ਉੱਘੇ ਨਿਬੰਧਕਾਰ ਡਾ. ਸੁਰਿੰਦਰ ਮੰਡ ਨੂੰ ਸੇਵਾ ਮੁਕਤੀ ਉਪਰੰਤ ਦਿੱਤੀ ਨਿੱਘੀ ਵਿਦਾਇਗੀ


 • ਨਹੀਂ ਲਿਆ ਦੋ ਸਾਲ ਦਾ ਵਾਧਾ

ਤਲਵਾੜਾ, 30 ਸਤੰਬਰ: ਪੰਜਾਬੀ ਦੇ ਉੱਘੇ ਨਿਬੰਧਕਾਰ, ਸਰਕਾਰੀ ਕਾਲਜ ਤਲਵਾੜਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸੁਰਿੰਦਰਪਾਲ ਸਿੰਘ ਮੰਡ ਲੰਮੀ ਤੇ ਬੇਦਾਗ ਸੇਵਾ ਉਰਪੰਤ ਸੇਵਾ ਮੁਕਤ ਹੋ ਗਏ।
ਕਾਲਜ ਵੱਲੋਂ ਉਨ੍ਹਾਂ ਨੂੰ ਇਸ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਜਿਕਰਯੋਗ ਹੈ ਕਿ ਡਾ. ਮੰਡ ਨੇ ਸਰਕਾਰ ਵੱਲੋਂ ਦਿੱਤਾ ਜਾਂਦਾ 2 ਸਾਲ ਦਾ ਵਾਧਾ ਨਾ ਲੈਣ ਦਾ ਫ਼ੈਸਲਾ ਕੀਤਾ। ਇਸ ਮੌਕੇ ਵਿਦਾਇਗੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰ. ਰਾਮ ਤੀਰਥ ਸਿੰਘ ਨੇ ਆਖਿਆ ਕਿ ਡਾ. ਮੰਡ ਨੇ ਪੜ੍ਹਾਉਣ ਵਿਚ ਬੇਮਿਸਾਲ ਕਾਰਗੁਜ਼ਾਰੀ ਵਿਖਾੲ. ਅਤੇ ਕਾਲਜ ਹਿੱਤ ਲਈ ਹਰ ਕੰਮ ਵਿਚ ਵਧ ਚੜ੍ਹ ਕੇ ਅਹਿਮ ਯੋਗਦਾਨ ਪਾਇਆ। ਕਾਲਜ ਵਿਚ ਤਿੰਨ ਹਜਾਰ ਦਰੱਖਤ ਲਾਉਣ ਤੇ ਪਾਲਣ ਦੀ ਜਿੰਮੇਵਾਰੀ ਨਿਭਾਉਣ ਕਾਰਨ ਉਨ੍ਹਾਂ ਡਾ. ਮੰਡ ਨੂੰ ਕਾਲਜ ਦਾ ਮਹਿੰਦਰ ਸਿੰਘ ਰੰਧਾਵਾ ਆਖਿਆ। ਡਾ. ਜਨਮੀਤ ਨੇ ਯੁਨੀਵਰਸਿਟੀ ਦੇ ਦਿਨਾਂ ਤੋਂ ਪ੍ਰੋ. ਮੰਡ ਦੀ ਲੀਡਰਸ਼ਿਪ, ਯੋਗਤਾ, ਸੁਹਿਰਦਤਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਲੇਖਕ ਬੇਟੀ ਮਲਿਕਾ ਮੰਡ ਦਾ ਵਿਸ਼ੇਸ਼ ਜਿਕਰ ਕੀਤਾ। ਪ੍ਰੋ. ਬਲਬੀਰ ਸਿੰਘ ਨੇ ਆਖਿਆ ਕਿ ਹਰ ਸਥਿਤੀ ਵਿਚ ਸ਼ਾਂਤ ਰਹਿ ਕੇ ਕੰਮ ਕਰਨਾ ਉਨ੍ਹਾਂ ਪ੍ਰੋ. ਮੰਡ ਤੋਂ ਸਿੱਖਿਆ ਹੈ। ਪ੍ਰੋ. ਬਖ਼ਤਾਵਰ ਸਿੰਘ ਨੇ ਡਾ. ਮੰਡ ਵੱਲੋਂ ਪਿਤਾ ਵਿਹੂਣੀਆਂ ਲੜਕੀਆਂ ਲਈ ਫ਼ੀਸਾਂ ਦਾ ਪ੍ਰਬੰਧ ਕਰਨ ਨੂੰ ਨਿਵੇਕਲਾ ਕਾਰਜ ਦੱਸਿਆ। ਪ੍ਰੋ. ਗੁਰਚਰਨ ਸਿੰਘ ਨੇ ਪ੍ਰੋ. ਮੰਡ ਨੂੰ ਕਾਲਜ ਦਾ ਰੋਲ ਮਾਡਲ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਤਾਬਾਂ ਲਿਖਣ ਦੀ ਚੇਟਕ ਲਾਉਣ ਵਿਚ ਪ੍ਰੋ. ਮੰਡ ਦੀ ਬੁਨਿਆਦੀ ਭੂਮਿਕਾ ਹੈ। ਪ੍ਰੋ. ਸੁਰਿੰਦਰ ਮੰਡ ਨੇ ਆਪਣੇ ਸੰਬੋਧਨ ਰਾਹੀਂ ਆਖਿਆ ਕਿ ਕਾਲਜ ਦੇ ਸਾਜ਼ਗਾਰ ਮਾਹੌਲ ਨੇ ਉਨ੍ਹਾਂ ਨੂੰ ਗਿਆਰਾਂ ਪੁਸਤਕਾਂ, 500 ਲੇਖ ਨਿਬੰਧ ਛਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਮੋਕੇ ਆਪਣੇ ਵੱਲੋਂ ਐੱਮ. ਏ. ਭਾਗ ਪਹਿਲਾ ਵਿਚੋਂ ਫਸਟ ਆਉਣ ਵਾਲੇ ਵਿਦਿਆਰਥੀਆਂ ਨੂੰ 2100 ਰੁਪਏ ਨਗਦ ਅਤੇ ਕਿਤਾਬਾਂ ਦੇਣ ਦਾ ਵਾਦਾ ਕੀਤਾ। ਕਾਲਜ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।

ਮਿਲਾਵਟੀ ਮਠਿਆਈ ਅਤੇ ਖਰਾਬ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲਿਆਂ ਦੇ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡੀਸੀ


 • ਤਿਉਹਾਰਾਂ ਦੇ ਮੱਦੇ ਨਜ਼ਰ ਜ਼ਿਲ੍ਹਾ ਸਿਹਤ ਅਫ਼ਸਰ ਦੇ ਅਧੀਨ ਹੋਇਆ ਵਿਸ਼ੇਸ਼ ਟੀਮ ਦਾ ਗਠਨ
ਹੁਸ਼ਿਆਰਪੁਰ, 29 ਸਤੰਬਰ:ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਮਿਲਾਵਟੀ ਮਠਿਆਈ ਅਤੇ ਖਰਾਬ ਫਲ, ਸਬਜੀਆਂ ਅਤੇ ਦਾਲਾਂ ਸਮੇਤ ਖਾਣ-ਪੀਣ ਦੀਆਂ ਚੀਜਾਂ ਵੇਖਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਿਛਲੇ ਮਹੀਨੇ ਦੌਰਾਨ ਸਿਹਤ ਵਿਭਾਗ ਵਲੋਂ ਖਾਣ-ਪੀਣ ਦੀਆਂ ਵਸਤੂਆਂ ਦੇ ਕਰੀਬ 70 ਸੈਂਪਲ ਭਰੇ ਗਏ ਸਨ, ਜਿਨ੍ਹਾਂ ਵਿੱਚੋਂ 16 ਸੈਂਪਲਾਂ ਦੀ ਰਿਪੋਰਟ ਮਿਲਣ ਉਪਰੰਤ ਫੇਲ੍ਹ ਹੋਣ ਵਾਲੇ 4 ਸੈਂਪਲਾਂ 'ਤੇ ਬਣਦੀ ਕਾਰਵਾਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟੀ ਮਠਿਆਈਆਂ ਅਤੇ ਖਰਾਬ ਖਾਣ-ਪੀਣ ਦੀਆਂ ਚੀਜਾਂ ਦੀ ਵਿਕਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਕਲੀ ਮਠਿਆਈਆਂ ਅਤੇ ਹੋਰ ਖਰਾਬ ਖਾਣ-ਪੀਣ ਦੀਆਂ ਚੀਜਾਂ 'ਤੇ ਨਕੇਲ ਕੱਸਣ ਲਈ ਸਿਹਤ ਤੇ ਪਰਿਵਾਰ ਭਲਾਈ ਪਰਿਵਾਰ ਵਲੋਂ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਕਦਮ ਚੁੱਕੇ ਜਾਣਗੇ ਅਤੇ ਸੈਂਪਲ ਭਰਕੇ ਲੈਬੋਰੇਟਰੀ ਵਿੱਚ ਭੇਜੇ ਜਾਣਗੇ। ਜੋ ਸੈਂਪਲ ਫੂਡ ਸੇਫਟੀ ਐਕਟ ਦੇ ਮਾਪਦੰਡਾਂ 'ਤੇ ਖਰਾ ਨਹੀਂ ਉਤਰੇਗਾ, ਉਸ ਦੁਕਾਨਦਾਰ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਜ਼ਿਲ੍ਹੇ ਜ਼ਿਲ੍ਹਾ ਸਿਹਤ ਅਫ਼ਸਰ ਦੇ ਅਧੀਨ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜਿਸ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਤੋਂ ਇਲਾਵਾ ਇਕ ਫੂਡ ਸੇਫਟੀ ਅਫ਼ਸਰ ਅਤੇ ਬਾਕੀ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਜ਼ਿਲ੍ਹੇ ਵਿੱਚ ਹਰ ਰੋਜ ਸੰਭਾਵਿਤ ਨਕਲੀ ਮਠਿਆਈਆਂ ਅਤੇ ਖਰਾਬ ਖਾਣ-ਪੀਣ ਦੀਆਂ ਚੀਜਾਂ ਦੀ ਸੈਂਪਲਿੰਗ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਵੀ ਹਲਵਾਈ, ਵਪਾਰੀ, ਫਲ ਵਿਕਰੇਤਾ ਜਾਂ ਹੋਰ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲਾ ਖਰਾਬ ਸਮਾਨ ਵੇਚਦਾ ਪਾਇਆ ਗਿਆ, ਤਾਂ ਉਸ ਖਿਲਾਫ ਸਿਹਤ ਵਿਭਾਗ ਵਲੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਫੂਡ ਸੇਫਟੀ ਐਕਟ ਨੂੰ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਲਾਗੂ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਅਮਲ ਵਿੱਚ ਲਿਆਉਣ ਅਤੇ ਖਰਾਬ ਸਮਾਨ ਵੇਚਣ ਵਾਲਿਆਂ ਦੀ ਸੈਂਪਲਿੰਗ ਕਰਕੇ ਸਖ਼ਤ ਕਾਰਵਾਈ ਕਰਨ।
ਇਸ ਦੌਰਾਨ ਜ਼ਿਲ੍ਹਾਂ ਸਿਹਤ ਅਫ਼ਸਰ ਸ੍ਰੀ ਡਾ. ਸੇਵਾ ਸਿੰਘ ਦੱਸਿਆ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਜ਼ਿਲ੍ਹੇ ਵਿੱਚ ਇਕ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਮਿਲਾਵਟੀ ਮਠਿਆਈ ਅਤੇ ਖਰਾਬ ਖਾਣ-ਪੀਣ ਚੀਜਾਂ  ਵੇਚਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  ਉਨ੍ਹਾਂ ਨੇ ਆਮ ਜਨਤਾ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਪਾਰੀ ਖਰਾਬ ਮਠਿਆਈ ਜਾਂ ਖਰਾਬ ਖਾਣ-ਪੀਣ ਦੀਆਂ ਚੀਜਾਂ ਵੇਚਦਾ ਹੈ, ਤਾਂ ਇਸ ਦੀ ਸੂਚਨਾ ਸਿਵਲ ਸਰਜਨ ਦਫ਼ਤਰ ਦੇ ਸੰਪਰਕ ਨੰਬਰ 01882-252170 ਤੇ ਦਿੱਤੀ ਜਾਂ ਸਕਦੀ ਹੈ।

ਕੈਸ਼ਲੈਸ ਪੇਮੈਂਟ ਨੂੰ ਬੜ੍ਹਾਵਾ ਦੇਣ ਲਈ ਕੀਤੇ ਜਾਣ ਉਪਰਾਲੇ : ਡਿਪਟੀ ਕਮਿਸ਼ਨਰ


 • ਕਿਹਾ, ਡਿਜੀਟਲ ਮੋਡ ਰਾਹੀਂ ਲੈਣ-ਦੇਣ ਕਰਨਾ ਬੇਹੱਦ ਆਸਾਨ
 • ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਫ਼ਤਰਾਂ ਵਿੱਚ ਕੈਸ਼ਲੈਸ ਪ੍ਰਕ੍ਰਿਆ ਨੂੰ ਬੜ੍ਹਾਵਾ ਦੇਣ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼
ਹੁਸ਼ਿਆਰਪੁਰ, 28 ਸਤੰਬਰ: ਜ਼ਿਲ੍ਹੇ ਵਿੱਚ ਕੈਸ਼ਲੈਸ ਪੇਮੈਂਟ ਨੂੰ ਬੜ੍ਹਾਵਾ ਦੇਣ ਲਈ ਵੱਧ ਤੋਂ ਵੱਧ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਡਿਜੀਟਲ ਮੋਡ ਰਾਹੀਂ ਲੈਣ-ਦੇਣ ਕਰਨਾ ਬੇਹੱਦ ਆਸਾਨ ਹੈ। ਆਧੁਨਿਕ ਸਮੇਂ ਵਿੱਚ ਕੈਸ਼ਲੈਸ ਪ੍ਰਕ੍ਰਿਆ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਦਫ਼ਤਰਾਂ ਵਿੱਚ ਕੈਸ਼ਲੈਸ ਪ੍ਰਕ੍ਰਿਆ ਨੂੰ ਬੜ੍ਹਾਵਾ ਦੇਣ ਲਈ ਉਪਰਾਲੇ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ।
                  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਿਜੀਟਲ ਪੇਮੈਂਟ ਰਾਹੀਂ ਅਦਾਨ-ਪ੍ਰਦਾਨ ਕਰਨਾ ਬੇਹੱਦ ਆਸਾਨ ਹੈ। ਐਸ.ਬੀ.ਆਈ., ਪੀ.ਐਨ.ਬੀ., ਐਚ.ਡੀ.ਐਫ.ਸੀ., ਐਕਸਿਸ ਸਮੇਤ ਕਈ ਰਾਸ਼ਟਰੀ ਬੈਂਕਾਂ ਵਲੋਂ ਆਪਣੇ-ਆਪਣੇ ਐਪ ਅਤੇ ਵੈਬਸਾਈਟ ਲਾਂਚ ਕੀਤੇ ਗਏ ਹਨ, ਜਿਨ੍ਹਾਂ ਨੂੰ ਆਪਣੇ ਮੋਬਾਇਲ ਰਾਹੀਂ ਚਲਾ ਕੇ ਆਸਾਨੀ ਨਾਲ ਇਕ ਖਾਤੇ ਤੋਂ ਦੂਜੇ ਖਾਤੇ ਵਿੱਚ ਲੈਣ ਦੇਣ ਕੀਤਾ ਜਾ ਸਕਦਾ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਦਫ਼ਤਰਾਂ ਵਿੱਚ ਡਿਜੀਟਲ ਮੋਡ ਰਾਹੀਂ ਲੈਣ-ਦੇਣ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਵੀ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਾਰੀ ਲੈਣ-ਦੇਣ ਦੀ ਪ੍ਰਕ੍ਰਿਆ ਨੂੰ ਕੈਸ਼ਲੈਸ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ, ਮੋਬਾਇਲ ਰਿਚਾਰਜ, ਸੋਸ਼ਲ ਸਕਿਉਰਿਟੀ ਸਕੀਮਾਂ ਤਹਿਤ ਲਾਭਪਾਤਰੀਆਂ ਦੇ ਖਾਤੇ ਵਿੱਚ ਟਰਾਂਜੈਕਸ਼ਨ, ਵਪਾਰ ਵਿੱਚ ਅਦਾਨ-ਪ੍ਰਦਾਨ ਤੋਂ ਲੈ ਕੇ ਹਰ ਇਕ ਖੇਤਰ ਵਿੱਚ ਡਿਜੀਟਲ ਮੋਡ ਰਾਹੀਂ ਪੇਮੈਂਟ ਕਰਨ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।
                  ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਡਿਜੀਟਲ ਮੋਡ ਰਾਹੀਂ ਪੇਮੈਂਟ ਕਰਨਾ ਬੇਹੱਦ ਸੁਰੱਖਿਅਤ ਹੈ। ਬੈਂਕਾਂ ਵਲੋਂ ਬਣਾਏ ਗਏ ਐਪ ਰਾਹੀਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਕੋਈ ਵੀ ਖਾਤਾਧਾਰਕ ਦੂਸਰੇ ਵਿਅਕਤੀ ਦੇ ਖਾਤੇ ਵਿੱਚੋਂ ਬਿਨ੍ਹਾਂ ਓ.ਟੀ.ਪੀ. ਦੇ ਰਾਸ਼ੀ ਟਰਾਂਸਫਰ ਨਹੀਂ ਕਰ ਸਕਦਾ। ਉਨ੍ਹਾਂ ਨੇ ਸਮੂਹ ਬੀ.ਡੀ.ਪੀ.ਓਜ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਨੂੰ ਬੈਂਕਾਂ ਦੇ ਸਹਿਯੋਗ ਨਾਲ ਡਿਜੀਟਲ ਪੇਮੈਂਟ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ।
                        ਇਸ ਮੌਕੇ ਏ.ਡੀ.ਸੀ (ਜ) ਸ਼੍ਰੀਮਤੀ ਅਨੁਪਮ ਕਲੇਰ, ਏ.ਡੀ.ਸੀ (ਡੀ) ਸ਼੍ਰੀ ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ਼੍ਰੀ ਹਿੰਮਾਸ਼ੂ ਅਗਰਵਾਲ, ਐਸ.ਡੀ.ਐਮ ਮੁਕੇਰੀਆਂ ਸ਼੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ ਗੜ੍ਹਸ਼ੰਕਰ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਮਾਲ ਅਫਸਰ ਸ਼੍ਰੀ ਅਮਨਪਾਲ ਸਿੰਘ, ਜ਼ਿਲ੍ਹਾ ਲੀਡ ਮੈਨੇਜਰ ਸ੍ਰੀ ਅਰਵਿੰਦ ਕੁਮਾਰ ਸਰੋਚ, ਸ੍ਰੀ ਕਮਲਜੀਤ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

ਬਿਨ੍ਹਾਂ ਲਾਇਸੰਸ ਪਟਾਕੇ ਵੇਚਣ ਵਾਲਿਆਂ ਦੇ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਡੀ.ਸੀ.


 • ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਨਿਸ਼ਚਿਤ ਕੀਤੀਆਂ ਜਾਣ ਵਾਲੀਆਂ ਥਾਵਾਂ 'ਤੇ ਹੀ ਵੇਚੇ ਜਾਣ ਪਟਾਕੇ
 • ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਥੋਕ, ਪ੍ਰਚੂਨ ਵਪਾਰੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਕੀਤੀ ਬੈਠਕ
ਹੁਸ਼ਿਆਰਪੁਰ, 28 ਸਤੰਬਰ: ਬਿਨ੍ਹਾਂ ਲਾਇਸੰਸ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਦੁਕਾਨਦਾਰ ਬਿਨ੍ਹਾਂ ਲਾਇਸੰਸ ਦੇ ਪਟਾਕੇ ਵੇਚਦਾ ਪਾਇਆ ਜਾਂਦਾ ਹੈ, ਤਾਂ ਉਸ ਦਾ ਸਾਰਾ ਸਮਾਨ ਜਬਤ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪਟਾਕਿਆਂ ਦੇ ਥੋਕ, ਪ੍ਰਚੂਨ ਵਪਾਰੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਸਾਰੇ ਐਸ.ਡੀ.ਐਮਜ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕੋਈ ਵੀ ਦੁਕਾਨਦਾਰ ਬਿਨ੍ਹਾਂ ਲਾਇਸੰਸ ਦੇ ਪਟਾਕੇ ਨਾ ਵੇਚੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਟਾਕਿਆਂ ਨੂੰ ਨਿਸ਼ਚਿਤ ਕੀਤੀਆਂ ਜਾਣ ਵਾਲੀਆਂ ਥਾਵਾਂ 'ਤੇ ਹੀ ਵੇਚਿਆ ਜਾਵੇ।

                  ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ ਸਮੇਤ ਬਾਕੀ ਥਾਵਾਂ 'ਤੇ ਪਟਾਕੇ ਵੇਚਣ ਲਈ ਖੁੱਲ੍ਹੀ ਅਤੇ ਸੁਰੱਖਿਅਤ ਸਥਾਨਾਂ ਦੀ ਪਹਿਚਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਘੋਸ਼ਿਤ ਕੀਤੇ ਗਏ ਸਾਈਲੈਂਸ ਜ਼ੋਨ ਸਥਾਨਾਂ, ਹਸਪਤਾਲਾਂ, ਅਦਾਲਤਾਂ ਅਤੇ ਹੋਰ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਪਟਾਕੇ ਚਲਾਉਣ 'ਤੇ ਪਾਬੰਦੀ ਰਹੇਗੀ। ਉਨ੍ਹਾਂ ਸਿਹਤ ਵਿਭਾਗ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਅਮਰਜੈਂਸੀ ਸੇਵਾਵਾਂ ਲਈ ਸਾਰੇ ਢੁਕਵੇਂ ਪ੍ਰਬੰਧ ਕਰਨ। ਉਨ੍ਹਾਂ ਨੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਤੰਗ ਗਲੀਆਂ ਵਿੱਚ ਕੋਈ ਪਟਾਕੇ ਨਾ ਵੇਚੇ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਦੇ ਹੇਠਾਂ, ਟਰਾਂਸਫਾਰਮਰਾਂ ਅਤੇ ਜਿਥੇ ਅੱਗ ਦਾ ਕੰਮ ਹੋ ਰਿਹਾ ਹੋਵੇ, ਉਸ ਦੇ ਨਜ਼ਦੀਕ ਪਟਾਕੇ ਬਿਲਕੁਲ ਨਾ ਚਲਾਏ ਜਾਣ। ਉਨ੍ਹਾਂ ਨੇ ਫਾਇਰ ਅਫ਼ਸਰਾਂ ਨੂੰ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਟਾਕੇ ਮੁਕਤ ਦੀਵਾਲੀ ਮਨਾਉਣ। ਇਸ ਮੌਕੇ ਤੇ ਆਤਿਸ਼ਬਾਜੀ ਦੇ ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਵਲੋਂ  ਸੁਝਾਅ ਵੀ ਦਿੱਤੇ ਗਏ ਅਤੇ ਉਨ੍ਹਾਂ ਭਰੋਸਾ ਦੁਆਇਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਤੇ ਲਾਇਸੰਸ ਲੈ ਕੇ ਹੀ ਪਟਾਕੇ ਵੇਚੇ ਜਾਣਗੇ।
                        ਇਸ ਮੌਕੇ ਏ.ਡੀ.ਸੀ (ਜ) ਸ਼੍ਰੀਮਤੀ ਅਨੁਪਮ ਕਲੇਰ, ਏ.ਡੀ.ਸੀ (ਡੀ) ਸ਼੍ਰੀ ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ਼੍ਰੀ ਹਿੰਮਾਸ਼ੂ ਅਗਰਵਾਲ, ਐਸ.ਡੀ.ਐਮ ਮੁਕੇਰੀਆਂ ਸ਼੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ ਗੜ੍ਹਸ਼ੰਕਰ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਮਾਲ ਅਫਸਰ ਸ਼੍ਰੀ ਅਮਨਪਾਲ ਸਿੰਘ ਤੋਂ ਇਲਾਵਾ ਪਟਾਕਿਆਂ ਦੇ ਥੋਕ ਅਤੇ ਪ੍ਰਚੂਨ ਵਪਾਰੀ ਵੀ ਮੌਜੂਦ ਸਨ।

ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਜੀ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ

ਹੁਸ਼ਿਆਰਪੁਰ, 28 ਸਤੰਬਰ:  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ 'ਤੇ ਸ਼ਹੀਦ ਭਗਤ ਸਿੰਘ ਚੌਂਕ ਚੰਡੀਗੜ੍ਹ ਰੋਡ ਵਿਖੇ ਸਥਾਪਿਤ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਜੀ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

                  ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਜੀ ਨੇ ਸ਼ਹੀਦੀ ਦੇ ਕੇ ਭਾਰਤ ਨੂੰ ਗੁਲਾਮੀਆਂ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਨੌਜਵਾਨਾਂ ਲਈ ਇਕ ਆਦਰਸ਼ ਹਨ ਅਤੇ ਹੁਣ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਕ ਜਿੰਮੇਵਾਰ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਈਏ। ਇਸ ਦੌਰਾਨ ਸ਼ਹਿਰ ਵਾਸੀਆਂ ਵਲੋਂ ਵੀ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਤਲਵਾੜਾ ਖੇਤਰ ਵਿੱਚ ਬਿਹਤਰ ਸਿਹਤ ਸਹੂਲਤਾਂ ਜਲਦ: ਡੋਗਰਾ

ਤਲਵਾੜਾ, 27 ਸਤੰਬਰ: ਹਲਕਾ ਵਿਧਾਇਕ ਅਤੇ ਇੰਕਾ ਆਗੂ ਅਰੁਣ ਡੋਗਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਲਵਾੜਾ ਖੇਤਰ ਵਿੱਚ ਸਿਹਤ ਸਹੂਲਤਾਂ ਆਉਣ ਵਾਲੇ ਸਮੇਂ ਵਿਚ ਬਿਹਤਰ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਬੀ. ਬੀ. ਐਮ. ਬੀ. ਤਲਵਾੜਾ ਵਿੱਚ ਭਾਵੇਂ 100 ਬਿਸਤਰਿਆਂ ਵਾਲਾ ਕੰਮ ਕਰ ਰਿਹਾ ਹੈ ਪਰੰਤੂ ਇਸ ਵਿਚ ਵਧੇਰੇ ਮਾਹਿਰ ਡਾਕਟਰਾਂ ਅਤੇ ਨਵੇਂ ਸਾਜੋ ਸਾਮਾਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਉਪਰੰਤ ਉਨ੍ਹਾਂ ਯਕੀਨ ਦਿਵਾਇਆ ਕਿ ਛੇਤੀ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ ਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣਗੀਆਂ। ਡੋਗਰਾ ਨੇ ਹੋਰ ਕਿਹਾ ਕਿ ਤਲਵਾੜਾ ਖੇਤਰ ਦੀਆਂ ਖ਼ਸਤਾਹਾਲ ਸੜਕਾਂ ਨੂੰ ਦਰੁਸਤ ਕਰਨ ਲਈ ਸਬੰਧਤ ਵਿਭਾਗ ਨੁੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਮੁਰੰਮਤ ਤੇ ਉਸਾਰੀ ਦਾ ਕੰਮ ਵੀ ਜਲਦੀ ਆਰੰਭ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਪ੍ਰਸ਼ਾਦ ਸ਼ਰਮਾ, ਵਿਕਾਸ ਗੋਗਾ, ਰਾਹੁਲ ਸ਼ਰਮਾ, ਜੋਗਿੰਦਰਪਾਲ, ਪਰਮਿੰਦਰ ਸਿੰਘ ਟੀਨੂੰ ਕੌਂਸਲਰ, ਵਿਜੇ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜਰ ਸਨ।

ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਇਕ ਕਰੋੜ ਰੁਪਏ ਦਾਨ ਵਜੋਂ ਦੇਣ ਵਾਲੇ ਦਾਨੀ ਪਿਆਰੇ ਲਾਲ ਸੈਣੀ ਨੇ ਸ਼ਹਿਰ ਵਾਸੀਆਂ ਨੂੰ ਦਿੱਤਾ ਤੋਹਫ਼ਾ


 •  ਆਪਣੀ ਰਿਹਾਇਸ਼ 'ਤੇ ਖੋਲ੍ਹੀ 'ਸ੍ਰੀ ਪਿਆਰੇ ਲਾਲ ਸੈਣੀ ਚੈਰੀਟੇਬਲ ਰੈਡ ਕਰਾਸ ਹੋਮਿਓਪੈਥਿਕ ਡਿਸਪੈਂਸਰੀ'
ਹੁਸ਼ਿਆਰਪੁਰ, 27 ਸਤੰਬਰ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਨੂੰ ਸਮਾਜ ਭਲਾਈ ਦੇ ਕੰਮਾਂ ਵਾਸਤੇ ਇਕ ਕਰੋੜ ਰੁਪਏ ਦਾਨ ਵਜੋਂ ਦੇਣ ਵਾਲੇ ਜ਼ਿਲ੍ਹੇ ਦੇ ਉਘੇ ਸਮਾਜ ਸੇਵੀ ਅਤੇ ਦਾਨੀ ਸੱਜਣ ਸ੍ਰੀ ਪਿਆਰੇ ਲਾਲ ਸੈਣੀ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ  ਸ਼ਹਿਰ ਵਾਸੀਆਂ ਨੂੰ ਇਕ ਨਵਾਂ ਤੋਹਫ਼ਾ ਦਿੱਤਾ ਹੈ। ਉਨ੍ਹਾਂ ਆਪਣੀ ਰਿਹਾਇਸ਼ ਵਿਖੇ 'ਸ੍ਰੀ ਪਿਆਰੇ ਲਾਲ ਸੈਣੀ ਚੈਰੀਟੇਬਲ ਰੈਡ ਕਰਾਸ ਹੋਮਿਓਪੈਥਿਕ ਡਿਸਪੈਂਸਰੀ' ਦੇ ਨਾਂਅ 'ਤੇ ਇਕ ਡਿਸਪੈਂਸਰੀ ਖੋਲ੍ਹ ਦਿੱਤੀ ਹੈ, ਜੋ ਸ਼ਹਿਰ ਵਾਸੀਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ।

                       ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਅੱਜ ਜਿਥੇ ਹਲਕਾ ਵਿਧਾਇਕ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਪਹੁੰਚੇ, ਉਥੇ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
                       ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੇ ਭਲੇ ਲਈ ਅਜਿਹੇ ਉਪਰਾਲੇ ਕਰਨ ਲਈ ਦਾਨੀ ਸੱਜਣਾਂ ਨੂੰ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਸੂਬਾ ਵਾਸੀਆਂ ਨੂੰ ਸਿਹਤ ਸਹੂਲਤਾਂ ਪੱਖੋਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈ ਸਕੇ। ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਕਿਹਾ ਕਿ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਖੋਲ੍ਹੀ ਹੋਮਿਓਪੈਥਿਕ ਡਿਸਪੈਂਸਰੀ ਨਾਲ ਸ਼ਹਿਰ ਵਾਸੀਆਂ ਨੂੰ ਕਾਫ਼ੀ ਫਾਇਦਾ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸ੍ਰੀ ਸੈਣੀ ਵਲੋਂ ਵੱਡੇ ਪੱਧਰ 'ਤੇ ਸਮਾਜ ਭਲਾਈ ਦੇ ਕੰਮਾਂ ਵਾਸਤੇ ਦਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਵਿੱਚ ਰੈਡ ਕਰਾਸ ਸੁਸਾਇਟੀ ਵਲੋਂ 'ਸਾਂਝੀ ਰਸੋਈ' ਪ੍ਰੋਜੈਕਟ ਤੋਂ ਇਲਾਵਾ ਹੋਰ ਵੀ ਸਮਾਜ ਭਲਾਈ ਦੇ ਕੰਮ ਵਧੀਆ ਤਰੀਕੇ ਨਾਲ ਕੀਤੇ ਜਾ ਰਹੇ ਹਨ।
                       ਭਾਰਤੀ ਰੈਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਾਰਤੀ ਰੈਡ ਕਰਾਸ ਸੁਸਾਇਟੀ ਵਲੋਂ ਵੱਖ-ਵੱਖ ਸਕੀਮਾਂ ਤਹਿਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਉਘੇ ਦਾਨੀ ਸੱਜਣ ਸ੍ਰੀ ਸੈਣੀ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਨੂੰ ਸਮੇਂ-ਸਮੇਂ 'ਤੇ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਸਦਕਾ ਹੀ ਜ਼ਿਲ੍ਹੇ ਦੀ ਰੈਡ ਕਰਾਸ ਸੁਸਾਇਟੀ ਲੋਕ ਭਲਾਈ ਸਕੀਮਾਂ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਕਾਮਯਾਬ ਹੋ ਸਕੀ ਹੈ। ਉਘੇ ਦਾਨੀ ਸੱਜਣ ਸ੍ਰੀ ਪਿਆਰੇ ਲਾਲ ਸੈਣੀ ਨੇ ਕਿਹਾ ਕਿ ਸਮਾਜ ਦੀ ਸੇਵਾ ਕਰਕੇ ਉਨ੍ਹਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਵੀ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰਾਹੀਂ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ, ਸ੍ਰੀ ਰਾਜੀਵ ਬਜਾਜ, ਮੈਡਮ ਵਿਨੋਦ ਓਹਰੀ, ਸ੍ਰੀਮਤੀ ਸੀਮਤੀ ਸੀਮਾ ਬਜਾਜ, ਮਨਜੀਤ ਵਾਲੀਆ, ਡਾ. ਰਮਨ ਘਈ, ਸ੍ਰੀ ਸੰਜੀਵ ਤਲਵਾੜ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਸਕੂਲਾਂ 'ਚ ਪੜ੍ਹਦੀਆਂ ਲੜਕੀਆਂ ਦੀ ਸੁਰੱਖਿਆ ਲਈ ਵਚਨਬੱਧ


 •  ਲੜਕੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ : ਡਿਪਟੀ ਕਮਿਸ਼ਨਰ
 • 'ਬੇਟੀ ਬਚਾਓ-ਬੇਟੀ ਪੜ੍ਹਾਓ' ਸਕੀਮ ਅਧੀਨ ਜ਼ਿਲ੍ਹਾ ਟਾਸਕ ਫੋਰਸ ਦੀ ਕੀਤੀ ਉੱਚ ਪੱਧਰੀ ਮੀਟਿੰਗ
 • ਹਾਈ ਅਤੇ ਸੈਕੰਡਰੀ ਸਕੂਲਾਂ 'ਚ ਲੜਕੀਆਂ ਲਈ 'ਬਾਲਿਕਾ ਮੰਚ' ਦੀ ਹੋਵੇਗੀ ਸਥਾਪਨਾ
ਹੁਸ਼ਿਆਰਪੁਰ, 27 ਸਤੰਬਰ:  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਇਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਅਧੀਨ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਉਚ ਪੱਧਰੀ ਮੀਟਿੰਗ ਵਿਚ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼ ਹਾਜ਼ਰ ਸਨ।

       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਅਤੇ ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਨੂੰ ਬਿਨ੍ਹਾਂ ਕਿਸੇ ਡਰ ਅਤੇ ਝਿੱਜਕ ਦੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਖਿਲਾਫ਼ ਅੱਗੇ ਆਉਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਨਿਰਦੇਸ਼ ਦਿੰਦਿਆਂ ਕਿਹਾ ਕਿ ਪੁਲਿਸ ਵਿਭਾਗ ਸਕੂਲਾਂ ਵਿੱਚ ਸਾਦੇ ਪਹਿਰਾਵੇ ਵਿੱਚ ਆਪਣੇ ਅਧਿਕਾਰੀ ਭੇਜੇ ਅਤੇ ਇਹ ਅਧਿਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਤਾਲਮੇਲ ਕਰਕੇ ਲੜਕੀਆਂ ਅੰਦਰ ਜਾਗਰੂਕਤਾ ਲਿਆਉਣ ਕਿ ਜੇਕਰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਹਰਕਤ ਕਰਦਾ ਹੈ ਜਾਂ ਫੱਬਤੀਆਂ ਕੱਸਦਾ ਹੈ, ਤਾਂ ਉਸ ਬਾਰੇ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਲੜਕੀਆਂ ਅੰਦਰ ਜਾਗਰੂਕਤਾ ਦੀ ਘਾਟ ਕਾਰਨ ਉਹ ਦੱਸ ਨਹੀਂ ਸਕਦੀਆਂ, ਇਸ ਲਈ ਲੜਕੀਆਂ ਨੂੰ ਸਹਿਜ ਮਹਿਸੂਸ ਕਰਵਾਉਣਾ ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਛੇੜਛਾੜ ਵਰਗੀਆਂ ਘਟਨਾਵਾਂ ਖਿਲਾਫ ਸਖਤੀ ਨਾਲ ਨਜਿੱਠਿਆ ਜਾਵੇਗਾ।
       ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਕ 'ਬਾਲਿਕਾ ਮੰਚ' ਦੀ ਸਿਰਜਣਾ ਵੀ ਕੀਤੀ ਜਾ ਰਹੀ ਹੈ ਅਤੇ ਇਸ ਮੰਚ ਵਿਚ ਵਿਦਿਆਰਥਣਾਂ ਨੂੰ ਹੀ ਸ਼ਾਮਿਲ ਕੀਤਾ ਜਾਵੇਗਾ, ਜਦਕਿ ਇਕ ਅਧਿਆਪਕ ਕਨਵੀਨਰ ਹੋਵੇਗਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਮਨੋਬਲ ਨੂੰ ਉਚਾ ਚੁੱਕਣ ਲਈ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਮੰਚ ਸਥਾਪਿਤ ਹੋਣ ਨਾਲ ਜਿੱਥੇ ਲੜਕੀਆਂ ਸਹਿਜ ਮਹਿਸੂਸ ਕਰਨਗੀਆਂ, ਉਥੇ ਉਹ ਕਿਸੇ ਵੀ ਤਰ੍ਹਾਂ ਦੀ ਘਟਨਾ ਬਾਰੇ ਖੁੱਲ੍ਹ ਕੇ ਦੱਸ ਸਕਣਗੀਆਂ। ਉਨ੍ਹਾਂ ਕਿਹਾ ਕਿ ਛੇੜਛਾੜ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਜ਼ਿਲ੍ਹਾ ਪ੍ਰਸ਼ਾਸ਼ਨ ਛੇੜਛਾੜ ਸਬੰਧੀ ਬਣੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਸਖ਼ਤੀ ਨਾਲ ਕਦਮ ਚੁੱਕੇਗਾ, ਤਾਂ ਜੋ ਸਕੂਲਾਂ 'ਚ ਪੜ੍ਹਦੀਆਂ ਲੜਕੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਨਾ ਪਵੇ। ਉਨ੍ਹਾਂ ਪੁਲਿਸ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਲੜਕੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸੋਸ਼ਲ ਮੀਡੀਆ ਜਿਵੇਂ ਵਟਸਅੱਪ ਗਰੁੱਪ ਆਦਿ ਵੀ ਬਣਾਏ ਜਾ ਸਕਦੇ ਹਨ।
       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਡੀ.ਐਸ.ਪੀ. (ਐਚ) ਸ੍ਰੀ ਜੰਗ ਬਹਾਦਰ ਸਿੰਘ ਅਤੇ ਡੀ.ਐਸ.ਪੀ. (ਡੀ) ਸ੍ਰੀ ਗੁਰਜੀਤ ਪਾਲ ਸਿੰਘ ਸਮੇਤ ਸਮੂਹ ਡੀ.ਐਸ.ਪੀਜ਼, ਸਮੂਹ ਐਸ.ਐਚ.ਓਜ਼, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ.ਹਰਪ੍ਰੀਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਜਿੰਦਰ ਰਾਜ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

ਹਲਕਾ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ


 • -ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਹੁਸ਼ਿਆਰਪੁਰ, 27 ਸਤੰਬਰ: ਹਲਕਾ ਵਿਧਾਇਕ ਟਾਂਡਾ ਸ਼੍ਰੀ ਸੰਗਤ ਸਿੰਘ ਗਿਲਜੀਆਂ, ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਹਲਕਾ ਵਿਧਾਇਕ ਮੁਕੇਰੀਆਂ ਸ਼੍ਰੀ ਰਜਨੀਸ਼ ਕੁਮਾਰ ਬੱਬੀ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਅੱਜ ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।

        ਇਸ ਮੌਕੇ ਹਲਕਾ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦਾ ਇਕ-ਇਕ ਦਾਣਾ ਮੰਡੀਆਂ ਵਿਚੋਂ ਚੁੱਕਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਕੀਮਤ 'ਤੇ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਸ਼੍ਰੀ ਗਿਲਜੀਆਂ, ਡਾ. ਰਾਜ ਕੁਮਾਰ ਅਤੇ ਸ਼੍ਰੀ ਬੱਬੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਵਿਸ਼ੇਸ਼ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ, ਕਿਉਂਕਿ ਜ਼ਿਆਦਾ ਨਮੀ ਵਾਲੇ ਝੋਨੇ ਦੀ ਕਟਾਈ ਹੋਣ ਨਾਲ ਖਰੀਦ ਦੌਰਾਨ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
       ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਝੋਨਾ ਸਮੇਂ-ਸਿਰ ਚੁੱਕਿਆ ਜਾਵੇ ਅਤੇ ਕਿਸਾਨਾਂ ਨੂੰ ਬਣਦੀ ਰਕਮ ਸਮੇਂ-ਸਿਰ ਦਿੱਤੀ ਜਾਵੇ।
           ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ, ਇਸ ਲਈ ਐਸ.ਡੀ.ਐਮਜ਼ ਆਪੋ-ਆਪਣੇ ਅਧਿਕਾਰਤ ਖੇਤਰ ਵਿਚ ਆਉਂਦੀਆਂ ਮੰਡੀਆਂ ਦੀ ਨਿਗਰਾਨੀ ਕਰਨਗੇ। ਨਾਲ ਹੀ ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਫ਼ਸਲ ਸੰਭਾਲਣ, ਮੰਡੀ ਦੇ ਰੱਖ-ਰਖਾਵ ਅਤੇ ਸਾਫ਼-ਸਫਾਈ ਲਈ ਸੁਚੱਜੇ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਫਸਟ ਏਡ ਬਾਕਸ, ਬਿਜਲੀ, ਸ਼ੈਡ ਦਾ ਪ੍ਰਬੰਧ, ਪੀਣ ਵਾਲਾ ਪਾਣੀ ਅਤੇ ਸਿਹਤ ਸਹੂਲਤਾਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ, ਇਸ ਲਈ ਐਸ.ਡੀ.ਐਮਜ਼ ਯਕੀਨੀ ਬਣਾਉਣ ਕਿ ਇਸ ਸਮੇਂ ਦੌਰਾਨ ਝੋਨੇ ਦੀ ਕਟਾਈ ਬਿਲਕੁੱਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ਵਿਚ ਖਰੀਦ ਏਜੰਸੀਆਂ ਦੇ ਸੰਪਰਕ ਨੰਬਰਾਂ ਦੀ ਲਿਸਟ ਲੱਗੀ ਹੋਈ ਹੋਣੀ ਬਹੁਤ ਜ਼ਰੂਰੀ ਹੈ, ਤਾਂ ਜੋ ਲੋੜ ਪੈਣ 'ਤੇ ਕਿਸਾਨ ਸਬੰਧਤ ਏਜੰਸੀ ਨਾਲ ਰਾਬਤਾ ਕਾਇਮ ਕਰ ਸਕਣ।
           ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਇਸ ਸਾਲ ਕਰੀਬ ਸਾਢੇ 4 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਆਸ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਨੇ ਵੱਖ ਵੱਖ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ, ਪੰਜਾਬ ਐਗਰੋ ਅਤੇ ਐਫ਼.ਸੀ.ਆਈ ਨੂੰ ਪਹਿਲਾਂ ਹੀ ਉਨ੍ਹਾਂ ਦਾ ਨਿਰਧਾਰਿਤ ਕੋਟਾ ਅਲਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਖਰੀਦ ਲਈ ਇਸ ਵਾਰ 62 ਖਰੀਦ ਕੇਂਦਰ ਬਣਾਏ ਗਏ ਹਨ ਅਤੇ ਇਨ੍ਹਾਂ ਖਰੀਦ ਕੇਂਦਰਾਂ ਵਿਚ ਬਾਰਦਾਨੇ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਝੋਨਾ ਸੁਕਾ ਕੇ ਹੀ ਲਿਆਉਣ ਅਤੇ ਝੋਨੇ ਦੀ ਪਰਾਲੀ ਨੂੰ ਬਿਲਕੁੱਲ ਨਾ ਸਾੜਨ, ਕਿਉਂਕਿ ਇਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।
     ਇਸ ਮੌਕੇ ਏ.ਡੀ.ਸੀ (ਜ) ਸ਼੍ਰੀਮਤੀ ਅਨੁਪਮ ਕਲੇਰ, ਏ.ਡੀ.ਸੀ (ਡੀ) ਸ਼੍ਰੀ ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ਼੍ਰੀ ਹਿੰਮਾਸ਼ੂ ਅਗਰਵਾਲ, ਐਸ.ਡੀ.ਐਮ ਮੁਕੇਰੀਆਂ ਸ਼੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ ਗੜ੍ਹਸ਼ੰਕਰ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਸਾਬਕਾ ਹਲਕਾ ਵਿਧਾਇਕ ਸ਼੍ਰੀ ਲਵ ਕੁਮਾਰ ਗੋਲਡੀ, ਡੀ.ਐਫ.ਐਸ.ਸੀ ਸ਼੍ਰੀਮਤੀ ਰਜਨੀਸ਼ ਕੌਰ, ਜ਼ਿਲ੍ਹਾ ਮਾਲ ਅਫਸਰ ਸ਼੍ਰੀ ਅਮਨਪਾਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਮੋਹਨ ਸਿੰਘ ਤੋਂ ਇਲਾਵਾ ਖਰੀਦ ਏਜੰਸੀਆਂ, ਸ਼ੈਲਰ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ, ਲੇਬਰ/ਟਰਾਂਸਪੋਰਟ ਐਸੋਸੀਏਸ਼ਨ ਆਦਿ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਝੋਨੇ ਦੀ ਪਰਾਲੀ ਨੂੰ ਖੇਤੀ 'ਚ ਹੀ ਦਬਾਉਣ ਲਈ ਵੱਖ-ਵੱਖ ਕਿਸਮ ਦੀ ਮਸ਼ੀਨਰੀ ਸਬਸਿਡੀ 'ਤੇ ਉਪਲਬੱਧ : ਡਿਪਟੀ ਕਮਿਸ਼ਨਰ


 • ਕਿਹਾ, ਕੰਬਾਇਨਾਂ 'ਤੇ ਸੁਪਰ ਐਸ.ਐਮ.ਐਸ. ਲਗਾਉਣ ਲਈ 50 ਹਜ਼ਾਰ ਰੁਪਏ ਦਿੱਤੀ ਜਾ ਰਹੀ ਹੈ ਸਬਸਿਡੀ
 • ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਕਰੀਬ 2000 ਕਿਸਾਨਾਂ ਨੇ ਲਿਆ ਲਾਹਾ
ਹੁਸ਼ਿਆਰਪੁਰ, 26 ਸਤੰਬਰ: ਕਿਸਾਨਾਂ ਨੂੰ ਹਾੜੀ 2017-18 ਦੀਆਂ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀ ਭਵਨ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚੋਂ ਤਕਰੀਬਨ 2 ਹਜ਼ਾਰ ਕਿਸਾਨਾਂ ਵਲੋਂ ਭਾਗ ਲਿਆ ਗਿਆ।

         ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤੀ ਵਿੱਚ ਹੀ ਦਬਾਉਣ ਲਈ ਵੱਖ-ਵੱਖ ਕਿਸਮ ਦੀ ਮਸ਼ੀਨਰੀ ਸਬਸਿਡੀ 'ਤੇ ਉਪਲਬੱਧ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਵਲੋਂ ਕੰਬਾਇਨਾਂ ਦੀ ਵਰਤੋਂ ਕਰਕੇ ਕਟਾਈ ਕੀਤੀ ਜਾਂਦੀ ਹੈ, ਉਨ੍ਹਾਂ ਵਲੋਂ ਸੁਪਰ ਐਸ.ਐਮ.ਐਸ. ਲੱਗੀਆਂ ਕੰਬਾਇਨਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸੁਪਰ ਐਸ.ਐਮ.ਐਸ. ਲਗਾਉਣ ਲਈ 50 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ।
          ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਅਜਿਹੇ ਕਿਸਾਨ ਮੇਲਿਆਂ ਵਿੱਚ ਕਿਸਾਨਾਂ ਦਾ ਆਪਸ ਵਿੱਚ ਤਾਲਮੇਲ ਹੁੰਦਾ ਹੈ ਅਤੇ ਕਈ ਨਵੀਆਂ ਤਕਨੀਕਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਦੌਰਾਨ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨ। ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ ਲਿਆਉਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾ ਕੇ ਆਪਣੀ ਆਰਥਿਕ ਸਥਿਤੀ ਹੋਰ ਮਜ਼ਬੂਤ ਕਰ ਸਕਦੇ ਹਨ। ਉਨ੍ਹਾਂ ਇਸ ਮੌਕੇ ਵੱਖ-ਵੱਖ ਸਟਾਲਾਂ ਦਾ ਦੌਰਾ ਵੀ ਕੀਤਾ।   
                       ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਡਾ. ਜਸਵੀਰ ਸਿੰਘ ਬੈਂਸ ਨੇ ਦੱਸਿਆ ਕਿ ਪਾਣੀ ਦਾ ਡਿੱਗ ਰਿਹਾ ਪੱਧਰ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਸਾਨਾਂ ਨੂੰ ਅਜਿਹੇ ਖੇਤੀ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ, ਜਿਸ ਨਾਲ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਸਿੱਧੀ ਬਿਜਾਈ, ਫ਼ਸਲੀ ਵਿਭਿੰਨਤਾ ਆਦਿ ਅਪਣਾਈ ਜਾ ਸਕਦੀ ਹੈ। ਖੇਤੀਬਾੜੀ ਅਫ਼ਸਰ (ਜਨਰਲ) ਡਾ. ਗੁਰਬਖਸ਼ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਹਿੰਦਰ ਸਿੰਘ ਬੈਂਸ ਅਤੇ ਡਾ. ਗੁਰਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਆਈ ਟੀਮ ਦੇ ਮਾਹਿਰਾਂ ਵਲੋਂ ਖੇਤੀਬਾੜੀ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਕਿਸਾਨ ਮੇਲੇ ਵਿੱਚ ਵੱਖ-ਵੱਖ ਵਿਭਾਗਾਂ, ਸੈਲਫ ਹੈਲਪ ਗਰੁੱਪਾਂ, ਅਦਾਰਿਆਂ ਅਤੇ ਪ੍ਰਾਈਵੇਟ ਕੰਪਨੀਆਂ ਵਲੋਂ ਕਰੀਬ 40 ਸਟਾਲ ਵੀ ਲਗਾਏ ਗਏ।  ਵੱਖ-ਵੱਖ ਤਰ੍ਹਾਂ ਦੀ ਵਰਤੀ ਜਾਂਦੀ ਖੇਤੀ ਮਸ਼ੀਨਰੀ ਨੂੰ ਦੇਖਣ ਲਈ ਕਿਸਾਨਾਂ ਵਲੋਂ ਕਾਫੀ ਉਤਸ਼ਾਹ ਵਿਖਾਇਆ ਗਿਆ। ਕਿਸਾਨ ਮੇਲੇ ਵਿੱਚ ਡਾ. ਸਰਵਿੰਦਰ ਸਿੰਘ, ਡਾ. ਮਨਜੀਤ ਸਿੰਘ, ਡਾ. ਕਿਸ਼ੋਰੀ ਲਾਲ, ਡਾ. ਜਸਵੀਰ ਸਿੰਘ, ਡਾ. ਸੁਰਿੰਦਰ ਸਿੰਘ ਭੌਂ-ਪਰਖ ਅਫ਼ਸਰ ਅਤੇ ਹੋਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

'ਬੇਟੀ ਬਚਾਓ-ਬੇਟੀ ਪੜ੍ਹਾਓ' ਯੋਜਨਾ ਦੇ ਨਾਂ 'ਤੇ ਠੱਗੀ ਮਾਰਨ ਵਾਲਿਆਂ ਤੋਂ ਬਚਣ ਦੀ ਅਪੀਲ

ਲੜਕੀਆਂ ਨੂੰ ਨਗਦ ਜਾਂ ਬੈਂਕ ਖ਼ਾਤਿਆਂ ਵਿੱਚ ਕੋਈ ਪੈਸਾ ਨਹੀਂ ਪਾਇਆ ਜਾਂਦਾ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 26 ਸਤੰਬਰ: ਭਾਰਤ ਸਰਕਾਰ ਵੱਲੋਂ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ 'ਬੇਟੀ ਬਚਾਓ-ਬੇਟੀ ਪੜ੍ਹਾਓ' ਨਾਮ ਹੇਠ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਸਮਾਜ ਵਿੱਚ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋ ਸਕੇ ਅਤੇ ਉਨ੍ਹਾਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਲੜਕੀਆਂ ਨੂੰ ਕੋਈ ਨਗਦ ਰਾਸ਼ੀ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਲੜਕੀਆਂ ਦੇ ਬੈਂਕ ਖਾਤਿਆਂ ਵਿੱਚ ਕੋਈ ਪੈਸਾ ਪਾਇਆ ਜਾਂਦਾ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਕਿ ਕੁਝ ਗੈਰ-ਸਰਕਾਰੀ ਵਿਅਕਤੀਆਂ ਵੱਲੋਂ ਆਮ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਅਧੀਨ ਲੜਕੀਆਂ ਨੂੰ 2 ਲੱਖ ਰੁਪਏ ਨਗਦ ਦਿੱਤੇ ਜਾਣਗੇ। ਅਜਿਹੇ ਵਿਅਕਤੀਆਂ ਵੱਲੋਂ ਆਮ ਲੋਕਾਂ ਤੋਂ ਰਜਿਸਟਰੇਸ਼ਨ ਕਰਵਾਉਣ ਦੇ ਨਾਮ ਹੇਠ ਪੈਸੇ ਵੀ ਠੱਗੇ ਜਾਂਦੇ ਹਨ, ਜੋ ਕਿ ਸਰਾਸਰ ਗੈਰ ਕਾਨੂੰਨੀ ਤੇ ਅਨੈਤਿਕ ਹੈ।
       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਜਿਹੇ ਨਕਲੀ ਫਾਰਮ ਵੇਚਣ ਅਤੇ ਭਰਨ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਗੁੰਮਰਾਹ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਿਹਾ ਜਾਵੇ ਅਤੇ ਕਿਸੇ ਵੀ ਪ੍ਰਕਾਰ ਦੇ ਅਣ-ਅਧਿਕਾਰਤ ਫਾਰਮ ਵਿੱਚ ਆਪਣੀ ਕੋਈ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।

ਦੇਸ਼ ਦੇ ਵਿਕਾਸ ਲਈ ਸਿੱਖਿਆ ਬੇਹੱਦ ਜ਼ਰੂਰੀ : ਸਪੀਕਰ ਰਾਣਾ ਕੇ ਪੀ ਸਿੰਘ


 • ਕਿਹਾ, ਸਿੱਖਿਆ ਕਰਕੇ ਹੀ ਸਾਡੇ ਦੇਸ਼ ਦੀ ਸੰਸਕ੍ਰਿਤੀ ਦਾ ਤਾਣਾ-ਬਾਣਾ ਮਜ਼ਬੂਤ ਹੋਇਆ
 • ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਸਲਾਨਾ ਸਮਾਰੋਹ ਦਾ ਆਯੋਜਨ
ਮੁਕੇਰੀਆਂ, 26 ਸਤੰਬਰ: ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਬਿਨ੍ਹਾਂ ਸਮਾਜ ਵਿੱਚ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ। ਦੇਸ਼ ਦੇ ਵਿਕਾਸ ਲਈ ਸਿੱਖਿਆ ਬੇਹੱਦ ਜ਼ਰੂਰੀ ਹੈ। ਉਹ ਅੱਜ ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਆਯੋਜਿਤ ਸਲਾਨਾ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਸਕੂਲ ਵਿਖੇ ਪਹੁੰਚਣ 'ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਧਾਇਕ ਹਲਕਾ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ ਅਤੇ ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿਤਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

                       ਆਪਣੇ ਸੰਬੋਧਨ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੀ ਨੀਂਹ 1914 ਵਿੱਚ ਉਸ ਵੇਲੇ ਰੱਖੀ ਗਈ ਸੀ, ਜਦੋਂ ਦੇਸ਼ ਆਜ਼ਾਦੀ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੌਰਾਨ ਵਿਦਿਆਰਥੀਆਂ ਲਈ ਸਿੱਖਿਆ ਦੇ ਜ਼ਿਆਦਾ ਮੌਕੇ ਮੌਜੂਦ ਨਹੀਂ ਸਨ। ਉਸ ਸਮੇਂ ਖੋਲ੍ਹੇ ਗਏ ਇਸ ਸਕੂਲ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕਿੰਨੀ ਜਦੋ ਜਹਿਦ ਨਾਲ ਇਹ ਸਕੂਲ ਖੋਲ੍ਹ ਕੇ ਇਸ ਖੇਤਰ ਵਿੱਚ ਸਿੱਖਿਆ ਦਾ ਚਾਨਣ ਫੈਲਾਇਆ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਸਕੂਲ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਬਕਾ ਸਪੀਕਰ ਡਾ. ਕੇਵਲ ਕ੍ਰਿਸ਼ਨ ਵੀ ਇਸ ਸਕੂਲ ਵਿੱਚ ਪੜ੍ਹੇ ਹਨ ਅਤੇ ਉਨ੍ਹਾਂ ਨੇ ਰਾਜਨੀਤਿਕ ਖੇਤਰ ਵਿੱਚ ਅਹਿਮ ਬੁਲੰਦੀਆਂ ਨੂੰ ਛੂਹਿਆ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਕਰਕੇ ਹੀ ਸਾਡੇ ਦੇਸ਼ ਦੀ ਸੰਸਕ੍ਰਿਤੀ ਦਾ ਤਾਣਾ-ਬਾਣਾ ਮਜ਼ਬੂਤ ਹੋਇਆ ਹੈ ਅਤੇ ਅਸੀਂ ਵੈਦਿਕ ਕਾਲ ਤੋਂ ਆਪਣੇ ਰੀਤੀ ਰਿਵਾਜਾਂ ਨੂੰ ਬਾਖੂਬੀ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਆਪਣੀ ਅਹਿਮ ਥਾਂ ਬਣਾਈ ਹੈ, ਜੇਕਰ ਅਸੀਂ ਹੱਥੀਂ ਕੰਮ ਕਰੀਏ , ਤਾਂ ਅਸੀਂ ਆਪਣੇ ਦੇਸ਼ ਦੀ ਉਨਤੀ ਵਿੱਚ ਹੋਰ ਵੀ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਬੱਚਿਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਆਜ਼ਾਦ ਭਾਰਤ ਵਿੱਚ ਜਨਮ ਲਿਆ ਹੈ ਅਤੇ ਹੁਣ ਇਹ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕੜੀ ਮਿਹਨਤ ਕਰਕੇ ਸਿੱਖਿਆ ਹਾਸਲ ਕਰਦੇ ਹੋਏ ਦੇਸ਼ ਦੀ ਉਨਤੀ ਵਿੱਚ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਲੋਕਤੰਤਰ ਦੇਸ਼ ਵਿੱਚ ਨੌਜਵਾਨਾਂ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਵਧੀਆ ਨਾਗਰਿਕ ਬਣਦੇ ਹੋਏ ਸਿੱਖਿਆ ਦੇ ਮੌਕਿਆਂ ਦਾ ਫਾਇਦਾ ਉਠਾਉਣ ਅਤੇ  ਅੱਗੇ ਵੱਧਣ। ਇਸ ਦੌਰਾਨ ਉਨ੍ਹਾਂ ਨੇ ਸਕੂਲ ਮੈਨੇਜਮੈਂਟ ਕਮੇਟੀ ਨੂੰ 5 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ।
           ਇਸ ਦੌਰਾਨ ਵਿਧਾਇਕ ਹਲਕਾ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ ਨੇ ਵੀ ਵਿਦਿਆਰਥੀਆਂ ਨੂੰ ਆਪਣੇ ਟੀਚੇ ਹਾਸਲ ਕਰਨ ਲਈ ਕੜੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਲਾਨਾ ਸਮਾਰੋਹ ਦੌਰਾਨ ਬੱਚਿਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਮਾਨਯੋਗ ਸਪੀਕਰ ਸ੍ਰੀ ਰਾਣਾ ਕੇ ਪੀ ਸਿੰਘ ਅਤੇ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
                       ਇਸ ਮੌਕੇ 'ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਜੈਨ, ਉਪ ਪ੍ਰਧਾਨ ਸ੍ਰੀ ਰਾਜੇਸ਼ ਸਿੰਘ, ਮੈਨੇਜਰ ਡਾ. ਰਾਜੇਸ਼ ਲਖਨਪਾਲ, ਸਕੱਤਰ ਆਰ.ਡੀ ਜੈਨ, ਮੈਂਬਰ ਪੀ ਐਲ ਖੁੱਲਰ, ਪ੍ਰਿੰਸੀਪਲ ਰਣਦੀਪ ਸਿੰਘ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਸਕੂਲ ਦੇ ਵਿਦਿਆਰਥੀ ਮੌਜੂਦ ਸਨ।

ਛੋਟੇ ਖਣਿਜ ਪਦਾਰਥਾਂ ਦੀ ਸਪਲਾਈ ਵਧਾਉਣ ਦੇ ਯਤਨ

ਹੁਸ਼ਿਆਰਪੁਰ, 26 ਸਤੰਬਰ:   ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਛੋਟੇ ਖਣਿਜ ਪਦਾਰਥਾਂ ਦੀ ਸਪਲਾਈ ਵਧਾਉਣ ਲਈ ਅਤੇ ਨਵੀਆਂ ਖਾਣਾਂ ਦੀ ਪਹਿਚਾਣ ਕਰਨ ਉਪਰੰਤ ਵੱਧ ਤੋਂ ਵੱਧ ਨਵੀਆਂ ਖਾਣਾਂ ਨੂੰ ਸਰਕਾਰ ਦੁਆਰਾ ਨਿਲਾਮ ਕੀਤੇ ਜਾਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਦੇ ਨਿਯਮ 6 ਦੇ ਤਹਿਤ ਰੇਤ, ਗਰੈਵਲ ਦੀਆਂ ਖਾਣਾਂ ਦੀ ਸੈਲਫ ਇਡੈਂਟੀਫਿਕੇਸ਼ਨ ਕੀਤੇ ਜਾਣ ਦਾ ਉਪਬੰਧ ਹੈ। ਉਨ੍ਹਾਂ ਦੱਸਿਆ ਕਿ ਇਛੁੱਕ ਜ਼ਮੀਨ ਮਾਲਕਾਂ, ਜਿਨ੍ਹਾਂ ਦੀ ਜ਼ਮੀਨ ਵਿੱਚ ਉਕਤ ਖਣਿਜ ਪਦਾਰਥ ਰੇਤਾ, ਗਰੈਵਲ ਉਪਲਬੱਧ ਹਨ, ਉਹ ਇਸ ਸਬੰਧ ਵਿੱਚ ਆਪਣਾ ਬਿਨੈ ਪੱਤਰ ਸਮੇਤ ਦਸਤਾਵੇਜ਼ (ਫਰਦ, ਅਕਸ ਸਿਜਰਾ, ਪਹਿਚਾਣ ਸਬੂਤ) ਜ਼ਿਲ੍ਹੇ ਦੇ ਸਬ-ਡਵੀਜ਼ਨਲ ਮੈਜਿਸਟਰੇਟ-ਕਮ-ਸਬ-ਡਵੀਜ਼ਨ ਮਾਈਨਿੰਗ ਅਫ਼ਸਰ ਜਾਂ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ, ਜ਼ਿਲ੍ਹਾ ਉਦਯੋਗ ਕੇਂਦਰ ਹੁਸ਼ਿਆਰਪੁਰ ਦੇ ਦਫ਼ਤਰ ਜਮ੍ਹਾਂ ਕਰਵਾ ਸਕਦੇ ਹਨ।

ਸੂਬਾ ਪੱਧਰੀ ਮੁਕਾਬਲਿਆਂ 'ਚ ਰੇਲਵੇ ਮੰਡੀ ਸਕੂਲ ਨੇ ਜਿੱਤੀ ਓਵਰ ਆਲ ਟਰਾਫ਼ੀ


 • -ਡਿਪਟੀ ਕਮਿਸ਼ਨਰ ਨੇ ਸਕੂਲ ਨੂੰ ਸ਼ੁੱਭ ਇਛਾਵਾਂ ਦਿੰਦਿਆਂ ਪ੍ਰਿੰਸੀਪਲ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ, 25 ਸਤੰਬਰ:  ਸੂਬਾ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਨੇ ਓਵਰ ਆਲ ਟਰਾਫ਼ੀ 'ਤੇ ਕਬਜ਼ਾ ਕਰਕੇ ਜਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਸੂਬਾ ਪੱਧਰੀ ਮੁਕਾਬਲੇ ਇੰਡੀਅਨ ਰੈਡ ਕਰਾਸ ਸੁਸਾਇਟੀ ਪੰਜਾਬ ਸਟੇਟ ਬਰਾਂਚ ਚੰਡੀਗੜ੍ਹ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਸਨ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਓਵਰ ਆਲ ਟਰਾਫ਼ੀ ਜਿੱਤਣ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਨੂੰ ਸ਼ੁੱਭ ਇਛਾਵਾਂ ਦਿੰਦਿਆਂ ਪ੍ਰਿੰਸੀਪਲ ਲਲਿਤਾ ਰਾਣੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

                       ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਓਵਰ ਆਲ ਟਰਾਫ਼ੀ ਜਿੱਤਣ 'ਤੇ ਸਮੂਹ ਸਕੂਲ ਦੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਫ਼ਲਤਾ ਦੀ ਨੀਂਹ ਸਖਤ ਮਿਹਨਤ ਦੇ ਆਧਾਰ 'ਤੇ ਹੀ ਰੱਖੀ ਜਾ ਸਕਦੀ ਹੈ। ਮਿਹਨਤ ਨਾਲ ਹੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੇ ਗਰੁੱਪ ਸੌਂਗ, ਸੋਲੋ ਸੌਂਗ, ਸਲੋਗਨ, ਪੋਸਟਰ ਮੇਕਿੰਗ, ਫ਼ਸਟ ਏਡ ਡੈਮੋ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਰਾਜ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਖਤ ਮਿਹਨਤ ਕਰਕੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਹੋਰ ਵੀ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
                       ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਲਲਿਤਾ ਰਾਣੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦੀਆਂ 60 ਵਿਦਿਆਰਥਣਾਂ ਨੇ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਰੁੱਪ ਸੌਂਗ ਪ੍ਰਤੀਯੋਗਤਾ ਵਿੱਚ ਅਮਨਦੀਪ ਕੌਰ, ਅਰਸ਼ਦੀਪ ਕੌਰ, ਪ੍ਰਿਆ, ਮੱਧੂ, ਸਿਮਰਨ, ਪੂਜਾ, ਮਨਪ੍ਰੀਤ ਕੌਰ ਅਤੇ ਸੁਰਜੀਤ ਕੌਰ ਨੇ ਪਹਿਲਾ ਸਥਾਨ, ਸੋਲੋ ਸੌਂਗ ਵਿੱਚ ਪ੍ਰਿਆ, ਕੁਇਜ਼ ਪ੍ਰਤੀਯੋਗਤਾ ਵਿੱਚ ਪ੍ਰਿਆ ਠਾਕੁਰ, ਸਲੋਗਨ ਵਿੱਚ ਗੀਤਾ ਦੇਵੀ, ਪੋਸਟਰ ਮੇਕਿੰਗ 'ਚ ਕੁਮਾਰੀ ਜੋਤੀ, ਫਸਟ ਏਡ ਡੈਮੋ 'ਚ ਰਾਜਵੀਰ, ਪਲਕ, ਰੋਜ਼ਿਕਾ, ਰਵਪ੍ਰੀਤ ਅਤੇ ਪ੍ਰਿਆ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਭਾਸ਼ਨ ਮੁਕਾਬਲੇ 'ਚ ਅਮਨਦੀਪ ਕੌਰ ਅਤੇ ਕਵਿਤਾ ਮੁਕਾਬਲਿਆਂ 'ਚ ਅਵਨੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
                       ਇਸ ਮੌਕੇ 'ਤੇ ਸਹਾਇਕ ਕਮਿਸ਼ਨਰ ਸ੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਸਲਵਿੰਦਰ ਸਿੰਘ ਸਮਰਾ, ਰੈਡ ਕਰਾਸ ਇੰਚਾਰਜ ਮੀਨਾ ਕੁਮਾਰੀ, ਰਜਨੀ ਬਾਲਾ ਅਤੇ ਰਵਿੰਦਰ ਕੁਮਾਰ ਵੀ ਮੌਜੂਦ ਸਨ।

ਹੁਣ ਪਿੰਡ ਖੁਰਾਲੀ ਦਾ ਨਾਂਅ ਹੋਵੇਗਾ 'ਸ੍ਰੀ ਖੁਰਾਲਗੜ੍ਹ ਸਾਹਿਬ'

ਹੁਸ਼ਿਆਰਪੁਰ, 25 ਸਤੰਬਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਖੁਰਾਲੀ ਦਾ ਨਾਂਅ ਹੁਣ 'ਸ੍ਰੀ ਖੁਰਾਲਗੜ੍ਹ ਸਾਹਿਬ' ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਖੁਰਾਲੀ ਦਾ ਨਾਂ ਬਦਲ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ, ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਭੌਂ ਮਾਲੀਆ ਸ਼ਾਖਾ) ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਮਨਾਇਆ ਸਮਗਰ ਸਵੱਛਤਾ ਦਿਵਸ


 • -ਕਸਬਿਆਂ, ਸ਼ਹਿਰਾਂ, ਪਿੰਡਾਂ ਅਤੇ ਸਬ-ਡਵੀਜ਼ਨ ਪੱਧਰ 'ਤੇ ਚਲਾਈ ਗਈ ਵਿਸ਼ੇਸ਼ ਸਫ਼ਾਈ ਮੁਹਿੰਮ   
ਹੁਸ਼ਿਆਰਪੁਰ, 24 ਸਤੰਬਰ: 'ਸਵੱਛ ਭਾਰਤ ਮਿਸ਼ਨ' ਅਧੀਨ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਸਬ-ਡਵੀਜ਼ਨ ਪੱਧਰ 'ਤੇ 'ਸਮਗਰ ਸਵੱਛਤਾ ਦਿਵਸ' ਮਨਾ ਕੇ ਸਫ਼ਾਈ ਅਭਿਆਨ ਚਲਾਇਆ ਗਿਆ। ਇਸੇ ਕੜੀ ਅਧੀਨ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਦੀ
ਅਗਵਾਈ ਵਿੱਚ ਵੱਖ-ਵੱਖ ਥਾਵਾਂ 'ਤੇ ਸਫ਼ਾਈ ਮੁਹਿੰਮ ਚਲਾਈ ਗਈ। ਆਪਣੇ ਸੰਬੋਧਨ ਵਿੱਚ ਜਿਤੇਂਦਰ ਜੋਰਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸਫ਼ਾਈ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਜੇਕਰ ਸਾਡਾ ਆਲਾ-ਦੁਆਲਾ ਸਾਫ਼ ਸੁਥਰਾ ਹੋਵੇਗਾ, ਤਾਂ ਅਸੀਂ ਗੰਭੀਰ ਬੀਮਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ ਵਲੋਂ ਵੀ ਪਿੰਡ ਬਹਾਦਰਪੁਰ ਬਾਹੀਆਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮੂਹ ਪਿੰਡ ਵਿੱਚ ਸਫ਼ਾਈ ਮੁਹਿੰਮ ਚਲਾ ਕੇ ਗਲੀਆਂ ਦੀ ਸਫ਼ਾਈ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਵਲੋਂ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਆਪਣੇ-ਆਪਣੇ ਦਫ਼ਤਰਾਂ ਦੀ ਸਫ਼ਾਈ ਕੀਤੀ ਗਈ। ਰਾਮ ਕਲੋਨੀ ਕੈਂਪ ਵਿਖੇ ਚਿਲਡਰਨ ਹੋਮ, ਹੋਮ ਫਾਰ ਏਜ਼ਡ, ਸਪੈਸ਼ਲ ਹੋਮ ਅਤੇ ਅਬਜ਼ਰਵੇਸ਼ਨ ਹੋਮ ਵਿਖੇ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ, ਐਸ.ਡੀ.ਓ. ਨਵਨੀਤ ਕੁਮਾਰ ਜਿੰਦਲ, ਸੁਪਰਡੰਟ ਸ੍ਰੀ ਨਰੇਸ਼ ਕੁਮਾਰ, ਸ੍ਰੀ ਰਾਜਨ ਸ਼ਰਮਾ, ਸ੍ਰੀ ਸਰਬਜੀਤ ਸਿੰਘ, ਸ੍ਰੀ ਦੀਪਕ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
                  ਸਬ-ਡਵੀਜ਼ਨ ਦਸੂਹਾ ਵਿਖੇ ਵੀ ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ ਦੀ
ਅਗਵਾਈ ਹੇਠ ਬਲੱਗਣ ਚੌਕ, ਐਸ ਡੀ ਐਮ ਦਫ਼ਤਰ ਅਤੇ ਬਸ ਸਟੈਂਡ ਨਜ਼ਦੀਕ ਦੇ ਖੇਤਰਾਂ ਵਿੱਚ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਸਫ਼ਾਈ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਅਧੀਨ ਭਾਰਤ ਵਿੱਚ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਅਸਲ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਸਫ਼ਾਈ ਵਿਵਸਥਾ ਨਾਲ ਜੋੜਨਾ ਹੈ। ਇਸ ਮੁਹਿੰਮ ਨੂੰ ਆਪਣੇ ਜੀਵਨ ਵਿੱਚ ਅਪਨਾ ਕੇ ਸਾਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਸਫ਼ਾਈ ਵਿਵਸਥਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
                  ਉਧਰ ਸਬ-ਡਵੀਜ਼ਨ ਮੁਕੇਰੀਆਂ ਵਿਖੇ ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿਤਲ ਦੀ ਅਗਵਾਈ ਹੇਠ ਵੀ ਮੁਕੇਰੀਆਂ ਵਿਖੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਉਨ੍ਹਾਂ ਨੇ ਖੁਦ ਸਫ਼ਾਈ ਕਰਦੇ ਹੋਏ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਬੇਝਿਜਕ ਹੋ ਕੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਕਰਨੀ ਚਾਹੀਦੀ ਹੈ ਅਤੇ ਨਿੱਜੀ ਜੀਵਨ ਵਿੱਚ ਵੀ ਸਫ਼ਾਈ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਦੌਰਾਨ ਐਸ.ਡੀ.ਐਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ ਨੇ ਸਬਡਵੀਜ਼ਨ ਗੜ੍ਹਸ਼ੰਕਰ ਵਿਖੇ ਵੀ ਵਿਸ਼ੇਸ਼ ਸਫ਼ਾਈ ਅਭਿਆਨ ਚਲਾ ਕੇ ਪਿੰਡਾਂ ਅਤੇ ਕਸਬਿਜਆਂ ਦੀ ਸਫ਼ਾਈ ਕਰਵਾਈ।

ਗੈਰ ਕਾਨੂੰਨੀ ਨਿਕਾਸੀ ਰੋਕਣ ਲਈ ਦਿੱਤੀ ਜਾ ਸਕਦੀ ਹੈ ਆਨ ਲਾਈਨ ਪੋਰਟਲ 'ਤੇ ਜਾਣਕਾਰੀ

ਹੁਸ਼ਿਆਰਪੁਰ, 23 ਸਤੰਬਰ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜਿਲ੍ਹੇ ਵਿੱਚ ਮਾਈਨਰ ਮਿਨਰਲ ਦੀ ਗੈਰ ਕਾਨੂੰਨੀ ਨਿਕਾਸੀ ਰੋਕਣ ਲਈ ਆਨ ਲਾਈਨ ਪੋਰਟਲ 'ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਨ ਲਾਈਨ ਪੋਰਟਲ ਬਣਾਇਆ ਗਿਆ ਹੈ, ਜਿਸ 'ਤੇ ਨਜਾਇਜ਼ ਮਾਈਨਿੰਗ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਜਿਲ੍ਹੇ ਵਿੱਚ ਕੋਈ ਮਾਈਨਰ ਮਿਨਰਲ ਦੀ ਗੈਰ ਕਾਨੂੰਨੀ ਨਿਕਾਸੀ ਹੁੰਦੀ ਹੈ, ਤਾਂ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਵੈਬਸਾਈਟ PB-Pgrams Portal 'ਤੇ ਪਾਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੂੰ ਨੋਡਲ ਅਫ਼ਸਰ (ਮਾਈਨਿੰਗ) ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ 01882-220302 ਹੈਲਪ ਲਾਈਨ ਨੰਬਰ, ਮੋਬਾਇਲ ਨੰ: 98729-97863 ਅਤੇ ਈਮੇਲ ਆਈ.ਡੀ. adcghoshiarpur@gmail.com 'ਤੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ


 • -ਡਿਪਟੀ ਕਮਿਸ਼ਨਰ ਨੂੰ ਹੱਕਦਾਰ ਲੋਕਾਂ ਤੱਕ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਯਕੀਨੀ ਬਣਾਉਣ ਲਈ ਆਖਿਆ
ਮੁਕੇਰੀਆਂ, 22 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਵਿਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਾਰੀਆਂ ਸਰਕਾਰੀ ਸਮਾਜਿਕ ਭਲਾਈ ਸਕੀਮਾਂ ਦਾ ਲਾਭ ਅਸਲੀ ਹੱਕਦਾਰਾਂ ਤੱਕ ਪਹੁੰਚਾਏ ਜਾਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਆਟਾ-ਦਾਲ ਸਕੀਮ, ਸ਼ਗਨ ਸਕੀਮ, ਮਨਰੇਗਾ, ਸਿਹਤ ਅਤੇ ਸਿੱਖਿਆ ਤੋਂ ਇਲਾਵਾ ਜ਼ਿਲ੍ਹੇ ਵਿਚ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਭੁਗਤਾਨ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਗਰੀਬ ਪੱਖੀ ਪਹਿਲਕਦਮੀਆਂ ਨੂੰ ਢੁੱਕਵੇਂ ਢੰਗ ਨਾਲ ਲਾਗੂ ਕਰਨ ਵਾਸਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਆਖਿਆ ਹੈ।
ਇਨ੍ਹਾਂ ਭਲਾਈ ਸਕੀਮਾਂ ਦੀ ਪ੍ਰਗਤੀ ਦੇ ਜਾਇਜ਼ੇ ਸਬੰਧੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਜਾਅਲੀ ਲਾਭਪਾਤਰੀਆਂ ਨੂੰ ਸੂਚੀਆਂ ਵਿਚੋਂ ਬਾਹਰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੜ ਪੜਤਾਲ ਦੌਰਾਨ ਕਿਸੇ ਵੀ ਜਾਇਜ਼ ਅਤੇ ਹੱਕਦਾਰ ਲਾਭਪਾਤਰੀ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਸਮੁੱਚੀ ਪ੍ਰਕ੍ਰਿਆ ਦਾ ਬੁਨਿਆਦੀ ਉਦੇਸ਼ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਅਤੇ ਵਿਕਾਸ ਦਾ ਲਾਭ ਹੇਠਲੇ ਪੱਧਰ ਉੱਤੇ ਲੋਕਾਂ ਨੂੰ ਮੁਹੱਈਆ ਕਰਵਾਉਣਾ ਹੈ।
ਝੋਨੇ ਦੀ ਖਰੀਦ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਖਰੀਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਨਿਯਮਤ ਤੌਰ 'ਤੇ ਖਰੀਦ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਆਖਿਆ। ਉਨ੍ਹਾਂ ਨੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਤਾਂ ਜੋ ਸਮੁੱਚੀ ਪ੍ਰਕ੍ਰਿਆ ਨੂੰ ਬਿਨਾਂ ਕਿਸੇ ਅੜਚਣ ਤੋਂ ਨੇਪਰੇ ਚਾੜ੍ਹਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਹਰ ਕੀਮਤ ਉੱਤੇ ਝੋਨੇ ਦਾ ਇੱਕ ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਨਸ਼ੇ ਵਿਚ ਲਿਪਤ ਹੋਏ ਲੋਕਾਂ ਦਾ ਨਸ਼ਾ ਛਡਾਉਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਨ੍ਹਾਂ ਵਿਅਕਤੀਆਂ ਨੂੰ ਸਰਕਾਰ ਵੱਲੋਂ ਨਸ਼ਾ ਛਡਾ ਕੇ ਮੁੱਖ ਧਾਰਾ ਵਿਚ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਵਿਚ ਫਸੇ ਇਨ੍ਹਾਂ ਵਿਅਕਤੀਆਂ ਨਾਲ ਬਹੁਤ ਜ਼ਿਆਦਾ ਧਿਆਨ ਅਤੇ ਪਿਆਰ ਨਾਲ ਨਿਪਟਿਆ ਜਾਵੇ ਤਾਂ ਜੋ ਉਹ ਮਾਣ-ਸਨਮਾਣ ਵਾਲੀ ਆਮ ਜ਼ਿੰਦਗੀ ਜਿਉ ਸਕਣ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਮਨਰੇਗਾ ਦੇ ਹੇਠ ਯੋਗ ਲਾਭਪਾਤਰੀਆਂ ਨੂੰ ਜੌਬ ਕਾਰਡ ਜਾਰੀ ਕਰਨ ਲਈ ਤਿੱਖੀ ਮੁਹਿੰਮ ਸ਼ੁਰੂ ਕਰਨ ਲਈ ਵੀ ਆਖਿਆ ਤਾਂ ਜੋ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਯੋਗ ਹੋ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਮੁਕੇਰੀਆਂ ਦੇ ਚੱਤਰਪੁਰ ਪਿੰਡ ਦੇ ਸਰਪੰਚ ਮਨਦੀਪ ਸਿੰਘ ਦੇ ਵਿਲੱਖਣ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਪਿੰਡ ਵਿਚ ਮਨਰੇਗਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਹੈ।
ਵਿਚਾਰ ਚਰਚਾ ਨੂੰ ਸਮੇਟਦੇ ਹੋਏ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਵਿਕਾਸ ਲਈ ਵੱਖ ਵੱਖ ਕੇਂਦਰੀ ਸਪਾਂਸਰ ਸਕੀਮਾਂ ਨੂੰ ਸਫ਼ਲਤਾਪੂਰਨ ਢੰਗ ਨਾਲ ਲਾਗੂ ਕਰਨ ਦੇ ਵਾਸਤੇ ਅਧਿਕਾਰੀਆਂ ਨੂੰ ਜ਼ਿਲ੍ਹਾ ਹੈਡਕੁਆਟਰਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਨੇੜੇ ਦਾ ਤਾਲਮੇਲ ਬਣਾ ਕੇ ਰੱਖਣ ਲਈ ਆਖਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹੇ ਵਿੱਚ ਸਫ਼ਲਤਾਪੂਰਵਕ ਚੱਲ ਰਹੀ 'ਸਾਂਝੀ ਰਸੋਈ' ਬਾਰੇ ਵੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪ੍ਰਾਇਮਰੀ ਸਕੂਲਾਂ ਵਿੱਚ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਵਾਈਟ ਵਾਸ਼ ਬਾਰੇ ਵੀ ਦੱਸਿਆ।
ਇਸ ਮੌਕੇ ਟਾਂਡਾ ਦੇ ਵਿਧਾਇਕ ਸ੍ਰੀ ਸੰਗਤ ਸਿੰਘ ਗਿਲਜੀਆਂ, ਮੁਕੇਰੀਆਂ ਦੇ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ, ਇੰਸਪੈਕਟਰ ਜਨਰਲ ਪੁਲਿਸ ਸ੍ਰੀ ਅਰਪਿਤ ਸ਼ੁਕਲਾ, ਐਸ.ਐਸ.ਪੀ ਸ੍ਰੀ ਜੇ. ਏਲਾਨਚੇਜ਼ੀਆਂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿਤਲ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।

ਈ-ਸਟੈਂਪ ਪੇਪਰ ਅੱਜ ਤੋਂ ਸੇਵਾ ਕੇਂਦਰ 'ਚ ਮਿਲਣਗੇ


 • ਜ਼ਿਲ੍ਹਾ ਪੱਧਰੀ ਸੇਵਾ ਕੇਂਦਰ 'ਚੋਂ ਈ-ਸਟੈਂਪ ਪੇਪਰ ਮਿਲਣ ਨਾਲ ਜਨਤਾ ਨੂੰ ਹੋਵੇਗੀ ਸੌਖ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 18 ਸਤੰਬਰ:ਪੰਜਾਬ ਸਰਕਾਰ ਵਲੋਂ 19 ਸਤੰਬਰ ਤੋਂ ਹੁਸ਼ਿਆਰਪੁਰ ਦੇ ਟਾਈਪ-1 ਸੇਵਾ ਕੇਂਦਰ ਵਿਚ ਈ-ਸਟੈਂਪ ਪੇਪਰ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਜ਼ਿਲ੍ਹਾ ਵਾਸੀਆਂ ਨੂੰ ਕਾਫੀ ਫਾਇਦਾ ਪਹੁੰਚੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਵਾ ਕੇਂਦਰ ਵਿਚੋਂ ਈ-ਸਟੈਂਪ ਪੇਪਰ ਮਿਲਣ ਦੀ ਸ਼ੁਰੂਆਤ ਹੋਣ ਨਾਲ ਜਨਤਾ ਦੀਆਂ ਸਹੂਲਤਾਂ ਵਿਚ ਵਾਧਾ ਹੋਵੇਗਾ, ਕਿਉਂਕਿ ਹੁਣ ਬੈਂਕਾਂ ਦੇ ਨਾਲ-ਨਾਲ ਸੇਵਾ ਕੇਂਦਰ ਰਾਹੀਂ ਵੀ ਈ-ਸਟੈਂਪ ਪੇਪਰ ਲਏ ਜਾ ਸਕਣਗੇ।
        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੁਵਿਧਾ ਸਦਕਾ ਜਨਤਾ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੋਵੇਗੀ ਅਤੇ ਕੰਮ ਵੀ ਬਿਨ੍ਹਾਂ ਦੇਰੀ ਤੋਂ ਹੋ ਸਕਣਗੇ। ਉਨ੍ਹਾਂ ਦੱਸਿਆ ਕਿ 20 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਰਾਸ਼ੀ ਦੀ ਫੀਸ ਲਈ ਈ-ਸਟੈਂਪ ਪੇਪਰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਸਤੰਬਰ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ਵਿੱਚ  ਹੁਣ ਈ-ਸਟੈਂਪ ਪੇਪਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਈ‑ਸਟੈਂਪ ਪੇਪਰ ਦੀ ਖਰੀਦ ਲਈ ਨਗਦੀ ਤੋਂ ਇਲਾਵਾ ਆਨ ਲਾਈਨ ਤਰੀਕਿਆਂ ਨਾਲ ਆਪਣੇ ਕਰੈਡਿਟ, ਡੈਬਿਟ ਕਾਰਡ ਤੋਂ ਵੀ ਅਦਾਇਗੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਦੇਣ ਵਿੱਚ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ।
           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਪ੍ਰਸ਼ਾਸ਼ਕੀ ਸੁਧਾਰਾਂ ਸਬੰਧੀ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਸ਼ਾਸ਼ਕੀ ਸੁਧਾਰਾਂ ਤਹਿਤ ਸਰਕਾਰ ਵਲੋਂ ਸੇਵਾ ਕੇਂਦਰਾਂ ਰਾਹੀਂ ਗਮਾਡਾ ਨਾਲ ਸਬੰਧਤ ਸੇਵਾਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਨਾਲ ਸਬੰਧਤ 5 ਸੇਵਾਵਾਂ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਦੇ 143 ਸੇਵਾ ਕੇਂਦਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
       ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿੱਚ ਰਿਹਾਇਸ਼ੀ ਇਮਾਰਤੀ ਨਕਸ਼ੇ/ਸੋਧੇ ਇਮਾਰਤੀ ਨਕਸ਼ੇ ਦੀ ਪ੍ਰਵਾਨਗੀ, ਵਪਾਰਕ ਇਮਾਰਤੀ ਨਕਸ਼ੇ/ਸੋਧੇ ਨਕਸ਼ੇ ਦੀ ਪ੍ਰਵਾਨਗੀ, ਇਮਾਰਤ ਲਈ ਮੁਕੰਮਲਤਾ ਸਰਟੀਫ਼ਿਕੇਟ/ਕਬਜ਼ਾ ਸਰਟੀਫ਼ਿਕੇਟ, ਇਤਰਾਜ਼ਹੀਣਤਾ ਸਰਟੀਫ਼ੀਕੇਟ/ਡੁਪਲੀਕੇਟ ਅਲਾਟਮੈਂਟ/ਰੀ-ਅਲਾਟਮੈਂਟ ਪੱਤਰ, ਜਲ ਸਪਲਾਈ ਤੇ ਸੀਵਰੇਜ ਕੁਨੈਕਸ਼ਨ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਟਾਈਪ-1 ਦੇ ਸੇਵਾ ਕੇਂਦਰ ਸਮੇਤ ਜ਼ਿਲ੍ਹੇ ਵਿੱਚ 143 ਸੇਵਾ ਕੇਂਦਰ ਹਨ, ਜਿਨ੍ਹਾਂ ਵਿਚੋਂ 125 ਸੇਵਾ ਕੇਂਦਰ ਟਾਈਪ-3 ਅਤੇ ਟਾਈਪ-2 ਦੇ 17 ਸੇਵਾ ਕੇਂਦਰ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਇਕ ਅਹਿਮ ਫੈਸਲਾ ਵੀ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਸ਼ਹਿਰੀ ਇਲਾਕਿਆਂ ਵਿੱਚ ਪ੍ਰਾਪਰਟੀ ਦੀ ਰਜਿਸਟਰੇਸ਼ਨ ਤੋਂ ਸਟੈਂਪ ਡਿਊਟੀ 9 ਪ੍ਰਤੀਸ਼ਤ ਤੋਂ ਘਟਾ ਕੇ 6 ਪ੍ਰਤੀਸ਼ਤ ਕੀਤੀ ਗਈ ਹੈ।

ਸੰਸਦ ਆਦਰਸ਼ ਗਰਾਮ ਯੋਜਨਾ ਕੋਈ ਵਿਕਸਿਤ ਗਰਾਮ ਯੋਜਨਾ ਨਹੀਂ: ਸਾਂਪਲਾ


 • ਵਿਕਾਸ ਲਈ ਲੋਕਾਂ ਨੂੰ ਖ਼ੁਦ ਪਹਿਲ ਕਰਨ ਦੀ ਲੋੜ ਤੇ ਦਿੱਤਾ ਜੋਰ

ਤਲਵਾੜਾ, 20 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2014 ਵਿੱਚ ਜਾਰੀ ਬਹੁ-ਚਰਚਿਤ ਸੰਸਦ ਆਦਰਸ਼ ਗਰਾਮ ਯੋਜਨਾ ਸਬੰਧੀ ਭਰਮ-ਭੁਲੇਖੇ ਦੂਰ ਕਰਦਿਆਂ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਕੇਂਦਰੀ ਮੰਤਰੀ ਵਿਜੇ ਸਾਂਪਲਾ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਵਿਚ ਇਸ ਯੋਜਨਾ ਨੂੰ ਵਿਕਸਿਤ ਗਰਾਮ ਯੋਜਨਾ ਦੀ ਤਰਾਂ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਅਸਲ ਵਿੱਚ ਯੋਜਨਾ ਤਹਿਤ ਲੋਕਾਂ ਨੂੰ ਪਿੰਡ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਤੇ ਟੇਕ ਰੱਖਣ ਦੀ ਥਾਂ ਆਪ ਪਹਿਲਕਦਮੀ ਕਰਨ ਦੀ ਲੋੜ ਹੈ। ਜਿਕਰਯੋਗ ਹੈ ਕਿ ਇਸ ਯੋਜਨਾ ਤਹਿਤ ਦੇਸ਼ ਦੇ ਹਰੇਕ ਮੈਂਬਰ ਪਾਰਲੀਮੈਂਟ ਵੱਲੋਂ ਆਪਣੇ ਹਲਕੇ ਵਿਚ ਇੱਕ ਪਿੰਡ 'ਗੋਦ' ਲੈਣਾ ਸੀ ਅਤੇ ਵਿਜੈ ਸਾਂਪਲਾ ਵੱਲੋਂ ਤਹਿਸੀਲ ਮੁਕੇਰੀਆਂ ਤਹਿਤ ਆਉਂਦਾ ਪਿੰਡ ਬੁੱਡਾਬੜ ਨੂੰ ਗੋਦ ਲਿਆ ਗਿਆ ਸੀ। ਹਾਲਾਕਿ ਇਸ ਵੇਲੇ ਆਮ ਲੋਕਾਂ ਨੂੰ ਨਾਜ਼ਾਇਜ ਮਾਇੰਨਿਗ, ਖ਼ਰਾਬ ਸੜਕਾਂ ਅਤੇ ਬੇਹੱਦ ਖ਼ਸਤਾ ਹਾਲ ਆਧਾਰਭੂਤ ਸੰਰਚਨਾਵਾਂ ਕਾਰਨ ਬੁੱਢਾਬੜ ਅਤੇ ਆਸ ਪਾਸ ਦੇ ਖੇਤਰ ਲੋਕਾਂ ਲਈ ਬੇਹੱਦ ਦੁਸ਼ਵਾਰ ਹਾਲਾਤਾਂ ਦੀ ਤਸਵੀਰ ਪੇਸ਼ ਕਰ ਰਿਹਾ ਜਾਪਦਾ ਹੈ। ਇਸ ਤੇ ਸਾਂਪਲਾ ਨੇ ਦੱਸਿਆ ਕਿ ਬੁੱਢਾਬੜ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ 2.5 ਕਰੋੜ ਰੁਪਏ ਦੀਆਂ ਯੋਜਨਾਵਾਂ ਤੋਂ ਇਲਾਵਾ 4 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦਾ ਗਰਿੱਡ ਤੇ ਕਰੀਬ 7 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਨਹਿਰ ਕਿਨਾਰੇ ਸੜਕ ਨਿਰਮਾਣ ਲਈ ਪਿੰਡ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਿਤੇ ਵੀ 'ਵਿਕਸਿਤ' ਗਰਾਮ ਨਹੀਂ ਬਲਕਿ ਆਦਰਸ਼ ਗਰਾਮ ਦਾ ਸੰਕਲਪ ਧਾਰਨ ਕੀਤਾ ਗਿਆ ਸੀ ਜਿਸ ਤਹਿਤ ਚੁਣੇ ਗਏ ਪਿੰਡ ਨੇ ਸਰਕਾਰੀ ਗਰਾਂਟਾਂ ਤੇ ਨਿਰਭਰ ਨਾਲ ਰਹਿ ਕੇ ਆਪਣੀ ਵਧੀਆ ਕਾਰਗੁਜ਼ਾਰੀ ਤੇ ਨਿਵੇਕਲੀ ਪਹਿਲਕਦਮੀ ਨਾਲ ਬਾਕੀ ਪਿੰਡਾਂ ਲਈ ਆਦਰਸ਼ ਬਣਨਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਗੋਦ ਲਏ ਪਿੰਡਾਂ ਨੂੰ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਵਿਸ਼ੇਸ਼ ਗਰਾਂਟ ਨਹੀਂ ਦਿੱਤੀ ਜਾਵੇਗੀ ਸਗੋਂ ਲੋਕਾਂ ਨੂੰ ਸਵੈ-ਸੇਵੀ ਭਾਵਨਾ ਨਾਲ ਖ਼ੁਦ ਆਪਣਾ ਵਿਕਾਸ ਕਰਕੇ ਦੂਜੇ ਪਿੰਡਾਂ ਲਈ ਮਿਸਾਲ ਬਣਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬੀਬੀ ਸੁਖਜੀਤ ਕੌਰ ਸਾਹੀ, ਸੰਦੀਪ ਮਿਨਹਾਸ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜਰ ਸਨ।

ਪੌਸ਼ਟਿਕ ਭੋਜਨ ਦੀ ਮਨੁੱਖੀ ਜੀਵਨ ਵਿੱਚ ਵਿਸ਼ੇਸ਼ ਮਹੱਤਤਾ : ਰਵੀ ਗੁਲਾਟੀ


 • -ਪਬਲਿਕ ਡਿਗਰੀ ਕਾਲਜ ਫਾਰ ਵੋਮੈਨ ਕੰਧਾਲਾ ਜੱਟਾਂ ਵਿਖੇ ਕਰਵਾਇਆ ਵਿਸ਼ੇਸ਼ ਸੈਮੀਨਾਰ
ਹੁਸ਼ਿਆਰਪੁਰ, 20 ਸਤੰਬਰ: ਪੌਸ਼ਟਿਕ ਭੋਜਨ ਦੀ ਮਨੁੱਖੀ ਜੀਵਨ ਵਿੱਚ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਭੋਜਨ ਵਿੱਚ ਸਾਰੇ ਪੌਸ਼ਟਿਕ ਤੱਤ ਬਣਦੀ ਮਿਕਦਾਰ ਵਿੱਚ ਸ਼ਾਮਲ ਹੋਣੇ ਚਾਹੀਦੇ ਹਨ। ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ ਨੇ ਪਬਲਿਕ ਡਿਗਰੀ ਕਾਲਜ ਫਾਰ ਵੋਮੈਨ ਕੰਧਾਲਾ ਜੱਟਾਂ ਵਿਖੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਅਧੀਨ ਕਰਵਾਏ ਗਏ ਪੌਸ਼ਟਿਕਤਾ ਦੀ ਮਹੱਤਤਾ ਸਬੰਧੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਸਿਹਤ ਦੀ ਸੰਭਾਲ ਲਈ ਗੁਣਵੱਤਾ ਅਤੇ ਸਾਫ਼-ਸੁਥਰਾ ਭੋਜਨ ਖਾਣਾ ਚਾਹੀਦਾ ਹੈ। ਮਨੁੱਖ ਤਾਂ ਹੀ ਨਿਰੋਗ ਰਹਿ ਸਕਦਾ ਹੈ, ਜੇ ਉਹ ਸਾਫ਼ ਸੁਥਰਾ ਭੋਜਨ ਦਾ ਸੇਵਨ ਕਰੇ।

                       ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ.ਕੁਲਦੀਪ ਸਿੰਘ ਨੇ ਕਿਹਾ ਕਿ ਲੜਕੀਆਂ ਨੂੰ ਕਿਸ਼ੋਰ ਅਵਸਥਾ ਵਿੱਚ ਪੌਸ਼ਟਿਕ ਭੋਜਨ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਪੌਸ਼ਟਿਕ ਭੋਜਨ ਦੇ ਨਾਲ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਨਿਰੋਗ ਰੱਖਿਆ ਜਾ ਸਕਦਾ ਹੈ। ਬਾਲ ਸੁਰੱਖਿਆ ਅਫ਼ਸਰ ਕੁਮਾਰੀ ਅੰਕਿਤਾ ਨੇ ਵੀ ਪੌਸ਼ਟਿਕਤਾ ਦੀ ਘਾਟ ਕਾਰਨ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸ੍ਰੀ ਸੁਖਜਿੰਦਰ ਸਿੰਘ, ਕੌਂਸਲਰ ਲਖਵੀਰ ਕੌਰ, ਪ੍ਰਿੰਸੀਪਲ ਸੀਮਾ ਸ਼ਰਮਾ, ਸਤਿੰਦਰ ਕੌਰ, ਡਾ. ਕੇਵਲ ਸਿੰਘ, ਡਿਗਰੀ ਕਾਲਜ ਦੀ ਪ੍ਰਿੰਸੀਪਲ ਦਵਿੰਦਰ ਕੌਰ ਅਤੇ ਰਵਿੰਦਰ ਕੌਰ ਤੋਂ ਇਲਾਵਾ ਬਾਕੀ ਸਖਸ਼ੀਅਤਾਂ ਵੀ ਮੌਜੂਦ ਸਨ।

ਨਜਾਇਜ਼ ਕਬਜ਼ੇ ਤੁਰੰਤ ਹਟਾਉਣ ਦੀ ਅਪੀਲ


 • ਨਜਾਇਜ਼ ਕਬਜ਼ੇ ਨਾ ਹਟਾਏ ਤਾਂ ਦੁਕਾਨਦਾਰਾਂ ਖਿਲਾਫ਼ ਕੀਤੀ ਜਾਵੇਗੀ ਸਖਤ ਕਾਰਵਾਈ : ਕਮਿਸ਼ਨਰ ਨਗਰ ਨਿਗਮ
ਹੁਸ਼ਿਆਰਪੁਰ, 19 ਸਤੰਬਰ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਸ੍ਰੀ ਹਰਬੀਰ ਸਿੰਘ ਨੇ ਅੱਜ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਜਾਇਜ਼ ਕਬਜ਼ਿਆਂ ਕਾਰਨ ਜਨਤਾ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਨਾਲ ਟਰੈਫਿਕ ਦੀ ਸਮੱਸਿਆ ਵੀ ਸਾਹਮਣੇ ਆਉਂਦੀ ਹੈ।

                       ਸ੍ਰੀ ਹਰਬੀਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਨੇ ਇਹ ਕਬਜੇ ਨਾ ਹਟਾਏ ਤਾਂ ਨਗਰ ਨਿਗਮ ਵਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਦੁਕਾਨਦਾਰ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਨਜਾਇਜ਼ ਕਬਜ਼ੇ ਤੁਰੰਤ ਹਟਾ ਲੈਣ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਅੱਗੇ ਦੁਕਾਨਦਾਰਾਂ ਵਲੋਂ ਜਿਥੇ ਨਜਾਇਜ਼ ਥੜੇ ਬਣਾਏ ਗਏ ਹਨ, ਉਥੇ ਦੁਕਾਨਾਂ ਦਾ ਸਮਾਨ ਵੀ ਬਾਹਰ ਸੜਕ ਤੱਕ ਆਉਣ ਨਾਲ ਜਨਤਾ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਬਜ਼ੇ ਨਾ ਹਟਾਏ ਗਏ, ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
                       ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਨਗਰ ਨਿਗਮ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਲਈ ਸ਼ਹਿਰ ਵਾਸੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ, ਤਾਂ ਜੋ ਸ਼ਹਿਰ ਦੀ ਦਿੱਖ ਬਦਲੀ ਜਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਸ਼ਹਿਰ ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਸੜਕਾਂ ਅਤੇ ਬਜ਼ਾਰਾਂ ਵਿੱਚ ਕੂੜਾ-ਕਰਕਟ ਨਾ ਸੁੱਟਣ। ਉਨ੍ਹਾਂ ਕਿਹਾ ਕਿ 'ਸਵੱਛਤਾ ਹੀ ਸੇਵਾ' ਮੁਹਿੰਮ ਤਾਂ ਹੀ ਕਾਰਗਰ ਸਾਬਤ ਹੋ ਸਕਦੀ ਹੈ, ਜੇਕਰ ਹਰੇਕ ਨਾਗਰਿਕ ਆਪਣਾ ਮੋਹਰੀ ਰੋਲ ਨਿਭਾ ਕੇ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਅੱਗੇ ਆਵੇ। ਉਨ੍ਹਾਂ ਕਿਹਾ ਕਿ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਬੀਮਾਰੀ ਤੋਂ ਬਚਿਆ ਜਾ ਸਕੇ।

ਹੁਸ਼ਿਆਰਪੁਰ ਦੇ ਸੇਵਾ ਕੇਂਦਰ ਤੋਂ ਪਹਿਲਾ ਈ-ਸਟੈਂਪ ਪੇਪਰ ਜਾਰੀ


 • ਐਸ.ਡੀ.ਐਮ. ਨੇ ਪਹਿਲੇ ਬਿਨੈਕਾਰ ਈਸ਼ਾਨ ਅਰੋੜਾ ਨੂੰ ਸੌਂਪਿਆ 70,680 ਰੁਪਏ ਦਾ ਈ-ਸਟੈਂਪ ਪੇਪਰ
ਹੁਸ਼ਿਆਰਪੁਰ, 19 ਸਤੰਬਰ:   ਪੰਜਾਬ ਸਰਕਾਰ ਵਲੋਂ ਅੱਜ ਹੁਸ਼ਿਆਰਪੁਰ ਦੇ ਟਾਈਪ-1 ਸੇਵਾ ਕੇਂਦਰ ਵਿਚ ਈ-ਸਟੈਂਪ ਪੇਪਰ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲ੍ਹਾ ਪੱਧਰੀ ਸੇਵਾ ਕੇਂਦਰ ਵਿੱਚ ਈ-ਸਟੈਂਪ ਪੇਪਰ ਦਾ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਰਸਮੀ ਉਦਾਘਟਨ ਕੀਤਾ। ਉਨ੍ਹਾਂ ਜਾਰੀ ਹੋਇਆ 70,680 ਰੁਪਏ ਦਾ ਇਹ ਪਹਿਲਾ ਈ ਸਟੈਂਪ ਪੇਪਰ ਆਪਣੇ ਹੱਥੀਂ ਬਿਨੈਕਾਰ ਸ੍ਰੀ ਈਸ਼ਾਨ ਅਰੋੜਾ ਨੂੰ ਸੌਂਪਿਆ। ਇਸ ਮੌਕੇ ਤਹਿਸੀਲਦਾਰ ਸ੍ਰੀ ਅਰਵਿੰਦ ਕੁਮਾਰ ਅਤੇ ਈ-ਕੋਆਰਡੀਨੇਟਰ ਸ੍ਰੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
         ਈ-ਸਟੈਂਪ ਪੇਪਰ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਵਾ ਕੇਂਦਰ ਵਿਚੋਂ ਈ-ਸਟੈਂਪ ਪੇਪਰ ਮਿਲਣ ਦੀ ਸ਼ੁਰੂਆਤ ਹੋਣ ਨਾਲ ਜਨਤਾ ਦੀਆਂ ਸਹੂਲਤਾਂ ਵਿਚ ਵਾਧਾ ਹੋਵੇਗਾ, ਕਿਉਂਕਿ ਹੁਣ ਬੈਂਕਾਂ ਦੇ ਨਾਲ-ਨਾਲ ਸੇਵਾ ਕੇਂਦਰ ਰਾਹੀਂ ਵੀ ਈ-ਸਟੈਂਪ ਪੇਪਰ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 20 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਰਾਸ਼ੀ ਦੀ ਫੀਸ ਲਈ ਈ-ਸਟੈਂਪ ਪੇਪਰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਈ‑ਸਟੈਂਪ ਪੇਪਰ ਦੀ ਖਰੀਦ ਲਈ ਨਗਦੀ ਤੋਂ ਇਲਾਵਾ ਆਨ ਲਾਈਨ ਤਰੀਕਿਆਂ ਨਾਲ ਆਪਣੇ ਕਰੈਡਿਟ, ਡੈਬਿਟ ਕਾਰਡ ਤੋਂ ਵੀ ਅਦਾਇਗੀ ਕੀਤੀ ਜਾ ਸਕਦੀ ਹੈ।

ਰੀਆ ਨੇ ਖੇਡਾਂ ਅਤੇ ਪੂਨਮ ਨੇ ਪੇਂਟਿੰਗ 'ਚ ਮਾਰੀਆਂ ਮੱਲਾਂ


 • ਸਰਕਾਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਨੇ ਉਪਰਾਲੇ
 • ਸਪੈਸ਼ਲ ਟੀਚਰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਬੱਚਿਆਂ ਨੂੰ ਸਿੱਖਿਅਤ ਕਰਨ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 19 ਸਤੰਬਰ: ਸਰਕਾਰ ਵਲੋਂ ਸਰਵ ਸਿੱਖਿਆ ਅਭਿਆਨ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਚਲਾਏ ਜਾ ਰਹੇ ਰਿਸੋਰਸ ਸੈਂਟਰ ਕਾਰਗਰ ਸਾਬਤ ਹੋ ਰਹੇ ਹਨ ਅਤੇ ਸਰੀਰਕ ਤੇ ਮਾਨਸਿਕ ਤੌਰ 'ਤੇ ਕਮਜ਼ੋਰ ਇਹ ਬੱਚੇ ਖੇਡਾਂ, ਪੜ੍ਹਾਈ ਤੇ ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰ ਰਹੇ ਹਨ। ਸਰਕਾਰ ਵਲੋਂ ਇਨ੍ਹਾਂ ਬੱਚਿਆਂ ਨੂੰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਤਾਂ ਜੋ ਇਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਜਿਥੇ ਖੇਡਾਂ ਦੇ ਖੇਤਰ ਵਿੱਚ ਦਿਮਾਗੀ ਤੌਰ 'ਤੇ ਕਮਜ਼ੋਰ ਰੀਆ ਨੇ ਮੱਲਾਂ ਮਾਰੀਆਂ ਹਨ, ਉਥੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਪੂਨਮ ਕੁਮਾਰੀ ਵਲੋਂ ਕੀਤੀ ਪੇਂਟਿੰਗ ਸਪੈਸ਼ਲ ਰਿਸੋਰਸ ਸੈਂਟਰ ਹੁਸ਼ਿਆਰਪੁਰ ਵਿਖੇ ਖਿੱਚ ਦਾ ਕੇਂਦਰ ਬਣੀ ਹੋਈ ਹੈ।

           ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਢੋਲਬਾਹਾ ਦੇ ਰਿਸੋਰਸ ਸੈਂਟਰ ਵਿੱਚ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰ ਰਹੀ ਰੀਆ ਡਡਵਾਲ ਨੇ ਸਾਬਤ ਕਰ ਦਿੱਤਾ ਹੈ ਕਿ ਸਰੀਰਕ ਅਪੰਗਤਾ ਉਸ ਦੇ ਹੌਂਸਲਿਆਂ ਨੂੰ ਪਸਤ ਨਹੀਂ ਕਰ ਸਕਦੀ। ਦਿਮਾਗੀ ਤੌਰ 'ਤੇ ਕਮਜ਼ੋਰ ਇਸ ਲੜਕੀ ਨੇ ਜੈਪੁਰ ਵਿੱਚ ਹੋਈ '19ਵੀਂ ਪੰਜਾਬ ਸਟੇਟ ਸਪੈਸ਼ਲ ਓਲੰਪਿਕਸ, ਭਾਰਤ' (Sob) ਵਿੱਚ 100 ਮੀਟਰ ਅਤੇ 200 ਮੀਟਰ ਦੌੜ ਵਿੱਚੋਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰੀਆ ਨੇ ਮਨਿਸਟਰੀ ਆਫ਼ ਯੂਥ ਅਫੇਅਰਸ (Myas) ਵਿੱਚੋਂ ਵੀ 100 ਅਤੇ 200 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਰੀਆ ਰਾਸ਼ਟਰ ਪੱਧਰ ਦੀਆਂ ਖੇਡਾਂ ਲਈ ਵੀ ਚੁਣੀ ਗਈ ਹੈ। ਰੀਆ ਨੇ ਜੈਪੁਰ ਰਾਸ਼ਟਰ ਪੱਧਰ ਦੀਆਂ ਖੇਡਾਂ ਵਿੱਚ ਹੀ 100 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਦੌੜ ਵਿੱਚੋਂ ਚੌਥੇ ਸਥਾਨ 'ਤੇ ਰਹੀ। ਰੀਆ ਜੈਪੁਰ ਵਿੱਚ ਬੀਮਾਰ ਵੀ ਹੋ ਗਈ ਸੀ, ਪਰ ਇਸ ਨੇ ਫ਼ਿਰ ਵੀ ਹਿੰਮਤ ਨਹੀਂ ਹਾਰੀ ਅਤੇ ਸਿਲਵਰ ਮੈਡਲ ਜਿੱਤ ਕੇ ਮਾਪਿਆਂ ਦਾ, ਜ਼ਿਲ੍ਹੇ ਦਾ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਸਪੈਸ਼ਲ ਰਿਸੋਰਸ ਸੈਂਟਰ ਹੁਸ਼ਿਆਰਪੁਰ ਵਿਖੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਪੂਨਮ ਕੁਮਾਰੀ ਵਲੋਂ ਕੀਤੀ ਪੇਂਟਿੰਗ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪੂਨਮ ਵਲੋਂ ਬੜੇ ਹੀ ਸ਼ੌਕ ਨਾਲ ਵੱਖ-ਵੱਖ ਤਰ੍ਹਾਂ ਦੀ ਮਨਮੋਹਕ ਪੇਂਟਿੰਗ ਕੀਤੀ ਗਈ ਹੈ।
          ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਅਰਥੀਆਂ ਲਈ ਸਰਕਾਰ ਵਲੋਂ 82 ਰਿਸੋਰਸ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇਕ ਸਪੈਸ਼ਲ ਰਿਸੋਰਸ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੇਲਵੇ ਮੰਡੀ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਸੋਰਸ ਸੈਂਟਰਾਂ ਵਿੱਚ 5476 ਚੁਣੌਤੀਗ੍ਰਸਤ ਬੱਚੇ ਹਨ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਜਿਥੇ ਇਨ੍ਹਾਂ ਬੱਚਿਆਂ ਦਾ ਇਲਾਜ ਕਰਵਾਇਆ ਜਾਂਦਾ ਹੈ, ਉਥੇ 31 ਸਪੈਸ਼ਲ ਟੀਚਰਾਂ ਵਲੋਂ ਇਨ੍ਹਾਂ ਨੂੰ ਸਿੱਖਿਅਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਸਿੱਖਿਅਤ ਕੀਤਾ ਜਾਵੇ, ਤਾਂ ਜੋ ਇਹ ਬੱਚੇ ਆਪਣੀ ਵੱਖਰੀ ਪਛਾਣ ਬਣਾ ਸਕਣ। ਉਧਰ ਦੂਜੇ ਪਾਸੇ ਰੀਆ ਨੂੰ ਇਥੋਂ ਤੱਕ ਪਹੁੰਚਾਉਣ ਲਈ ਬਲਾਕ ਭੂੰਗਾ-2 ਵਿੱਚ ਬਤੌਰ ਸਪੈਸ਼ਲ ਅਧਿਆਪਕ (ਆਈ.ਈ.ਆਰ.ਟੀ.) ਸ੍ਰੀਮਤੀ ਅੰਜੂ ਬਾਲਾ ਨੇ ਦੱਸਿਆ ਕਿ ਉਸ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰੀਆ ਆਪਣੀ ਦਿਮਾਗੀ ਕਮਜ਼ੋਰੀ ਨੂੰ ਮਾਤ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੀਆ ਵਰਗੇ ਬਾਕੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਉਸ ਲਈ ਮਾਣ ਵਾਲੀ ਗੱਲ ਹੈ।

ਪੰਜਾਬ ਰੈਜੀਮੈਂਟਲ ਸੈਂਟਰ ਰਾਮਗੜ੍ਹ ਕੈਂਟ ਝਾਰਖੰਡ ਵਿਖੇ ਭਰਤੀ ਰੈਲੀ 9 ਤੋਂ

ਹੁਸ਼ਿਆਰਪੁਰ, 19 ਸਤੰਬਰ: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਰੈਜੀਮੈਂਟਲ ਸੈਂਟਰ ਰਾਮਗੜ੍ਹ ਕੈਂਟ ਝਾਰਖੰਡ ਵਿਖੇ ਯੂਨਿਟ ਹੈਡਕੁਆਰਟਰ ਕੋਟੇ (ਯੂ.ਐਚ.ਕਿਊ) ਤਹਿਤ ਮਿਤੀ 9 ਅਕਤੂਬਰ  ਤੋਂ 13 ਅਕਤੂਬਰ ਤੱਕ ਵੱਖ-ਵੱਖ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਆਉਟ ਸਟੈਂਡਿੰਗ ਸਪੋਰਟਸ ਕੈਟਾਗਰੀ, 11 ਅਕਤੂਬਰ ਨੂੰ ਸੋਲਜਰ ਕਲਰਕ ਕੈਟਾਗਰੀ ਅਤੇ 13 ਅਕਤੂਬਰ ਨੂੰ ਸੋਲਜਰ ਜੀ.ਡੀ. ਅਤੇ ਸੋਲਜਰ ਟਰੇਡਮੈਨ ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਓਪਨ ਕੈਟਾਗਰੀ ਵਿੱਚ ਕੋਈ ਭਰਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਰਤੀ ਲਈ ਸੋਲਜਰ ਜੀ.ਡੀ. ਦੀ ਉਮਰ ਸਾਢੇ 17 ਸਾਲ ਤੋਂ 21 ਸਾਲ, ਕੱਦ 170 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਭਾਰ 50 ਕਿਲੋ ਹੋਣਾ ਚਾਹੀਦਾ ਹੈ, ਜਦੋ ਕਿ ਕਲਰਕ ਅਤੇ ਸੋਲਜਰ ਟਰੇਡਮੈਨ ਕੈਟਾਗਰੀ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ, ਕੱਦ 162 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਭਾਰ 50 ਕਿਲੋ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੋਲਜਰ ਕਲਰਕ ਲਈ 12ਵੀਂ 60 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਹਰੇਕ ਵਿਸ਼ੇ ਵਿੱਚ 50 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਹਨ। ਸੋਲਜਰ ਜੀ.ਡੀ. ਲਈ 10ਵੀਂ 45 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 33 ਪ੍ਰਤੀਸ਼ਤ ਨੰਬਰ ਜ਼ਰੂਰ ਹੋਣ। ਉਨ੍ਹਾਂ ਹੋਰ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਅਸਲ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਜ਼ਰੂਰ ਲੈ ਕੇ ਆਉਣ।

ਝੋਨੇ ਦੀ ਰਹਿੰਦ-ਖੂੰਹਦ ਨਾ ਸਾੜਨ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਜਾਗਰੂਕਤਾ ਵੈਨ ਰਵਾਨਾ


 • ਡਿਪਟੀ ਕਮਿਸ਼ਨਰ ਨੇ ਜਾਗਰੂਕਤਾ ਵੈਨ ਨੂੰ ਦਿੱਤੀ ਹਰੀ ਝੰਡੀ
 • ਕਿਹਾ, ਅੱਗ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੋਣ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ
ਹੁਸ਼ਿਆਰਪੁਰ, 18 ਸਤੰਬਰ:   ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨਾ ਸਾੜਨ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਇਕ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਹ ਵੈਨ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰੇਗੀ ਕਿ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ, ਵਾਤਾਵਰਣ ਇੰਜੀਨੀਅਰ ਸ੍ਰੀ ਅਸ਼ੋਕ ਕੁਮਾਰ ਗਰਗ, ਸਹਾਇਕ ਵਾਤਾਵਰਣ ਇੰਜੀਨੀਅਰ ਸ੍ਰੀ ਸੁਖਵੰਤ ਸਿੰਘ ਅਤੇ ਖੇਤੀਬਾੜੀ ਅਫ਼ਸਰ ਸ੍ਰੀ ਗੁਰਬਖਸ਼ ਸਿੰਘ ਹਾਜ਼ਰ ਸਨ।
 

           ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਰੁਝਾਨ ਖਿਲਾਫ਼ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਕਾਫ਼ੀ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ, ਇਸ ਲਈ ਇਸ ਰੁਝਾਨ ਨੂੰ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਜ਼ੁਰਮਾਨਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐਸ.ਐਮ.ਐਸ.) ਵਰਗੀ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੁਪਰ ਐਸ.ਐਮ.ਐਸ. ਦੇ ਪ੍ਰਯੋਗ ਤੋਂ ਬਿਨ੍ਹਾਂ ਕੰਬਾਇਨਾਂ ਰਾਹੀਂ ਫ਼ਸਲ ਦੀ ਕਟਾਈ ਕਰਨ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਵੀ ਲਗਾਈ ਜਾ ਚੁੱਕੀ ਹੈ।
        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਿਸਟਮ ਨੂੰ ਕੰਬਾਇਨ ਪਿੱਛੇ ਲਗਾ ਕੇ ਪ੍ਰਯੋਗ ਕਰਨ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਬਾਰੀਕ ਕਰਕੇ ਖੇਤ ਵਿੱਚ ਹੀ ਆਸਾਨੀ ਨਾਲ ਇਕਸਾਰ ਖਿਲਾਰਨ ਉਪਰੰਤ ਰੋਟਾਵੇਟਰ ਦੀ ਵਰਤੋਂ ਕਰਕੇ ਮਿੱਟੀ ਵਿੱਚ ਮਿਲਾਇਆ ਜਾ ਸਕਦਾ ਹੈ। ਇਸ ਲਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਨੂੰ ਹਰ ਇਕ ਹਾਰਵੈਸਟਰ ਕੰਬਾਇਨ ਦੇ ਮਗਰ ਲਾਜ਼ਮੀ ਤੌਰ 'ਤੇ ਲਗਾਉਣ ਉਪਰੰਤ ਹੀ ਝੋਨੇ ਦੀ ਫਸਲ ਦੀ ਕਟਾਈ ਕਰਨ ਦੀ ਇਜ਼ਾਜ਼ਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਜ਼ਿਲ੍ਹੇ ਵਿੱਚ ਬਾਹਰੋਂ ਫ਼ਸਲ ਦੀ ਕਟਾਈ ਕਰਨ ਆਉਣ ਵਾਲੀਆਂ ਸਾਰੀਆਂ ਕੰਬਾਇਨਾਂ ਲਈ ਵੀ ਲਾਜ਼ਮੀ ਹੋਵੇਗਾ।

ਜਿਲ੍ਹਾ ਮੈਜਿਸਟਰੇਟ ਨੇ ਪ੍ਰੀਖਿਆ ਕੇਂਦਰਾਂ ਨੇੜੇ ਲਗਾਈ ਪਾਬੰਦੀ

ਹੁਸ਼ਿਆਰਪੁਰ, 18 ਸਤੰਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਘੇਰੇ ਅੰਦਰ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ/12ਵੀਂ ਸ੍ਰ੍ਰੇਣੀ ਦੀ ਅਨੁਪੂਰਕ ਪ੍ਰੀਖਿਆ ਸਤੰਬਰ 2017 (ਕੇਵਲ ਓਪਨ ਸਕੂਲ) 29 ਸਤੰਬਰ ਤੱਕ ਹੋ ਰਹੀ ਹੈ। ਇਹ ਹੁਕਮ 29 ਸਤੰਬਰ ਤੱਕ ਲਾਗੂ ਰਹੇਗਾ।

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼

ਹੁਸ਼ਿਆਰਪੁਰ , 18 ਸਤੰਬਰ: ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ 20 ਸਤੰਬਰ ਤੱਕ ਚੱਲਣ ਵਾਲੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਆਗਾਜ਼ ਹੋ ਗਿਆ ਹੈ। ਇਨ੍ਹਾਂ ਖੇਡਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਰਦਿਆਂ ਕਿਹਾ ਕਿ ਇਹ ਖੇਡਾਂ ਏਅਰ ਮਾਰਸ਼ਲ ਅਰਜਨ ਸਿੰਘ ਦੀ ਯਾਦ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹਨ, ਪਰ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਖਿਡਾਰੀ ਇਸ ਖੇਡਾਂ ਵਿੱਚ ਚੰਗੀਆਂ ਯਾਦਾਂ ਸਮੇਟ ਕੇ ਲਿਜਾਣ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜਿਥੇ ਮਨੁੱਖੀ ਸਰੀਰ ਤੰਦਰੁਸਤ ਬਣਿਆ ਰਹਿੰਦਾ ਹੈ, ਉਥੇ ਨਸ਼ਿਆਂ ਵਰਗੀ ਨਾ-ਮੁਰਾਦ ਬੀਮਾਰੀ ਤੋਂ ਵੀ ਨੌਜਵਾਨ ਪੀੜ੍ਹੀ ਬਚੀ ਰਹਿੰਦੀ ਹੈ।
         ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਜ਼ ਖੇਡਾਂ ਦੌਰਾਨ ਜਦੋਂ ਵੱਖ-ਵੱਖ ਖੇਤਰਾਂ ਦੇ ਖਿਡਾਰੀ ਇਕ-ਦੂਜੇ ਨਾਲ ਵਿਚਾਰ-ਵਟਾਂਦਰਾ ਕਰਦੇ ਹਨ, ਤਾਂ ਆਪਸੀ ਭਾਈਚਾਰੇ ਦੀ ਭਾਵਨਾ ਵੀ ਵੱਧਦੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਖੇਡਾਂ ਦੌਰਾਨ ਇਕ-ਦੂਜੇ ਨਾਲ ਵਧੀਆ ਤਾਲਮੇਲ ਬਣਾਉਣ। 20 ਸਤੰਬਰ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦੌਰਾਨ ਕਬੱਡੀ, ਖੋ-ਖੋ, ਜਿਮਨਾਸਟਿਕ, ਰੱਸਾਕੱਸੀ, ਅਥਲੈਟਿਕਸ, ਫੁੱਟਬਾਲ ਆਦਿ ਦੇ ਮੁਕਾਬਲਿਆਂ ਵਿੱਚ 150 ਸਕੂਲਾਂ ਦੇ 350 ਖਿਡਾਰੀ ਹਿੱਸਾ ਲੈ ਰਹੇ ਹਨ।
                       ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ (ਪ੍ਰਾਇਮਰੀ) ਸ੍ਰੀ ਸਲਵਿੰਦਰ ਸਿੰਘ ਤੋਂ ਇਲਾਵਾ ਸਕੂਲਾਂ ਦੇ ਇੰਚਾਰਜ ਅਤੇ ਭਾਰੀ ਗਿਣਤੀ ਖੇਡ ਪ੍ਰੇਮੀ ਹਾਜ਼ਰ ਸਨ।

ਨਵੇਂ ਭਾਰਤ ਦੀ ਸਿਰਜਣਾ ਲਈ ਸਫ਼ਾਈ ਦੇ ਮਹਾਂਕੁੰਭ 'ਸਵੱਛਤਾ ਹੀ ਸੇਵਾ' ਵਿੱਚ ਦੇਸ਼ ਦੇ ਹਰ ਸ਼ਖਸ਼ ਦੀ ਸ਼ਮੂਲੀਅਤ ਜ਼ਰੂਰੀ : ਸਾਂਪਲਾ

 • -ਰਾਜਨੀਤਿਕ, ਸਮਾਜਸੇਵੀ ਸੰਸਥਾਵਾਂ ਅਤੇ ਅਧਿਕਾਰੀਆਂ/ਮੁਲਾਜ਼ਮਾਂ ਨੇ ਸ਼ਰਮਦਾਨ ਦਿਵਸ 'ਤੇ ਬਿਨ੍ਹਾਂ ਸ਼ਰਮ ਦਫ਼ਤਰਾਂ, ਸਕੂਲਾਂ ਅਤੇ ਚੌਕਾਂ ਦੀ ਕੀਤੀ ਸਫ਼ਾਈ
 • -ਕੇਂਦਰੀ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੇ ਡਾ.ਬੀ.ਆਰ. ਅੰਬੇਦਕਰ ਜੀ ਦੇ ਬੁੱਤ ਦੀ ਖੁਦ ਕੀਤੀ ਸਫ਼ਾਈ
 • -'ਸਵੱਛਤਾ ਰੱਥ' ਨੂੰ ਵੀ ਦਿੱਤੀ ਹਰੀ ਝੰਡੀ
 • - ਜ਼ਿਲ੍ਹਾ ਵਾਸੀ 'ਸਵੱਛਤਾ ਹੀ ਸੇਵਾ' ਪੰਦਰਵਾੜਾ ਮੁਹਿੰਮ ਨਾਲ ਕਾਰ ਸੇਵਾ ਵਾਂਗ ਜੁੜਨ : ਡਿਪਟੀ ਕਮਿਸ਼ਨਰ  
ਹੁਸ਼ਿਆਰਪੁਰ,17 ਸਤੰਬਰ:   ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਨਾਏ ਜਾ ਰਹੇ 'ਸਵੱਛਤਾ ਹੀ ਸੇਵਾ' ਪੰਦਰਵਾੜੇ ਤਹਿਤ ਤੀਸਰੇ ਦਿਨ ਅੱਜ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਰਮਦਾਨ ਦਿਵਸ 'ਤੇ ਖੁਦ ਝਾੜੂ ਫੜ ਕੇ ਸਫ਼ਾਈ ਕਰਦੇ ਹੋਏ ਕਿਹਾ ਕਿ ਨਵੇਂ ਭਾਰਤ ਦੀ ਸਿਰਜਣਾ ਲਈ ਸਫ਼ਾਈ ਦੇ ਇਸ ਮਹਾਂਕੁੰਭ 'ਸਵੱਛਤਾ ਹੀ ਸੇਵਾ' ਵਿੱਚ ਦੇਸ਼ ਦੇ ਹਰ ਇਕ ਨਾਗਰਿਕ ਦੀ ਸ਼ਮੂਲੀਅਤ ਜਰੂਰੀ ਹੈ। ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ,  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਬੜੀ ਹੀ ਸ਼ਰਧਾ ਨਾਲ ਖੁਦ ਡਾ.ਬੀ.ਆਰ.ਅੰਬੇਦਕਰ ਜੀ ਦੇ ਬੁੱਤ ਦੀ ਸਫ਼ਾਈ ਵੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਸਵੱਛਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਇਕ ਵਿਸ਼ੇਸ਼ 'ਸਵੱਛਤਾ ਰੱਥ' ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ।

         ਆਪਣੇ ਸੰਬੋਧਨ ਵਿੱਚ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਪੂਰੇ ਭਾਰਤ ਵਿੱਚ 15 ਸਤੰਬਰ ਤੋਂ ਗਾਂਧੀ ਜੈਅੰਤੀ 2 ਅਕਤੂਬਰ ਤੱਕ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਸਮੁੱਚੇ ਭਾਰਤ ਵਾਸੀਆਂ ਨੂੰ ਸਫ਼ਾਈ ਕਰਨ ਦਾ ਸੰਕਲਪ ਦਿਵਾਉਣ ਲਈ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜਿਥੇ ਸਰਕਾਰੀ ਵਿਭਾਗ ਇਸ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਨ, ਉਥੇ ਯੂਥ ਕਲੱਬ, ਖਿਡਾਰੀ, ਮਹਿਲਾਵਾਂ, ਉਦਯੋਗਿਕ ਅਦਾਰੇ ਅਤੇ ਸੰਸਥਾਵਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਇਸ ਮੁਹਿੰਮ ਨਾਲ ਜੁੜ ਰਹੀਆਂ ਹਨ। ਉਨ੍ਹਾਂ ਕਿਹਾ ਕਿ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ 2 ਅਕਤੂਬਰ ਤੱਕ ਹਸਪਤਾਲਾਂ, ਪਾਰਕਾਂ, ਸਮਾਰਕਾਂ, ਬੱਸ ਅੱਡਿਆਂ, ਛੱਪੜਾਂ, ਚੌਕਾਂ ਅਤੇ ਜਨਤਕ ਪਖਾਨਿਆਂ ਆਦਿ ਨੂੰ ਸਾਫ਼-ਸੁਥਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਨੁਹਾਰ ਬਦਲਣ ਲਈ ਸਮੂਹਿਕ ਇਕਜੁੱਟਤਾ ਕਾਇਮ ਕਰਦੇ ਹੋਏ ਹਰੇਕ ਨਾਗਰਿਕ ਨੂੰ ਇਸ ਦੇਸ਼ ਸੇਵਾ ਵਾਲੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
           ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਮੂਹ ਰਾਜਨੀਤਿਕ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਆਮ ਜਨਤਾ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੁੜਨ, ਤਾਂ ਜੋ ਦੇਸ਼ ਵਿੱਚ ਸਫ਼ਾਈ ਵਿਵਸਥਾ ਦੀ ਮਿਸਾਲ ਕਾਇਮ ਕੀਤੀ ਜਾ ਸਕੇ। ਸਮਾਗਮ ਦੌਰਾਨ ਸ੍ਰੀ ਵਿਜੇ ਸਾਂਪਲਾ ਵਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਕੰਪਲੈਕਸ ਦੇ ਬਾਹਰ ਪੌਦੇ ਵੀ ਲਗਾਏ ਗਏ।
                       ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਲੋਕ 'ਸਵੱਛਤਾ ਹੀ ਸੇਵਾ' ਪੰਦਰਵਾੜਾ ਮੁਹਿੰਮ ਨਾਲ ਕਾਰ ਸੇਵਾ ਵਾਂਗ ਜੁੜਨ, ਤਾਂ ਜੋ ਜ਼ਿਲ੍ਹੇ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਨਾਲ ਜੁੜੀ ਇਸ ਮੁਹਿੰਮ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਆਮ ਜਨਤਾ ਨੂੰ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ, ਤਾਂ ਜੋ ਸਫ਼ਾਈ ਵਿਵਸਥਾ ਕਾਇਮ ਕਰਕੇ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਕੇਵਲ ਜ਼ਿਲ੍ਹੇ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਸ਼ਰਮਦਾਨ ਦਿਵਸ ਮਨਾ ਕੇ ਭਾਰਤ ਵਾਸੀਆਂ ਨੂੰ ਸਫ਼ਾਈ ਵਿਵਸਥਾ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਹੀ ਨਹੀਂ, ਬਲਕਿ ਸਾਰੀਆਂ ਪ੍ਰਾਈਵੇਟ ਸੰਸਥਾਵਾਂ, ਉਦਯੋਗਿਕ ਅਦਾਰੇ, ਸ਼ਹਿਰਾਂ-ਕਸਬਿਆਂ, ਪਿੰਡਾਂ ਅਤੇ ਵਿਦਿੱਅਕ ਅਦਾਰਿਆਂ ਵਿੱਚ ਵੀ ਆਮ ਜਨਤਾ ਨੂੰ ਜੋੜ ਕੇ ਸਫ਼ਾਈ ਕੀਤੀ ਜਾ ਰਹੀ ਹੈ।
        ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜਿਥੇ ਕਾਰਪੋਰੇਸ਼ਨ ਦਫ਼ਤਰਾਂ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਹਰਬੀਰ ਸਿੰਘ ਦੀ ਅਗਵਾਈ ਵਿੱਚ ਸਫ਼ਾਈ ਮੁਹਿੰਮ ਵਿੱਢੀ ਗਈ ਹੈ, ਉਥੇ ਐਸ.ਡੀ.ਐਮ. ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਐਸ.ਡੀ.ਐਮ. ਗੜ੍ਹਸ਼ੰਕਰ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਚਾਰੇ ਸਬ-ਡਵੀਜ਼ਨਾਂ ਵਿੱਚ ਵੀ ਵੱਡੇ ਪੱਧਰ 'ਤੇ ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਬੀ.ਡੀ.ਪੀ.ਓਜ਼ ਵਲੋਂ ਪੰਚਾਇਤਾਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਚਲਾ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 'ਸਵੱਛ ਭਾਰਤ ਮਿਸ਼ਨ' ਤਹਿਤ ਪਿੰਡਾਂ ਨੂੰ ਖੁੱਲ੍ਹੇ ਵਿੱਚ ਸ਼ੋਚ ਮੁਕਤ ਕਰਨ ਲਈ ਸਰਕਾਰ ਵਲੋਂ ਮੁਫ਼ਤ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮੁਹਿੰਮ 2 ਅਕਤੂਬਰ ਤੱਕ ਚੱਲਦੀ ਰਹੇਗੀ, ਪਰ ਜ਼ਿਲ੍ਹਾ ਵਾਸੀ ਅਤੇ ਸਰਕਾਰੀ ਅਧਿਕਾਰੀ/ਮੁਲਾਜ਼ਮ ਸਫ਼ਾਈ ਵਿਵਸਥਾ ਕਾਇਮ ਰੱਖਣ ਲਈ ਭਵਿੱਖ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹਿਣ।    
           ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਮੈਡਮ ਹਰਦੀਪ ਭਾਂਵਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਲਵਿੰਦਰ ਸਿੰਘ ਸਮਰਾ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ, ਐਕਸੀਅਨ ਵਾਰਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸ੍ਰੀ ਅਮਰਜੀਤ ਸਿੰਘ ਗਿੱਲ, ਐਸ.ਡੀ.ਓ ਸ੍ਰੀ ਨਵਨੀਤ ਕੁਮਾਰ ਜਿੰਦਲ, ਸ੍ਰੀ ਭਾਰਤ ਭੂਸ਼ਨ ਵਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਮੁਲਾਜ਼ਮ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਸਨ।

ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਪਾਬੰਦੀ ਦੇ ਹੁਕਮ

ਹੁਸ਼ਿਆਰਪੁਰ, 16 ਸਤੰਬਰ:  ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਇਸ ਹੁਕਮ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ/ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦੀ ਅਵਾਜੀ ਪ੍ਰਦੂਸ਼ਣ, ਸ਼ੋਰ, ਧਮਕ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ 'ਤੇ ਲਾਗੂ ਨਹੀਂ ਹੋਵੇਗੀ। ਇਸੇ ਤਰ੍ਹਾਂ ਗੱਡੀਆਂ ਆਦਿ ਵਿੱਚ ਕਿਸੇ ਤਰ੍ਹਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ 'ਤੇ ਪੂਰਨ ਤੌਰ 'ਤੇ ਵੀ ਪਾਬੰਦੀ ਹੋਵੇਗੀ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਣ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।
                       ਇਸ ਤੋਂ ਇਲਾਵਾ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਊਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ 'ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰ੍ਹਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਊਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨ੍ਹਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ 'ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ/ਡੀ ਜੇ/ਸੰਗੀਤਕ ਯੰਤਰ/ਐਡਰੈਸ ਸਿਸਟਮ ਆਦਿ ਦੀ ਆਵਾਜ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਡਰਡ ਸੀਮਾ ਨਿਸ਼ਚਿਤ ਕੀਤੀ ਗਈ ਹੈ ਜਿਸ ਤਹਿਤ ਉਦਯੋਗਿਕ ਅਦਾਰਿਆ ਵਿੱਚ ਦਿਨ ਵੇਲੇ 75 ਡੀ ਬੀ (ਏ) ਅਤੇ ਰਾਤ ਸਮੇਂ 70 ਡੀ ਬੀ (ਏ), ਕਮਰਸ਼ੀਅਲ ਏਰੀਏ ਵਿੱਚ ਦਿਨ ਵੇਲੇ 65 ਅਤੇ ਰਾਤ ਸਮੇਂ 55, ਰਿਹਾਇਸ਼ੀ ਏਰੀਏ ਵਿੱਚ ਦਿਨ ਵੇਲੇ 55 ਅਤੇ ਰਾਤ ਸਮੇਂ 45 ਅਤੇ ਸਾਈਲੈਂਸ ਜ਼ੋਨ ਵਿੱਚ ਦਿਨ ਵੇਲੇ 50 ਡੀ ਬੀ (ਏ) ਅਤੇ ਰਾਤ ਸਮੇਂ 40 ਡੀ ਬੀ (ਏ) ਤੋਂ ਵੱਧ ਨਹੀਂ ਹੋਵੇਗੀ। ਇਸ ਪਾਬੰਦੀ ਦਾ ਦਿਨ ਵੇਲੇ ਦਾ ਸਮਾਂ ਸਵੇਰੇ 6-00 ਵਜੇ ਤੋਂ ਰਾਤ 10-00 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ।
                       ਉਕਤ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਵਲੋਂ ਇਹ ਵੀ ਹੁਕਮ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਮੈਰਿਜ ਪੈਲਸਾਂ ਵਿੱਚ ਕੋਈ ਵੀ ਵਿਅਕਤੀ ਵਿਆਹ ਸ਼ਾਦੀਆਂ ਜਾਂ ਕਿਸੇ ਹੋਰ ਮੌਕੇ 'ਤੇ  ਕਿਸੇ ਵੀ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਨਹੀਂ ਕਰੇਗਾ। ਇਸ ਸਬੰਧੀ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਮੈਰਿਜ ਪੈਲੇਸ ਦੇ ਮਾਲਕ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਕੋਈ ਵੀ ਵਿਅਕਤੀ ਮੈਰਿਜ ਪੈਲੇਸ ਵਿੱਚ ਫੰਕਸ਼ਨ ਸਮੇਂ ਹਥਿਆਰ ਦੀ ਵਰਤੋਂ ਨਾ ਕਰੇ। ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ ਅਤੇ ਜਿਨ੍ਹਾਂ ਨੂੰ ਆਪਣੇ ਨਾਲ ਹਥਿਆਰ ਰੱਖਣ ਦੇ ਅਧਿਕਾਰ ਮਿਲੇ ਹਨ, ਕੇਵਲ ਉਹ ਹੀ ਵਿਅਕਤੀ ਆਪਣੇ ਨਾਲ ਹਥਿਆਰ ਰੱਖ ਸਕਣਗੇ। ਇਹ ਹੁਕਮ 6 ਨਵੰਬਰ 2017 ਤੱਕ ਲਾਗੂ ਰਹਿਣਗੇ।

ਸਵੱਛਤਾ ਪੰਦਰਵਾੜੇ ਦਾ ਹੋਇਆ ਆਗਾਜ਼

ਤਲਵਾੜਾ, 15 ਸਤੰਬਰ: ਨਗਰ ਪੰਚਾਇਤ ਤਲਵਾੜਾ ਵੱਲੋਂ ਅੱਜ ਇੱਥੇ ਸਵੱਛਤਾ ਪੰਦਰਵਾੜੇ ਦਾ ਆਗਾਜ਼ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਤੋਂ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਨੇ ਕਿਹਾ ਕਿ ਸਾਫ਼ ਸੁਥਰੇ ਚੌਗਿਰਦੇ ਲਈ ਸੁਚੱਜੀ ਸੋਚ ਅਤੇ ਚੇਤਨਾ ਦਾ ਹੋਣਾ ਜਰੂਰੀ ਹੈ। ਇਸ ਮੋਕੇ ਉਨ੍ਹਾਂ ਪੰਦਰਵਾੜੇ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਵੱਛਤਾ ਸਬੰਧੀ ਵਿਸ਼ੇਸ਼ ਪ੍ਰਣ ਵੀ ਕਰਵਾਇਆ ਗਿਆ। ਨਗਰ ਪੰਚਾਇਤ ਤੇ ਕਾਰਜ ਸਾਧਕ ਅਫ਼ਸਰ ਬ੍ਰਿਜ ਮੋਹਨ ਤ੍ਰਿਪਾਠੀ, ਹਰਮੀਤ ਕੌਰ ਅਤੇ ਨਿਰਮਲ ਚੰਦ ਨੇ ਵੀ ਸੰਬੋਧਨ ਕੀਤਾ। ਸਕੂਲ ਮੁਖੀ ਰਾਜ ਕੁਮਾਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਵੱਛਤਾ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁਲਦੀਪ ਸਿੰਘ ਘੁੰਮਣ ਐੱਸ. ਡੀ. ਓ., ਯੋਗੇਸ਼ਵਰ ਸਲਾਰੀਆ, ਬਲਵਿੰਦਰ ਸਿੰਘ ਜਰਿਆਲ, ਨਵਕਿਰਨ, ਰਮੇਸ਼ ਕੁਮਾਰ, ਭੁਪਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਹੁਸ਼ਿਆਰਪੁਰ ਜ਼ਿਲ੍ਹੇ 'ਚ ਸ਼ਾਨਦਾਰ ਤਰੀਕੇ ਨਾਲ ਹੋਇਆ 'ਸਵੱਛਤਾ ਹੀ ਸੇਵਾ' ਮੁਹਿੰਮ ਦਾ ਆਗਾਜ਼


 • ਸਫ਼ਾਈ ਦੇ ਮਹਾਂਕੁੰਭ 'ਚ ਸਰਕਾਰੀ ਅਧਿਕਾਰੀਆਂ ਸਮੇਤ ਸਮਾਜ ਸੇਵੀ ਸੰਸਥਾਵਾਂ ਵੀ ਨਿੱਤਰੀਆਂ
 • ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਲਈ ਦਿੱਤਾ ਸਮੂਹਿਕ ਇਕਜੁੱਟਤਾ ਦਾ ਸੱਦਾ
ਹੁਸ਼ਿਆਰਪੁਰ, 15 ਸਤੰਬਰ: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 'ਸਵੱਛਤਾ ਹੀ ਸੇਵਾ' ਪੰਦਰਵਾੜਾ ਦਾ ਅੱਜ ਸ਼ਾਨਦਾਰ ਤਰੀਕੇ ਨਾਲ ਆਗਾਜ਼ ਹੋ ਗਿਆ ਹੈ ਅਤੇ ਇਸ ਮੁਹਿੰਮ ਵਿੱਚ ਸਰਕਾਰੀ ਮੁਲਾਜ਼ਮਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੀ ਨਿੱਤਰ ਆਈਆਂ ਹਨ। ਪੰਦਰਵਾੜਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਸਮਾਗਮ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ 'ਸਵੱਛਤਾ ਹੀ ਸੇਵਾ' ਸਬੰਧੀ ਪ੍ਰਣ ਦੁਆਇਆ ਗਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਲਈ ਸਮਾਜ ਦੇ ਹਰੇਕ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ, ਕਿਉਂਕਿ ਸਮੂਹਿਕ ਇਕਜੁੱਟਤਾ ਨਾਲ ਹੀ 'ਸਵੱਛਤਾ ਹੀ ਸੇਵਾ' ਮੁਹਿੰਮ ਨੂੰ ਕਾਰਗਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰੇਕ ਮੁਲਾਜ਼ਮ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਦਫ਼ਤਰ, ਘਰ, ਪਿੰਡ ਅਤੇ ਸ਼ਹਿਰ ਵਿੱਚ ਸਫ਼ਾਈ ਲਈ ਯੋਗਦਾਨ ਪਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਮੈਡਮ ਹਰਦੀਪ ਭਾਂਵਰਾ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਮੁਲਾਜ਼ਮ ਹਾਜ਼ਰ ਸਨ।

          ਉਕਤ ਸਮਾਗਮ ਤੋਂ ਬਾਅਦ  ਡੀ.ਏ.ਵੀ. ਬੀ.ਐਡ ਕਾਲਜ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹੇ ਦੇ ਸਮੂਹ ਸਰਪੰਚਾਂ ਅਤੇ ਪੰਚਾਂ ਨੂੰ ਵੀ ਸਹੁੰ ਚੁਕਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ 'ਸਵੱਛ ਭਾਰਤ ਮਿਸ਼ਨ' ਤਹਿਤ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ 'ਤੇ ਲੋਕਾਂ ਨੂੰ ਸਫ਼ਾਈ ਰੱਖਣ ਅਤੇ ਜਾਗਰੂਕ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ 2000 ਪ੍ਰਭਾਤਫੇਰੀਆਂ, ਸਕੂਲਾਂ ਵਿੱਚ ਸੈਮੀਨਾਰਾਂ ਤੋਂ ਇਲਾਵਾ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਫ਼ਾਈ ਵਿਵਸਥਾ ਲਈ ਗਰਾਮ ਪੰਚਾਇਤਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਾਫ਼-ਸੁਥਰਾ ਮਾਹੌਲ ਸਿਰਜਣ ਦੇ ਉਦੇਸ਼ ਨਾਲ ਖੁੱਲ੍ਹੇ ਵਿੱਚ ਸ਼ੋਚ ਮੁਕਤ ਕਰਨ ਲਈ ਪਖਾਨੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਈ ਐਸੇ ਪਿੰਡ ਰਹਿ ਗਏ ਹਨ, ਜਿਨ੍ਹਾਂ ਵਿੱਚ ਮਹਿਜ 10-15 ਪਖਾਨੇ ਬਣਾਉਣੇ ਹੀ ਬਾਕੀ ਰਹਿ ਗਏ ਹਨ। ਅਜਿਹੇ ਪਿੰਡਾਂ ਵਿੱਚ ਗਰਾਮ ਪੰਚਾਇਤਾਂ ਨੂੰ ਪਹਿਲ ਕਰਦੇ ਹੋਏ ਪਖਾਨਾ ਬਣਾਉਣ ਲਈ ਇਸ ਪੰਦਰਵਾੜੇ ਦੌਰਾਨ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਸਮੁੱਚੇ ਜ਼ਿਲ੍ਹੇ ਨੂੰ ਜਲਦ ਤੋਂ ਜਲਦ ਨੂੰ ਖੁੱਲ੍ਹੇ 'ਚ ਪਖਾਨਾ ਮੁਕਤ ਘੋਸ਼ਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਚਾਇਤਾਂ ਆਪਣੇ-ਆਪਣੇ ਪਿੰਡਾਂ ਦੀ ਕਾਇਆ ਕਲਪ ਕਰਨ ਲਈ ਕੋਈ ਕਸਰ ਬਾਕੀ ਨਾ ਛੱਡਣ।
           ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸ੍ਰੀ ਅਮਰਜੀਤ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਲਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਉਪ ਮੰਡਲ ਇੰਜੀਨੀਅਰ ਸੈਨੀਟੇਸ਼ਨ ਸ੍ਰੀ ਨਵਨੀਤ ਕੁਮਾਰ ਜਿੰਦਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਐਤਵਾਰ ਨੂੰ ਸਰਕਾਰੀ ਮੁਲਾਜ਼ਮ ਕਰਨਗੇ ਦਫ਼ਤਰਾਂ ਦੀ ਸਫ਼ਾਈ


 • ਜ਼ਿਲ੍ਹੇ ਦੇ ਇਤਿਹਾਸਕ ਸਥਾਨਾਂ ਦੀ ਬਦਲੀ ਜਾਵੇਗੀ ਦਿੱਖ
ਹੁਸ਼ਿਆਰਪੁਰ, 15 ਸਤੰਬਰ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ 'ਸਵੱਛਤਾ ਹੀ ਸੇਵਾ' ਪੰਦਰਵਾੜਾ ਨੂੰ ਸਫ਼ਲ ਬਣਾਉਣ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ, ਉਦਯੋਗਿਕ ਅਦਾਰੇ, ਸਰਕਾਰੀ ਮੁਲਾਜ਼ਮਾਂ ਅਤੇ ਆਮ ਜਨਤਾ ਦੇ ਸਾਂਝੇ ਉਦਮ ਸਦਕਾ ਹੀ ਜ਼ਿਲ੍ਹੇ, ਸੂਬੇ ਅਤੇ ਭਾਰਤ ਨੂੰ ਸਾਫ਼-ਸੁਥਰਾ ਬਣਾਇਆ ਜਾ ਸਕਦਾ ਹੈ।

                       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਫ਼ਾਈ ਵਿਵਸਥਾ ਸਬੰਧੀ ਚੱਲਣ ਵਾਲੇ ਇਸ ਮਹਾਂਕੁੰਭ ਦੌਰਾਨ 17 ਸਤੰਬਰ ਨੂੰ ਸੇਵਾ ਦਿਵਸ ਮਨਾਉਂਦੇ ਹੋਏ 'ਸ਼ਰਮਦਾਨ' ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਆਪਣੇ ਦਫ਼ਤਰਾਂ ਦੀ ਸਫਾਈ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਤਿਹਾਸਕ ਸਥਾਨਾਂ ਅਤੇ ਮੇਨ ਚੌਕਾਂ ਦੀ ਵੀ ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜਨਤਕ ਪਖਾਨਿਆਂ ਦੀ ਸਫ਼ਾਈ, ਪਿੰਡਾਂ ਵਿੱਚ ਕੂੜੇ ਦੇ ਢੇਰਾਂ ਤੋਂ ਇਲਾਵਾ ਸਕੂਲਾਂ ਵਿੱਚ ਸਫ਼ਾਈ ਸਬੰਧੀ ਸੈਮੀਨਾਰ ਅਤੇ ਮੁਕਾਬਲੇ ਆਦਿ ਵੀ ਕਰਵਾਏ ਜਾਣਗੇ।
                        ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 24 ਸਤੰਬਰ ਨੂੰ 'ਸਮਗਰ ਸਵੱਛਤਾ' ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ, ਪੰਚਾਇਤ ਭਵਨ, ਜੰਝਘਰ, ਧਰਮਸ਼ਲਾਵਾਂ, ਕਮਿਊਨਿਟੀ ਸੈਂਟਰ, ਜੁਵਨਾਈਲ ਹੋਮ, ਚੌਕਾਂ, ਫਲਾਈ ਓਵਰਜ਼ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ 'ਸਰਵਤਰ ਸਵੱਛਤਾ' ਅਭਿਆਨ ਤਹਿਤ ਹਸਪਤਾਲਾਂ, ਪਾਰਕਾਂ, ਸਮਾਰਕਾਂ, ਬੱਸ ਅੱਡਿਆਂ, ਛੱਪੜਾਂ, ਰੇਲਵੇ ਸਟੇਸ਼ਨਾਂ ਤੋਂ ਇਲਾਵਾ ਨਹਿਰਾਂ, ਚੋਆਂ, ਚਿਲਡਰਨ ਹੋਮ ਅਤੇ ਓਲਡਏਜ ਹੋਮ ਦੀ ਸਫ਼ਾਈ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ 1 ਅਕਤੂਬਰ ਨੂੰ ਵੀ ਇਸ ਮੁਹਿੰਮ ਤਹਿਤ ਘੰਟਾਘਰ, ਗਰੀਨ ਵਿਊ ਪਾਰਕ, ਕਮਾਹੀ ਦੇਵੀ ਟੈਂਪਲ, ਸ਼ਹੀਦ ਭਗਤ ਸਿੰਘ ਮਿਊਜ਼ੀਅਮ ਮੋਰਾਂਵਾਲੀ ਅਤੇ ਸ਼ੀਸ਼ ਮਹਿਲ ਆਦਿ ਦੀ ਸਫ਼ਾਈ ਵੀ ਇਸ ਵਿਸ਼ੇਸ਼ ਅਭਿਆਨ ਰਾਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਉਦਯੋਗਿਕ ਅਦਾਰੇ ਜ਼ਿਲ੍ਹੇ ਦੀ ਸਫ਼ਾਈ ਪੱਖੋਂ ਨੁਹਾਰ ਬਦਲਣ ਲਈ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰ, ਆਲੇ-ਦੁਆਲੇ, ਪਿੰਡ ਜਾਂ ਸ਼ਹਿਰ ਦੀ ਦਿੱਖ ਬਦਲਣ ਲਈ ਆਪਣਾ ਬਹੁਮੁੱਲਾ ਯੋਗਦਾਨ ਜ਼ਰੂਰ ਦੇਣ।
                       ਉਧਰ ਅੱਜ ਅਹੀਆਪੁਰ ਅਤੇ ਪਿੰਡ ਸੀਬੋਚੱਕ ਵਿਖੇ ਪਿੰਡ ਦੀਆਂ ਪੰਚਾਇਤਾਂ, ਆਂਗਣਵਾੜੀ ਵਰਕਰਾਂ, ਮਹਿਲਾ ਮੰਡਲ ਦੇ ਮੈਂਬਰਾਂ ਅਤੇ ਆਮ ਜਨਤਾ ਵਲੋਂ ਪਿੰਡਾਂ ਦੀ ਸਫ਼ਾਈ ਕੀਤੀ ਗਈ। ਇਸ ਤੋਂ ਇਲਾਵਾ ਖੇਤੀ ਭਵਨ ਹੁਸ਼ਿਆਰਪੁਰ ਵਿਖੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਪ੍ਰਣ ਲੈਂਦਿਆਂ 2 ਅਕਤੂਬਰ ਤੱਕ ਚੌਗਿਰਦੇ ਦੀ ਸਫ਼ਾਈ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਸੰਕਲਪ ਲਿਆ।
                       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਸੀਜ਼ਨ ਦੌਰਾਨ 4,31,884 ਮੀਟ੍ਰਿਕ ਟਨ ਝੋਨਾ ਆਉਣ ਦੀ ਸੰਭਾਵਨਾ


 • ਡਿਪਟੀ ਕਮਿਸ਼ਨਰ ਨੇ ਅਗੇਤੇ ਪ੍ਰਬੰਧਾਂ ਲਈ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਹੁਸ਼ਿਆਰਪੁਰ, 15 ਸਤੰਬਰ:      ਜ਼ਿਲ੍ਹੇ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋ ਰਹੇ ਝੋਨੇ ਦੇ ਸੀਜ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਬੈਠਕ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਝੋਨੇ ਦੀ ਖਰੀਦ ਲਈ ਜ਼ਿਲ੍ਹੇ ਵਿੱਚ 62 ਮੰਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਪਿਛਲੇ ਸਾਲ ਜਿਲ੍ਹੇ ਵਿੱਚ ਝੋਨੇ ਦੀ ਆਮਦ 3,92,618 ਮੀਟ੍ਰਿਕ ਟਨ ਸੀ, ਜਦਕਿ ਇਸ ਵਾਰ 10 ਪ੍ਰਤੀਸ਼ਤ ਦੇ ਵਾਧੇ ਨਾਲ 4,31,884 ਮੀਟ੍ਰਿਕ ਟਨ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਲ 2017-18 ਵਿੱਚ 65 ਹਜ਼ਾਰ ਹੈਕਟੇਅਰ ਰਕਬਾ ਜਿਸ ਵਿੱਚ 55 ਹਜ਼ਾਰ ਪੈਡੀ ਅਤੇ 10 ਹਜ਼ਾਰ ਬਾਸਮਤੀ ਬੀਜਾਈ ਅਧੀਨ ਹੈ।
                       ਡਿਪਟੀ ਕਮਿਸ਼ਨਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਝੋਨੇ ਨੂੰ ਸੁਕਾ ਕੇ ਲਿਆਉਣ, ਤਾਂ ਜੋ ਮੰਡੀਆਂ ਵਿੱਚ ਉਨ੍ਹਾਂ ਦੀ ਖੱਜਲ-ਖੁਆਰੀ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇਸ ਲਈ ਮੰਡੀਆਂ ਵਿੱਚ ਸਾਫ਼ ਪਾਣੀ, ਰੌਸ਼ਨੀ, ਤਰਪਾਲਾਂ, ਬਾਰਦਾਨੇ ਸਮੇਤ ਲਿਫਟਿੰਗ ਦੇ ਸਮੁਚੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਸ੍ਰੀਮਤੀ ਰਜਨੀਸ਼ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਮੋਹਨ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

ਭਾਜਪਾ ਵੱਲੋਂ ਖੂ਼ਨਦਾਨ ਕੈਂਪ

ਤਲਵਾੜਾ, 15 ਸਤੰਬਰ: ਭਾਰਤੀ ਜਨਤਾ ਪਾਰਟੀ ਤਲਵਾੜਾ ਮੰਡਲ ਵੱਲੋਂ ਪੰ. ਦੀਨ ਦਿਆਲ ਉਪਾਧਿਆਏ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਕਸ਼ਮੀ ਨਰਾਇਣ ਮੰਦਰ ਵਿਖੇ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਉਤਸ਼ਾਹੀ ਨਾਗਰਿਕਾਂ ਨੇ ਖ਼ੂਨ ਦਾਨ ਕੀਤਾ।
ਦਾਨੀ ਸੱਜਣਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਹਰਸਿਮਰਤ ਸਿੰਘ ਸਾਹੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਕੋਰਟ ਕੰਪਲੈਕਸ 'ਚ ਲਗਾਏ ਪੌਦੇ

ਹੁਸ਼ਿਆਰਪੁਰ, 15 ਸਤੰਬਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਨੀਲ ਕੁਮਾਰ ਅਰੋੜਾ ਦੀ ਅਗਵਾਈ ਹੇਠ ਅਤੇ ਐਡਵੋਕੇਟ ਸ੍ਰੀ ਸੁਖਵੀਰ ਸਿੰਘ ਦੇ ਸਹਿਯੋਗ ਨਾਲ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸ੍ਰੀ ਰਵੀ ਗੁਲਾਟੀ ਤੋਂ ਇਲਾਵਾ ਹੋਰ ਜੱਜ ਸਾਹਿਬਾਨ ਅਤੇ ਵਕੀਲ ਸਾਹਿਬਾਨ ਵੀ ਹਾਜ਼ਰ ਸਨ।

                       ਪੌਦੇ ਲਗਾਉਣ ਦੀ ਇਸ ਮੁਹਿੰਮ ਨਾਲ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਕਿਉਂਕਿ ਰੁੱਖ ਲਗਾਉਣ ਨਾਲ ਵਾਤਾਵਰਣ ਦਾ ਸੰਤੁਲਨ ਬਰਕਰਾਰ ਰਹਿੰਦਾ ਹੈ। 'ਇਕ ਰੁੱਖ-ਸੌ ਸੁੱਖ' ਨਾਂ ਹੇਠ ਲਗਾਏ ਗਏ ਇਨ੍ਹਾਂ ਪੌਦਿਆਂ ਨਾਲ ਜਿਥੇ ਆਕਸੀਜਨ ਵਿੱਚ ਵਾਧਾ ਹੁੰਦਾ ਹੈ, ਉਥੇ ਵਾਤਾਵਰਣ ਦੀ ਸ਼ੁੱਧਤਾ ਵੀ ਬਰਕਰਾਰ ਰਹਿੰਦੀ ਹੈ।

ਬੀ. ਬੀ. ਐਮ. ਬੀ. ਵਿੱਚ ਹਿੰਦੀ ਦਿਵਸ ਮਨਾਇਆ

ਤਲਵਾੜਾ, 15 ਸਤੰਬਰ: ਭਾਖੜਾ ਬਿਆਸ ਪ੍ਰਬੰਧਕ ਬੋਰਡ (BBMB) ਵੱਲੋਂ ਹਿੰਦੀ ਦਿਵਸ ਮਨਾਇਆ ਗਿਆ।
ਇਸ ਮੌਕੇ ਕਰਮਚਾਰੀਆਂ ਦੇ ਹਿੰਦੀ ਲੇਖਣ ਮੁਕਾਬਲੇ ਕਰਵਾਏ ਗਏ ਅਤੇ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜ. ਕੇ. ਕੇ. ਸ਼ਰਮਾ ਤੋਂ ਇਲਾਵਾ ਜੇ. ਬੀ. ਵਰਮਾ, ਸਤਨਾਮ ਸਿੰਘ, ਆਰ. ਸੀ. ਚੌਧਰੀ, ਬੱਚੂ ਸਿੰਘ ਬਘੌਰ, ਪ੍ਰਭਜੋਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 14 ਸਤੰਬਰ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲ੍ਹਾ ਖੇਤੀਬਾੜੀ ਉਪਜ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਜਮੀਨ ਵਿੱਚ ਉਪਜਾਊ ਤੱਤ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾ ਕਿਹਾ ਕਿ ਜੇ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦਾ ਫੜਿਆ ਜਾਂਦਾ ਹੈ, ਤਾਂ ਉਸ ਦੇ ਵਿਰੁੱਧ ਨਿਯਮਾਂ ਤਹਿਤ ਜ਼ੁਰਮਾਨਾ ਅਤੇ ਕੇਸ ਦਰਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਾਲ ਸਾਉਣੀ ਦੀਆਂ ਫ਼ਸਲਾਂ ਦਾ ਝਾੜ ਵੱਧ ਤੋਂ ਵੱਧ ਆਵੇਗਾ, ਕਿਉਂਕਿ ਸਾਉਣੀ ਦੀਆਂ ਫ਼ਸਲਾਂ ਖਾਸ ਕਰਕੇ ਝੋਨਾਂ, ਮੱਕੀ ਅਤੇ ਗੰਨੇ ਦੀਆਂ ਫ਼ਸਲਾਂ ਵਿੱਚ ਕਿਸੇ ਬਿਮਾਰੀ ਅਤੇ ਕੀੜੇ ਮਕੌੜੇ ਦਾ ਖਾਸ ਹਮਲਾ ਦੇਖਣ ਵਿੱਚ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੱਕੀ ਨੂੰ ਮੱਕੀ ਮੇਜ ਡਰਾਇਰ ਰਾਹੀਂ ਸੁਕਾ ਕੇ ਹੀ ਮੰਡੀ ਵਿੱਚ ਲਿਆਉਣ, ਤਾਂ ਜੋ ਕਿਸਾਨ ਆਪਣੀ ਜਿਨਸ ਦਾ ਵਧੀਆਂ ਮੁੱਲ ਪਾ ਸਕਣ।
                       ਇਸ ਦੌਰਾਨ ਭੌਂ ਪਰਖ ਅਫ਼ਸਰ ਸ੍ਰੀ ਸੁਰਿੰਦਰ ਸਿੰਘ ਨੇ ਵੀ ਸਾਉਣੀ ਦੀਆਂ ਫ਼ਸਲਾਂ ਸਬੰਧੀ ਮਿਥੇ ਗਏ ਟੀਚਿਆਂ ਅਤੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਸਕੀਮਾਂ ਅਧੀਨ ਖੇਤੀਬਾੜੀ ਦੀ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਦੇ ਨਾਲ-ਨਾਲ ਖੇਤੀ ਖਰਚੇ ਘਟਾਉਣ ਅਤੇ ਵੱਖ-ਵੱਖ ਧੰਦਿਆਂ ਨੂੰ  ਅਪਣਾਉਣ ਲਈ ਪ੍ਰਦਰਸ਼ਨੀਆਂ, ਕਿਸਾਨ ਮੇਲਿਆਂ ਅਤੇ ਕਿਸਾਨ ਗੋਸ਼ਟੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਸ ਮੌਕੇ ਖੇਤੀਬਾੜੀ ਅਫ਼ਸਰ (ਬੀਜ) ਸ੍ਰੀ ਕਿਸ਼ੋਰੀ ਲਾਲ, ਖੇਤੀ ਵਿਕਾਸ ਅਫ਼ਸਰ ਸ੍ਰੀ ਜਸਵੀਰ ਸਿੰਘ, ਕਿਸਾਨ ਮੈਂਬਰ ਸ੍ਰੀ ਪਰਮਜੀਤ ਸਿੰਘ, ਸ੍ਰੀ ਜਗਜੀਤ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)