, ਤਾਂ ਉਹ ਆਪਣੀ ਸ਼ਿਕਾਇਤ ਕਮਿਸ਼ਨ ਨੂੰ ਦਰਜ ਕਰਵਾ ਸਕਦਾ ਹੈ। ਸੇਵਾ ਦਾ ਅਧਿਕਾਰ ਐਕਟ ਕਮਿਸ਼ਨ ਦੇ ਕਮਿਸ਼ਨਰ ਸ੍ਰੀ ਪੰਕਜ ਮਹਾਜਨ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਲਗਾਏ ਗਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਸੇਵਾ ਦਾ ਅਧਿਕਾਰ ਐਕਟ ਸਬੰਧੀ ਸਾਰਿਆਂ ਨੂੰ ਮੁਢਲੀ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੈ। ਇਸ ਐਕਟ ਤਹਿਤ 351 ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਮੇਂ ਸਿਰ ਮੁਹੱਈਆ ਕਰਵਾਉਣਾ ਲਾਜ਼ਮੀ ਹੈ। ਇਸ ਮੌਕੇ 'ਤੇ ਹੈਡਮਾਸਟਰ ਜਗਦੀਸ਼ ਲਾਲ, ਇੰਸਟਰਕਟਰ ਨੀਲਮ ਰਾਣੀ ਸਮੇਤ ਸਿਖਲਾਈ ਸੰਸਥਾ ਦੀਆਂ ਵਿਦਿਆਰਥਣਾਂ ਸ਼ਾਮਲ ਸਨ। 

ਕਮਿਸ਼ਨਰ ਜਲੰਧਰ ਡਵੀਜ਼ਨ-ਕਮ-ਰੋਲ ਅਬਜ਼ਰਵਰ ਨੇ ਕੀਤੀ ਪੋਲਿੰਗ ਬੂਥ ਕੇਂਦਰਾਂ ਦੀ ਅਚਨਚੇਤ ਚੈਕਿੰਗ


  • ਕਿਹਾ, ਵੱਧ ਤੋਂ ਵੱਧ ਯੋਗ ਉਮੀਦਵਾਰਾਂ ਦੀਆਂ ਬਣਾਈਆਂ ਜਾਣ ਵੋਟਾਂ
ਹੁਸ਼ਿਆਰਪੁਰ, 27 ਨਵੰਬਰ:ਕਮਿਸ਼ਨਰ ਜਲੰਧਰ ਡਵੀਜ਼ਨ-ਕਮ-ਰੋਲ ਅਬਜ਼ਰਵਰ,ਆਈ.ਏ.ਐਸ. ਸ੍ਰੀ ਰਾਜ ਕਮਲ ਚੌਧਰੀ ਨੇ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਪੋਲਿੰਗ ਬੂਥ ਕੇਂਦਰਾਂ 'ਤੇ ਲਗਾਏ ਗਏ ਵਿਸ਼ੇਸ਼ ਕੈਂਪਾਂ ਦੀ ਅਚਨਚੇਤ ਚੈਕਿੰਗ ਕੀਤੀ । ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
                       ਕਮਿਸ਼ਨਰ ਜਲੰਧਰ ਡਵੀਜ਼ਨ-ਕਮ-ਰੋਲ
ਅਬਜ਼ਰਵਰ,ਆਈ.ਏ.ਐਸ. ਸ੍ਰੀ ਰਾਜ ਕਮਲ ਚੌਧਰੀ ਨੇ ਚੈਕਿੰਗ ਦੌਰਾਨ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵੋਟਾਂ ਬਣਾਉਣ ਦੇ ਲਈ ਨੌਜਵਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਚੋਣ ਹਲਕਾ-42 ਸ਼ਾਮ ਚੁਰਾਸੀ ਦੇ ਪੋਲਿੰਗ ਬੂਥ ਸਰਕਾਰੀ ਐਲੀਮੈਂਟਰੀ ਸਕੂਲ ਨਸਰਾਲਾ ਤੇ ਸਿੰਗੜੀਵਾਲ ਅਤੇ ਵਿਧਾਨ ਸਭਾ ਚੋਣ ਹਲਕਾ-43 ਦੇ  ਬੂਥ ਸਰਕਾਰੀ ਸੀਨੀਅਰ ਸਕੂਲ ਪਿੰਪਲਾਂਵਾਲਾ ਦੀ ਅਚਨਚੇਤ ਚੈਕਿੰਗ ਵੀ ਕੀਤੀ। ਚੈਕਿੰਗ ਦੌਰਾਨ ਉਨ੍ਹਾਂ ਨੇ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਸ਼ਲਾਘਾਂ ਕੀਤੀ। ਉਨ੍ਹਾਂ ਨੇ ਵਧੀਆ ਕੰਮ ਕਰ ਰਹੇ ਬੂਥ ਲੈਵਲ ਅਫ਼ਸਰਾਂ ਨੂੰ ਪ੍ਰਸ਼ੰਸਾ ਪੱਤਰ  ਦੇਦ ਦੀ ਗੱਲ ਵੀ ਆਖੀ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ, ਤਹਿਸੀਲਦਾਰ ਅਰਵਿੰਦ ਕੁਮਾਰ ਵਰਮਾ, ਬੀ.ਡੀ.ਪੀ.ਓ. ਸੁਖਦੇਸ਼ ਸਿੰਘ ਅਤੇ ਚੋਣ ਤਹਿਸੀਲਦਾਰ ਕਰਨੈਲ ਸਿੰਘ ਵੀ ਮੌਜੂਦ ਸਨ।

ਕੁਦਰਤੀ ਆਫ਼ਤਾਂ ਸਮੇਂ ਕੌਮੀ ਆਫ਼ਤ ਪ੍ਰਬੰਧਨ ਫੋਰਸ ਦੇ ਜਵਾਨ ਨਿਭਾਉਂਦੇ ਹਨ ਮੁੱਖ ਭੂਮਿਕਾ : ਏ.ਡੀ.ਸੀ. ਅਨੁਪਮ ਕਲੇਰ


  • ਕੌਮੀ ਆਫ਼ਤ ਪ੍ਰਬੰਧਨ ਫੋਰਸ ਵਲੋਂ ਲਗਾਏ ਵਿਸ਼ੇਸ਼ ਕੈਂਪ 'ਚ ਮੋਕ ਡਰਿੱਲ ਰਾਹੀਂ ਦਿੱਤੀ ਅਹਿਮ ਜਾਣਕਾਰੀ
ਹੁਸ਼ਿਆਰਪੁਰ, 27 ਨਵੰਬਰ:ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਨੁਪਮ ਕਲੇਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਵਾੜਾ ਵਿਖੇ ਕੌਮੀ ਆਫ਼ਤ ਪ੍ਰਬੰਧਨ ਫੋਰਸ ਵਲੋਂ ਲਗਾਏ ਗਏ ਵਿਸ਼ੇਸ਼ ਮੋਕ ਡਰਿੱਲ ਕੈਂਪ ਦਾ ਉਦਘਾਟਨ ਕੀਤਾ। ਇੰਸਪੈਕਟਰ ਹਰੀ ਓਮ ਦੀ ਅਗਵਾਈ ਹੇਠ ਲਗਾਏ ਗਏ ਇਸ ਵਿਸ਼ੇਸ਼ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮੋਕ ਡਰਿੱਲ ਰਾਹੀਂ ਆਫਤਾ ਪ੍ਰਬੰਧਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਦਰਤੀ ਆਫਤਾਂ ਸਮੇਂ ਜਨਤਾ ਦੀ ਜਾਨ-ਮਾਲ ਨੂੰ ਬਚਾਉਣ ਲਈ ਕੌਮੀ ਆਫਤ ਪ੍ਰਬੰਧਨ ਫੋਰਸ ਦੇ ਜਵਾਨ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਭੂਚਾਲ, ਹੜ੍ਹ, ਅੱਗ ਦੀਆਂ ਘਟਨਾਵਾਂ, ਰੇਲ ਜਾਂ ਸੜਕ
ਦੁਰਘਟਨਾਵਾਂ ਦੇ ਸਮੇਂ ਹੋਈ ਜਾਨ-ਮਾਲ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਜੋ ਇਸ ਸਕੂਲ ਵਿੱਚ ਕੈਂਪ ਲਗਾਇਆ ਗਿਆ ਹੈ, ਉਸ ਵਿੱਚ ਇਨ੍ਹਾਂ ਨਵੀਆਂ ਤਕਨੀਕਾਂ ਅਤੇ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਸਾਧਨਾਂ ਨੂੰ ਮੋਕ ਡਰਿੱਲ ਰਾਹੀਂ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਤੋਂ ਬਚਾਅ ਲਈ ਸਾਨੂੰ ਮੁਢਲੀ ਜਾਣਕਾਰੀ ਹੋਣੀ ਚਾਹੀਦੀ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦ ਕਦੇ ਅਚਾਨਕ ਭੂਚਾਲ ਆਉਂਦਾ ਹੈ, ਤਾਂ ਫੌਰੀ ਤੌਰ 'ਤੇ ਕਿਵੇਂ ਅਸੀਂ ਆਪਣੀ ਅਤੇ ਦੂਜਿਆਂ ਦੀਆਂ ਜਾਨਾਂ ਬਚਾ ਸਕਦੇ ਹਾਂ। ਇਸ ਦੌਰਾਨ ਉਨ੍ਹਾਂ ਨੇ ਪ੍ਰਬੰਧਨ ਫੋਰਸ ਵਲੋਂ ਲਗਾਏ ਗਏ ਬਚਾਅ ਦੇ ਸਾਧਨਾਂ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।

                       ਇਸ ਦੌਰਾਨ ਕੌਮੀ ਆਫ਼ਤ ਪ੍ਰਬੰਧਨ ਫੋਰਸ ਦੇ ਇੰਸਪੈਕਟਰ ਹਰੀ ਓਮ ਨੇ ਦੱਸਿਆ ਕਿ ਸਕੂਲਾਂ ਅਤੇ ਪਿੰਡਾਂ ਵਿੱਚ ਲਗਾਏ ਗਏ ਇਸ ਕੈਂਪ ਦਾ ਮੁਖ ਉਦੇਸ਼ ਵਿਦਿਆਰਥੀ ਅਤੇ ਪਿੰਡ ਵਾਸੀਆਂ ਨੂੰ ਕੁਦਰਤੀ ਆਫਤਾਂ ਦੇ ਸਮੇਂ ਆਪਣੀ ਅਤੇ ਦੂਜਿਆ ਦੀ ਜਾਨ ਬਚਾਉਣ ਸਬੰਧੀ ਮੁਢਲੀ ਜਾਣਕਾਰੀ ਦੇਣਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਵਿਸ਼ੇਸ਼ ਕੈਂਪ ਵਿੱਚ ਜਵਾਨਾਂ ਵਲੋਂ ਮੋਕ ਡਰਿੱਲ ਕਰਕੇ ਦੱਸਿਆ ਗਿਆ ਹੈ ਕਿ ਹਾਦਸਿਆਂ ਸਮੇਂ ਅਸੀਂ ਕਿਸ ਤਰ੍ਹਾਂ ਦੁਰਘਟਨਾਂ ਗ੍ਰਸਤ ਲੋਕਾਂ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਜ਼ਿਲ੍ਹੇ ਦੇ ਬਾਕੀ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਲਗਾਏ ਜਾ ਰਹੇ ਹਨ। ਇਸ ਦੇ ਤਹਿਤ 28 ਨਵੰਬਰ ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਡੱਲੇਵਾਲ,  29 ਅਤੇ 30 ਨਵੰਬਰ ਨੂੰ ਬੀ.ਬੀ.ਐਮ. ਵੀ ਤਲਵਾੜਾ, 2 ਦਸੰਬਰ ਨੂੰ ਐਸ.ਪੀ.ਐਨ. ਕਾਲਜ ਮੁਕੇਰੀਆਂ, 4 ਦਸੰਬਰ ਨੂੰ ਦਸ਼ਮੇਸ਼ ਗਰਲਜ਼ ਕਾਲਜ ਮੁਕੇਰੀਆਂ, 5 ਦਸੰਬਰ ਨੂੰ ਬ੍ਰਹਮ ਕਮਲ ਪੋਲੀਟੈਕਨੀਕਲ ਕਾਲਜ ਮੁਕੇਰੀਆਂ, 6 ਦਸੰਬਰ ਨੂੰ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਅਤੇ 7 ਦਸੰਬਰ ਨੂੰ ਸਰਕਾਰੀ ਕਾਲਜ ਟਾਂਡਾ ਵਿਖੇ ਲਗਾਏ ਜਾਣਗੇ।
                       ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਜੇ ਕੁਮਾਰ, ਸਬ-ਇੰਸਪੈਕਟਰ ਸ੍ਰੀ ਚੰਦਨ ਤੇ ਮਹਿੰਦਰ ਸਿੰਘ, ਹੌਲਦਾਰ ਸ੍ਰੀ ਰਵਿੰਦਰ ਸਮੇਤ ਪ੍ਰਬੰਧਨ ਫੋਰਸ ਦੇ ਜਵਾਨਾਂ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਪ੍ਰਬੰਧਨ ਸਕੂਲ ਦੇ ਵਿਦਿਆਰਥੀ ਮੌਜੂਦ ਸਨ।

ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ 'ਚ ਜੁੜਿਆ ਨਵਾਂ ਅਧਿਆਏ


  • ਦਾਨੀ ਸੱਜਣਾਂ ਤੋਂ ਇਲਾਵਾ ਸੰਸਥਾਵਾਂ ਵੀ ਪਾ ਰਹੀਆਂ ਨੇ ਯੋਗਦਾਨ
  • ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਨੇ ਰੈਡ ਕਰਾਸ ਸੁਸਾਇਟੀ ਨੂੰ ਸੌਂਪਿਆ 50 ਹਜ਼ਾਰ ਰੁਪਏ ਦਾ ਚੈਕ
ਹੁਸ਼ਿਆਰਪੁਰ, 27 ਨਵੰਬਰ:ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ  ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਈ ਜਾ ਰਹੀ 'ਸਾਂਝੀ ਰਸੋਈ' ਨੂੰ ਜਿੱਥੇ ਦਾਨੀ ਸੱਜਣਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ, ਉਥੇ ਸਵੈ ਸੇਵੀ ਸੰਸਥਾਵਾਂ ਵੀ ਅਹਿਮ ਯੋਗਦਾਨ ਪਾ ਰਹੀਆਂ ਹਨ। ਇਸ ਦੀ ਮੀਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਐਂਬੂਲੈਂਸ ਕਮੇਟੀ ਵਲੋਂ 'ਸਾਂਝੀ ਰਸੋਈ' ਨੂੰ 50 ਹਜ਼ਾਰ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ।
                       ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜ਼ਿਲ੍ਹਾ ਰੈਡ
ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਉਕਤ ਸੰਸਥਾ ਦੇ ਪ੍ਰਧਾਨ ਸ. ਸੇਵਾ ਸਿੰਘ,ਮੈਂਬਰ ਸ. ਅਮਰੀਕ ਸਿੰਘ ਸੀਹਰਾ, ਜਸਪਾਲ ਸਿੰਘ ਭੰਬਰਾਂ, ਰਾਜਵਿੰਦਰ ਸਿੰਘ ਰਾਹਸੀ ਅਤੇ ਸ. ਗੁਰਚਰਨ ਸਿੰਘ ਵਲੋਂ 'ਸਾਂਝੀ ਰਸੋਈ ' ਨੂੰ 50 ਹਜ਼ਾਰ ਰੁਪਏ ਦਾ ਚੈਕ ਭੇਟ ਕੀਤਾ ਗਿਆ ਹੈ। ਰਾਮਗੜ੍ਹੀਆ ਫੈਡਰੇਸ਼ਨ ਐਂਬੂਲੈਂਸ ਕਮੇਟੀ ਦੇ ਪ੍ਰਧਾਨ ਸ. ਸੇਵਾ ਸਿੰਘ ਨੇ ਵੀ 'ਸਾਂਝੀ ਰਸੋਈ' ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ 'ਸਾਂਝੀ ਰਸੋਈ' ਵਲੋਂ ਹਰ ਰੋਜ 500 ਤੋਂ ਵੱਧ ਜ਼ਰੂਰਤਮੰਦਾਂ ਨੂੰ ਪੌਸ਼ਟਿਕ ਖਾਣਾ ਖਲਾਉਣਾ ਬੇਹੱਦ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਹੀ ਫੈਡਰੇਸ਼ਨ ਵਲੋਂ 500 ਹਜ਼ਾਰ ਰੁਪਏ ਦਾ ਚੈਕ 'ਸਾਂਝੀ ਰਸੋਈ' ਨੂੰ ਸੌਂਪਿਆ ਗਿਆ ਹੈ।

 ਇਸ ਦੌਰਾਨ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 'ਸਾਂਝੀ ਰਸੋਈ' ਲਈ ਵੱਧ ਤੋਂ ਵੱਧ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ 'ਸਾਂਝੀ ਰਸੋਈ' ਵਿੱਚ ਦਾਨੀ ਸੱਜਣਾਂ/ਸਮਾਜ ਸੇਵਕਾ ਅਤੇ ਆਮ ਲੋਕਾਂ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ-ਸ਼ਾਦੀ ਦੀ ਵਰ੍ਹੇਗੰਢ ਅਤੇ ਯਾਦਾਂ ਆਦਿ ਮਨਾ ਕੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ 'ਸਾਂਝੀ ਰਸੋਈ' ਲਈ ਯੋਗਦਾਨ ਪਾਉਣਾ ਚਾਹੁੰਦਾ ਹੈ ਜਾਂ ਆਪਣਾ ਵਿਸ਼ੇਸ਼ ਦਿਨ ਬੁੱਕ ਕਰਵਾਉਣਾ ਚਾਹੁੰਦਾ ਹੈ, ਤਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰਨ। ਇਸ ਮੌਕੇ ਸੁਸਾਇਟੀ ਵਲੋਂ ਕੇਕ ਦੀ ਰਸਮ ਅਦਾ ਕਰਨ ਤੋਂ ਇਲਾਵਾ ਪਰਿਵਾਰ ਨੂੰ 'ਸਾਂਝੀ ਰਸੋਈ' ਵਲੋਂ ਇਕ ਸਨਮਾਨ ਚਿੰਨ ਵੀ ਭੇਟ ਕੀਤਾ ਜਾਂਦਾ ਹੈ।
                       ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਐਂਬੂਲੈਂਸ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਸਰਕਾਰੀ ਹਾਈ ਸਕੂਲ ਚੰਗੜਵਾਂ ਵਿਚ ਮੈਥ ਮੇਲਾ


ਤਲਵਾੜਾ, 26 ਨਵੰਬਰ: ਗਣਿਤ ਵਿਸ਼ੇ ਵਿਚ ਰੁਚੀ ਪੈਦਾ ਕਰਨ
ਦੇ ਮੰਤਵ ਨਾਲ ਸਰਕਾਰੀ ਹਾਈ ਸਕੂਲ ਚੰਗੜਵਾਂ ਵਿਚ ਮੈਥ ਮੇਲਾ ਲਗਾਇਆ ਗਿਆ। ਸਕੂਲ ਮੁਖੀ ਹੈੱਡਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਗਣਿਤ ਅਧਿਆਪਕਾਂ ਅਮਿਤਾ ਦੇਵੀ ਅਤੇ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗਣਿਤ ਸਬੰਧੀ ਕਿਰਿਆਵਾਂ ਰਾਹੀਂ ਪੇਚੀਦਾ ਸੂਤਰਾਂ ਨੂੰ ਰੌਚਿਕ ਤੇ ਆਸਾਨ ਤਰੀਕੇ ਨਾਲ ਤਿਆਰ ਕੀਤਾ ਗਿਆ। ਇਸ ਮੌਕੇ ਸੁਰੇਸ਼ ਕੁਮਾਰ ਰਾਣਾ, ਸੁਰਿੰਦਰ ਸਿੰਘ, ਗੁਰਚਰਨ ਸਿੰਘ, ਬੀ. ਐਮ. ਪਰਵੀਨ ਕੁਮਾਰ ਆਦਿ ਸਮੇਤ ਸਮੂਹ ਅਧਿਆਪਕ, ਮਾਪੇ ਤੇ ਹੋਰ ਪਤਵੰਤੇ ਹਾਜਰ ਸਨ।

ਹੁਣ ਤੱਕ 100 ਫੀਸਦੀ ਹੋਈ ਝੋਨੇ ਦੀ ਖਰੀਦ : ਡਿਪਟੀ ਕਮਿਸ਼ਨਰ


  • ਮੰਡੀਆਂ 'ਚ 4,08,595 ਮੀਟਰਕ ਟਨ ਝੋਨੇ ਦੀ ਹੋਈ ਖਰੀਦ
  • ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ
ਹੁਸ਼ਿਆਰਪੁਰ, 24 ਨਵੰਬਰ:ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਨਿਰਵਿਘਨ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 100 ਫੀਸਦੀ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ 4,08,595 ਮੀਟਰਕ ਟਨ ਝੋਨਾ ਮੰਡੀਆਂ ਵਿਚ ਪਹੁੰਚ ਚੁੱਕਿਆ ਹੈ, ਜਿਸ ਵਿਚੋਂ 100 ਫੀਸਦੀ 4,08,595 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ ਪਨਗਰੇਨ ਵਲੋਂ 1,24,356 ਮੀਟ੍ਰਿਕ ਟਨ, ਮਾਰਕਫੈਡ ਵਲੋਂ 82,212 ਮੀਟ੍ਰਿਕ ਟਨ, ਪਨਸਪ ਵਲੋਂ 71,113 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ
ਹਾਊਸ ਕਾਰਪੋਰੇਸ਼ਨ ਵਲੋਂ 40,231 ਮੀਟ੍ਰਿਕ ਟਨ, ਪੰਜਾਬ ਐਗਰੋ ਵਲੋਂ 39,462 ਮੀਟ੍ਰਿਕ ਟਨ, ਐਫ.ਸੀ.ਆਈ ਵਲੋਂ 48,933 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 2,288 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ 619.530 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।

         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਜਿੱਥੇ ਕਿਸਾਨਾਂ ਨੂੰ ਸਮੇਂ-ਸਿਰ ਅਦਾਇਗੀ ਕੀਤੀ ਜਾ ਰਹੀ ਹੈ, ਉਥੇ ਲਿਫਟਿੰਗ ਦਾ ਕੰਮ ਵੀ ਸੁਚੱਜੇ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 100 ਫੀਸਦੀ ਲਿਫਟਿੰਗ 4,03,179 ਮੀਟ੍ਰਿਕ ਟਨ ਕੀਤੀ ਜਾ ਚੁੱਕੀ ਹੈ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਝੋਨੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਝੋਨੇ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਇਸ ਦਿਨ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 3,83,745 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ, ਜਿਸ ਮੁਤਾਬਕ ਇਸ ਸੀਜ਼ਨ ਵਿੱਚ ਪਿਛਲੇ ਸਾਲ ਨਾਲੋਂ 24,850 ਮੀਟ੍ਰਿਕ ਟਨ ਝੋਨੇ ਦੀ ਵਾਧੂ ਖਰੀਦ ਹੋ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ, ਬਲਕਿ ਆਧੁਨਿਕ ਖੇਤੀਬਾੜੀ ਮਸ਼ੀਨਾਂ ਦੀ ਵਰਤੋਂ ਕਰਦੇ ਹੋਏ ਇਸ ਨੂੰ ਜ਼ਮੀਨ ਵਿੱਚ ਹੀ ਦਬਾਉਣ ਨੂੰ ਤਰਜ਼ੀਹ ਦੇਣ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਪਹਿਲ ਕਦਮੀ ਕਰਦਿਆਂ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਲਈ ਸੁੱਕੇ ਚਾਰੇ ਵਜੋਂ ਵੀ ਵਰਤਿਆ ਜਾ ਸਕਦਾ ਹੈ।

ਫੂਡ ਐਂਟ ਸੇਫਟੀ ਐਕਟ ਤਹਿਤ ਪੰਜੀਕਰਨ ਨਾਂ ਹੋਣ ਤੇ 6 ਮਹੀਨੇ ਤੋ 1 ਸਾਲ ਦੀ ਸਜ਼ਾ ਜਾਂ 5 ਲੱਖ ਰੁਪਏ ਦਾ ਜ਼ੁਰਮਾਨਾ - ਡਾ. ਸੇਵਾ ਸਿੰਘ


ਹੁਸ਼ਿਆਰਪੁਰ, 24 ਨਵੰਬਰ:ਆਮ ਜਨਤਾ ਨੂੰ ਖਾਣ-ਪੀਣ ਦੀਆਂ ਕੇਵਲ ਸਾਫ-ਸੁਥਰੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਸਿਹਤ ਵਿਭਾਗ ਵੱਲੋਂ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਲੱਗਣ ਵਾਲੀਆਂ ਭਿੰਨ-ਭਿੰਨ ਰੇਹੜੀਆਂ ਦੀ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਦਿੱਤੇ ਗਏ ਦਿੱਤਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਵੱਲੋਂ ਗਠਿਤ ਕੀਤੀ ਗਈ ਟੀਮ ਵੱਲੋਂ ਸ਼ਹਿਰ ਵਿਖੇ ਗਰੀਨ ਵਿਊ ਪਾਰਕ, ਰੇਲਵੇ ਰੋਡ, ਘੰਟਾਘਰ ਅਤੇ ਕਮਾਲਪੁਰ ਚੌਂਕ ਵਿਖੇ ਖਾਣ-ਪੀਣ ਨਾਲ ਸਬੰਧਤ ਰੇਹੜੀਆਂ ਵਾਲਿਆਂ ਦੇ ਵੱਡੀ ਮਾਤਰਾ ਵਿੱਚ ਸੈਂਪਲ ਭਰੇ ਗਏ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਖਾਦ ਪਦਾਰਥਾਂ ਨੂੰ ਤਿਆਰ ਕਰਨ, ਪਰੋਸਨ ਅਤੇ ਵਰਤਾਉਣ ਸਬੰਧੀ ਸਮੂਹ ਗਤੀਵਿਧੀਆਂ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਹੀ ਕੀਤੀਆਂ ਜਾਣ। ਹਰ ਰੇਹੜੀ ਤੇ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਪੰਜੀਕਰਣ ਦਾ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੈ। ਰੇਹੜੀ ਤੇ ਕੰਮ ਕਰਨ ਵਾਲੇ ਸਮੂਹ ਕਾਰੀਗਰਾਂ ਲਈ ਸਫਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਦੇ ਹੋਏ ਟੋਪੀ ਅਤੇ ਦਸਤਾਨੇ ਪਹਿਨਣੇ ਚਾਹੀਦੇ ਹਨ। ਇਸ ਤੋਂ ਇਲਾਵਾ ਨਿਜੀ ਸਫਾਈ ਦੇ ਨਾਲ-ਨਾਲ ਹੱਥਾਂ ਅਤੇ ਨੋਂਹਾਂ ਦੀ ਸਫਾਈ ਜਰੂਰੀ ਹੈ। ਖਾਣਾ ਤਿਆਰ ਕਰਨ ਵਾਲੀ, ਖਾਣਾ ਰੱਖੇ ਜਾਣ ਵਾਲੀ, ਖਾਣਾ ਵਰਤਾਉਣ ਵਾਲੀ ਜਗ੍ਹਾ ਸਾਫ ਹੋਣੀ ਚਾਹੀਦੀ ਹੈ ਅਤੇ ਖਾਦ ਪਦਾਰਥਾਂ ਨੂੰ ਵਧੀਆ ਤਰੀਕੇ ਨਾਲ ਢੱਕ ਕੇ ਰੱਖਿਆ ਜਾਵੇ। ਖਾਣ-ਪੀਣ ਵਾਲੀਆਂ ਚੀਜਾਂ ਨੂੰ ਤਿਆਰ ਕਰਨ ਵੇਲੇ ਉੱਚ ਗੁਣਵੱਤਾ ਵਾਲੀਆਂ ਵਸਤਾਂ ਦੀ ਹੀ ਵਰਤੋਂ ਕੀਤੀ ਜਾਵੇ। ਉਕਤ ਤੋਂ ਇਲਾਵਾ ਰੇਹੜੀ ਵਾਲਿਆਂ ਨੂੰ ਹਦਾਇਤ ਵੀ ਕੀਤੀ ਗਈ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਰਜਿਸਟੇਸ਼ਨ  ਨਾਂ ਹੋਣ ਤੇ 6 ਮਹੀਨੇ 1 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਫੂਡ ਸੇਫਟੀ ਐਕਟ ਸਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲਈ ਡਾ. ਸੇਵਾ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਸੇਵਾ ਸਿੰਘ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਖਾਣ-ਪੀਣ ਨਾਲ ਸਬੰਧਤ ਦੁਕਾਨਾਂ ਅਤੇ ਰੇਹੜੀਆਂ ਤੇ ਖਰੀਦੋ- ਫਰੋਖਤ ਕਰਨ ਵੇਲੇ ਉਪਰੋਕਤ ਗੱਲਾਂ ਦਾ ਧਿਆਨ ਰੱਖਿਆ ਜਾਵੇ। ਅੱਜ ਦੀ ਇਸ ਟੀਮ ਵਿੱਚ ਫੂਡ ਅਫਸਰ ਡਾ. ਰਮਨ ਵਿਰਦੀ ਤੇ ਲੁਭਾਇਆ ਰਾਮ ਵੀ ਹਾਜ਼ਰ ਸਨ।

ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਹੀਦਾਂ ਦੀਆਂ ਤਸਵੀਰਾਂ ਜਮ੍ਹਾਂ ਕਰਵਾਉਣ ਦੀ ਅਪੀਲ


ਹੁਸ਼ਿਆਰਪੁਰ, 24 ਨਵੰਬਰ:ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਸ੍ਰੀ ਦਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਦੀ ਲੜਾਈ ਤੋਂ ਲੈ ਕੇ ਹੁਣ ਤੱਕ ਦੀਆਂ ਲੜਾਈਆਂ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਫੋਟੋਆਂ ਵਾਰ ਮੈਮੋਰੀਅਲ ਹੁਸ਼ਿਆਰਪੁਰ ਵਿਖੇ ਨਵੇਂ ਬਣੇ ਰਹੇ ਮੋਟੀਵੇਸ਼ਨ ਹਾਲ ਵਿੱਚ ਲਗਾਈਆਂ ਜਾਣੀਆਂ ਹਨ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਤਸਵੀਰਾਂ ਤਹਿਸੀਲ ਦਸੂਹਾ ਵਿਖੇ ਸੈਨਿਕ ਭਲਾਈ ਪ੍ਰਬੰਧਕ ਸ੍ਰੀ ਅਸ਼ਨੀ ਕੁਮਾਰ (ਮੋਬਾਇਲ ਨੰ: 94177-32775), ਤਹਿਸੀਲ ਮੁਕੇਰੀਆਂ ਵਿਖੇ ਸੈਨਿਕ ਭਲਾਈ ਪ੍ਰਬੰਧਕ ਸ੍ਰੀ ਕੁਲਦੀਪ ਕੁਮਾਰ (ਮੋਬਾਇਲ ਨੰ: 85669-56187), ਤਹਿਸੀਲ ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਵਿਖੇ ਸੈਨਿਕ ਭਲਾਈ ਪ੍ਰਬੰਧਕ ਸ੍ਰੀ ਐਮ.ਐਲ. ਕਟਾਰੀਆ (ਮੋਬਾਇਲ ਨੰ: 98768-84105) ਨਾਲ ਸੰਪਰਕ ਕਰਕੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੀਆਂ ਤਸਵੀਰਾਂ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵਿਖੇ ਵੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।

ਹੁਣ 2 ਦਸੰਬਰ ਤੱਕ ਭਰੇ ਜਾ ਸਕਦੇ ਨੇ ਦਾਖਲਾ ਫਾਰਮ


ਹੁਸ਼ਿਆਰਪੁਰ, 24 ਨਵੰਬਰ:ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਨੇ ਦੱਸਿਆ ਕਿ ਵਿਦਿਆਲਿਆ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਤੇ ਆਫ਼ਲਾਈਨ ਦਾਖਲਾ ਫਾਰਮ ਭਰਨ ਦੀ ਪ੍ਰਕ੍ਰਿਆ ਚੱਲ ਰਹੀ ਹੈ, ਜਿਸ ਦੀ ਆਖਰੀ ਮਿਤੀ 25 ਨਵੰਬਰ ਤੋਂ ਵੱਧ ਕੇ 2 ਦਸੰਬਰ 2017 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੇ ਪੰਜਵੀਂ ਜਮਾਤ ਵਿੱਚ ਪੜ੍ਹਦੇ ਹੋਣ ਦਾ ਸਰਟੀਫਿਕੇਟ (ਸਕੂਲ ਮੁਖੀ ਦੁਆਰਾ ਜਾਰੀ ਕੀਤਾ, ਜਿਥੇ ਵਿਦਿਆਰਥੀ ਪੜ੍ਹਦਾ ਹੈ), ਅਧਾਰ ਕਾਰਡ ਦੀ ਫੋਟੋ ਕਾਪੀ, ਇਕ ਫੋਟੋ ਨਾਲ ਲੈ ਕੇ ਨਜਦੀਕੀ ਸਰਵਿਸ ਸੈਂਟਰ ਵਿੱਚ ਜਾ ਕੇ 35 ਰੁਪਏ ਜਮ੍ਹਾਂ ਕਰਵਾ ਕੇ ਆਨਲਾਈਨ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਖਲਾ ਫਾਰਮ ਵਿਦਿਆਲਿਆ ਦੀ ਵੈਬਸਾਈਟ jnvhoshiarpur.in ਜਾਂ www.nvshq.org ਤੋਂ ਵੀ ਡਾਊਂਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ ਦੀ ਸੂਚੀ ਵਿਦਿਆਲਿਆ ਦੀ ਵੈਬਸਾਈਟ 'ਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿੱਚ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਦਾਖਲਾ ਫਾਰਮ ਭਰਨ ਅਤੇ ਅਪਲੋਡ ਕਰਨ ਦੀ ਆਖਰੀ ਮਿਤੀ 2 ਦਸੰਬਰ 2017 ਹੈ, ਜਦਕਿ ਪ੍ਰਵੇਸ਼ ਪ੍ਰੀਖਿਆ 10 ਫਰਵਰੀ 2018 ਦਿਨ ਸ਼ਨੀਵਾਰ ਸਵੇਰੇ 11:30 ਵਜੇ ਹੋਵੇਗੀ।

ਪਿੰਡ ਬੁੱਢਾਬੜ ਵਿਖੇ ਕੈਂਪ ਲਗਾ ਕੇ ਪਿੰਡ ਵਾਸੀਆਂ ਨੂੰ ਯੋਜਨਾਵਾਂ ਸਬੰਧੀ ਦਿੱਤੀ ਜਾਵੇ ਜਾਣਕਾਰੀ : ਵਿਜੇ ਸਾਂਪਲਾ


  • ਮੁੱਖ ਡਾਕਘਰ ਦੇ ਅਧਿਕਾਰੀਆਂ ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਦਿੱਤੇ ਦਿਸ਼ਾ-ਨਿਰਦੇਸ਼
ਹੁਸ਼ਿਆਰਪੁਰ, 24 ਨਵੰਬਰ:ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਮੁੱਖ ਡਾਕਘਰ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆ ਕਿਹਾ ਕਿ ਸੰਸਦ ਆਦਰਸ਼ ਗਰਾਮ ਯੋਜਨਾ ਤਹਿਤ ਅਪਨਾਏ ਗਏ ਪਿੰਡ ਬੁੱਢਾਬੜ ਵਿਖੇ ਸਾਰੇ ਪਿੰਡ ਵਾਸੀਆਂ ਨੂੰ ਪੋਸਟਲ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਰੂਰਲ ਪੋਸਟਲ ਲਾਈਫ ਇੰਸ਼ੋਰੈਸ ਸਕੀਮ
ਤਹਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਪਿੰਡ ਦੇ ਹਰ ਘਰ ਦੇ ਪਰਿਵਾਰਕ ਮੈਂਬਰਾਂ ਦਾ ਬੀਮਾ ਕੀਤਾ ਜਾਵੇ। ਉਨ੍ਹਾਂ ਨੇ  ਮੁੱਖ ਡਾਕਘਰ ਦੇ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਨੂੰ ਬੀਮਾ ਯੋਜਨਾ ਸਬੰਧੀ ਜਾਣਕਾਰੀ ਦੇਣ ਲਈ ਕੈਂਪ ਆਯੋਜਿਤ ਕੀਤੇ ਜਾਣ ਅਤੇ ਪਿੰਡ ਵਾਸੀਆਂ ਨੂੰ ਬੀਮਾ ਯੋਜਨਾ ਦੀਆਂ ਸ਼ਰਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਡਾਕ ਵਿਭਾਗ ਵਲੋਂ ਜੋ ਵੀ ਭਲਾਈ ਸਕੀਮਾਂ ਜਾਂ ਬੱਚਤ ਯੋਜਨਾਵਾਂ ਡਾਕਘਰਾਂ ਵਿੱਚ ਚਲਾਈਆਂ ਜਾਂਦੀਆਂ ਹਨ, ਉਸ ਸਬੰਧੀ ਵੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੀ ਕੀਤੀ ਹੋਈ ਬੱਚਤ ਭਵਿੱਖ ਵਿੱਚ ਕੰਮ ਆਉਂਦੀ ਹੈ। ਕੇਂਦਰ ਸਰਕਾਰ ਵਲੋਂ ਡਾਕਘਰਾਂ ਰਾਹੀਂ ਕਈ ਤਰ੍ਹਾਂ ਦੀ ਬੱਚਤ ਯੋਜਨਾਵਾਂ ਚਾਲੂ ਕੀਤੀਆਂ ਗਈਆਂ ਹਨ, ਜਿਸ ਦਾ ਹਰ ਇਕ ਨੂੰ ਲਾਭ ਲੈਣਾ ਚਾਹੀਦਾ ਹੈ।

                       ਇਸ ਮੌਕੇ ਸੀਨੀਅਰ ਪੋਸਟ ਮਾਸਟਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਬੁੱਢਾਬੜ ਵਿਖੇ 25 ਨਵੰਬਰ ਨੂੰ ਵਿਸ਼ੇਸ਼ ਕੈਂਪ ਰਾਹੀਂ ਪਿੰਡ ਵਾਸੀਆਂ ਨੂੰ ਸਾਰੀਆਂ ਯੋਜਨਾਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਅਤੇ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੌਕੇ ਸੁਪਰਵਾਈਸਰ ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਭਾਰਤ ਭੂਸ਼ਨ ਵੀ ਮੌਜੂਦ ਸਨ।

ਰਵਨੀਲ ਦੇ ਚਮਕਾਇਆ ਕਨੇਡਾ ਵਿੱਚ ਤਲਵਾੜੇ ਦਾ ਨਾਂ

ਰਵਨੀਲ  ਸਿੰਘ
ਤਲਵਾੜਾ, 21 ਨਵੰਬਰ: ਤਲਵਾੜੇ ਦੇ ਗੱਭਰੂ ਰਵਨੀਲ ਸਿੰਘ
ਨੇ ਕਨੇਡਾ ਵਿਚ ਗਾਇਕੀ ਦਾ ਮੁਕਾਬਲਾ 'ਮੇਰੇ ਸੰਗ ਗਾ' ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਰਵਨੀਲ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਰਵਨੀਲ ਕਨੇਡਾ ਵਿਚ ਪੜ੍ਹਾਈ ਲਈ ਗਿਆ ਹੋਇਆ ਹੈ ਅਤੇ ਉਸਨੂੰ ਗਾਉਣ ਦਾ ਸ਼ੌਕ ਵੀ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਉੱਥੇ ਮੇਰੇ ਸੰਗ ਗਾ ਗਾਇਕੀ ਮੁਕਾਬਲਾ ਜਿੱਤ ਲਿਆ ਜਿਸ ਨਾਲ ਸਾਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਅਧਿਆਪਕਾਂ ਨੇ ਕੀਤਾ ਸਕੂਲ ਦਾ ਕਾਇਆਕਲਪ, ਇਲਾਕੇ ਵਿੱਚ ਬਣਿਆ ਮਿਸਾਲ

ਸਕੂਲ ਦਾ ਦ੍ਰਿਸ਼: ਪਹਿਲਾਂ
ਤਲਵਾੜਾ, 21 ਨਵੰਬਰ: ਬਲਾਕ ਤਲਵਾੜਾ ਦੇ ਸਰਕਾਰੀ ਮਿਡਲ ਸਕੂਲ ਹਲੇੜ੍ਹ ਦੇ ਅਧਿਆਪਕਾਂ ਨੇ ਸ਼ੌਕ ਤੇ ਦ੍ਰਿੜ ਇਰਾਦੇ ਦੀ ਮਿਸਾਲ ਪੇਸ਼ ਕਰਦਿਆਂ ਸਕੂਲ ਦਾ ਪੂਰੀ ਤਰਾਂ ਕਾਇਆਕਲਪ ਕਰਕੇ ਇਲਾਕੇ ਵਿੱਚ ਨਵੀਂ ਮਿਸਾਲ ਪੈਦਾ ਕੀਤੀ ਹੈ ਅਤੇ ਇਸ ਸਕੂਲ ਨੂੰ ਕੌਮੀ ਪੱਧਰ ਤੇ ਸਵੱਛ ਵਿਦਿਆਲਿਆ ਦਾ ਅਵਾਰਡ ਵੀ ਹਾਸਿਲ ਹੋਇਆ ਹੈ।
ਇਸ ਸਬੰਧੀ ਸਕੂਲ ਦੇ ਮੁਖੀ ਰਾਮ ਭਜਨ ਚੌਧਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਨਾਮਾਤਰ ਸਰਕਾਰੀ ਗਰਾਂਟਾਂ ਤੋਂ ਇਲਾਵਾ ਅਧਿਆਪਕਾਂ ਤੇ ਇਲਾਕਾ ਵਾਸੀਆਂ ਦੇ ਸੁਹਿਰਦ ਸਹਿਯੋਗ ਨਾਲ ਅਜਿਹਾ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਨੂੰ ਖ਼ੂਬਸੂਰਤ ਤੇ ਹਰਾ-ਭਰਾ ਬਣਾਉਣ ਤੋਂ ਇਲਾਵਾ ਇਸ ਵਿੱਚ ਟਾਇਲਾਂ, ਸਾਫ਼-ਸੁਥਰੇ ਤੇ ਆਧੁਨਿਕ ਟਾਇਲੈੱਟ, ਕਲਾਸ ਰੂਮ ਤੇ ਹੋਰ ਸਾਜੋ-ਸਾਮਾਨ ਨਾਲ ਤਿਆਰ ਕੀਤਾ ਗਿਆ ਹੈ ਅਤੇ ਸੁਧਾਰ ਦਾ ਸਿਲਸਿਲਾ ਬਾਕਾਇਦਾ ਨਿਰੰਤਰ ਜਾਰੀ ਹੈ।
ਸਕੂਲ ਦਾ ਦ੍ਰਿਸ਼: ਕਾਇਆਕਲਪ ਮਗਰੋਂ
ਉਨ੍ਹਾਂ ਦੱਸਿਆ ਕਿ ਸਕੂਲ ਦੀ ਇਮਾਰਤ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਣ ਦੇ ਮੰਤਵ ਨਾਲ ਤਿੰਨ ਰੰਗਾਂ ਨਾਲ ਰੰਗਿਆ ਗਿਆ ਹੈ ਅਤੇ ਸਕੂਲ ਦੇ ਸਟਾਫ ਵੱਲੋਂ ਛੁੱਟੀ ਤੋਂ ਬਾਦ ਵੀ ਵਾਧੂ ਸਮਾਂ ਲਗਾ ਕੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਕੁਝ ਹੀ ਸਮੇਂ ਵਿੱਚ ਅਧਿਆਪਕਾਂ ਦੇ ਯਤਨਾਂ ਸਦਕਾ ਇਹ ਸਕੂਲ ਆਸ-ਪਾਸ ਦੇ ਨਿੱਜੀ ਸਕੂਲਾਂ ਨੂੰ ਵੀ ਮਾਤ ਦਿੰਦਾ ਪ੍ਰਤੀਤ ਹੋ ਰਿਹਾ ਹੈ। ਰਾਮ ਭਜਨ ਚੌਧਰੀ ਨੇ ਦੱਸਿਆ ਕਿ ਇਲਾਕੇ ਲੋਕਾਂ ਵੱਲੋਂ ਇਸ ਵਡਮੁੱਲੇ ਕਾਰਜ ਲਈ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਅਧਿਆਪਕਾਂ ਨੇ ਵੀ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਤੱਕ ਸਕੂਲ ਦੇ ਵਿਕਾਸ ਲਈ ਲਗਾ ਦਿੱਤੀ। ਲੋਕਾਂ ਵਿਚ ਇਹ ਸਕੂਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ : ਵਿਧਾਇਕ ਅਰੋੜਾ


  • ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਸੁਸਾਇਟੀ ਵਿਖੇ ਲਗਾਈ ਸੈਨੀਟਰੀ ਪੈਡ ਮਸ਼ੀਨ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ, 22 ਨਵੰਬਰ:ਵਿਧਾਇਕ ਹਲਕਾ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਦਾਨੀ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਦਾਨ ਕੀਤੀ ਗਈ ਸੈਨੀਟਰੀ ਪੈਡ ਮਸ਼ੀਨ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਚਲਾਈ ਜਾ ਰਹੀ 'ਸਾਂਝੀ ਰਸੋਈ' ਵਿੱਚ ਜਿਥੇ ਜ਼ਰੂਰਤਮੰਦਾਂ
ਨੂੰ ਪੌਸ਼ਟਿਕ ਭੋਜਨ ਕਰਵਾਇਆ ਜਾਂਦਾ ਹੈ, ਉਥੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਸਹਾਇਤਾ ਕਰਕੇ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵਲੋਂ ਜ਼ਿਲ੍ਹੇ ਦੇ ਸਕੂਲਾਂ ਵਿਖੇ ਸਥਾਪਿਤ ਕੀਤੀਆਂ ਸੈਨੀਟਰੀ ਮਸ਼ੀਨਾਂ ਅਤੇ ਇਨਸੀਲੇਟਰ ਦੀ ਸੁਵਿਧਾ ਸਕੂਲਾਂ ਦੀਆਂ ਲੜਕੀਆਂ ਲਈ ਬਹੁਤ ਲਾਭਦਾਇਕ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਰੈਡ ਕਰਾਸ ਸੁਸਾਇਟੀ ਨੂੰ 10 ਨਵੀਆਂ ਸੈਨੀਟਰੀ ਪੈਡ ਮਸ਼ੀਨਾਂ ਦੇਣ ਦੀ ਘੋਸ਼ਣ ਵੀ ਕੀਤੀ।

           ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸੰਸਥਾ ਵਲੋਂ ਜ਼ਿਲ੍ਹੇ ਦੇ 10 ਸਕੂਲਾਂ ਅਤੇ ਇੰਸਟੀਚਿਊਸ਼ਨਾਂ ਵਿਖੇ ਲੜਕੀਆਂ ਦੀ ਸਿਹਤ ਅਤੇ ਸੁਵਿਧਾ ਲਈ 11 ਸੈਨੀਟਰੀ ਪੈਡ ਮਸ਼ੀਨਾਂ ਅਤੇ ਇਨਸੀਲੇਟਰ ਦਾਨੀ ਸੱਜਣ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਮੁਹੱਈਆ ਕਰਵਾਈ ਗਈ 7 ਲੱਖ ਰੁਪਏ ਦੀ ਰਾਸ਼ੀ ਨਾਲ ਲਗਾਏ ਗਏ ਹਨ। ਉਨ੍ਹਾਂ ਨੇ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਪਿਛਲੇ ਸਮੇਂ ਦੌਰਾਨ ਇਸ ਸੰਸਥਾ ਦੁਆਰਾ ਨਵੇਂ ਪ੍ਰੋਜੈਕਟ ਸਥਾਪਿਤ ਕਰਨ ਅਤੇ ਮੁਢਲੇ ਸਮੇਂ ਤੋਂ ਚੱਲ ਰਹੇ ਪ੍ਰੋਜੈਕਟਾਂ ਦੀਆਂ ਬਿਲਡਿੰਗਾਂ ਦੇ ਰੰਗਰੋਗਨ ਅਤੇ ਨਵੀਨੀਕਰਨ ਲਈ 1 ਕਰੋੜ 30 ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦੇਣ ਦੀ ਸ਼ਲਾਘਾ ਵੀ ਕੀਤੀ।
           ਇਸ ਮੌਕੇ 'ਤੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। ਇਸ ਮੌਕੇ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਦੀ ਧਰਮਪਤਨੀ ਸ੍ਰੀਮਤੀ ਸਿੰਪਲ ਅਰੋੜਾ, ਐਸ.ਐਸ. ਪਰਮਾਰ, ਚੌਧਰੀ ਮਹਿੰਦਰ, ਵਿਨੋਦ ਓਹਰੀ, ਪ੍ਰੋ: ਕੁਲਦੀਪ ਕੋਹਲੀ, ਪ੍ਰਸ਼ੋਤਮ ਕੁਮਾਰੀ, ਅਵਿਨਾਸ਼ ਭੰਡਾਰੀ, ਰਾਜੀਵ ਬਜਾਜ, ਆਸ਼ਾ ਅਗਰਵਾਲ, ਕਰਮਜੀਤ ਕੌਰ ਆਹਲੂਵਾਲੀਆ, ਹਰਲੀਨ ਦਿਓਲ ਸਮੇਤ ਸੁਸਾਇਟੀ ਦੇ ਬਾਕੀ ਮੈਂਬਰ ਵੀ ਮੌਜੂਦ ਸਨ।

ਪੰਜਾਬ ਸਰਕਾਰ ਵਲੋਂ ਖੋਲ੍ਹੇ ਸਕਿੱਲ ਡਿਵੈਲਪਮੈਂਟ ਸੈਂਟਰ ਨੌਜਵਾਨਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਹੋ ਰਹੇ ਨੇ ਸਹਾਈ


  • ਭੰਗਾਲਾ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਸਿਖਲਾਈ ਪ੍ਰਾਪਤ 30 ਲੜਕੀਆਂ ਦੀ ਚੋਣ ਜੇ.ਸੀ.ਟੀ. ਅਤੇ ਵਰਧਮਾਨ ਗਰੁੱਪ 'ਚ ਹੋਈ
  • ਵੱਧ ਤੋਂ ਵੱਧ ਨੌਜਵਾਨ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਨ ਲਈ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਲਾਹਾ ਲੈਣ : ਡਿਪਟੀ ਕਮਿਸ਼ਨਰ
  • ਕਿਹਾ, ਸਕੂਲਾਂ 'ਚ ਵੀ ਵਿਦਿਆਰਥੀਆਂ ਨੂੰ ਕਿੱਤਾਮੁਖੀ ਕੋਰਸਾਂ ਦੀ ਜਾਣਕਾਰੀ ਦੇਣ ਲਈ ਕਰਵਾਏ ਜਾ ਰਹੇ ਨੇ ਮਾਸ ਕੌਂਸਲਿੰਗ ਪ੍ਰੋਗਰਾਮ
ਹੁਸ਼ਿਆਰਪੁਰ, 22 ਨਵੰਬਰ:ਪੰਜਾਬ ਸਰਕਾਰ ਵਲੋਂ ਖੋਲ੍ਹੇ ਗਏ ਸਕਿੱਲ ਡਿਵੈਲਪਮੈਂਟ ਸੈਂਟਰ ਨੌਜਵਾਨਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਸਹਾਈ ਸਿੱਧ ਹੋ ਰਹੇ ਹਨ, ਜਿਸ ਦੀ ਮਿਸਾਲ ਵਰਧਮਾਨ ਗਰੁੱਪ ਵਿੱਚ 20 ਅਤੇ ਜੇ.ਸੀ.ਟੀ. ਗਰੁੱਪ ਵਿੱਚ 10 ਲੜਕੀਆਂ ਸਮੇਤ ਕੁੱਲ 30 ਲੜਕੀਆਂ ਦੀ ਹੋਈ ਚੋਣ ਤੋਂ ਮਿਲਦੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਰੂਰਲ ਡਿਵੈਲਪਮੈਂਟ ਸੈਂਟਰ ਭੰਗਾਲਾ ਵਿਖੇ 30 ਲੜਕੀਆਂ ਨੂੰ ਸਿਖਲਾਈ ਦੇ ਕੇ ਵਰਧਮਾਨ ਅਤੇ ਜੇ.ਸੀ.ਟੀ. ਗਰੁੱਪ ਵਿੱਚ ਭਰਤੀ ਕਰਵਾਈ ਗਈ ਹੈ।
                       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਸਕਿੱਲ ਡਿਵੈਲਪਮੈਂਟ ਸੈਂਟਰਾਂ ਤੋਂ ਸਿਖਲਾਈ ਪ੍ਰਾਪਤ ਕਰਕੇ ਜਿਥੇ ਰੁਜ਼ਗਾਰ ਹਾਸਲ ਕਰ ਸਕਦੇ ਹਨ, ਉਥੇ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਵੈਲਡਿੰਗ, ਇਲੈਕਟ੍ਰਿਸ਼ਨ, ਟੇਲਰਿੰਗ ਅਤੇ ਹੋਰ ਕਿੱਤਾਮੁਖੀ ਕੋਰਸ
ਕਰਵਾਉਣ ਲਈ ਸ਼ਹਿਰ ਵਿੱਚ ਖੁੱਲ੍ਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਇਲਾਵਾ ਦਸੂਹਾ, ਭੰਗਾਲਾ, ਬਸੀ ਜਲਾਲ, ਹੰਡਵਾਲ ਅਤੇ ਸੰਸਾਰਪੁਰ ਵਿੱਚ 5 ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੱਬੇਵਾਲ, ਮਾਹਿਲਪੁਰ, ਅੱਜੋਵਾਲ, ਨੰਦਾਚੌਰ, ਢੋਲਵਾਹਾ, ਖੜ੍ਹਕਾਂ, ਬੀਨੇਵਾਲ ਅਤੇ ਕੋਟਫਤੂਹੀ ਵਿਖੇ 8 ਹੋਰ ਸਕਿੱਲ ਡਿਵੈਲਪਮੈਂਟ ਸੈਂਟਰ ਬਹੁਤ ਜਲਦ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿੱਚ ਉਦਯੋਗਿਕ ਅਦਾਰਿਆਂ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕੇਵਲ ਉਨ੍ਹਾਂ ਕਿੱਤਾਮੁਖੀ ਕੋਰਸਾਂ ਵਿੱਚ ਹੀ ਦਾਖਲ ਕੀਤਾ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਦੀ ਯੋਗਤਾ ਦੇ ਨਾਲ-ਨਾਲ ਰੁਚੀ ਵੀ ਹੋਵੇ।

           ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਰਕਾਰ ਵਲੋਂ ਖੋਲ੍ਹੇ ਗਏ ਇਨ੍ਹਾਂ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿੱਚ ਵੱਖ-ਵੱਖ ਕਿੱਤਿਆਂ ਸਬੰਧੀ 3 ਮਹੀਨੇ ਤੋਂ 6 ਮਹੀਨੇ ਤੱਕ ਦੇ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਹਨ। ਕੋਈ ਵੀ ਨੌਜਵਾਨ ਲੜਕੇ-ਲੜਕੀਆਂ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਵਿਚਕਾਰ ਹੋਵੇ, ਉਹ ਇਨ੍ਹਾਂ ਸੈਂਟਰਾਂ ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਚੱਲ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਇਲੈਕਟ੍ਰਿਸ਼ਨ ਅਤੇ ਵੈਲਡਿੰਗ ਕੋਰਸਾਂ ਵਿੱਚ ਦਾਖਲਾ ਵੀ ਸ਼ੁਰੂ ਹੋ ਚੁੱਕਾ ਹੈ। ਇਸ ਸੈਂਟਰ ਵਿੱਚ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਨੌਜਵਾਨ ਦਾਖਲਾ ਲੈ ਸਕਦੇ ਹਨ ਅਤੇ ਸਿਖਿਆਰਥੀਆਂ ਲਈ ਹੋਸਟਲ ਦੀ ਸੁਵਿਧਾ ਵੀ ਉਪਲਬੱਧ ਹੈ।   
                       ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿੱਚ ਚੱਲ ਰਹੇ ਕਿੱਤਾਮੁਖੀ ਕੋਰਸਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਵਲੋਂ ਨੌਜਵਾਨਾਂ ਨੂੰ ਗਾਇਡੈਂਸ ਵੋਕੇਸ਼ਨਲ ਟਰੇਨਿੰਗ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਦੇ ਸਕੂਲਾਂ ਵਿੱਚ 30 ਨਵੰਬਰ ਤੱਕ ਮਾਸ ਕੌਂਸਲਿੰਗ ਪ੍ਰੋਗਰਾਮ ਕਰਵਾ ਕੇ ਨੌਜਵਾਨਾਂ ਨੂੰ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।
           ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਡਾਂਿÂਰੈਕਟਰ ਰੁਜ਼ਗਾਰ ਅਤੇ ਕਾਰੋਬਾਰ ਸ੍ਰੀ ਹਰਬੀਰ ਸਿੰਘ ਨੇ ਦੱਸਿਆ ਕਿ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿੱਚ ਉਦਯੋਗਿਕ ਅਦਾਰਿਆਂ ਦੀ ਮੰਗ ਅਨੁਸਾਰ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਹਨ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਇਆ ਜਾ ਸਕੇ।

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 4,04,730 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ : ਡਿਪਟੀ ਕਮਿਸ਼ਨਰ


ਹੁਸ਼ਿਆਰਪੁਰ, 22 ਨਵੰਬਰ:ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 4,04,730 ਮੀਟਰਕ ਟਨ ਝੋਨੇ ਦੀ ਖਰੀਦ ਕਰਕੇ 95 ਪ੍ਰਤੀਸ਼ਤ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 4,04,730 ਮੀਟਰਕ ਟਨ ਝੋਨਾ ਮੰਡੀਆਂ ਵਿਚ ਪਹੁੰਚਿਆ ਸੀ, ਜਿਸ ਵਿੱਚੋਂ ਪਨਗਰੇਨ ਵਲੋਂ 1,24,168 ਮੀਟ੍ਰਿਕ ਟਨ, ਮਾਰਕਫੈਡ ਵਲੋਂ 81,936 ਮੀਟ੍ਰਿਕ ਟਨ, ਪਨਸਪ ਵਲੋਂ 70,860 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 37,843 ਮੀਟ੍ਰਿਕ ਟਨ, ਪੰਜਾਬ ਐਗਰੋ ਵਲੋਂ 38,835 ਮੀਟ੍ਰਿਕ ਟਨ, ਐਫ.ਸੀ.ਆਈ ਵਲੋਂ 48,800 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 2,288 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ 600.790 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਜਿੱਥੇ ਕਿਸਾਨਾਂ ਨੂੰ ਸਮੇਂ-ਸਿਰ ਅਦਾਇਗੀ ਕੀਤੀ ਜਾ ਰਹੀ ਹੈ, ਉਥੇ ਲਿਫਟਿੰਗ ਦਾ ਕੰਮ ਵੀ ਸੁਚੱਜੇ ਤਰੀਕੇ ਨੇਪਰੇ ਚਾੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 3,94,459 ਮੀਟ੍ਰਿਕ ਟਨ (99 ਫੀਸਦੀ) ਲਿਫਟਿੰਗ ਕੀਤੀ ਜਾ ਚੁੱਕੀ ਹੈ।

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਗੁੰਮਸ਼ੁਦਾ ਬੱਚੇ ਨੂੰ ਕੀਤਾ ਪਰਿਵਾਰ ਹਵਾਲੇ


ਹੁਸ਼ਿਆਰਪੁਰ, 22 ਨਵੰਬਰ:ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਵਲੋਂ ਗੁੰਮਸ਼ੁਦਾ ਇਕ ਬੱਚੇ ਨੂੰ ਉਸ ਦੇ ਮਾਪਿਆਂ ਹਵਾਲੇ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਭਲਾਈ ਸੁਰੱਖਿਆ
ਅਫਸਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ 31 ਅਕਤੂਬਰ 2017 ਨੂੰ ਪੁਲਿਸ ਥਾਣਾ, ਨਵੀਂ ਬਰਾਦਰੀ,  ਜਲੰਧਰ ਵਿਖੇ ਅਲੀਖਾਨ (ਕਾਲਪਨਿਕ ਨਾਮ) ਬੱਚਾ ਮਿਲਿਆ ਸੀ। ਬੱਚੇ ਦੀ ਉਮਰ ਕਰੀਬ 16-17 ਸਾਲ ਸੀ। ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਜਦੋਂ ਬੱਚੇ ਦੀ ਕਾਊਂਸਲਿੰਗ ਕੀਤੀ ਗਈ, ਤਾਂ ਉਸ ਨੇ ਦੱਸਿਆ ਕਿ ਉਹ ਜ਼ਿਲ੍ਹਾ ਸੰਤ ਕਬੀਰ ਨਗਰ, ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜਦਕਿ ਹੁਣ ਉਸ ਦੇ ਪਰਿਵਾਰਕ ਮੈਂਬਰ ਜੰਮੂ ਵਿਖੇ ਰਹਿੰਦੇ ਹਨ।
                       ਉਨ੍ਹਾਂ ਦੱਸਿਆ ਕਿ ਸੁਪਰਡੰਟ ਚਿਲਡਰਨ ਹੋਮ ਵਲੋਂ ਇਸ ਬੱਚੇ ਦੀ ਸਬੰਧਤ ਥਾਣੇ ਤੋਂ ਪੜਤਾਲ ਕੀਤੀ ਗਈ। ਪੜਤਾਲ ਕਰਨ ਤੋਂ ਬਾਅਦ ਬੱਚੇ ਦੀ ਮਾਤਾ ਨੂਰਜਹਾਂ ਵਲੋਂ ਦਸਤਾਵੇਜ਼ ਦਿਖਾਉਣ ਤੋਂ ਬਾਅਦ ਬੱਚੇ ਨੂੰ ਉਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਡਾ. ਅਸ਼ਵਨੀ ਜੁਨੇਜਾ, ਵੀ.ਕੇ. ਚੋਪੜਾ, ਅਰਵਿੰਦ ਸ਼ਰਮਾ, ਨਰੇਸ਼ ਕੁਮਾਰ, ਸੁਖਜਿੰਦਰ ਸਿੰਘ ਅਤੇ ਆਰਤੀ ਵੀ ਮੌਜੂਦ ਸਨ।

30 ਨਵੰਬਰ ਤੱਕ ਸੈਨਿਕ ਸਕੂਲ ਕਪੂਰਥਲਾ 'ਚ ਦਾਖਲੇ ਲਈ ਭਰੇ ਜਾ ਸਕਦੇ ਹਨ ਆਨ-ਲਾਈਨ ਫ਼ਾਰਮ


ਹੁਸ਼ਿਆਰਪੁਰ, 22 ਨਵੰਬਰ:ਸੈਨਿਕ ਸਕੂਲ ਕਪੂਰਥਲਾ ਵਿੱਚ ਵਿੱਦਿਅਕ ਸੈਸ਼ਨ 2018-19 ਲਈ 6ਵੀਂ ਅਤੇ 9ਵੀਂ ਜਮਾਤ 'ਚ ਦਾਖਲੇ ਲਈ ਆਨ-ਲਾਈਨ ਫ਼ਾਰਮ 30 ਨਵੰਬਰ 2017 ਤੱਕ ਭਰੇ ਜਾ ਸਕਦੇ ਹਨ। ਛੇਵੀਂ ਜਮਾਤ ਵਿੱਚ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾ ਜਨਮ 2 ਜੁਲਾਈ 2007 ਤੋਂ 1 ਜੁਲਾਈ 2008 ਵਿਚਕਾਰ ਅਤੇ 9ਵੀਂ ਜਮਾਤ ਵਿੱਚ ਦਾਖਲੇ ਲਈ ਜਨਮ 2 ਜੁਲਾਈ 2004 ਤੋਂ 1 ਜੁਲਾਈ 2005 ਵਿਚਕਾਰ ਹੋਇਆ ਹੋਣਾ ਚਾਹੀਦਾ ਹੈ।
           ਸੈਨਿਕ ਸਕੂਲ ਦੇ ਪ੍ਰਿਸੀਪਲ ਸ੍ਰੀ. ਵਿਕਾਸ ਮੋਹਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਜਮਾਤਾਂ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ 7 ਜਨਵਰੀ 2018 ਨੂੰ ਫਰੀਦਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਹੋਵੇਗੀ। ਇਸ ਲਈ ਸਕੂਲ ਦੀ ਵੈਬਸਾਈਟ www.sskapurthala.com 'ਤੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਕੂਲ ਪ੍ਰਾਸਪੈਕਟਸ ਅਤੇ ਦਾਖਲਾ ਫਾਰਮ 400 ਰੁਪਏ ਦੀ ਲਾਗਤ ਨਾਲ ਸਕੂਲ ਤੋਂ ਖ੍ਰੀਦਿਆ ਜਾ ਸਕਦਾ ਹੈ ਜਾਂ ਪ੍ਰਿੰਸੀਪਲ, ਸੈਨਿਕ ਸਕੂਲ ਕਪੂਰਥਲਾ ਦੇ ਨਾਂਅ ਦਾ ਕਪੂਰਥਲਾ ਵਿਖੇ ਅਦਾਇਗੀ ਯੋਗ 480 ਰੁਪਏ ਦਾ ਡਰਾਫਟ ਭੇਜ ਕੇ ਡਾਕ ਰਾਹੀਂ ਮੰਗਵਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ  ਸਿੱਧੇ ਤੌਰ 'ਤੇ ਅਰਜ਼ੀਆਂ ਦੇਣ ਦੀ ਆਖਰੀ ਮਿਤੀ 5 ਦਸੰਬਰ 2017 ਹੈ। ਹੋਰ ਜਾਣਕਾਰੀ ਲਈ ਸਕੂਲ ਦੀ ਵੈਬਸਾਇਟ ਵੇਖੀ ਜਾ ਸਕਦੀ ਹੈ ਜਾਂ ਫੋਨ ਨੰਬਰ 01822-230184 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਖਰੀਦਣ 'ਤੇ ਪਾਬੰਦੀ


ਹੁਸ਼ਿਆਰਪੁਰ 21 ਨਵੰਬਰ:ਜਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਫੌਜ਼ਦਾਰੀ ਜਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਚਾਈਨਾ ਡੋਰ  ਨੂੰ ਵੇਚਣ, ਸਟੋਰ ਕਰਨ ਅਤੇ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਕੀਤੇ ਹੁਕਮ ਅਨੁਸਾਰ ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਉਂਦਾ ਹੈ ਕਿ ਬੱਚੇ ਪਤੰਗ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਨਾਲ ਬਣੀ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਇਸ ਨਾਲ ਗਲ ਅਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਅਤੇ ਕਈ ਵਾਰ ਇਸ ਡੋਰ ਦੀ ਲਪੇਟ ਵਿੱਚ ਆ ਕੇ ਦੋ ਪਹੀਆ ਵਾਹਨ ਦੁਰਘਟਨਾਗ੍ਰਸਤ ਵੀ ਹੋ ਜਾਂਦੇ ਹਨ। ਇਸ ਤੋਂ ਇਲਾਵਾ ਚਾਈਨਾ ਡੋਰ ਵਿੱਚ ਕਈ ਵਾਰ ਪੰਛੀ ਵੀ ਫਸ ਕੇ ਜਖਮੀ ਜਾਂ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਮਰੇ ਹੋਏ ਪੰਛੀਆਂ ਦੇ ਰੁੱਖਾਂ 'ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਇਸ ਲਈ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਖਰੀਦਣ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਬਣ ਜਾਂਦੀ ਹੈ। ਇਹ ਪਾਬੰਦੀ ਧਾਗੇ ਵਾਲੀ ਡੋਰ 'ਤੇ ਲਾਗੂ ਨਹੀਂ ਹੋਵੇਗੀ। ਇਹ ਹੁਕਮ 20 ਜਨਵਰੀ 2018 ਤੱਕ ਲਾਗੂ ਰਹੇਗਾ।

ਐਸ.ਡੀ.ਐਮ. ਨੇ ਨਜ਼ਦੀਕੀ ਰਿਸ਼ਤੇਦਾਰ ਦਾ ਜਨਮ ਦਿਨ 'ਸਾਂਝੀ ਰਸੋਈ' 'ਚ ਮਨਾਇਆ


ਹੁਸ਼ਿਆਰਪੁਰ 21 ਨਵੰਬਰ:ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ  ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਈ ਜਾ ਰਹੀ 'ਸਾਂਝੀ ਰਸੋਈ' ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਪਿਛਲੇ ਦਿਨੀ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਆਪਣੇ ਨਜਦੀਕੀ
ਰਿਸ਼ਤੇਦਾਰ ਸ੍ਰੀ ਵਰੁਣ ਕੁਮਾਰ (ਬ੍ਰਦਰ ਇਨ ਲਾਅ) ਦੇ ਜਨਮ ਦਿਨ ਦੀ ਖੁਸ਼ੀ 'ਸਾਂਝੀ ਰਸੋਈ' ਵਿੱਚ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ 5 ਹਜ਼ਾਰ ਰੁਪਏ ਦਾਨ ਵਜੋਂ ਵੀ ਸੌਂਪੇ। ਇਸ ਮੌਕੇ ਐਸ.ਡੀ.ਐਮ. ਸ੍ਰੀ ਜਿਤੇਂਦਰ ਜੋਰਵਾਲ ਦੀ ਧਰਮ ਪਤਨੀ ਸ੍ਰੀਮਤੀ ਪ੍ਰਤਿਭਾ ਜੋਰਵਾਲ ਅਤੇ ਭਰਾ ਸ੍ਰੀ ਪੁਸ਼ਪੇਂਦਰ ਵੀ ਮੌਜੂਦ ਸਨ।
                   ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਏ ਜਾ ਰਹੇ 'ਸਾਂਝੀ ਰਸੋਈ' ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਨਮ ਦਿਨ ਦੀ ਖੁਸ਼ੀ 'ਸਾਂਝੀ ਰਸੋਈ' ਵਿੱਚ ਸਾਂਝੀ ਕਰਨ ਨਾਲ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਖੁਆਉਣਾ ਇਕ ਮਿਸਾਲੀ ਉਪਰਾਲਾ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਸਮੇਤ ਲਗਭਗ 450 ਲੋੜਵੰਦ ਵਿਅਕਤੀਆਂ ਨਾਲ ਦੁਪਹਿਰ ਦਾ ਭੋਜਨ ਸਾਂਝਾ ਕਰਦਿਆਂ ਇਸ ਪ੍ਰੋਜੈਕਟ ਦੀ ਹੋਰ ਸਫਲਤਾ ਦੀ ਕਾਮਨਾ ਕੀਤੀ।   
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਜੇਕਰ ਕੋਈ ਦਾਨੀ ਸੱਜਣ 'ਸਾਂਝੀ ਰਸੋਈ' ਲਈ ਯੋਗਦਾਨ ਪਾਉਣਾ ਚਾਹੁੰਦਾ ਹੈ ਜਾਂ ਆਪਣਾ ਵਿਸ਼ੇਸ਼ ਦਿਨ ਬੁੱਕ ਕਰਵਾਉਣਾ ਚਾਹੁੰਦਾ ਹੈ, ਤਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਸਾਇਟੀ ਵਲੋਂ ਕੇਕ ਦੀ ਰਸਮ ਅਦਾ ਕਰਨ ਤੋਂ ਇਲਾਵਾ ਪਰਿਵਾਰ ਨੂੰ 'ਸਾਂਝੀ ਰਸੋਈ' ਵਲੋਂ ਇਕ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਰੁਪਿੰਦਰ ਕੌਰ ਹਨੀ ਅਤੇ ਸ੍ਰੀਮਤੀ ਡੋਲੀ ਚੀਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ 21 ਨਵੰਬਰ:ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜਿਥੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਚਾਲੂ ਕੀਤੀ ਗਈ 'ਸਮਰਪਣ' ਸਕੀਮ ਲਈ ਵੱਧ ਤੋਂ ਵੱਧ ਜਾਗਰੂਕਤਾ ਵੀ ਫੈਲਾਈ ਜਾਵੇਗੀ, ਇਸ ਲਈ ਸੁਸਾਇਟੀ ਦੇ ਮੈਂਬਰ ਦਾਨੀ ਸੱਜਣਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ। ਉਹ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ।
           ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਡ ਕਰਾਸ ਸੁਸਾਇਟੀ ਵਲੋਂ
ਸਮਾਜ ਭਲਾਈ ਦੇ ਕੰਮ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ, ਤਾਂ ਜੋ ਜ਼ਰੂਰਤਮੰਦ ਸਹੂਲਤਾਂ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਜਿਥੇ ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ, ਉਥੇ ਜ਼ਰੂਰਤਮੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਵੀਲ੍ਹਚੇਅਰਜ਼ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਦਕਿ ਰੈਡ ਕਰਾਸ ਸੁਸਾਇਟੀ ਵਲੋਂ ਸ਼ੁਰੂ ਕੀਤਾ ਗਿਆ 'ਸਾਂਝੀ ਰਸੋਈ' ਪ੍ਰੋਜੈਕਟ ਪੰਜਾਬ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ 'ਸਾਂਝੀ ਰਸੋਈ' ਵਿੱਚ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਖਾਣੇ ਦੀ ਸਿਹਤ ਵਿਭਾਗ ਵਲੋਂ ਸਮੇਂ-ਸਮੇਂ 'ਤੇ ਜਾਂਚ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਕਾਰਜ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਇਸ ਦੀਆਂ ਸਬੰਧਤ ਬਰਾਂਚਾਂ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਨਾਲ-ਨਾਲ ਸੰਸਥਾ ਵਲੋਂ ਚਾਲੂ ਕੀਤੇ ਗਏ ਨਵੇਂ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ।
                       ਇਸ ਮੌਕੇ ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ, ਜ਼ਿਲ੍ਹਾ ਰੈਡ ਕਰਾਸ ਕਾਰਜਕਾਰਨੀ ਕਮੇਟੀ ਦੇ ਮੈਂਬਰ ਸ੍ਰੀਮਤੀ ਵਿਨੋਦ ਓਹਰੀ, ਪ੍ਰੋ: ਕੁਲਦੀਪ ਕੋਹਲੀ, ਸ੍ਰੀਮਤੀ ਮਨਜੀਤ ਵਾਲੀਆ, ਸ੍ਰੀ ਰਾਜੀਵ ਬਾਜਾਜ, ਸ੍ਰੀਮਤੀ ਕੁਮਕੁਮ ਸੂਦ, ਸ੍ਰੀਮਤੀ ਕੀਰਤੀ ਜੇ ਸਿੰਘ, ਸ੍ਰੀਮਤੀ ਨੀਸ਼ੀ ਮੋਦੀ, ਸ੍ਰੀਮਤੀ ਊਸ਼ਾ ਨਾਇਰ, ਸ੍ਰੀਮਤੀ ਆਸ਼ਾ ਅਗਰਵਾਲ, ਸ੍ਰੀਮਤੀ ਕਰਮਜੀਤ ਕੌਰ ਆਹਲੂਵਾਲੀਆ, ਸ੍ਰੀਮਤੀ ਹਰਲੀਨ ਦਿਓਲ, ਸ੍ਰੀਮਤੀ ਭੁਪਿੰਦਰ ਗੁਪਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਸਵੈ ਰੁਜ਼ਗਾਰ ਸਕੀਮ ਤਹਿਤ ਡੇਅਰੀ ਫਾਰਮਿੰਗ ਲਈ ਕਾਊਂਸਲਿੰਗ 24 ਨੂੰ


ਹੁਸ਼ਿਆਰਪੁਰ 21 ਨਵੰਬਰ:ਸਵੈ ਰੁਜ਼ਗਾਰ ਸਕੀਮ ਤਹਿਤ ਡੇਅਰੀ ਫਾਰਮਿੰਗ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ, ਖੇਤੀ ਬਦਲਾਓ ਲਿਆਉਣ ਅਤੇ ਸਹਾਇਕ ਧੰਦਿਆਂ ਰਾਹੀਂ ਆਮਦਨ ਵਿੱਚ ਵਾਧਾ ਕਰਨ ਲਈ 24 ਨਵੰਬਰ ਨੂੰ 2 ਹਫ਼ਤੇ ਦੀ ਸਿਖਲਾਈ ਕਾਊਸਲਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਕਸ਼ਮੀਰ ਸਿੰਘ ਗੋਰਾਇਆ ਨੇ ਦੱਸਿਆ ਕਿ ਇਹ ਸਿਖਲਾਈ ਕਾਊਂਸਲਿੰਗ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਦੇ ਕਮਰਾ ਨੰ: 439, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਜੋ ਕਿ ਘੱਟੋ-ਘੱਟ ਪੰਜਵੀਂ ਪਾਸ ਹੋਣ, ਉਮਰ 18 ਤੋਂ 50 ਸਾਲ ਅਤੇ ਪੇਂਡੂ ਪਿਛੋਕੜ ਨਾਲ ਸਬੰਧਤ ਹੋਣ, ਇਸ ਕਾਊਂਸਲਿੰਗ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਊਂਸਲਿੰਗ ਵਿੱਚ ਯੋਗ ਪਾਏ ਗਏ ਵਿਅਕਤੀਆਂ ਨੂੰ 2 ਹਫ਼ਤੇ ਦੀ ਸਿਖਲਾਈ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਤੋਂ ਦੇਣ ਉਪਰੰਤ ਵੱਖ-ਵੱਖ ਬੈਂਕਾਂ ਤੋਂ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਕਰਜੇ ਅਤੇ ਸਬਸਿਡੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰ 01882-220025 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਭਲਾਈ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ ਸਰਬੱਤ ਵਿਕਾਸ ਯੋਜਨਾ : ਡਿਪਟੀ ਕਮਿਸ਼ਨਰ


  • ਕਿਹਾ, ਪਰਿਵਾਰਕ ਮੈਂਬਰਾਂ ਸਮੇਤ ਸਾਰੀ ਮੁਢਲੀ ਜਾਣਕਾਰੀ ਮੁਹੱਈਆ ਕਰਾਉਣ ਪਿੰਡ ਵਾਸੀ
  • ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਸਿੰਗੜੀਵਾਲ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ
ਹੁਸ਼ਿਆਰਪੁਰ, 20 ਨਵੰਬਰ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਭਲਾਈ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਮੀਲ ਪੱਥਰ ਸਾਬਤ
ਹੋਵੇਗੀ। ਉਹ ਅੱਜ ਪਿੰਡ ਸਿੰਗੜੀਵਾਲਾ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਏ ਗਏ ਵਿਸ਼ੇਸ਼ ਕੈਂਪ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਅਤੇ ਤਹਿਸੀਲਦਾਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

                       ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ
ਸਰਕਾਰ ਵਲੋਂ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਪਿੰਡਾਂ ਵਿੱਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦਾ ਨਾਮ, ਪਤਾ, ਉਮਰ ਸਮੇਤ ਪੂਰਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਡਾਟਾ ਬੇਸ ਨੂੰ ਕੰਪਿਊਟਰ ਰਾਹੀਂ ਰਿਕਾਰਡ ਕੀਤਾ ਜਾਵੇਗਾ ਅਤੇ ਸਮੇਂ-ਸਮੇਂ 'ਤੇ ਇਸ ਡਾਟਾ ਬੇਸ ਨੂੰ ਅਪਡੇਟ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਲਗਾਏ ਜਾਣ ਵਾਲੇ ਇਨ੍ਹਾਂ ਕੈਂਪਾਂ ਵਿੱਚ ਸਾਰੇ ਪਿੰਡ ਵਾਸੀ ਆਪਣੀ ਪੂਰੀ ਮੁਢਲੀ ਜਾਣਕਾਰੀ ਫਾਰਮ ਵਿੱਚ ਬਣਾਏ ਗਏ ਕਾਲਮ ਅਨੁਸਾਰ ਦਰਜ ਕਰਾਉਣ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਪਿੰਡ ਵਾਸੀ ਸਰਕਾਰੀ ਸਕੀਮਾਂ ਦਾ ਲਾਭ ਲੈ ਰਿਹਾ ਹੈ ਜਾਂ ਨਹੀਂ ਲੈ ਰਿਹਾ ਹੈ, ਤਾਂ ਵੀ ਉਹ ਸਹੀ ਵੇਰਵਿਆਂ ਸਮੇਤ ਆਪਣੀ ਮੁਢਲੀ ਜਾਣਕਾਰੀ ਮੁਹੱਈਆ ਕਰਵਾਉਣ।
ਉਨ੍ਹਾਂ ਕਿਹਾ ਕਿ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਦੇਖਿਆ ਜਾਵੇਗਾ ਕਿ ਜਿਹੜੀਆਂ ਸਕੀਮਾਂ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਕਿਹੜੀਆਂ ਸਕੀਮਾਂ ਕਿਹੜੇ ਪਰਿਵਾਰ ਲਈ ਢੁਕਵੀਆਂ ਹਨ ਅਤੇ ਕਿਹੜੀਆਂ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਰਾਹੀਂ ਸਰਕਾਰ ਦਾ ਇਹ ਪੂਰਾ ਯਤਨ ਹੈ ਕਿ ਸਾਰੀਆਂ ਭਲਾਈ ਸਕੀਮਾਂ ਦਾ ਲਾਹਾ ਰਾਜ ਦਾ ਹਰ ਇਕ ਜ਼ਰੂਰਤਮੰਦ ਵਿਅਕਤੀ ਲੈ ਸਕੇ। ਇਸ ਉਦੇਸ਼ ਨੂੰ ਸਫ਼ਲ ਬਣਾਉਣ ਲਈ ਪਿੰਡ ਵਾਸੀਆਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਲਗਾਏ ਜਾਣ ਵਾਲੇ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਣਾ ਚਾਹੀਦਾ ਹੈ।

                       ਇਸ ਮੌਕੇ 'ਤੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਤਹਿਸੀਲਦਾਰ ਅਰਵਿੰਦ ਪ੍ਰਕਾਸ਼ ਵਰਮਾ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿੱਤਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। ਇਸ ਮੌਕੇ 'ਤੇ ਬੀ.ਡੀ.ਪੀ.ਓ. ਸ੍ਰੀ ਦਵਿੰਦਰ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਪਿੰਡ ਵਾਸੀ ਵੀ ਮੌਜੂਦ ਸਨ।

ਵਰਲਡ ਐਕਸੀਡੈਂਟ ਵਿਕਟਿਮ ਡੇਅ 'ਤੇ ਸ਼ਰਧਾਂਜ਼ਲੀ ਦਿੱਤੀ

ਹੁਸ਼ਿਆਰਪੁਰ, 20 ਨਵੰਬਰ:ਰਿਜ਼ੀਨਲ ਟਰਾਂਸਪੋਰਟ ਦਫ਼ਤਰ ਵਲੋਂ ਏ.ਟੀ.ਓ. ਸ੍ਰੀ ਪਿਆਰਾ ਸਿੰਘ ਦੀ ਰਹਿਨੁਮਾਈ ਹੇਠ  ਵਰਲਡ ਐਕਸੀਡੈਂਟ ਵਿਕਟਿਮ ਡੇਅ 'ਤੇ ਆਟੋਮੇਟਿਡ ਡਰਾਈਵਿੰਗ
ਸੈਂਟਰ 'ਤੇ ਸ਼ਰਧਾਂਜ਼ਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੌਜੂਦ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਵਰਲਡ ਐਕਸੀਡੈਂਟ ਵਿਕਟਿਮ ਡੇਅ 'ਤੇ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ। ਆਪਣੇ ਸੰਬੋਧਨ ਵਿੱਚ ਏ.ਟੀ.ਓ. ਪਿਆਰਾ ਸਿੰਘ ਨੇ ਕਿਹਾ ਕਿ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਭ ਤੋਂ ਵੱਧ ਸੜਕ ਦੁਰਘਟਨਾਵਾਂ ਟਰੈਫਿਕ ਨਿਯਮਾਂ ਦਾ ਪਾਲਣ ਨਾ ਕਰਨ ਕਰਕੇ ਹੁੰਦੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਜ਼ਰੂਰ ਕਰਨ। ਇਸ ਦੋਰਾਨ ਵੱਖ-ਵੱਖ ਬੁਲਾਰਿਆਂ ਵਲੋਂ ਟਰੈਫਿਕ ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ 'ਤੇ ਇੰਸਪੈਕਟਰ ਟਰੈਫਿਕ ਪਰਮਜੀਤ ਕੌਰ, ਏ.ਐਸ.ਆਈ. ਸਤਨਾਮ ਸਿੰਘ, ਕੁਲਦੀਪ ਸਿੰਘ, ਰਘਬੀਰ ਸਿੰਘ, ਗੁਰਮੀਤ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਵਿਦਿਆਰਥੀ ਮੌਜੂਦ ਸਨ।

ਮਿਲੇਨੀਅਮ ਵੋਟਰਜ਼ ਦੇ ਤੌਰ 'ਤੇ ਰਜਿਸਟਰੇਸ਼ਨ ਕਰਵਾਉਣ ਲਈ ਯੋਗ ਵਿਅਕਤੀਆਂ ਨੂੰ ਕੀਤਾ ਜਾਵੇਗਾ ਉਤਸ਼ਾਹਿਤ


ਹੁਸ਼ਿਆਰਪੁਰ, 20 ਨਵੰਬਰ:ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਮਿਲੇਨੀਅਮ ਵੋਟਰਜ਼ ਦੇ ਤੌਰ 'ਤੇ ਰਜਿਸਟਰੇਸ਼ਨ ਕਰਵਾਉਣ ਲਈ ਜਿਥੇ ਯੋਗ ਵਿਅਕਤੀਆਂ ਦੀ ਪਹਿਚਾਣ ਕੀਤੀ ਜਾਵੇਗੀ, ਉਥੇ ਉਨ੍ਹਾਂ ਨੂੰ ਵੋਟਰ
ਬਣਨ ਲਈ ਉਤਸ਼ਾਹਿਤ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦਾ ਜਨਮ 21ਵੀਂ ਸਦੀ ਦੇ ਪਹਿਲੇ ਦਿਨ 1 ਜਨਵਰੀ 2000 ਨੂੰ ਹੋਇਆ ਹੈ ਅਤੇ ਉਹ ਵਰਤਮਾਨ ਵਿੱਚ ਚੱਲ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਅਧੀਨ 1 ਜਨਵਰੀ 2018 ਨੂੰ ਯੋਗ ਵੋਟਰ ਹਨ, ਦੀ ਪਹਿਚਾਣ/ਰਜਿਸਟਰੇਸ਼ਨ ਕਰਨ ਲਈ ਕਮਿਸ਼ਨ ਵਲੋਂ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਰੀ ਕੀਤੀ ਗਈ ਹਦਾਇਤ ਅਨੁਸਾਰ ਅਜਿਹੇ ਵੋਟਰਾਂ ਨੂੰ 'ਮਿਲੇਨੀਅਮ ਵੋਟਰਜ਼' ਦੇ ਤੌਰ 'ਤੇ ਰਜਿਸਟਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਤਾਂ ਜੋ ਯੋਗ ਵਿਅਕਤੀ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਰ ਬਣ ਸਕਣ।
           ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਚਾਇਤ ਦਫ਼ਤਰਾਂ, ਹਸਪਤਾਲਾਂ ਅਤੇ ਰਜਿਸਟਰਾਰ/ਉਪ ਰਜਿਸਟਰਾਰ, ਜਨਮ ਅਤੇ ਮੌਤ ਦੇ ਰਿਕਾਰਡ ਤੋਂ ਉਕਤ ਯੋਗ ਨੌਜਵਾਨਾਂ ਦੀ ਪਹਿਚਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਿਲੇਨੀਅਮ ਵੋਟਰਾਂ ਨੂੰ ਰਾਸ਼ਟਰੀ ਵੋਟਰ ਦਿਵਸ 2018 ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਮਿਲੇਨੀਅਮ ਵੋਟਰ, ਰਜਿਸਟਰੇਸ਼ਨ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਸਹਾਇਤਾ ਸਬੰਧਤ ਬੀ.ਐਲ.ਓਜ਼ ਵਲੋਂ ਕੀਤੀ ਜਾਵੇਗੀ।

'ਸਮਰਪਣ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

  •  ਏ.ਡੀ.ਸੀ. ਅਨੁਪਮ ਕਲੇਰ ਨੇ ਆਪਣੀਆਂ ਦੋ ਬੇਟੀਆਂ ਦੇ ਨਾਂ 'ਤੇ ਪਾਇਆ ਯੋਗਦਾਨ
ਹੁਸ਼ਿਆਰਪੁਰ, 20 ਨਵੰਬਰ:ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੇ ਗਏ 'ਸਮਰਪਣ' ਪ੍ਰੋਜੈਕਟ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਦਾਨੀ ਸੱਜਣ ਸਰਕਾਰੀ ਸਕੂਲਾਂ ਦੀ ਸਹਾਇਤਾ ਲਈ ਭਾਰੀ ਗਿਣਤੀ ਵਿੱਚ ਅੱਗੇ ਆ ਰਹੇ ਹਨ। ਜਿਥੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਪਿਛਲੇ ਦਿਨੀਂ ਆਪਣੀ ਬੇਟੀ ਕਾਇਰਾ ਗਿਰੀ ਉਜਵਲ ਦੇ ਨਾਂ 'ਤੇ 'ਸਮਰਪਣ' ਤਹਿਤ ਸਹਾਇਤਾ ਫੰਡ ਵਿੱਚ ਯੋਗਦਾਨ ਪਾਇਆ ਗਿਆ ਹੈ, ਉਥੇ ਹੁਣ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਵੀ ਆਪਣੀਆਂ ਦੋ ਬੇਟੀਆਂ ਇਸ਼ਾਨਾ ਬਾਲੀ ਅਤੇ ਅਲੰਕ੍ਰਿਤਾ ਬਾਲੀ ਦੇ ਨਾਂ 'ਤੇ ਯੋਗਦਾਨ ਪਾਇਆ।
              ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ
ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬੁੱਧੀਜੀਵੀ ਵਰਗ ਨਾਲ ਵਿਚਾਰ ਚਰਚਾ ਕਰਨ ਉਪਰੰਤ 'ਸਮਰਪਣ' ਨਾਮ ਦੀ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਇਕੱਤਰ ਸਹਾਇਤਾ ਫੰਡ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 'ਸਮਰਪਣ' ਨਾਲ ਜੁੜਨ ਲਈ ਵੱਧ ਤੋਂ ਵੱਧ ਦਾਨੀ ਸੱਜਣ ਅੱਗੇ ਆਉਣ, ਤਾਂ ਜੋ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਕ ਰੁਪਏ ਦੇ ਹਿਸਾਬ ਨਾਲ ਸਲਾਨਾ 365 ਰੁਪਏ ਦੀ 'ਸਮਰਪਣ' ਤਹਿਤ ਪਰਚੀ ਕਟਵਾਈ ਜਾ ਸਕਦੀ ਹੈ ਅਤੇ ਪਰਚੀ ਕਟਵਾਉਣ ਵਾਲੇ ਦਾਨੀ ਸੱਜਣ ਨੂੰ 'ਸਮਰਪਣ' ਸੰਸਥਾ ਵਲੋਂ ਉਸ ਦੇ ਵਿਸ਼ੇਸ਼ ਦਿਨ 'ਤੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਕ ਸਟਿੱਕਰ ਵੀ ਸੌਂਪਿਆ ਜਾਵੇਗਾ, ਜੋ ਦਾਨੀ ਸੱਜਣ ਆਪਣੇ ਵਾਹਨ 'ਤੇ ਲਗਾ ਸਕੇਗਾ ਅਤੇ ਇਸ ਤੋਂ ਸਾਬਤ ਹੋਵੇਗਾ ਕਿ ਉਹ 'ਸਮਰਪਣ' ਦਾ ਮੈਂਬਰ ਹੈ।
        ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਾਨ ਕੀਤਾ ਗਿਆ ਇਕ ਰੁਪਿਆ ਕਿਸੇ ਲੋੜਵੰਦ ਲਈ ਵਰਦਾਨ ਸਾਬਤ ਹੋ ਸਕਦਾ ਹੈ, ਇਸ ਲਈ ਇਸ ਪ੍ਰੋਜੈਕਟ ਨੂੰ ਜਨ ਮੁਹਿੰਮ ਬਣਾਉਣ ਲਈ ਇਕਜੁੱਟਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕਜੁੱਟਤਾ ਨਾਲ ਇਸ ਮੁਹਿੰਮ ਨੂੰ ਉਚਾਈਆਂ 'ਤੇ ਲਿਜਾ ਕੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਹਾਣ ਦਾ ਬਣਾਇਆ ਜਾ ਸਕਦਾ ਹੈ। ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਵਿਸ਼ੇਸ਼ ਪਰਿਵਾਰਕ ਦਿਨ 'ਤੇ ਹਰ ਸਾਲ 365 ਰੁਪਏ ਦੀ ਪਰਚੀ 'ਸਮਰਪਣ' ਲਈ ਕਟਵਾ ਸਕਦੇ ਹਨ, ਤਾਂ ਜੋ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ।

ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਡਾ. ਅੰਬੇਦਕਰ ਫ਼ਾਉਂਡੇਸ਼ਨ: ਮਨਜੀਤ ਬਾਲੀ

ਤਲਵਾੜਾ, 19 ਨਵੰਬਰ: ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਿਆ ਤਹਿਤ ਅਦਾਰਾ ਡਾ. ਅੰਬੇਦਕਰ ਫ਼ਾਉਂਡੇਸ਼ਨ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।
ਇਹ ਪ੍ਰਗਟਾਵਾ ਇੱਥੇ ਮਨਜੀਤ ਬਾਲੀ ਮੈਂਬਰ ਡਾ. ਅੰਬੇਦਕਰ ਫ਼ਾਉਂਡੇਸ਼ਨ ਦੇ ਮੈਂਬਰ ਪੰਜਾਬ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੀ ਫਾਉਂਡੇਸ਼ਨ ਵੱਲੋਂ ਜਿੱਥੇ ਅਨੁਸੂਚਿਤ ਵਰਗਾਂ ਉੱਤੇ ਹੋ ਰਹੇ ਅੱਤਿਆਚਾਰ ਦੇ ਪੀੜਤਾਂ ਲਈ ਬਾਕਾਇਦਾ ਰਾਹਤ ਯੋਜਨਾ ਮੌਜੂਦ ਹੈ ਉੱਥੇ ਅੰਤਰ-ਜਾਤੀ ਵਿਆਹ ਤੋਂ ਇਲਾਵਾ ਸਿਹਤ ਤੇ ਸਿੱਖਿਆ ਖੇਤਰਾਂ ਵਿਚ ਵੀ ਵਿਆਪਕ ਪੱਧਰ ਤੇ ਭਲਾਈ ਸਕੀਮਾਂ ਤਹਿਤ ਵੱਡੀ ਧਨ ਰਾਸ਼ੀ ਦਾ ਪ੍ਰਬੰਧ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਉਹ ਇਸ ਵਿਭਾਗ ਸਬੰਧੀ ਪੂਰੀ ਸ਼ਿੱਦਤ ਨਾਲ ਆਪਣਾ ਸੁਨੇਹਾ ਪਹੁੰਚਾ ਰਹੇ ਹਨ ਅਤੇ ਲੋਕਾਂ ਨੂੰ ਇਸ ਦਾ ਭਾਰੀ ਲਾਭ ਵੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਿਸਾਲ ਵਜੋਂ ਡਾ. ਅੰਬੇਦਕਰ ਮੈਡੀਕਲ ਸਹਾਇਤਾ ਯੋਜਨਾ ਕਿਡਨੀ ਟਰਾਂਸਪਲਾਂਟ ਲਈ 3.50 ਲੱਖ ਰੁਪਏ ਦਿੱਤੇ ਜਾਂਦੇ ਹਨ ਅਤੇ ਗੰਭੀਰ ਬਿਮਾਰੀਆਂ ਲਈ ਵੀ ਮਾਇਕ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਪਿਛਲੇ ਥੋੜ੍ਹੇ ਅਰਸੇ ਵਿੱਚ ਹੀ ਕਰੀਬ 2 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਮ. ਸੀ. ਅਮਨਦੀਪ ਹੈਪੀ ਮੰਡਲ ਪ੍ਰਧਾਨ ਭਾਜਪਾ ਤਲਵਾੜਾ, ਡਾ. ਆਜ਼ਾਦ ਪ੍ਰਧਾਨ ਐੱਸ. ਸੀ. ਮੋਰਚਾ ਹੁਸ਼ਿਆਰਪੁਰ, ਸੰਜੇ ਠਾਕੁਰ ਆਦਿ ਸਮੇਤ ਹੋਰ ਆਗੂ ਹਾਜਰ ਸਨ।

ਵਿੱਦਿਅਕ ਮੇਲੇ ਵਿਦਿਆਰਥੀਆਂ ਲਈ ਲਾਹੇਵੰਦ: ਡਾ. ਧਰੁਵ


  • ਸੈਕਟਰ-1 ਸਕੂਲ ਵਿੱਚ ਲੱਗਾ ਗਣਿਤ ਮੇਲਾ
ਤਲਵਾੜਾ, 19 ਨਵੰਬਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਵਿਖੇ ਪ੍ਰਿੰ. ਦਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਗਣਿਤ ਮੇਲਾ ਕਰਵਾਇਆ ਗਿਆ ਜਿਸ ਵਿਚ ਨਗਰ ਪੰਚਾਇਤ
ਤਲਵਾੜਾ ਦੇ ਪ੍ਰਧਾਨ ਡਾ. ਧਰੁਵ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਸੰਬੋਧਨ ਕਰਿਦਆਂ ਕਿਹਾ ਕਿ ਅਜਿਹੇ ਵਿੱਦਿਅਕ ਮੇਲੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਿੱਧ ਹੁੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਪੜ੍ਹਾਈ ਵਿੱਚ ਵਧੇਰੇ ਰੌਚਕਤਾ ਪੈਦਾ ਹੁੰਦੀ ਹੈ। ਵਿਦਿਆਰਥੀਆਂ ਵੱਲੋਂ ਮੇਲੇ ਵਿਚ ਗਣਿਤ ਵਿਸ਼ੇ ਨਾਲ ਸਬੰਧਤ ਅਨੇਕਾਂ ਕਿਰਿਆਵਾਂ ਰਾਹੀਂ ਵਧ-ਚੜ੍ਹ ਕੇ ਸ਼ਿਰਕਤ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮਿੰਦਰ ਸਿੰਘ ਟੀਨੂੰ ਮੈਂਬਰ ਨਗਰ ਪੰਚਾਇਤ, ਯਸ਼ਪਾਲ ਸਿੰਘ, ਵਿਜੇ ਕੁਮਾਰ, ਮਨਮੋਹਨ ਸਿੰਘ ਪੰਕਜ, ਅਰਪਣਾ ਚੌਧਰੀ ਆਦਿ ਸਮੇਤ ਸਕੂਲ ਸਟਾਫ਼, ਮਾਪੇ ਤੇ ਹੋਰ ਪਤਵੰਤੇ ਹਾਜਰ ਸਨ।

ਭਡਿਆਰਾਂ ਸਕੂਲ ਵਿਚ ਕਰਵਾਇਆ ਗਣਿਤ ਮੇਲਾ

ਤਲਵਾੜਾ, 19 ਨਵੰਬਰ: ਸਰਕਾਰੀ ਮਿਡਲ ਸਕੂਲ ਭਡਿਆਰਾਂ ਵਿਖੇ ਇੱਕ ਦਿਨਾ
ਸਰਕਾਰੀ ਮਿਡਲ ਸਕੂਲ ਭਡਿਆਰਾਂ ਵਿਖੇ ਗਣਿਤ ਮੇਲੇ ਦੌਰਾਨ ਸਕੂਲ ਮੁਖੀ
 ਕੇਵਲ ਸਿੰਘ ਤੇ ਹੋਰ।
ਗਣਿਤ ਮੇਲਾ ਸਕੂਲ ਮੁਖੀ ਕੇਵਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਵਿਦਿਆਥੀਆਂ ਵੱਲੋਂ ਕਿਰਿਆਵਾਂ ਰਾਹੀਂ ਗਣਿਤ ਵਿਸ਼ੇ ਦੀਆਂ ਪੇਚੀਦਗੀਆਂ ਨੂੰ ਸਰਲਤਾ ਅਤੇ ਰੌਚਕ ਢੰਗ ਨਾਲ ਪੇਸ਼ ਕੀਤਾ ਗਿਆ। ਸਕੂਲ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਗਣਿਤ ਅਧਿਆਪਕਾਂ ਦੇ ਨਿਰਦੇਸ਼ਨ ਤਹਿਤ ਬੱਚਿਆਂ ਵੱਲੋਂ ਇਸ ਮੇਲੇ ਦੀਆਂ ਸਰਗਰਮੀਆਂ ਵਿਚ ਵਧ ਚੜ੍ਹ ਦੇ ਸ਼ਿਰਕਤ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਿੰਦਰ ਸਿੰਘ, ਅਰੁਣ ਕੌਲ, ਹਰਭਜਨ ਸਿੰਘ, ਬਸੰਤ ਸਿੰਘ, ਰਵਿੰਦਰ ਸਿੰਘ ਆਦਿ ਸਮੇਤ ਅਧਿਆਪਕ, ਮਾਪੇ ਤੇ ਹੋਰ ਪਤਵੰਤੇ ਹਾਜਰ ਸਨ।

ਪਦਮਾਵਤੀ ਫ਼ਿਲਮ ਦੇ ਵਿਰੋਧ ਵਿਚ ਰਾਜਪੂਤ ਸਭਾ ਨੇ ਪੁਤਲਾ ਫ਼ੂਕਿਆ


ਤਲਵਾੜਾ, 19 ਨਵੰਬਰ: ਰਾਜਪੂਤ ਸਭਾ ਤਲਵਾੜਾ ਵੱਲੋਂ ਪ੍ਰਧਾਨ ਮਾਨ
ਸਿੰਘ ਪਠਾਣੀਆ ਦੀ ਅਗਵਾਈ ਹੇਠ ਇੱਥੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤੀ ਦੇ ਵਿਰੁੱਧ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਚੌਂਕ ਵਿਚ ਪੁਤਲਾ ਸਾੜਿਆ ਗਿਆ। ਇਸ ਫ਼ਿਲਮ ਉੱਤੇ ਪੂਰਨ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਸਭਾ ਦੇ ਆਗੂਆਂ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਇਤਿਹਾਸ ਨੂੰ ਗ਼ਲਤ ਢੰਗ ਨਾਲ ਪੇਸ਼ ਕਰਦੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸ਼ ਰਾਣਾ, ਜਤਿੰਦਰ ਕੰਵਰ, ਕੰਵਰ ਰਤਨ ਚੰਦ, ਰਸ਼ਪਾਲ ਸਿੰਘ ਸਿਪਾਹੀਆ, ਡਾ. ਧਰੁੱਬ ਸਿੰਘ, ਸੰਜੀਵ ਠਾਕੁਰ, ਸੁਨੀਲ ਠਾਕੁਰ, ਮਨੋਜ ਠਾਕੁਰ, ਰਣਜੀਤ ਸਿੰਘ, ਸੁਖਵੰਤ ਸਿੰਘ, ਪ੍ਰਦੀਪ ਡਡਵਾਲ, ਨਰੇਸ਼ ਠਾਕੁਰ, ਰਾਜਿੰਦਰ ਸਿੰਘ, ਸਿਕੰਦਰ ਮਿਨਹਾਸ ਆਦਿ ਸਮੇਤ ਵੱਡੀ ਗਿਣਤੀ ਆਗੂ ਤੇ ਸਰਗਰਮ ਕਾਰਕੁੰਨ ਹਾਜਰ ਸਨ।

ਸਰਬੱਤ ਵਿਕਾਸ ਯੋਜਨਾ ਰਾਹੀਂ ਘਰ-ਘਰ ਤੱਕ ਪਹੁੰਚਾਈਆਂ ਜਾਣਗੀਆਂ ਲੋਕ ਭਲਾਈ ਸਕੀਮਾਂ : ਡਿਪਟੀ ਕਮਿਸ਼ਨਰ


  • ਕਿਹਾ, ਸਰਕਾਰੀ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਖੁੱਦ ਪਹਿਲ-ਕਦਮੀ ਵੀ ਕਰਨ ਪਿੰਡ ਵਾਸੀ
  • ਲੋਕ ਭਲਾਈ ਸਕੀਮਾਂ ਸਬੰਧੀ ਪਿੰਡ ਮੋਰਾਂਵਾਲੀ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ
ਹੁਸ਼ਿਆਰਪੁਰ, 17 ਨਵੰਬਰ:ਮਹਾਤਮਾਂ ਗਾਧੀ ਸਰਬੱਤ ਵਿਕਾਸ ਯੋਜਨਾ ਰਾਹੀਂ ਸਰਕਾਰ ਦੀਆਂ ਭਲਾਈ ਸਕੀਮਾਂ ਘਰ-ਘਰ ਤੱਕ ਪਹੁਚਾਈਆਂ ਜਾਣਗੀਆਂ। ਭਲਾਈ ਸਕੀਮਾਂ ਨੂੰ ਜਰੂਰਤਮੰਦ ਲੋਕਾਂ ਤੱਕ ਪਹੁਚਾਉਣ ਲਈ ਪੰਜਾਬ ਸਰਕਾਰ ਵਲੋਂ ਮਹਾਤਮਾਂ ਗਾਧੀ ਸਰਬੱਤ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਨੂੰ ਹੇਠਲੇ ਪੱਧਰ ਤੱਕ ਪਹੁਚਾਉਣ ਲਈ ਗਠਿਤ ਕੀਤੀਆਂ ਸਰਕਾਰੀ ਵਿਭਾਗਾਂ ਦੀਆਂ ਟੀਮਾਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਥਿਤ ਘਰ-ਘਰ ਜਾ ਕੇ ਇਕ ਡਾਟਾ ਬੇਸ ਤਿਆਰ ਕਰਨਗੀਆਂ। ਇਸ ਡਾਟਾ ਬੇਸ ਰਾਹੀਂ ਇਹ ਪਤਾ ਲੱਗ ਸਕੇਗਾ ਕਿ ਕਿਸ ਘਰ ਦੇ ਪਰਿਵਾਰ ਲਈ ਕਿਹੜੀ ਸਕੀਮ ਲਾਹੇਵੰਦ ਸਾਬਿਤ ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿਖੇ ਮਹਾਤਮਾ
ਗਾਧੀ ਸਰਬੱਤ ਵਿਕਾਸ ਯੋਜਨਾ ਨੂੰ ਲਾਗੂ ਕਰਦੇ ਹੋਏ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਲਗਾਏ ਗਏ ਸਟਾਲਾਂ ਦਾ ਉਦਘਾਟਨ ਵੀ ਕੀਤਾ ਅਤੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਸ੍ਰੀ ਹਰਬੀਰ ਸਿੰਘ ਅਤੇ ਐਸ .ਡੀ.ਐਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।

                       ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਜਨਤਾ ਦੀ ਸਹੂਲਤ ਲਈ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ਅਧੀਨ ਕਈ ਤਰ੍ਹਾਂ ਦੀਆਂ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ। ਪਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਇਨ੍ਹਾਂ ਸਕੀਮਾਂ ਦਾ ਜਿਆਦਾਤਰ ਲਾਭ ਜ਼ਮੀਨੀ ਪੱਧਰ ਤੱਕ ਨਹੀਂ ਪਹੁੰਚ ਪਾਉਂਦਾ ਹੈ। ਹੇਠਲੇ ਪੱਧਰ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸਰਕਾਰ ਵਲੋਂ ਮਹਾਤਮਾਂ ਗਾਧੀ ਸਰਬੱਤ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ। ਜਿਸ ਵਿੱਚ ਸਰਬੱਤ ਸ਼ਬਦ ਦਾ ਮਤਲਬ ਹੀ ਸਭ ਤੱਕ ਪਹੁੰਚਣਾ ਹੀ ਹੈ। ਇਸ ਲਈ ਆਮ ਜਨਤਾ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਦੇ ਲਈ ਮਹਾਤਮਾਂ ਗਾਧੀ ਸਰਬੱਤ ਯੋਜਨਾ ਅਧੀਨ ਗਠਿਤ ਕੀਤੀਆਂ ਗਈਆਂ ਟੀਮਾਂ ਜ਼ਿਲ੍ਹੇ ਦੇ ਪਿੰਡਾਂ ਦੇ ਹਰ ਘਰ ਜਾ ਕੇ ਘਰਾਂ ਵਿੱਚ ਰਹਿੰਦੇ ਲੋਕਾਂ ਦੇ ਨਾਮ, ਉਮਰ, ਸਲਾਨਾ ਇੰਨਕਮ, ਸਿੱਖਿਆ ਅਤੇ ਮੁਢਲੀਆਂ ਜਰੂਰਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰੇਗੀ। ਇਸ ਜਾਣਕਾਰੀ ਦੇ ਅਧਾਰ ਤੇ ਹੀ ਇਹ ਪਤਾ ਲਗਾਇਆ ਜਾਵੇਗਾ ਕਿ ਕਿਹੜੀਆਂ ਭਲਾਈ ਸਕੀਮਾਂ ਉਸ ਘਰ ਦੇ ਮੈਂਬਰਾਂ ਲਈ ਲਾਹੇਵੰਦ ਸਾਬਤ ਹੋਣਗੀਆਂ ਅਤੇ ਉਨ੍ਹਾਂ ਸਕੀਮਾਂ ਸਬੰਧੀ ਫਾਰਮ ਅਤੇ ਕਾਗਜੀ ਕਾਰਵਾਈ ਪੂਰੀ ਕਰਕੇ ਲਾਭਪਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਉਹ ਖੁਦ ਵੀ ਪਹਿਲ ਕਦਮੀ ਕਰਨ। ਸਰਕਾਰ ਵਲੋਂ ਜ਼ਿਲ੍ਹਾ, ਸਬ-ਡਵੀਜਨ ਪੱਧਰ, ਤਹਿਸੀਲ ਪੱਧਰ ਅਤੇ ਬਲਾਕ ਪੱਧਰ 'ਤੇ ਵੀ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਦਫ਼ਤਰ ਖੋਲ੍ਹੇ ਗਏ ਹਨ। ਇਨ੍ਹਾਂ ਦਫ਼ਤਰਾਂ ਰਾਹੀਂ ਪਿੰਡ ਵਾਸੀ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਮੁਢਲੀ ਜਾਣਕਾਰੀ ਹਾਸਲ ਕਰਕੇ ਲਾਹਾ ਲੈ ਸਕਦੇ ਹਨ।
                       ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਸਿਵਲ ਸਰਜਨ ਡਾ. ਰੇਨੂੰ ਸੂਦ, ਐਕਸੀਅਨ ਵਾਟਰ ਸਪਲਾਈ ਸ. ਭੁਪਿੰਦਰ ਸਿੰਘ, ਖੇਤੀਬਾੜੀ ਵਿਭਾਗ ਦੇ ਤਕਨੀਕੀ ਮਾਹਰ ਸ੍ਰੀ ਡਾ. ਦਵਿੰਦਰ ਸਿੰਘ, ਸੀ.ਡੀ.ਪੀ.ਓ. ਪਰਮਜੀਤ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ ਵਿਭਾਗਾਂ ਦੁਆਰਾ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਪਿੰਡ ਵਾਸੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਡੀ.ਐਸ.ਪੀ. ਸ੍ਰੀ ਰਾਜ, ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿੱਤਰ ਸਮੇਤ ਭਾਰੀ ਸੰਖਿਆ ਵਿੱਚ ਪਿੰਡ ਵਾਸੀ ਵੀ ਮੌਜੂਦ ਸਨ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਸ਼ਿਕਾਇਤ ਨਿਵਾਰਨ ਕੈਂਪ ਦਾ ਆਯੋਜਨ


ਹੁਸ਼ਿਆਰਪੁਰ, 17 ਨਵੰਬਰ: ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਸੁਨੀਲ ਕੁਮਾਰ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਪ੍ਰਧਾਨਗੀ ਹੇਠ ਕੋਰਟ ਕੰਪਲੈਕਸ ਵਿਖੇ ਸ਼ਿਕਾਇਤਾਂ ਨਿਵਾਰਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਹੈਲਪ ਡੈਸਕ ਲਗਾਏ ਗਏ।
           ਇਸ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਸੁਨੀਲ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗ ਜਿਵੇਂ ਕਿ ਸਿਹਤ ਵਿਭਾਗ, ਸਿੱਖਿਆ ਵਿਭਾਗ, ਫੂਡ ਸਪਲਾਈ, ਲੇਬਰ ਵਿਭਾਗ, ਭਲਾਈ ਵਿਭਾਗ ਆਦਿ ਵੱਲੋਂ ਆਪਣੇ- ਆਪਣੇ ਬੈਂਚ ਲਗਾਏ ਗਏ ਅਤੇ ਆਮ ਜਨਤਾ ਨੂੰ ਆਪਣੀਆਂ ਸੇਵਾਵਾਂ
ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰਜ਼ ਨੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਲਈ ਸਬੰਧਤ ਵਿਭਾਗਾਂ ਨਾਲ ਜਾਣੂ ਕਰਵਾਇਆ ਅਤੇ ਆਮ ਜਨਤਾ ਦੇ ਰੋਜ਼ਾਨਾ ਜੀਵਨ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਮੌਕੇ 'ਤੇ ਹੱਲ ਵੀ ਕੀਤਾ। 

           ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਸੀ.ਜੇ.ਐਮ ਸ੍ਰੀ ਰਵੀ ਗੁਲਾਟੀ ਨੇ ਦੱਸਿਆ ਕਿ ਇਸ ਸ਼ਿਕਾਇਤਾਂ ਨਿਵਾਰਨ ਕੈਂਪ ਵਿਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਿੱਥੇ ਮੌਕੇ 'ਤੇ ਨਿਪਟਾਰਾ ਕੀਤਾ ਜਾਂਦਾ ਹੈ, ਉੱਥੇ ਹੀ ਆਮ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ। 

           ਇਸ ਮੌਕੇ ਸਿਵਲ ਜੱਜ ਸੀਨੀਅਰ ਡਵੀਜਨ ਸ੍ਰੀ ਹਰਸਿਮਰਨਜੀਤ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਅਸ਼ੀਸ਼ ਸਾਹਲਦੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਵੋਟਰ ਸੂਚੀਆਂ ਦੀ ਸੁਧਾਈ ਸਬੰਧੀ 30 ਨਵੰਬਰ ਤੱਕ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ : ਏ.ਡੀ.ਸੀ.


  • ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਦਿੱਤੀ ਜਾਣਕਾਰੀ
ਹੁਸ਼ਿਆਰਪੁਰ, 15 ਨਵੰਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਬੈਠਕ ਕਰਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2018 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਲਈ ਜ਼ਿਲ੍ਹੇ ਵਿੱਚ 30 ਨਵੰਬਰ ਤੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਬੂਥ ਲੈਵਲ ਅਫ਼ਸਰਾਂ ਵਲੋਂ ਘਰ-ਘਰ ਜਾ ਕੇ ਫਾਰਮੈਟ 1 ਤੋਂ 8 ਤੱਕ ਵੱਖ-ਵੱਖ ਪ੍ਰੋਫਾਰਮਿਆਂ ਵਿੱਚ ਸੂਚਨਾ ਇਕੱਤਰ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਬੀ.ਐਲ.ਓ. ਵਲੋਂ ਵੋਟਰ ਸੂਚੀਆਂ ਵਿੱਚ ਦਰਜ ਵੋਟਰਾਂ ਦੇ ਵੇਰਵਿਆਂ ਨੂੰ ਦਰੁੱਸਤ ਕਰਨ, ਕੱਟੀਆਂ ਜਾਣ ਵਾਲੀਆਂ ਵੋਟਾਂ ਤੋਂ ਇਲਾਵਾ ਨਵੀਆਂ ਜਾਂ ਬਣਾਈਆਂ ਜਾਣ ਵਾਲੀਆਂ ਵੋਟਾਂ ਸਮੇਤ ਪੋਲਿੰਗ ਸਟੇਸ਼ਨਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ।
                       ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਵੋਟਰ ਸੂਚੀਆਂ ਦੇ ਦਾਅਵੇ/ਇਤਰਾਜ਼ ਪ੍ਰਾਪਤ ਕਰਨ ਦਾ ਕੰਮ ਮਿਤੀ 14 ਦਸੰਬਰ ਤੱਕ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 19 ਅਤੇ 26 ਨਵੰਬਰ ਨੂੰ ਐਤਵਾਰ ਵਾਲੇ ਦਿਨ ਜ਼ਿਲ੍ਹੇ ਦੇ ਸਮੂਹ ਬੂਥ ਲੈਵਲ ਅਫ਼ਸਰ ਸਬੰਧਤ ਪੋਲਿੰਗ ਸਟੇਸ਼ਨਾਂ 'ਤੇ ਬੈਠ ਕੇ ਵੋਟਰ ਸੂਚੀਆਂ ਦੇ ਦਾਅਵੇ/ਇਤਰਾਜ ਪ੍ਰਾਪਤ ਕਰਨਗੇ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਯੋਗ ਵਿਅਕਤੀਆਂ ਦੇ ਨਾਮ ਕਿਸੇ ਕਾਰਨ ਅਜੇ ਤੱਕ ਮੌਜੂਦ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕੇ ਜਾਂ ਕੋਈ ਗਲਤ ਅੰਦਰਾਜ ਹੋਇਆ ਹੋਵੇ, ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਜਾਂ ਦਰੁੱਸਤ ਹੋਣ ਬਾਰੇ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈਬਸਾਈਟ www.ceopunjab.nic.in 'ਤੇ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ 18 ਅਤੇ 25 ਨਵੰਬਰ ਨੂੰ ਕੋਈ ਵੀ ਵਿਅਕਤੀ ਆਪਣਾ ਨਾਮ ਵੋਟਰ ਸੂਚੀ ਵਿੱਚ ਸਬੰਧਤ ਬੂਥ ਲੈਵਲ ਅਫ਼ਸਰਾਂ ਪਾਸ ਉਪਲਬੱਧ ਵੋਟਰ ਸੂਚੀ ਵਿੱਚ ਸਬੰਧਤ ਪੋਲਿੰਗ ਸਟੇਸ਼ਨਾਂ 'ਤੇ ਜਾ ਕੇ ਚੈਕ ਵੀ ਕਰ ਸਕਦਾ ਹੈ।
                       ਇਸ ਮੌਕੇ ਤਹਿਸੀਲਦਾਰ (ਚੋਣਾਂ) ਸ੍ਰੀ ਕਰਨੈਲ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)