ਰੁਜ਼ਗਾਰ ਮੇਲੇ ਲਈ 2 ਸਤੰਬਰ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ : ਡਿਪਟੀ ਕਮਿਸ਼ਨਰ

-ਕਿਹਾ, 4 ਸਤੰਬਰ ਨੂੰ ਲਗਾਏ ਜਾ ਰਹੇ ਰੁਜ਼ਗਾਰ ਮੇਲੇ 'ਚ ਯੋਗ ਉਮੀਦਵਾਰ ਵੱਧ ਤੋਂ ਵੱਧ ਲਾਹਾ ਲੈਣ
-8 ਉਦਯੋਗਿਕ ਅਦਾਰਿਆਂ ਅਤੇ ਸੰਸਥਾਵਾਂ ਵਲੋਂ 194 ਨੌਜਵਾਨਾਂ ਦੀ ਕੀਤੀ ਜਾ ਰਹੀ ਹੈ ਪਲੇਸਮੈਂਟ

ਹੁਸ਼ਿਆਰਪੁਰ, 31 ਅਗਸਤ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 4 ਸਤੰਬਰ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਆਈ.ਟੀ.ਆਈ. ਕੰਪਲੈਕਸ ਹੁਸ਼ਿਆਰਪੁਰ ਵਿਖੇ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਵਿੱਚ ਭਾਗ ਲੈਣ ਦੇ ਇਛੁੱਕ ਯੋਗ ਉਮੀਦਵਾਰ 2 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਰਜਿਸਟਰੇਸ਼ਨ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੀ ਹੋਵੇਗੀ, ਇਸ ਲਈ ਵੱਧ ਤੋਂ ਵੱਧ ਉਮੀਦਵਾਰ ਰਜਿਸਟਰੇਸ਼ਨ ਕਰਵਾ ਕੇ ਰੁਜ਼ਗਾਰ ਮੇਲੇ ਦਾ ਲਾਹਾ ਲੈਣ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਉਦਯੋਗਿਕ ਅਦਾਰੇ ਅਤੇ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ ਅਤੇ ਇਨ੍ਹਾਂ ਸੰਸਥਾਵਾਂ ਵਲੋਂ ਜ਼ਰੂਰਤ ਮੁਤਾਬਕ ਜੋ ਨੌਜਵਾਨਾਂ ਦੀ ਪਲੇਸਮੈਂਟ ਕੀਤੀ ਜਾਣੀ ਹੈ, ਉਸ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ 8 ਉਦਯੋਗਿਕ ਅਦਾਰਿਆਂ ਅਤੇ ਸੰਸਥਾਵਾਂ ਵਲੋਂ 194 ਯੋਗ ਨੌਜਵਾਨਾਂ ਦੀ ਪਲੇਸਮੈਂਟ ਕੀਤੀ ਜਾ ਰਹੀ ਹੈ।  ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇੰਟਰਨੈਸ਼ਨਲ ਟਰੈਕਟਰ ਲਿਮਟਡ ਸੋਨਾਲੀਕਾ ਵਲੋਂ 10 ਟਰੇਨੀ ਇੰਜੀਨੀਅਰ ਅਤੇ 10 ਟਰੇਨੀ ਓਪਰੇਟਰ, ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਟਡ ਵਲੋਂ 50 ਟਰੇਨੀ ਮਸ਼ੀਨ ਓਪਰੇਟਰ (ਕੇਵਲ ਔਰਤਾਂ), 5 ਫਿਟਰ, ਇਕ ਬੁਆਇਲਰ ਅਟੈਂਡੈਟ, ਰਿਲਾਇੰਸ ਇੰਡਸਟਰੀ ਚੋਹਾਲ ਵਲੋਂ 20 ਟਰੇਨੀ ਓਪਰੇਟਰ, ਸੈਂਚਰੀ ਪਲਾਈਵੁਡ ਵਲੋਂ 10 ਸਕਿੱਲਡ ਵਰਕਰ, 15 ਅਨਸਕਿੱਲਡ ਵਰਕਰ, ਐਸ.ਬੀ.ਆਈ. ਲਾਇਫ ਇੰਸ਼ੋਰੈਂਸ ਵਲੋਂ 2 ਯੂਨਿਟ ਮੈਨੇਜਰ, ਇਕ ਏਜੰਸੀ ਮੈਨੇਜਰ ਅਤੇ 40 ਐਡਵਾਈਜ਼ਰ, ਪੀ.ਐਨ.ਬੀ. ਮੈਟ ਲਾਇਫ ਇੰਸ਼ੋਰੈਂਸ ਵਲੋਂ 25 ਮੈਨੇਜਰ, ਐਚ.ਡੀ.ਐਫ.ਸੀ. ਲਾਇਫ ਇੰਸ਼ੋਰੈਂਸ ਵਲੋਂ ਇਕ ਐਫ.ਐਲ.ਐਸ., ਪਰੀਗੇਅਰ ਵਲੋਂ 4 ਸੀ.ਐਨ.ਸੀ./ਟੀ.ਐਨ.ਸੀ. ਓਪਰੇਟਰ ਰੱਖੇ ਜਾਣੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਉਦਯੋਗਿਕ ਅਦਾਰਿਆਂ ਅਤੇ ਸੰਸਥਾਵਾਂ ਵਲੋਂ ਡਿਪਲੋਮਾ ਮਕੈਨੀਕਲ (ਕੇਵਲ ਸਾਲ 2017 ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਤੋਂ ਪਾਸ), ਆਈ.ਟੀ.ਆਈ., ਅੰਡਰ ਮੈਟ੍ਰਿਕ, 8ਵੀਂ ਤੋਂ 12ਵੀਂ ਪਾਸ, 12ਵੀਂ ਅਤੇ ਗਰੈਜੂਏਸ਼ਨ ਪਾਸ ਉਮੀਦਵਾਰਾਂ ਦੀ ਪਲੇਸਮੈਂਟ ਕੀਤੀ ਜਾਣੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਉਕਤ ਯੋਗਤਾ ਅਨੁਸਾਰ ਵੱਧ ਤੋਂ ਵੱਧ ਯੋਗ ਉਮੀਦਵਾਰ 2 ਸਤੰਬਰ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਆਈ.ਟੀ.ਆਈ. ਕੰਪਲੈਕਸ ਹੁਸ਼ਿਆਰਪੁਰ ਵਿਖੇ ਰਜਿਸਟਰੇਸ਼ਨ ਕਰਵਾਉਣ। 

ਸਾਂਝੀ ਰਸੋਈ' ਦੇ 100ਵੇਂ ਦਿਨ ਤੱਕ 33 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਖਾਧਾ ਖਾਣਾ

-ਸਾਬਕਾ ਮੰਤਰੀ ਰਮੇਸ਼ ਚੰਦਰ ਡੋਗਰਾ ਦੀ ਯਾਦ 'ਚ ਪਰਿਵਾਰ ਨੇ ਪਾਇਆ ਯੋਗਦਾਨ   
-ਡਿਪਟੀ ਕਮਿਸ਼ਨਰ ਨੇ ਦਾਨੀ ਸੱਜਣਾਂ ਦਾ ਕੀਤਾ ਧੰਨਵਾਦ
-ਕਿਹਾ, 'ਸਾਂਝੀ ਰਸੋਈ' 'ਚ ਕੇਵਲ 10 ਰੁਪਏ 'ਚ ਖੁਆਇਆ ਜਾ ਰਿਹਾ ਹੈ ਪੇਟ ਭਰ ਪੌਸ਼ਟਿਕ ਖਾਣਾ

ਹੁਸ਼ਿਆਰਪੁਰ, 31 ਅਗਸਤ:ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਹੁਸ਼ਿਆਰਪੁਰ ਵਿੱਚ ਖੋਲ੍ਹੀ ਗਈ 'ਸਾਂਝੀ ਰਸੋਈ' ਨੂੰ ਦਾਨੀ ਸੱਜਣਾਂ ਵਲੋਂ ਭਰਪੂਰ ਯੋਗਦਾਨ ਦਿੱਤਾ ਜਾ ਰਿਹਾ ਹੈ, ਜਿਸ ਸਦਕਾ 'ਸਾਂਝੀ ਰਸੋਈ' ਖੁੱਲ੍ਹਣ ਦੇ 100ਵੇਂ ਦਿਨ ਤੱਕ 33 ਹਜ਼ਾਰ 600 ਵਿਅਕਤੀਆਂ ਵਲੋਂ ਖਾਣਾ ਖਾਧਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਖਾਣੇ ਦੀ ਸਮੇਂ-ਸਮੇਂ 'ਤੇ ਸਿਹਤ ਵਿਭਾਗ ਕੋਲੋਂ ਚੈਕਿੰਗ ਵੀ ਕਰਵਾਈ ਜਾਂਦੀ ਹੈ, ਤਾਂ ਜੋ ਖਾਣਾ ਪੌਸ਼ਟਿਕ ਹੀ ਮੁਹੱਈਆ ਕਰਵਾਇਆ ਜਾ ਸਕੇ।ਸ੍ਰੀ ਵਿਪੁਲ ਉਜਵਲ ਨੇ 'ਸਾਂਝੀ ਰਸੋਈ' ਵਿੱਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਪਰਿਵਾਰ ਵਲੋਂ ਸ੍ਰੀ ਰਮੇਸ਼ ਚੰਦਰ ਡੋਗਰਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਯਾਦ ਵਿੱਚ 13 ਹਜ਼ਾਰ ਰੁਪਏ ਦੀ ਰਾਸ਼ੀ ਦਾ ਯੋਗਦਾਨ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਦੇ ਸਹਿਯੋਗ ਸਦਕਾ ਹੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਆਪਣੇ ਉਦੇਸ਼ ਵਿੱਚ ਕਾਮਯਾਬ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਮੁਹੱਲਾ ਈਸ਼ ਨਗਰ (ਨੇੜੇ ਰੈਡ ਕਰਾਸ ਬਾਲ ਵਾਟਿਕਾ) ਹੁਸ਼ਿਆਰਪੁਰ ਵਿਖੇ ਚਲਾਈ ਜਾ ਰਹੀ 'ਸਾਂਝੀ ਰਸੋਈ' ਵਲੋਂ ਸੋਮਵਾਰ ਤੋਂ ਸ਼ਨੀਵਾਰ ਤੱਕ ਸੈਂਕੜੇ ਵਿਅਕਤੀਆਂ ਨੂੰ ਪੌਸ਼ਟਿਕ ਭੋਜਨ ਕੇਵਲ 10 ਰੁਪਏ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਘਰੇ, ਬੇਸਹਾਰਾ ਅਤੇ ਗਰੀਬ ਵਿਅਕਤੀਆਂ ਨੂੰ ਪੇਟ ਭਰ ਖਾਣਾ ਖੁਆਉਣ ਲਈ ਚਾਲੂ ਕੀਤਾ ਗਿਆ 'ਸਾਂਝੀ ਰਸੋਈ' ਦਾ ਪ੍ਰੋਜੈਕਟ ਪੰਜਾਬ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ੁਰੂ ਕੀਤੀ ਗਈ 'ਇਕ ਦਿਨ ਸਾਂਝੀ ਰਸੋਈ ਦੇ ਨਾਲ' (ਬੁੱਕ ਏ ਡੇਅ ਵਿਦ ਸਾਂਝੀ ਰਸੋਈ) ਸਕੀਮ ਜ਼ਰੀਏ ਵੱਡੀ ਪੱਧਰ 'ਤੇ ਬੁਕਿੰਗ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬੁਕਿੰਗ ਰਾਹੀਂ ਦਾਨੀ ਸੱਜਣ ਆਪਣਾ ਵਿਸ਼ੇਸ਼ ਦਿਨ ਵਿਆਹ ਦੀ ਵਰ੍ਹੇਗੰਢ, ਜਨਮ ਦਿਨ ਅਤੇ ਹੋਰ ਵਿਸ਼ੇਸ਼ ਯਾਦ 'ਸਾਂਝੀ ਰਸੋਈ' ਵਿੱਚ ਮਨਾਉਣ ਲਈ ਬੁੱਕ ਕਰਵਾ ਰਹੇ ਹਨ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਦਾਨੀ ਸੱਜਣ ਅਤੇ ਸਮਾਜ ਸੇਵਕ 'ਸਾਂਝੀ ਰਸੋਈ' ਵਿੱਚ ਆਪਣਾ ਯੋਗਦਾਨ ਪਾਉਣ ਲਈ ਜ਼ਿਲ੍ਹਾ ਰੈਡ ਕਰਾਸ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਡੋਗਰਾ ਪਰਿਵਾਰ ਵਲੋਂ 'ਸਾਂਝੀ ਰਸੋਈ' ਵਿੱਚ ਯੋਗਦਾਨ ਪਾਉਣ ਬਦਲੇ ਸ੍ਰੀਮਤੀ ਸੁਰਿੰਦਰ ਡੋਗਰਾ ਧਰਮਪਤਨੀ ਸਵਰਗਵਾਸੀ ਸ੍ਰੀ ਰਮੇਸ਼ ਚੰਦਰ ਡੋਗਰਾ, ਸਪੁੱਤਰ ਸ੍ਰੀ ਅਰੁਣ ਡੋਗਰਾ ਹਲਕਾ ਵਿਧਾਇਕ ਦਸੂਹਾ ਅਤੇ ਸਪੁੱਤਰ ਸ੍ਰੀ ਰਮਨ ਡੋਗਰਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਡੋਗਰਾ ਪਰਿਵਾਰ ਵਲੋਂ ਦਾਨ ਦੀ ਰਕਮ ਉਨ੍ਹਾਂ ਦੇ ਸਪੁੱਤਰ ਉਦਯੋਗਪਤੀ ਸ੍ਰੀ ਰਮਨ ਡੋਗਰਾ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸੌਂਪੀ ਗਈ ਹੈ।

ਜਿਲ੍ਹਾ ਹੁਸ਼ਿਆਰਪੁਰ ਵਿਚ 28 ਨੂੰ ਖੁੱਲ੍ਹੇ ਰਹਿਣਗੇ ਵਿੱਦਿਅਕ ਅਦਾਰੇ

ਹੁਸ਼ਿਆਰਪੁਰ, 27 ਅਗਸਤ: ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰੇ ਮਿਤੀ 28 ਅਗਸਤ 2017 ਨੂੰ ਖੁੱਲ੍ਹੇ ਰਹਿਣਗੇ।

ਹਿੰਸਾ 'ਚ ਹੋਏ ਨੁਕਸਾਨ ਸਬੰਧੀ 7 ਦਿਨਾਂ ਦੇ ਅੰਦਰ ਪੇਸ਼ ਕੀਤੇ ਜਾ ਸਕਦੇ ਹਨ ਦਾਅਵੇ : ਡਿਪਟੀ ਕਮਿਸ਼ਨਰ

-ਕਿਹਾ, ਸਬੰਧਤ ਐਸ.ਡੀ.ਐਮ ਦਫ਼ਤਰਾਂ 'ਚ ਪੇਸ਼ ਕੀਤੇ ਜਾ ਸਕਦੇ ਨੇ ਦਾਅਵੇ
ਹੁਸ਼ਿਆਰਪੁਰ, 27 ਅਗਸਤ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਆਮ ਲੋਕਾਂ, ਅਦਾਰਿਆਂ, ਸੰਸਥਾਵਾਂ, ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿਟ ਪਟੀਸ਼ਨ ਨੰਬਰ 19086 ਆੱਫ 2017 ਵਿਚ ਦਿੱਤੇ ਹੁਕਮਾਂ ਅਨੁਸਾਰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸਬੰਧੀ 25 ਅਗਸਤ 2017 ਨੂੰ ਆਏ ਫੈਸਲੇ ਤੋਂ ਬਾਅਦ ਹੋਈ ਹਿੰਸਾ ਵਿਚ ਜੇਕਰ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਹੈ, ਤਾਂ ਉਹ ਆਪਣੇ ਦਾਅਵੇ ਸਬੰਧਤ ਉਪ ਮੰਡਲ ਮੈਜਿਸਟਰੇਟ ਦਫ਼ਤਰ ਕੋਲ ਪੇਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਾਨੀ ਜਾਂ ਮਾਲੀ ਨੁਕਸਾਨ ਸਬੰਧੀ ਕੋਈ ਵੀ ਨਾਗਰਿਕ ਜਾਂ ਵਿਭਾਗ ਵੇਰਵਿਆਂ ਸਹਿਤ ਪ੍ਰੋਫਾਰਮੇ ਭਰਕੇ ਸਬੰਧਤ ਐਸ.ਡੀ.ਐਮ. ਦਫ਼ਤਰ ਵਿਖੇ ਆਪਣੇ ਦਾਅਵੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦਾਅਵੇ 7 ਦਿਨਾਂ ਦੇ ਅੰਦਰ-ਅੰਦਰ ਪੇਸ਼ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਿਰਧਾਰਤ ਪ੍ਰੋਫਾਰਮਾ ਆਪਣੇ ਇਲਾਕੇ ਦੇ ਐਸ.ਡੀ.ਐਮ ਦਫ਼ਤਰ ਜਾਂ ਦਫ਼ਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
                   ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਦਫ਼ਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਟੈਲੀਫੋਨ ਨੰਬਰ 01882-220301, ਐਸ.ਡੀ.ਐਮ ਦਫ਼ਤਰ ਹੁਸ਼ਿਆਰਪੁਰ ਦੇ 01882-220310, ਐਸ.ਡੀ.ਐਮ ਦਫ਼ਤਰ ਦਸੂਹਾ ਦੇ 01883-285022, ਐਸ.ਡੀ.ਐਮ ਦਫ਼ਤਰ ਮੁਕੇਰੀਆਂ ਦੇ 01883-244441 ਅਤੇ ਐਸ.ਡੀ.ਐਮ ਦਫ਼ਤਰ ਗੜ੍ਹਸ਼ੰਕਰ ਦੇ ਟੈਲੀਫੋਨ ਨੰਬਰ 01884-282022 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਪ੍ਰਭਾਵਿਤ ਵਿਅਕਤੀ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹੈ ਤਾਂ ਉਸ ਵਲੋਂ ਸਬੰਧਤ ਐਸ.ਡੀ.ਐਮ ਦਫ਼ਤਰ ਵਿਖੇ 7 ਦਿਨਾਂ ਦੇ ਅੰਦਰ-ਅੰਦਰ ਦਾਅਵੇ ਪੇਸ਼ ਕੀਤੇ ਜਾ ਸਕਦੇ ਹਨ।

ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ 'ਚ 25 ਨੂੰ ਛੁੱਟੀ ਦਾ ਐਲਾਨ, ਸੇਵਾ ਕੇਂਦਰ ਵੀ ਰਹਿਣਗੇ ਬੰਦ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਹੁਸ਼ਿਆਰਪੁਰ, 25 ਅਗਸਤ:  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਐਸ.ਐਸ.ਪੀ. ਸ੍ਰੀ ਜੇ.ਇਲਨਚੇਲੀਅਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਵਲੋਂ 26 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਦਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਵੀ ਇਸ ਦਿਨ ਬੰਦ ਰਹਿਣਗੇ।
             ਡਿਪਟੀ ਕਮਿਸ਼ਨਰ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸ਼ਨ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਇਸੇ ਤਰ੍ਹਾਂ ਬਰਕਰਾਰ ਰੱਖੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਸੀ ਭਾਈਚਾਰਾ, ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ।
ਐਸ.ਐਸ.ਪੀ. ਸ੍ਰੀ ਜੇ. ਇਲਨਚੇਲੀਅਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪੁਲਿਸ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀਂ ਘਟਨਾ ਨਹੀਂ ਵਾਪਰਨ ਦਿੱਤੀ ਜਾਵੇਗੀ, ਇਸ ਲਈ ਜ਼ਿਲ੍ਹਾ ਵਾਸੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਇਸੇ ਤਰ੍ਹਾਂ ਬਣਾਈ ਰੱਖਣ। ਉਨ੍ਹਾਂ ਅਪੀਲ ਕੀਤੀ ਕਿ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਵਾਸੀ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇਣ।
ਉਧਰ ਦੂਜੇ ਪਾਸੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ 26 ਅਗਸਤ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਸਬੰਧੀ ਜਾਰੀ ਕੀਤੇ ਗਏ ਹੁਕਮ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿੱਚ 26 ਅਗਸਤ 2017 ਨੂੰ ਛੁੱਟੀ ਰਹੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੀ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ 26 ਅਗਸਤ ਨੂੰ ਦਰਜਾ-1, 2 ਅਤੇ ਦਰਜਾ-3 ਸੇਵਾ ਕੇਂਦਰਾਂ ਨੂੰ ਬੰਦ ਰੱਖਣ ਦੇ ਹੁਕਮ ਵੀ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਕੀਤੇ ਗਏ ਹਨ।

ਹੁਣ ਸੇਵਾ ਕੇਂਦਰਾਂ 'ਚ ਗਮਾਡਾ ਨਾਲ ਸਬੰਧਤ 5 ਸੇਵਾਵਾਂ ਵੀ ਮਿਲਣਗੀਆਂ

-ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨ ਦੇਣ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 25 ਅਗਸਤ: ਪੰਜਾਬ ਸਰਕਾਰ ਵਲੋਂ ਰਾਜ ਵਿੱਚ ਲੋਕਾਂ ਨੂੰ ਇੱਕ ਛੱਤ ਹੇਠ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ਸੇਵਾ ਕੇਂਦਰਾਂ ਰਾਹੀਂ ਗਮਾਡਾ ਨਾਲ ਸਬੰਧਤ ਸੇਵਾਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਕਿਸੇ ਵੀ ਜ਼ਿਲ੍ਹੇ ਦਾ ਵਸਨੀਕ ਗਮਾਡਾ ਨਾਲ ਸਬੰਧਤ ਸੇਵਾਵਾਂ ਉਸੇ ਜ਼ਿਲ੍ਹੇ ਵਿੱਚ ਸਥਿਤ ਸੇਵਾ ਕੇਂਦਰ ਰਾਹੀਂ ਅਰਜ਼ੀ ਦੇ ਕੇ ਪ੍ਰਾਪਤ ਕਰ ਸਕੇਗਾ।
            ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਨਾਲ ਸਬੰਧਤ 5 ਸੇਵਾਵਾਂ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਦੇ 143 ਸੇਵਾ ਕੇਂਦਰਾਂ ਵਿੱਚ ਕਿਸੇ ਵੀ ਥਾਂ 'ਤੇ ਅਰਜ਼ੀ ਦੇ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿੱਚ ਰਿਹਾਇਸ਼ੀ ਇਮਾਰਤੀ ਨਕਸ਼ੇ/ਸੋਧੇ ਇਮਾਰਤੀ ਨਕਸ਼ੇ ਦੀ ਪ੍ਰਵਾਨਗੀ, ਵਪਾਰਕ ਇਮਾਰਤੀ ਨਕਸ਼ੇ/ਸੋਧੇ ਨਕਸ਼ੇ ਦੀ ਪ੍ਰਵਾਨਗੀ, ਇਮਾਰਤ ਲਈ ਮੁਕੰਮਲਤਾ ਸਰਟੀਫ਼ਿਕੇਟ/ਕਬਜ਼ਾ ਸਰਟੀਫ਼ਿਕੇਟ, ਇਤਰਾਜ਼ਹੀਣਤਾ ਸਰਟੀਫ਼ੀਕੇਟ/ਡੁਪਲੀਕੇਟ ਅਲਾਟਮੈਂਟ/ਰੀ-ਅਲਾਟਮੈਂਟ ਪੱਤਰ, ਜਲ ਸਪਲਾਈ ਤੇ ਸੀਵਰੇਜ ਕੁਨੈਕਸ਼ਨ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਗਮਾਡਾ ਨਾਲ ਸਬੰਧਤ ਕੰਮ-ਕਾਰ ਵਾਲੇ ਲੋਕਾਂ ਨੂੰ ਇਹ ਸੇਵਾਵਾਂ ਲਈ ਹੁਣ ਸੇਵਾ ਕੇਂਦਰਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
           ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਨਾ ਹੀ ਕਿਸੇ ਵੀ ਪ੍ਰਕਾਰ ਦੀਆਂ ਸੁਵਿਧਾਵਾਂ ਹਾਸਲ ਕਰਨ ਵਿੱਚ ਦਿੱਕਤ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਖੋਲ੍ਹੇ ਗਏ ਕੁੱਲ 143 ਸੇਵਾ ਕੇਂਦਰਾਂ ਵਿਚੋਂ 125 ਸੇਵਾ ਕੇਂਦਰ ਟਾਈਪ-3, ਟਾਈਪ-2 ਦੇ 17 ਅਤੇ ਇਕ ਸੇਵਾ ਕੇਂਦਰ ਟਾਈਪ-1 ਹੈ। ਉਨ੍ਹਾਂ ਸੇਵਾ ਕੇਂਦਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੇਵਾਵਾਂ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਆਮ ਲੋਕਾਂ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਖੁੱਲ੍ਹੇ ਰਹਿੰਦੇ ਹਨ ਅਤੇ ਕੇਵਲ ਐਤਵਾਰ ਨੂੰ ਹੀ ਬੰਦ ਹੁੰਦੇ ਹਨ।

ਵਿਰਾਸਤ-ਏ-ਖਾਲਸਾ 26 ਤੇ 27 ਅਗਸਤ ਨੂੰ ਸੈਲਾਨੀਆਂ ਲਈ ਰਹੇਗਾ ਬੰਦ

ਰੂਪਨਗਰ 25 ਅਗਸਤ  :ਜਿਲਾ ਮੈਜਿਸਟ੍ਰੇਟ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ 26 ਅਤੇ 27 ਅਗਸਤ ਨੂੰ ਵਿਰਾਸਤ-ਏ-ਖਾਲਸਾ ਬੰਦ ਰਖਣ ਦੇ ਹੁਕਮ ਜਾਰੀ ਕੀਤੇ ਹਨ ਇਹ ਹੁਕਮ ਡੇਰਾ ਸੱਚਾ ਸੋਦਾ ਮੁੱਖੀ ਰਾਮ ਰਹੀਮ ਦੇ ਖਿਲਾਫ ਸੀ.ਬੀ.ਆਈ.ਅਦਾਲਤ ਵਿੱਚ ਚਲਦੇ ਮੁਕੱਦਮੇ ਦੇ ਫੈਸਲੇ  ਅਤੇ ਸੈਲਾਨੀਆਂ ਦੀ ਘੱਟ ਆਮਦ ਤੇ ਆਮ ਲੋਕਾਂ ਦੀ ਸੁਰਖਿਆ ਨੂੰ ਮੁੱਖ ਰਖਦੇ ਹੋਏ ਜਾਰੀ ਕੀਤੇ ਹਨ 

ਵਾਤਾਵਰਨ ਸੰਭਾਲ ਲਈ ਵਧੇਰੇ ਰੁੱਖ ਲਗਾਉਣਾ ਸਮੇਂ ਦੀ ਲੋੜ: ਭੁਪੇਸ਼


  • ਉੱਨਤੀ ਸੁਸਾਇਟੀ ਵੱਲੋਂ ਹਰਿਆਲੀ ਮੁਹਿੰਮ ਨੂੰ ਭਰਪੂਰ ਹੁੰਗਾਰਾ

ਤਲਵਾੜਾ, 23 ਅਗਸਤ:  ਵਾਤਾਵਰਨ ਸੰਭਾਲ ਲਈ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹ ਪ੍ਰਗਟਾਵਾ ਇੱਥੇ ਬੀ. ਪੀ. ਈ. ਓ. ਭੁਪੇਸ਼ ਕੁਮਾਰੀ ਨੇ ਉੱਨਤੀ ਸੁਸਾਇਟੀ ਵੱਲੋਂ ਆਰੰਭੀ ਹਰਿਆਵਲ ਲਹਿਰ ਦੇ ਆਗਾਜ਼ ਮੌਕੇ ਕਰਦਿਆਂ ਕੀਤਾ। ਸੁਸਾਇਟੀ ਦੇ ਆਗੂ ਸਵਾਮੀ ਕਮਲ ਨੇਤਰ ਨੇ ਦੱਸਿਆ ਕਿ ਇਸ ਲਹਿਰ ਤਹਿਤ ਤਲਵਾੜਾ ਅਤੇ ਹਾਜੀਪੁਰ ਬਲਾਕ ਦੇ ਸਕੂਲਾਂ ਵਿਚ ਸੁਹਾਂਜਣਾ ਦੇ ਕਰੀਬ 2000 ਬੂਟੇ ਮੁਫ਼ਤ ਵੰਡੇ ਜਾ ਰਹੇ ਹਨ ਅਤੇ ਕੰਢੀ ਖੇਤਰ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਲਈ ਵਿਆਪਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ. ਐੱਚ. ਟੀ. ਪਰਕਾਸ਼ ਚੰਦ, ਸ਼ਰਨਜੀਤ ਕੌਰ, ਐੱਚ. ਟੀ. ਅਰੁਣ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਹੋਰ ਪਤਵੰਤੇ ਹਾਜਰ ਸਨ।

ਡਿਪਟੀ ਕਮਿਸ਼ਨਰ ਨੇ ਪ੍ਰਾਇਮਰੀ ਸਕੂਲਾਂ ਦੀ ਕੀਤੀ ਅਚਨਚੇਤ ਚੈਕਿੰਗ

-ਪ੍ਰਾਇਮਰੀ ਸਿੱਖਿਆ 'ਚ ਨਹੀਂ ਰਹਿਣ ਦਿੱਤੀ ਜਾਵੇਗੀ ਕੋਈ ਕਮੀ ਪੇਸ਼ੀ : ਡਿਪਟੀ ਕਮਿਸ਼ਨਰ
- ਜ਼ਿਲ੍ਹੇ ਦੇ 1256 ਪ੍ਰਾਇਮਰੀ ਸਕੂਲਾਂ 'ਚ ਪਹਿਲੀ ਤੋਂ 5ਵੀਂ ਕਲਾਸ ਤੱਕ ਪੜ੍ਹ ਰਹੇ ਨੇ 53,435 ਨੰਨ੍ਹੇ ਵਿਦਿਆਰਥੀ
-ਅਧਿਆਪਕਾਂ ਨੂੰ ਪੂਰੀ ਲਗਨ ਨਾਲ ਪੜ੍ਹਾਉਣ ਦੀ ਕੀਤੀ ਅਪੀਲ

ਹੁਸ਼ਿਆਰਪੁਰ, 23 ਅਗਸਤ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਵਿੱਚ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕ ਪੂਰੀ ਮਿਹਨਤ ਅਤੇ ਲਗਨ ਨਾਲ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਇਹ ਨੰਨ੍ਹੇ ਹੀ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਮੌਜੂਦਾ ਸਿੱਖਿਆ ਦੇ ਹਾਣ ਦਾ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦਾ ਪੜ੍ਹਾਈ ਦੇ ਖੇਤਰ ਵਿੱਚ ਮੁੱਢ ਬੰਨ੍ਹਣਾ ਅਤੇ ਉਨ੍ਹਾਂ ਨੂੰ ਨੇਕ ਇਨਸਾਨ ਬਣਾਉਣ ਵਿੱਚ ਅਧਿਆਪਕ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1256 ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਤੱਕ 53,435 ਬੱਚੇ ਪੜ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸਬ-ਡਵੀਜ਼ਨ ਦੇ 373 ਸਕੂਲਾਂ ਵਿੱਚ 21,516 ਬੱਚੇ, ਦਸੂਹਾ ਦੇ 314 ਸਕੂਲਾਂ ਵਿੱਚ 11,746, ਗੜ੍ਹਸ਼ੰਕਰ ਦੇ 273 ਸਕੂਲਾਂ ਵਿੱਚ 11,098 ਅਤੇ ਮੁਕੇਰੀਆਂ ਦੇ 296 ਸਕੂਲਾਂ ਵਿੱਚ 9,075 ਨੰਨ੍ਹੇ ਵਿਦਿਆਰਥੀ ਪੜ੍ਹ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਡ-ਡੇਅ-ਮੀਲ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਹਰ ਰੋਜ਼ ਵੱਖਰਾ-ਵੱਖਰਾ ਪੌਸ਼ਟਿਕ ਆਹਾਰ ਵੀ ਮੁਹੱਈਆ ਕਰਵਾਇਆ  ਜਾ ਰਿਹਾ ਹੈ, ਤਾਂ ਕਿ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਵਾਧਾ ਹੋ ਸਕੇ। ਉਨ੍ਹਾਂ ਅੱਜ ਮੇਘੋਵਾਲ ਅਤੇ ਮਹਿੰਗਰੋਵਾਲ ਪ੍ਰਾਇਮਰੀ ਸਕੂਲਾਂ ਦੀ ਚੈਕਿੰਗ ਦੌਰਾਨ ਬੱਚਿਆਂ ਕੋਲੋਂ ਸਵਾਲ-ਜਵਾਬ ਵੀ ਪੁੱਛੇ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨਾਲ ਦੋਸਤਾਨਾ ਮਾਹੌਲ ਸਥਾਪਿਤ ਕੀਤਾ ਜਾਵੇ, ਤਾਂ ਜੋ ਬੱਚੇ ਖੁਸ਼ੀ ਤੇ ਉਤਸ਼ਾਹ ਨਾਲ ਸਕੂਲ ਆਉਣ ਅਤੇ ਪੂਰੀ ਰੁਚੀ ਨਾਲ ਪੜ੍ਹਾਈ ਵੱਲ ਧਿਆਨ ਦੇਣ। ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਆਪਣੇ ਵਿਸ਼ੇ ਵਿੱਚ ਪੂਰੇ ਪ੍ਰਪੱਕ ਹੁੰਦੇ ਹਨ, ਇਸ ਲਈ ਵੱਧ ਤੋਂ ਵੱਧ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਦੁਆਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਲਿਆਉਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਲਗਨ ਅਤੇ ਰੁਚੀ ਪੈਦਾ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦਾ ਮੁੱਢ ਤੋਂ ਹੀ ਪੜ੍ਹਾਈ ਦਾ ਪੱਧਰ ਮਜ਼ਬੂਤ ਹੋ ਸਕੇ ਅਤੇ ਉਹ ਕੋਈ ਵੀ ਮੰਜ਼ਿਲ ਸਰ ਕਰ ਸਕਣ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ, ਇਸ ਲਈ ਅਧਿਆਪਕ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ।

ਥਾਣਾ ਬੁਲੋਵਾਲ ਸਾਂਝ ਕੇਂਦਰ ਵਿਖੇ ਲੀਗਲ ਏਡ ਕਲੀਨਿਕ ਸਥਾਪਿਤ ਕੀਤਾ

ਹੁਸ਼ਿਆਰਪੁਰ, 22 ਅਗਸਤ: ਮਾਨਯੋਗ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਨੀਲ ਕੁਮਾਰ ਅਰੋੜਾ ਦੀ ਅਗਵਾਈ ਹੇਠ ਥਾਣਾ ਬੁਲੋਵਾਲ ਸਾਂਝ ਕੇਂਦਰ ਵਿੱਚ ਲੀਗਲ ਏਡ ਕਲੀਨਿਕ / ਹੈਲਪ ਡੈਸਕ ਦੀ ਸਥਾਪਨਾ ਕੀਤੀ ਗਈ। ਇਸ ਦਾ ਰਸਮੀ ਤੌਰ 'ਤੇ ਉਦਘਾਟਨ ਸੀ.ਜੇ.ਐਮ.-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ਵਿਖੇ ਖੋਲ੍ਹੇ ਗਏ ਇਸ ਲੀਗਲ ਏਡ ਕਲੀਨਿਕ/ਹੈਲਪ ਡੈਸਕ ਵਿੱਚ ਆਉਣ ਵਾਲੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਅਥਾਰਟੀ ਵਲੋਂ ਚਲਾਈਆਂ ਗਈਆਂ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੀ.ਐਲ.ਵੀ. ਸ੍ਰੀਮਤੀ ਹਰਵਿੰਦਰ ਕੌਰ ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਲਗਾਈ ਗਈ ਹੈ, ਜੋ ਮਹੀਨੇ ਦੇ ਹਰੇਕ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣਗੇ। ਇਸ ਮੌਕੇ ਐਸ.ਐਚ.ਓ. ਸ੍ਰੀ ਪ੍ਰਦੀਪ ਸਿੰਘ, ਏ.ਐਸ.ਆਈ. ਸ੍ਰੀਮਤੀ ਮਨਿੰਦਰ ਕੌਰ, ਸਟਾਫ਼ ਮੈਂਬਰ ਸ੍ਰੀ ਪਲਵਿੰਦਰ ਸਿੰਘ ਅਤੇ ਪੀ.ਐਲ.ਵੀ. ਸ੍ਰੀ ਪਵਨ ਕੁਮਾਰ ਵੀ ਮੌਜੂਦ ਸਨ।

ਓਪਨ ਸ਼ੂਟਿੰਗ ਮੁਕਾਬਲਿਆਂ 'ਚ ਤਿਨਜੀਤ ਨੇ ਕੀਤਾ ਹੁਸ਼ਿਆਰਪੁਰ ਸਮੇਤ ਪੰਜਾਬ ਦਾ ਨਾਂ ਰੌਸ਼ਨ

-ਤਿਨਜੀਤ ਸ਼ੂਟਰ ਦੀ ਨਜ਼ਰ ਹੁਣ ਟੋਕੀਓ 'ਚ 2020 ਨੂੰ ਹੋਣ ਵਾਲੀਆਂ ਓਲੰਪਿਕਸ ਗੇਮਜ਼ ਵੱਲ
-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਹੁਸ਼ਿਆਰਪੁਰ, 18 ਅਗਸਤ: ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਤਿਨਜੀਤ ਧਨੋਤਾ ਨੇ ਓਪਨ ਸ਼ੂਟਿੰਗ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਸਮੇਤ ਪੰਜਾਬ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਦਿੱਤਾ ਹੈ। ਇਸ ਨੌਜਵਾਨ ਨੇ ਦੇਸ਼-ਵਿਦੇਸ਼ ਵਿੱਚ ਹੁਣ ਤੱਕ ਫਰੀ ਪਿਸਟਲ ਸ਼ੂਟਿੰਗ ਮੁਕਾਬਲਿਆਂ ਵਿੱਚ 14 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ 7 ਗੋਲਡ, 2 ਸਿਲਵਰ ਅਤੇ 5 ਕਾਂਸੇ ਦੇ ਤਮਗੇ ਸ਼ਾਮਲ ਹਨ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਇਸ ਨੌਜਵਾਨ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸ਼ੂਟਿੰਗ ਮੁਕਾਬਲਿਆਂ ਦੌਰਾਨ ਆਪਣੇ ਦ੍ਰਿੜ ਨਿਸ਼ਚੇ ਨਾਲ ਮੱਲ੍ਹਾਂ ਮਾਰਦਾ ਰਹੇ ਅਤੇ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕਾਉਂਦਾ ਰਹੇ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਨਾਲ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ, ਇਸ ਲਈ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਦਿਖਾਉਣ, ਕਿਉਂਕਿ ਖੇਡਾਂ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉਥੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਵੀ ਬਚਿਆ ਜਾ ਸਕਦਾ ਹੈ।ਸ੍ਰੀ ਵਿਪੁਲ ਉਜਵਲ ਨੇ ਤਿਨਜੀਤ ਦੇ ਮਾਪਿਆਂ ਨੂੰ ਵੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਚੰਗੀ ਪਰਵਰਿਸ਼ ਸਦਕਾ ਹੀ ਉਨ੍ਹਾਂ ਦਾ ਬੇਟਾ ਖੇਡਾਂ ਵਿੱਚ ਨਵੇਂ ਮੀਲ ਪੱਥਰ ਸਾਬਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਵਲੋਂ ਸ਼ੂਟਿੰਗ ਮੁਕਾਬਲਿਆਂ ਵਿੱਚ ਮਾਰੀਆਂ ਜਾ ਰਹੀਆਂ ਮੱਲ੍ਹਾਂ ਸਦਕਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੱਸਿਆ ਲਈ ਉਹ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ, ਕਿਉਂਕਿ ਚੰਗੇ ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਉਧਰ ਤਿਨਜੀਤ ਨੇ ਦੱਸਿਆ ਕਿ ਉਸ ਦਾ ਸੁਪਨਾ ਸਾਲ 2020 ਦੌਰਾਨ ਟੋਕੀਓ ਵਿੱਚ ਹੋਣ ਵਾਲੀਆਂ ਓਲੰਪਿਕਸ ਗੇਮਜ਼ ਵਿੱਚ ਖੇਡਣਾ ਹੈ, ਜਿਸ ਲਈ ਉਹ ਸਖ਼ਤ ਮਿਹਨਤ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਉਹ ਰੂਸ, ਕੋਰੀਆ ਅਤੇ ਪੋਲੈਂਡ ਵਿਖੇ ਸੈਕੰਡ ਓਲੰਪਿਕਸ ਗੇਮਜ਼ (ਵਰਲਡ ਯੂਨੀਵਰਸਿਟੀ ਗੇਮਜ਼) ਵਿਖੇ ਖੇਡਣ ਤੋਂ ਇਲਾਵਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਲਗਾਤਾਰ 2014, 2015 ਅਤੇ 2016 ਵਿੱਚ ਵੀ ਓਪਨ ਸ਼ੂਟਿੰਗ ਮੁਕਾਬਲੇ ਖੇਡ ਚੁੱਕਾ ਹੈ। ਉਸ ਨੇ ਹੁਣ ਤੱਕ ਵਿਦੇਸ਼ੀ ਧਰਤੀ ਵਿੱਚ 3 ਅਤੇ ਦੇਸ਼ ਵਿੱਚ 12 ਮੁਕਾਬਲਿਆਂ ਵਿੱਚ ਹਿੱਸਾ ਲੈ ਕੇ 14 ਮੈਡਲ ਜਿੱਤੇ ਹਨ, ਜਿਸ ਵਿੱਚ 7 ਗੋਲਡ, 2 ਸਿਲਵਰ ਅਤੇ 5 ਕਾਂਸੇ ਦੇ ਤਮਗੇ ਸ਼ਾਮਲ ਹਨ। ਉਸ ਨੇ ਦੱਸਿਆ ਕਿ ਇਸੇ ਸਾਲ 2017 ਵਿੱਚ ਉਸ ਨੇ 'ਕੁਮਾਰ ਸੁਰੇਂਦਰਾ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ' ਦਿੱਲੀ ਵਿੱਚ 50 ਮੀਟਰ ਫਰੀ ਪਿਸਟਲ ਸ਼ੂਟਿੰਗ ਵਿੱਚ ਵੀ ਇਕ ਗੋਲਡ ਅਤੇ ਇਕ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ।

ਡੇਅਰੀ ਉਦਮ ਸਿਖਲਾਈ ਦੇ ਬੈਚ ਲਈ ਇੰਟਰਵਿਊ 18 ਅਗਸਤ ਨੂੰ

ਹੁਸ਼ਿਆਰਪੁਰ, 16 ਅਗਸਤ:ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਲਈ 6 ਹਫਤਿਆਂ ਦਾ ਡੇਅਰੀ ਉਦਮ ਸਿਖਲਾਈ ਦਾ ਬੈਚ ਚਲਾਇਆ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਹਰਸ਼ਰਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਬੰਧੀ ਇੰਟਰਵਿਊ 18 ਅਗਸਤ ਨੂੰ ਡੇਅਰੀ ਟਰੇਨਿੰਗ ਸੈਂਟਰ ਫਗਵਾੜਾ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਸਿਖਿਆਰਥੀ ਆਪਣੇ ਬਿਨੈਪੱਤਰ 18 ਅਗਸਤ ਤੋਂ ਪਹਿਲਾਂ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ ਦੇ ਕਮਰਾਂ ਨੰ: 439, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਸਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਘੱਟ ਤੋਂ ਘੱਟ 5 ਦੁਧਾਰੂ ਪਸ਼ੂ ਹੋਣੇ ਚਾਹੀਦੇ ਹਨ।  

ਵਾਤਾਵਰਣ ਦੀ ਸਾਂਭ-ਸੰਭਾਲ ਦਾ ਸੁਨੇਹਾ ਦਿੰਦੀ ਸਾਈਕਲ ਰੈਲੀ ਰਵਾਨਾ

-ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਅਤੇ ਐਸ.ਐਸ.ਪੀ. ਨੇ ਕੀਤੀ ਸ਼ਿਰਕਤ
ਹੁਸ਼ਿਆਰਪੁਰ, 16 ਅਗਸਤ:ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਦੁਆਰਾ ਅੱਜ ਸ਼ਹਿਰ ਵਿੱਚ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਵਾਤਾਵਰਣ ਦੀ ਸਾਂਭ-ਸੰਭਾਲ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਸਮਾਜ ਦੀ ਸਥਾਪਨਾ ਕਰਨਾ ਹੈ। ਇਸ ਰੈਲੀ ਵਿੱਚ 1000 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ।  ਇਸ ਰੈਲੀ ਦੀ ਸ਼ੁਰੂਆਤ ਹਲਕਾ ਵਿਧਾਇਕ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਜੇ. ਇਲਨਚੇਲੀਅਨ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਵਲੋਂ ਹਵਾ ਵਿੱਚ ਗੁਬਾਰੇ ਛੱਡ ਕੇ ਅਤੇ ਸ਼ਾਂਤੀ ਦਾ ਪ੍ਰਤੀਕ ਕਬੂਤਰਾਂ ਨੂੰ ਉਡਾ ਕੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਵਲੋਂ ਇਹ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਕਲ ਰੈਲੀ ਜਦੋਂ ਸ਼ਹਿਰ ਵਿੱਚੋਂ ਗੁਜ਼ਰੇਗੀ, ਤਾਂ ਸ਼ਹਿਰ ਵਾਸੀਆਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਚੰਗੀ ਸਿਹਤ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ ਜਾ ਸਕਦਾ ਹੈ, ਬਾਰੇ ਆਮ ਲੋਕਾਂ ਵਿੱਚ ਚੰਗਾ ਸੰਦੇਸ਼ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੀ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ਹਿਰ ਹੁਸ਼ਿਆਰਪੁਰ ਨੂੰ ਹਰਿਆ-ਭਰਿਆ ਬਣਾਉਣ ਲਈ ਇਹ ਇਕ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਮਾਜਿਕ ਕੰਮਾਂ ਲਈ ਮੱਦਦ ਕਰਨ ਦੀ ਗੱਲ ਹੁੰਦੀ ਤਾਂ ਸਾਨੂੰ ਤਨ, ਮਨ ਤੇ ਧਨ ਨਾਲ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਇਹ ਸਾਈਕਲ ਰੈਲੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕਰੇਗੀ।   ਐਸ.ਐਸ.ਪੀ. ਹੁਸ਼ਿਆਰਪੁਰ ਸ੍ਰੀ ਜੇ.ਇਲਨਚੇਲੀਅਨ ਨੇ ਇਸ ਮੌਕੇ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਰੋਕਥਾਮ ਕਰਨ ਲਈ ਜ਼ਿਲ੍ਹਾ ਪੁਲਿਸ ਵਲੋਂ ਵੱਧ ਤੋਂ ਵੱਧ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਇਹ ਸਾਈਕਲ ਰੈਲੀ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਲਈ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਸਵਾਮੀ ਓਮੇਸ਼ਾ ਨੰਦ ਅਤੇ ਸਵਾਮੀ ਸਜਾਨਾ ਨੰਦ ਨੇ ਵੀ ਵਾਤਾਵਰਣÎ ਦੀ ਸਾਂਭ-ਸੰਭਾਲ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਰੈਲੀ ਨੂੰ ਉਘੇ ਪੰਜਾਬੀ ਗਾਇਕ ਸ੍ਰੀ ਫਿਰੋਜ ਖਾਨ ਨੇ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਰੁੱਖਾਂ ਬਾਰੇ ਆਪਣਾ ਗੀਤ ਗਾ ਕੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ, ਸ੍ਰੀਮਤੀ ਸੁਦੇਸ਼ ਸਾਂਪਲਾ, ਸ੍ਰੀ ਭਾਰਤ ਭੂਸ਼ਨ ਵਰਮਾ, ਸ੍ਰੀਮਤੀ ਸੁਸ਼ਮਾ ਸੇਤੀਆ, ਸ੍ਰੀ ਮੁਨੀਸ਼ ਗੁਪਤਾ, ਸ੍ਰੀ ਸਤੀਸ਼ ਗੁਪਤਾ, ਸ੍ਰੀ ਸੋਰਵ ਭੁਪਾਲ, ਸ੍ਰੀ ਹਰੀਸ਼ ਕਪੂਰ, ਸ੍ਰੀ ਤਿਲਕ ਰਾਜ ਗੁਪਤਾ, ਸ੍ਰੀ ਰਾਜੀਵ ਅਗਰਵਾਲ, ਸ੍ਰੀ ਰਵਿੰਦਰ ਅਗਰਵਾਲ ਅਤੇ ਦਿਨੇਸ਼ ਕੌਸ਼ਲ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਕਮਲਜੀਤ ਸੇਤੀਆ ਨੇ ਆਏ ਹੋਏ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ। ਇਹ ਰੈਲੀ ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਗੌਤਮ ਨਗਰ ਤੋਂ ਸ਼ੁਰੂ ਹੋ ਕੇ ਸ਼ਿਮਲਾ ਪਹਾੜੀ ਚੌਕ, ਬਹਾਦਰਪੁਰ ਚੌਕ, ਕੇਸ਼ੋ ਮੰਦਰ, ਗਊਸ਼ਾਲਾ ਬਾਜ਼ਾਰ, ਬੱਸ ਸਟੈਂਡ ਅਤੇ ਰੌਸ਼ਨ ਗਰਾਉਂਡ ਆਦਿ ਰਸਤਿਆਂ ਤੋਂ ਹੁੰਦੀ ਹੋਈ ਸਮਾਪਤ ਹੋਈ।

ਦਰੱਖਤ ਚੋਰੀ ਕਰਨ ਵਾਲੇ ਤਸਕਰਾਂ ਨੂੰ ਭੇਜਿਆ ਜਾਵੇਗਾ ਜੇਲ੍ਹ : ਜੰਗਲਾਤ ਮੰਤਰੀ

-ਕਿਹਾ, ਹੁਸ਼ਿਆਰਪੁਰ ਦੇ ਵਣ ਚੇਤਨਾ ਅਤੇ ਐਡਵੈਂਚਰ ਪਾਰਕਾਂ ਦੀ ਹੋਵੇਗੀ ਜਾਂਚ
- 2 ਕਰੋੜ ਪੌਦੇ ਲਗਾ ਕੇ ਸੂਬੇ ਨੂੰ ਬਣਾਇਆ ਜਾ ਰਿਹਾ ਹੈ ਹਰਿਆ-ਭਰਿਆ : ਧਰਮਸੋਤ

ਹੁਸ਼ਿਆਰਪੁਰ, 15 ਅਗਸਤ:  ਜੰਗਲਾਤ ਮੰਤਰੀ ਪੰਜਾਬ ਸ੍ਰ: ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਰਾਜ ਦੇ ਜੰਗਲਾਂ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਦਰੱਖਤ ਚੋਰੀ ਕਰਨ ਵਾਲੇ ਤਸਕਰਾਂ ਖਿਲਾਫ਼ ਪਰਚੇ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹ ਅੱਜ ਹੁਸ਼ਿਆਰਪੁਰ ਵਿਖੇ ਆਜ਼ਾਦੀ ਦਿਹਾੜੇ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰ: ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਦਰੱਖਤਾਂ ਦੀ ਚੋਰੀ ਕਰਨ ਵਾਲੇ ਤਸਕਰਾਂ ਖਿਲਾਫ਼ ਪੂਰੀ ਸਖਤੀ ਦਿਖਾਈ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਫੜੇ ਜਾਣ ਵਾਲੇ ਤਸਕਰਾਂ ਨੂੰ ਕੇਵਲ ਜ਼ੁਰਮਾਨਾ ਕਰਕੇ ਛੱਡ ਦਿੱਤਾ ਜਾਂਦਾ ਸੀ, ਪਰ ਹੁਣ ਇਨ੍ਹਾਂ 'ਤੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ, ਤਾਂ ਜੋ ਸੂਬੇ ਦੀ ਕੀਮਤੀ ਜੰਗਲਾਤ ਸੰਪਤੀ ਨੂੰ ਬਚਾਇਆ ਜਾ ਸਕੇ,  ਇਸ ਦੌਰਾਨ ਜਦੋਂ ਉਨ੍ਹਾਂ ਦਾ ਧਿਆਨ ਜਿਲ੍ਹੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ 2 ਪਾਰਕਾਂ ਵਣ ਚੇਤਨਾ ਪਾਰਕ ਅਤੇ ਐਡਵੈਂਚਰ ਪਾਰਕ ਵਿੱਚੋਂ ਕੱਟੇ ਗਏ ਕੀਮਤੀ ਦਰੱਖਤਾਂ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ, ਤਾਂ ਉਨ੍ਹਾਂ ਨੇ ਉਸੇ ਵੇਲੇ ਡੀ.ਐਫ.ਓ. ਨੂੰ ਇਨਕੁਆਰੀ ਕਰਕੇ ਇਕ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਦਰੱਖਤ ਕੱਟਣ ਦੇ ਜ਼ਿੰਮੇਵਾਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਪਾਰਕਾਂ ਦੀ ਰਖਵਾਲੀ ਅਤੇ ਸਾਂਭ-ਸੰਭਾਲ ਕਰਨਾ ਜੰਗਲਾਤ ਵਿਭਾਗ ਦੀ ਹੀ ਜ਼ਿੰਮੇਵਾਰੀ ਹੈ, ਪਰ ਜੇਕਰ ਇਸ ਸਬੰਧੀ ਕੋਈ ਢਿੱਲ ਪਾਈ ਜਾਂਦੀ ਹੈ, ਤਾਂ ਸਬੰਧਤ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।   ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਜੰਗਲਾਤ ਮੰਤਰੀ ਸ੍ਰ: ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੜਕਾਂ ਚੌੜੀਆਂ ਕਰਨ ਲਈ ਭਾਵੇਂ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਪਰ ਇਸ ਦੀ ਪੂਰਤੀ ਕਰਨ ਲਈ ਜੰਗਲਾਤ ਵਿਭਾਗ ਵਲੋਂ ਸੂਬੇ ਵਿੱਚ 2 ਕਰੋੜ ਪੌਦੇ ਲਗਾਏ ਜਾ ਰਹੇ ਹਨ, ਤਾਂ ਜੋ ਪੰਜਾਬ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।

ਵਿਲੱਖਣ ਪ੍ਰਾਪਤੀਆਂ ਵਾਲੀਆਂ 36 ਸਖਸ਼ੀਅਤਾਂ ਸਨਮਾਨਿਤ

ਹੁਸ਼ਿਆਰਪੁਰ, 15 ਅਗਸਤ:ਅੱਜ ਹੁਸ਼ਿਆਰਪੁਰ ਵਿਖੇ 71ਵੇਂ ਆਜ਼ਾਦੀ ਦਿਵਸ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਅਮਿੱਟ ਯਾਦਾਂ ਛੱਡ ਗਿਆ। ਜਿਥੇ ਸਕੂਲੀ ਵਿਦਿਆਰਥੀਆਂ ਦੇ ਦੇਸ਼ ਭਗਤੀ ਨਾਲ ਸਬੰਧਤ ਸਭਿਆਚਾਰਕ ਪ੍ਰੋਗਰਾਮ ਨੇ ਚੰਗਾ ਰੰਗ ਬੰਨਿਆ, ਉਥੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਜੰਗਲਾਤ ਮੰਤਰੀ ਪੰਜਾਬ ਸ੍ਰ: ਸਾਧੂ ਸਿੰਘ ਧਰਮਸੋਤ ਵਲੋਂ ਜ਼ਿਲ੍ਹੇ ਦੀਆਂ 36 ਵਿਲੱਖਣ ਪ੍ਰਾਪਤੀਆਂ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਮਿਸ ਹਰਦੀਪ ਭਾਂਵਰਾ ਸਹਾਇਕ ਕਮਿਸ਼ਨਰ ਸਟੇਟ ਟੈਕਸ, ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਤਹਿਸੀਲਦਾਰ ਹੁਸ਼ਿਆਰਪੁਰ, ਸ੍ਰੀਮਤੀ ਪ੍ਰਵੀਨ ਕੁਮਾਰੀ ਸਰਪੰਚ ਚਤਰਪੁਰ, ਸ੍ਰੀ ਸੰਦੀਪ ਕੁਮਾਰ, ਸ੍ਰੀ ਸੁਖਵਿੰਦਰ ਸਿੰਘ ਜੱਜ, ਸ੍ਰੀ ਮਹਿੰਦਰ ਸਿੰਘ ਧਨੋਆ, ਡਾ. ਰਜੇਸ਼ ਕੁਮਾਰ ਬੱਗਾ ਸੀਨੀਅਰ ਮੈਡੀਕਲ ਅਫ਼ਸਰ ਦਸੂਹਾ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਦਸਵੀਂ ਅਤੇ ਬਾਹਰਵੀਂ ਕਲਾਸ ਵਿੱਚ ਅਵੱਲ ਰਹਿਣ ਵਾਲੇ ਲੜਕੇ ਅਤੇ ਲੜਕੀਆਂ ਨੂੰ ਵੀ ਪ੍ਰਸ਼ੰਸਾ ਪੱਤਰ ਸੌਂਪੇ ਗਏ, ਜਿਨ੍ਹਾਂ ਵਿੱਚ ਕੁਮਾਰੀ ਮਨਜੀਤ ਕੌਰ, ਕੁਮਾਰੀ ਪਲਵੀ, ਕੁਮਾਰੀ ਨੇਹਾ, ਕਰਨ ਜ਼ੋਸ਼ੀ, ਸੁਦਾਸ਼ੂ ਸ਼ਰਮਾ, ਹਰਪ੍ਰੀਤ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 'ਸਾਂਝੀ ਰਸੋਈ' ਅਤੇ ਰੈਡ ਕਰਾਸ ਨੂੰ ਸਹਿਯੋਗ ਦੇਣ ਵਾਲੇ ਸ੍ਰੀ ਰਜੀਵ ਬਜਾਜ, ਪ੍ਰੋਫੈਸਰ ਕੁਲਦੀਪ ਕੌਰ ਕੋਹਲੀ, ਸ੍ਰੀਮਤੀ ਵਿਨੋਦ ਓਹਰੀ, ਪ੍ਰੋਫੈਸਰ ਸ਼ਾਖਾ ਸੂਦ ਅਤੇ ਸ੍ਰੀਮਤੀ ਸੁਨੀਤਾ ਦੇਵੀ ਨੂੰ ਸਨਮਾਨਿਆ ਗਿਆ।ਅੰਤਰ ਰਾਸ਼ਟਰੀ ਹਾਕੀ ਵਿੱਚ ਸਿਲਵਰ ਮੈਡਲ ਲੈਣ ਵਾਲੇ ਸ੍ਰੀ ਜਸਵੀਰ ਸਿੰਘ ਅਤੇ ਸ੍ਰੀ ਨਰੋਤਮ ਕੁਮਾਰ ਤੋਂ ਇਲਾਵਾ ਵਿਦਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਸ੍ਰੀ ਨਰਿੰਦਰ ਅਰੋੜਾ, ਸ੍ਰੀ ਇੰਦਰਜੀਤ ਸਿੰਘ ਨੂੰ ਵੀ ਸਨਮਾਨਿਆ ਗਿਆ। ਉਕਤ ਤੋਂ ਇਲਾਵਾ ਸ੍ਰੀ ਬਲਕਾਰ ਸਿੰਘ, ਸ੍ਰੀ ਵਰਿੰਦਰ ਕੁਮਾਰ ਪਟਵਾਰੀ, ਸ੍ਰੀ ਉਪਿੰਦਰ ਸਿੰਘ, ਸ੍ਰੀਮਤੀ ਸੋਨੀ ਦੇਵੀ, ਸ੍ਰੀ ਜਗਦੀਸ਼ ਪ੍ਰਸ਼ਾਦ, ਐਸ.ਆਈ. ਅਸ਼ਵਨੀ ਕੁਮਾਰ, ਏ.ਐਸ.ਆਈ. ਰਾਜਵਿੰਦਰ ਸਿੰਘ, ਮੁੱਖ ਸਿਪਾਹੀ ਜਸਵੀਰ ਸਿੰਘ, ਮਾਸਟਰ ਮਹਿੰਦਰ ਸਿੰਘ, ਸ੍ਰੀ ਕਰਨੈਲ ਸਿੰਘ ਸੀਨੀਅਰ ਲੈਕਚਰਾਰ, ਸ੍ਰੀ ਪ੍ਰਦੀਪ ਕੁਮਾਰ, ਸ੍ਰੀ ਜਗਜੀਤ ਸਿੰਘ ਗਿੱਲ, ਐਨ.ਡੀ. ਚੌਧਰੀ ਅਤੇ ਸ੍ਰੀ ਵਰਿੰਦਰ ਕੁਮਾਰ ਨੂੰ ਵੀ ਸ਼ਲਾਘਾਯੋਗ ਕੰਮ ਬਦਲੇ ਸਨਮਾਨਿਤ ਕੀਤਾ ਗਿਆ।

ਯਾਦਗਾਰੀ ਹੋ ਨਿੱਬੜਿਆ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਵਣ ਕਵੀ ਦਰਬਾਰ

ਤਲਵਾੜਾ, 11 ਅਗਸਤ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਦੇਸ਼ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ।
ਸਮਾਗਮ ਦੀ ਪ੍ਰਧਾਨਗੀ ਡਾ. ਸੁਰਿੰਦਰ ਮੰਡ ਨੇ ਕਰਦਿਆਂ ਕਿਹਾ ਕਿ ਦੇਸ਼ ਆਪਣੇ ਮਾਣਮੱਤੇ ਕੌਮੀ ਪਰਵਾਨਿਆਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ ਅਤੇ ਉਨ੍ਹਾਂ ਮਹਾਨ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਹਰ ਭਾਰਤਵਾਸੀ ਨੂੰ ਤਹਿਦਿਲੋਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਧਰਵਾਲ ਬਦਨਸੀਬ, ਰਾਜਿੰਦਰ ਮਹਿਤਾ, ਹਰਸ਼ਵਿੰਦਰ ਕੌਰ, ਜਸਬੀਰ ਕੌਰ ਜੱਸ, ਅਨੁਰਾਧਾ ਕਾਫਿਰ, ਹੈਰੀ ਰੰਧਾਵਾ ਵੱਲੋਂ ਭਰਪੂਰ ਹਾਜਰੀ ਲਵਾਈ ਗਈ। ਜਿਕਰਯੋਗ ਹੈ ਕਿ ਇਸ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਦੋਆਬਾ ਵੈੱਬ ਰੇਡੀਉ ਵੱਲੋਂ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਿੰਦਰ ਸਿੰਘ ਤਲਵਾੜਾ, ਵੀਰ ਕਰਨ ਰੰਧਾਵਾ, ਜੀ. ਐੱਸ. ਭੰਵਰਾ, ਪ੍ਰਿਅੰਕਾ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਪੰਜਾਬ ਸਰਕਾਰ ਵਲੋਂ ਲੋੜਵੰਦਾਂ ਨੂੰ ਪੇਟ ਭਰ ਖਾਣਾ ਖੁਆਉਣ ਦੇ ਚੁੱਕੇ ਬੀੜੇ ਨੂੰ ਹੁਸ਼ਿਆਰਪੁਰ ਦੀ 'ਸਾਂਝੀ ਰਸੋਈ' ਨੇ ਕੀਤਾ ਸਾਰਥਕ

-ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਵਲੋਂ ਇਕ ਲੱਖ ਰੁਪਏ ਦਾ ਯੋਗਦਾਨ
ਹੁਸ਼ਿਆਰਪੁਰ, 5 ਅਗਸਤ: ਪੰਜਾਬ ਸਰਕਾਰ ਵਲੋਂ ਜਿਥੇ ਜ਼ਰੂਰਤਮੰਦ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਖੁਆਉਣ ਦਾ ਬੀੜਾ ਚੁੱਕਿਆ ਗਿਆ ਹੈ, ਉਥੇ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਨੇ ਚੁੱਕੇ ਗਏ ਇਸ ਬੀੜੇ ਨੂੰ ਸਾਰਥਕ ਸਾਬਤ ਕਰ ਦਿੱਤਾ ਹੈ। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਖੋਲ੍ਹੀ ਗਈ 'ਸਾਂਝੀ ਰਸੋਈ' ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ ਅਤੇ ਦਾਨੀ ਸੱਜਣਾਂ ਵਲੋਂ ਵੀ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ, ਅਧਿਕਾਰੀਆਂ, ਸ਼ਹਿਰ ਵਾਸੀਆਂ ਤੋਂ ਇਲਾਵਾ ਹੁਣ ਉਦਯੋਗਪਤੀ ਵੀ ਆਪਣਾ ਯੋਗਦਾਨ ਪਾ ਕੇ ਇਸ ਉਦਮ ਨੂੰ ਹੋਰ ਪੱਬਾਂ ਭਾਰ ਕਰ ਰਹੇ ਹਨ। ਅੱਜ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਹੁਸ਼ਿਆਰਪੁਰ ਵਲੋਂ ਇਕ ਲੱਖ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੂੰ ਸੌਂਪਿਆ ਗਿਆ ਹੈ। ਇਹ ਚੈਕ ਸ੍ਰੀਮਤੀ ਵਿਨੋਦ ਓਹਰੀ ਮੈਂਬਰ ਕਾਰਜਕਾਰਨੀ ਕਮੇਟੀ ਜ਼ਿਲ੍ਹਾ ਰੈਡ ਕਰਾਸ ਹਸਪਤਾਲ ਸੈਕਸ਼ਨ ਵਲੋਂ ਸੌਂਪਿਆ ਗਿਆ ਅਤੇ ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਤੇ ਸ੍ਰੀ ਰਾਜੀਵ ਬਜਾਜ ਵੀ ਉਨ੍ਹਾਂ ਦੇ ਨਾਲ ਸਨ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਪਾਏ ਗਏ ਇਸ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਸਾਂਝੀ ਰਸੋਈ' ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਲੋਕਾਂ ਨੂੰ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 150 ਤੋਂ ਵੱਧ ਦਾਨੀ ਸੱਜਣਾਂ ਵਲੋਂ ਸਹਿਯੋਗ ਦਿੱਤਾ ਗਿਆ ਹੈ ਅਤੇ ਕਈ ਦਾਨੀ ਸਖਸ਼ੀਅਤਾਂ ਵਲੋਂ ਆਪਣੇ ਵਿਸ਼ੇਸ਼ ਦਿਨ 'ਸਾਂਝੀ ਰਸੋਈ' ਵਿੱਚ ਮਨਾਉਣ ਲਈ ਬੁੱਕ ਵੀ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰੀ ਗਿਣਤੀ ਵਿੱਚ ਦਾਨੀ ਸੱਜਣਾਂ ਵਲੋਂ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਵਿਸ਼ੇਸ਼ ਯਾਦਾਂ ਮਨਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 'ਸਾਂਝੀ ਰਸੋਈ' ਵਿੱਚ ਵਿਸ਼ੇਸ਼ ਯਾਦ ਮਨਾਉਣ ਨਾਲ ਦਾਨੀ ਸੱਜਣਾਂ ਨੂੰ ਖਾਣਾ ਖੁਆ ਕੇ ਮਾਨਵਤਾ ਦੀ ਸੇਵਾ ਕਰਨ ਦਾ ਇਕ ਸੁਨਹਿਰੀ ਮੌਕਾ ਮਿਲਦਾ ਹੈ।  ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ 'ਸਾਂਝੀ ਰਸੋਈ' ਖੋਲ੍ਹਣ ਦਾ ਮੁੱਖ ਉਦੇਸ਼ ਗਰੀਬ, ਬੇਸਹਾਰਾ ਅਤੇ ਬੇਘਰੇ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਖਾਣਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਖਾਣੇ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਵੀ ਕਰਵਾਈ ਜਾ ਰਹੀ ਹੈ, ਤਾਂ ਜੋ ਲੋੜਵੰਦਾਂ ਨੂੰ ਪੌਸ਼ਟਿਕ ਖਾਣਾ ਹੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਹੁਸ਼ਿਆਰਪੁਰ ਵਲੋਂ 'ਸਾਂਝੀ ਰਸੋਈ' ਲਈ ਪਹਿਲਾਂ ਵੀ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਉਹ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ।

ਡਾਕ ਬੀਮਾ ਅਤੇ ਜੀਵਨ ਪਾਲਿਸੀਆਂ ਨੂੰ ਮੁੜ ਚਾਲੂ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ

ਹੁਸ਼ਿਆਰਪੁਰ, 1 ਅਗਸਤ: ਸੀਨੀਅਰ ਸੁਪਰਡੈਂਟ ਡਾਕਘਰ ਹੁਸ਼ਿਆਰਪੁਰ ਸ੍ਰੀ ਐਮ.ਐਸ. ਰਾਣਾ ਨੇ ਦੱਸਿਆ ਕਿ ਭਾਰਤੀ ਡਾਕ ਵਿਭਾਗ ਵਲੋਂ ਬੰਦ ਹੋਈਆਂ ਡਾਕ ਬੀਮਾ ਪਾਲਿਸੀਆਂ ਅਤੇ ਗ੍ਰਾਮੀਣ ਡਾਕ ਜੀਵਨ ਪਾਲਿਸੀਆਂ ਨੂੰ ਮੁੜ ਚਾਲੂ ਕਰਨ ਲਈ ਵਿਸ਼ੇਸ਼ ਮੁਹਿੰਮ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਜੋ 31 ਅਗਸਤ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਡਾਕ ਜੀਵਨ ਬੀਮਾ ਅਤੇ ਗ੍ਰਾਮੀਣ ਡਾਕ ਜੀਵਨ ਬੀਮਾ ਨਿਵੇਸ਼ ਪੱਖੋਂ ਸਹੀ ਚੋਣ ਹੈ ਅਤੇ ਇਨ੍ਹਾਂ ਵਿੱਚ 'ਘੱਟ ਕਿਸ਼ਤ ਉਪਰ ਵਧੇਰੇ ਬੋਨਸ' ਦਿੱਤਾ ਜਾਂਦਾ ਹੈ। ਇਨ੍ਹਾਂ ਬੀਮਾ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਲਗਾਤਾਰ ਪ੍ਰੀਮੀਅਮ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਬੀਮਾ ਪਾਲਿਸੀਆਂ ਜੋ 3 ਸਾਲ ਤੋਂ ਘੱਟ ਚਾਲੂ ਰਹੀਆਂ ਹਨ ਜਾਂ ਪ੍ਰੀਮੀਅਮ ਦਾ ਭੁਗਤਾਨ 6 ਮਹੀਨੇ ਤੋਂ ਵੱਧ ਲੰਬਿਤ ਹੈ ਅਤੇ ਅਜਿਹੀਆਂ ਪਾਲਿਸੀਆਂ ਜੋ 3 ਸਾਲ ਤੋਂ ਵੱਧ ਚਾਲੂ ਰਹੀਆਂ ਹਨ ਅਤੇ ਪ੍ਰੀਮੀਅਮ ਦਾ ਭੁਗਤਾਨ 12 ਮਹੀਨੇ ਤੋਂ ਵੱਧ ਨਹੀਂ ਕੀਤਾ ਗਿਆ, ਅਜਿਹੀਆ ਪਾਲਿਸੀਆਂ ਨੂੰ ਬੰਦ ਪਾਲਿਸੀਆਂ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੰਦ ਹੋ ਚੁੱਕੀ ਪਾਲਿਸੀ ਦਾ ਕੋਈ ਕਲੇਮ ਨਹੀਂ ਦਿੱਤਾ ਜਾਂਦਾ। ਹਰ ਸਾਲ ਬੋਨਸ ਦਾ ਅਨੰਦ ਲੈਣ ਲਈ ਬੰਦ ਪਾਲਿਸੀ ਨੂੰ ਚਾਲੂ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਗ੍ਰਾਹਕ ਪਾਲਿਸੀ ਨੂੰ ਚਾਲੂ ਕਰਨ ਦਾ ਤਰੀਕਾ ਨਹੀਂ ਜਾਣਦੇ, ਅਜਿਹੇ ਗ੍ਰਾਹਕਾਂ ਨੂੰ ਸੁਚੇਤ ਕਰਨ ਲਈ ਡਾਕ ਵਿਭਾਗ ਨੋਟਿਸ ਜਾਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵਲੋਂ ਪਾਲਿਸੀ ਚਾਲੂ ਕਰਨ ਦਾ ਅਭਿਆਨ ਹੁਸ਼ਿਆਰਪੁਰ ਦੇ ਸਾਰੇ ਡਾਕਘਰਾਂ ਵਿੱਚ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਦੇ ਦੌਰਾਨ ਬੀਮਾ ਧਾਰਕ ਹੁਸ਼ਿਆਰਪੁਰ ਸੀ.ਪੀ.ਸੀ. 01882-235301, ਦਸੂਹਾ ਸੀ.ਪੀ.ਸੀ. 01883-285077 ਅਤੇ ਹੁਸ਼ਿਆਰਪੁਰ ਮੰਡਲ 01882-247477 ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।

ਪੰਜਾਬ ਸਰਕਾਰ ਸੂਬੇ 'ਚ ਹੋਰ ਪ੍ਰਸ਼ਾਸ਼ਨਿਕ ਸੁਧਾਰ ਲਿਆਉਣ ਲਈ ਵਚਨਬੱਧ

- ਸੇਵਾ ਕੇਂਦਰਾਂ 'ਚ 11 ਹੋਰ ਸਰਕਾਰੀ ਸੇਵਾਵਾਂ ਕੀਤੀਆਂ ਸ਼ਾਮਲ
- ਪੰਜਾਬ ਮੰਡੀ ਬੋਰਡ ਦੀਆਂ 8 ਅਤੇ 3 ਸੇਵਾਵਾਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 5 ਅਗਸਤ:ਪੰਜਾਬ ਸਰਕਾਰ ਨੇ ਸੂਬੇ ਵਿੱਚ ਹੋਰ ਪ੍ਰਸ਼ਾਸ਼ਨਿਕ ਸੁਧਾਰ ਲਿਆਉਣ ਲਈ ਵਚਨਬੱਧਤਾ ਦੁਹਰਾਉਂਦਿਆਂ 11 ਨਵੀਆਂ ਸਰਕਾਰੀ ਸੇਵਾਵਾਂ ਸ਼ਾਮਲ ਕੀਤੀਆਂ ਹਨ, ਜੋ ਜ਼ਿਲ੍ਹਿਆਂ ਦੇ ਸੇਵਾ ਕੇਂਦਰਾਂ ਵਿੱਚ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜਨਤਕ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਜਿਨ੍ਹਾਂ 11 ਹੋਰ ਨਵੀਆਂ ਸਰਕਾਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਪੰਜਾਬ ਰਾਜ ਮੰਡੀ ਬੋਰਡ ਨਾਲ ਸੰਬਧਤ 8 ਸੇਵਾਵਾਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਐਨ.ਓ. ਸੀ., ਡੁਪਲੀਕੇਟ ਅਲਾਟਮੈਂਟ ਅਤੇ ਰੀ-ਅਲਾਟਮੈਂਟ ਪੱਤਰ, ਕਨਵੇਂਅਸ ਡੀਡ, ਨੋ ਡਿਊ ਸਰਟੀਫਿਕੇਟ, ਵੇਚਣ ਦੇ ਲਈ ਜਾਇਦਾਦ ਦੀ ਰੀ-ਟਰਾਂਸਫਰ, ਮੌਤ ਹੋਣ 'ਤੇ ਜਾਇਦਾਦ ਰੀ-ਟਰਾਂਸਫਰ ਕਰਨ ਅਤੇ ਕਰਜੇ ਲਈ ਐਨ.ਓ.ਸੀ. ਸਰਟੀਫਿਕੇਟ ਆਦਿ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਦਫ਼ਤਰ ਨਾਲ ਸਬੰਧਤ 3 ਸੇਵਾਵਾਂ ਵਿੱਚ ਫਿੱਟਨੈਸ ਸਰਟੀਫਿਕੇਟ ਕਮਰਸ਼ੀਅਲ ਵਾਹਨ, 2 ਸਾਲ ਤੱਕ ਦਾ ਟੈਕਸ ਕਲੀਅਰਐਂਸ ਸਰਟੀਫਿਕੇਟ ਅਤੇ 2 ਸਾਲ ਬਾਅਦ ਟੈਕਸ ਕਲੀਅਰਐਂਸ ਸਰਟੀਫਿਕੇਟ ਆਦਿ ਸਰਕਾਰੀ ਸੇਵਾਵਾਂ ਵੀ ਹੁਣ ਸਮਾਂਬੱਧ ਢੰਗ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ 143 ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾਣਗੀਆਂ।ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਵੱਖ ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਜਨਤਕ ਸੇਵਾਵਾਂ, ਇਨ੍ਹਾਂ ਸੇਵਾ ਕੇਂਦਰਾਂ ਰਾਹੀਂ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਕਰ ਕਿਸੇ ਨੂੰ ਵੀ ਸੇਵਾ ਕੇਂਦਰ 'ਤੇ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸੇਵਾ ਕੇਂਦਰ ਸਬੰਧੀ ਹੈਲਪ ਲਾਈਨ ਨੰ. 01882-220308 (ਸਹਾਇਕ ਕਮਿਸ਼ਨਰ, ਸ਼ਿਕਾਇਤਾਂ) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕਾਰਜਸ਼ੀਲ ਕੁੱਲ 143 ਸੇਵਾ ਕੇਂਦਰਾਂ ਵਿਚੋਂ ਇੱਕ ਟਾਇਪ ਵਨ, 17 ਟਾਇਪ ਟੂ ਅਤੇ 125 ਟਾਇਪ ਥ੍ਰੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਆਮ ਲੋਕਾਂ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਖੁੱਲ੍ਹੇ ਰਹਿੰਦੇ ਹਨ ਅਤੇ ਕੇਵਲ ਐਤਵਾਰ ਨੂੰ ਹੀ ਬੰਦ ਹੁੰਦੇ ਹਨ।

ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਵਲੋਂ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ

-ਕਿਹਾ, ਹੰਗਾਮੀ ਸਥਿਤੀ 'ਚ ਵਿਭਾਗਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ  -ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਬੈਠ
ਹੁਸ਼ਿਆਰਪੁਰ, 2 ਅਗਸਤ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹ ਅੱਜ ਸੰਭਾਵੀ ਹੜ੍ਹਾਂ ਸਬੰਧੀ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਸਬ-ਡਵੀਜ਼ਨਾਂ ਵਿੱਚ ਸੈਕਟਰ ਵਾਈਜ਼ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਮੈਡੀਕਲ ਤੇ ਵੈਟਰਨਰੀ ਟੀਮਾਂ, ਫੂਡ ਐਂਡ ਸਪਲਾਈਜ਼ ਵਿਭਾਗ ਤੋਂ ਇਲਾਵਾ ਫਲੱਡ ਟਰੇਂਡ ਕਰਮਚਾਰੀ, ਸਬੰਧਤ ਸਰਪੰਚ-ਨੰਬਰਦਾਰ ਅਤੇ ਐਨ.ਜੀ.ਓਜ਼ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਵਰਗੀ ਹੰਗਾਮੀ ਸਥਿਤੀ ਵਿੱਚ ਵਿਭਾਗਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ, ਤਾਂ ਜੋ ਅਜਿਹੇ ਹਾਲਾਤ ਨਾਲ ਸੁਚਾਰੂ ਢੰਗ ਨਾਲ ਨਜਿੱਠਿਆ ਜਾ ਸਕੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਭਾਗਾਂ ਨੂੰ ਪਹਿਲਾਂ ਹੀ ਜਿੰਮੇਵਾਰੀਆਂ ਸੌਂਪੀਆਂ ਜਾ ਚੁੱਕੀਆਂ ਹਨ, ਇਸ ਲਈ ਵਿਭਾਗ ਯਕੀਨੀ ਬਣਾਉਣ ਕਿ ਉਨ੍ਹਾਂ ਨਾਲ ਸਬੰਧਤ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਰਹੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਸਥਿਤੀ ਬਾਰੇ ਰੋਜ਼ਾਨਾ ਨਿਗਰਾਨੀ ਰੱਖੀ ਜਾਵੇਗੀ, ਇਸ ਲਈ ਐਸ.ਡੀ.ਐਮਜ਼ ਪੂਰੀ ਗੰਭੀਰਤਾ ਨਾਲ ਸਾਰੇ ਪ੍ਰਬੰਧ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਦਸੂਹਾ ਅਤੇ ਮੁਕੇਰੀਆਂ ਸਬ-ਡਵੀਜ਼ਨਾਂ ਦੇ ਕੁਝ ਇਲਾਕੇ ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਹੋ ਸਕਦੇ ਹਨ। ਇਸ ਲਈ ਐਸ.ਡੀ.ਐਮਜ਼ ਬਾਕੀ ਪ੍ਰਬੰਧਾਂ ਦੇ ਨਾਲ-ਨਾਲ ਸਥਾਪਿਤ ਕੀਤੇ ਗਏ ਫਲੱਡ ਕੰਟਰੋਲ ਰੂਮਾਂ ਦੀ ਨਿਗਰਾਨੀ ਵੀ ਰੱਖਣ, ਤਾਂ ਜੋ ਇਹ ਕੰਟਰੋਲ ਰੂਮ 24 ਘੰਟੇ ਲਈ ਨਿਰਵਿਘਨ ਕੰਮ ਕਰਨ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਿਹਤ ਸਹੂਲਤਾਂ ਸਬੰਧੀ ਅਗੇਤੇ ਪ੍ਰਬੰਧ ਕਰ ਲਏ ਜਾਣ, ਤਾਂ ਜੋ ਲੋੜ ਪੈਣ 'ਤੇ ਇਹ ਸਹੂਲਤ ਜ਼ਰੂਰਤਮੰਦਾਂ ਤੱਕ ਪਹੁੰਚ ਸਕੇ।ਸ੍ਰੀ ਵਿਪੁਲ ਉਜਵਲ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਪੀਣ ਵਾਲੇ ਪਾਣੀ, ਪਸ਼ੂਧਨ ਦੀ ਸੰਭਾਲ ਲਈ ਤੂੜੀ, ਹਰੇ ਚਾਰੇ ਅਤੇ ਦਵਾਈਆਂ, ਖਾਧ ਪਦਾਰਥਾਂ, ਟ੍ਰਾਂਸਪੋਰਟੇਸ਼ਨ, ਸੁਰੱਖਿਅਤ ਥਾਵਾਂ ਦੀ ਨਿਸ਼ਾਨਦੇਹੀ ਅਤੇ ਹੋਰ ਜ਼ਰੂਰੀ ਪਹਿਲੂਆਂ ਸਬੰਧੀ ਤਿਆਰੀ ਰੱਖਣ, ਤਾਂ ਜੋ ਅਜਿਹੇ ਹਾਲਾਤ ਪੈਦਾ ਹੋਣ ਦੀ ਸੂਰਤ ਵਿੱਚ ਢੁੱਕਵੇਂ ਕਦਮ ਚੁੱਕਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਵਰਤੋਂ ਵਿੱਚ ਆਉਣ ਵਾਲੇ ਉਪਲਬੱਧ ਸਾਧਨ ਵੀ ਤਿਆਰ ਰੱਖੇ ਜਾਣ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਹਿਰਾਂ ਅਤੇ ਚੋਆਂ ਵਿੱਚ ਨਹਾਉਣ ਤੋਂ ਗੁਰੇਜ਼ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਦਸੂਹਾ ਸ੍ਰੀ ਹਿੰਮਾਸ਼ੂ ਅਗਰਵਾਲ, ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਮਾਲ ਅਫਸਰ ਸ੍ਰੀ ਅਮਨਪਾਲ ਸਿੰਘ, ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਸ੍ਰੀਮਤੀ ਰਜਨੀਸ਼ ਕੌਰ, ਡੀ.ਐਸ.ਪੀ. ਸ੍ਰੀ ਜੰਗ ਬਹਾਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪ੍ਰਦੂਸ਼ਣ ਦੀ ਰੋਕਥਾਮ ਲਈ ਇਕਜੁੱਟਤਾ ਦਾ ਦਿੱਤਾ ਸੱਦਾ

-ਕੰਬਾਇਨ ਮਾਲਕ ਕੰਬਾਇਨਾਂ 'ਤੇ ਸੁਪਰ ਐਸ.ਐਮ.ਐਸ. ਲਗਾਉਣਾ ਯਕੀਨੀ ਬਣਾਉਣ : ਡਿਪਟੀ ਕਮਿਸ਼ਨਰ
-ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕੀਤੀ ਵਿਸ਼ੇਸ਼ ਮੀਟਿੰਗ

ਹੁਸ਼ਿਆਰਪੁਰ, 1 ਅਗਸਤ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਇਕਜੁੱਟਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਕੰਬਾਇਨ ਮਾਲਕ ਕੰਬਾਇਨਾਂ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਇਜ਼ਾਦ ਕੀਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐਸ.ਐਮ.ਐਸ.) ਨੂੰ ਲਗਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਉਦਯੋਗਪਤੀਆਂ ਅਤੇ ਵਪਾਰੀਆਂ ਸਮੇਤ ਸਮਾਜ ਦੇ ਹਰੇਕ ਵਰਗ ਦੀ ਸ਼ਮੂਲੀਅਤ ਨਾਲ ਹੀ ਪ੍ਰਦੂਸ਼ਣ ਦੀ ਰੋਕਥਾਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਪਿਛਲੇ ਸਾਲ ਇਸ ਦੀ ਮਾਰ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪ੍ਰਦੂਸ਼ਣ ਰਹਿਤ ਸਾਫ਼ ਵਾਤਾਵਰਣ ਵਿੱਚ ਜਿਉਣਾ ਹੈ, ਤਾਂ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦਾ ਪ੍ਰਣ ਕਰਨ। ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਕਣਕ/ਝੋਨੇ ਦੇ ਨਾੜ ਸਮੇਤ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਕਾਫ਼ੀ ਗੰਭੀਰ ਹੈ ਅਤੇ ਉਸ ਵਲੋਂ ਇਸ ਸਬੰਧੀ ਸਖ਼ਤੀ ਨਾਲ ਕਦਮ ਪੁੱਟਣ ਦੇ ਆਦੇਸ਼ ਦਿੱਤੇ ਗਏ ਹਨ। ਇਥੋਂ ਤੱਕ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਸੈਟੇਲਾਈਟ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਕਣਕ ਅਤੇ ਝੋਨੇ ਦੇ ਨਾੜ ਨੂੰ ਅੱਗ ਲਾਉਣ ਕਰਕੇ ਫੈਲਦਾ ਹੈ। ਇਸ ਲਈ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ ਆਫ਼ ਦਿੱਲੀ ਅਤੇ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਫ਼ਸਲ ਦੀ ਕੰਬਾਇਨਾਂ ਨਾਲ ਕਟਾਈ ਦੌਰਾਨ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਨੂੰ ਲਗਾਉਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਕੰਬਾਇਨ ਪਿੱਛੇ ਲਗਾ ਕੇ ਪ੍ਰਯੋਗ ਕਰਨ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਬਾਰੀਕ ਕਰਕੇ ਖੇਤ ਵਿੱਚ ਹੀ ਆਸਾਨੀ ਨਾਲ ਇਕਸਾਰ ਖਿਲਾਰਨ ਉਪਰੰਤ ਰੋਟਾਵੇਟਰ ਦੀ ਵਰਤੋਂ ਕਰਕੇ ਮਿੱਟੀ ਵਿੱਚ ਮਿਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪ੍ਰਯੋਗ ਨਾਲ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ/ਕਣਕ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਦੂਸ਼ਿਤ ਹੁੰਦਾ ਹੀ ਹੈ, ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਇੱਟਾਂ ਦੇ ਭੱਠਿਆਂ, ਫੈਕਟਰੀਆਂ ਦੀਆਂ ਚਿਮਨੀਆਂ ਅਤੇ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ 'ਤੇ ਵੀ ਕੰਟਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਹਾਰਵੈਸਟਰ ਕੰਬਾਇਨਾਂ ਦੇ ਮਾਲਕਾਂ ਅਤੇ ਓਪਰੇਟਰਾਂ ਨੂੰ ਝੋਨੇ ਦੀ ਕਟਾਈ ਸਮੇਂ ਸੁਪਰ ਐਸ.ਐਮ.ਐਸ. ਲਗਾਉਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਖੇਤੀਬਾੜੀ ਅਫ਼ਸਰ ਸ੍ਰੀ ਗੁਰਬਖਸ਼ ਸਿੰਘ, ਹਾਰਵੈਸਟਰ ਕੰਬਾਇਨ ਦੇ ਮਾਲਕਾਂ/ਓਪਰੇਟਰਾਂ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।  

ਕਿੰਨੂ, ਮਾਲਟਾ, ਨਿੰਬੂ, ਅੰਬ ਅਤੇ ਅਮਰੂਦ ਲਗਾਉਣ ਲਈ ਢੁੱਕਵਾਂ ਸਮਾਂ

-ਚਾਹਵਾਨ ਕਿਸਾਨ ਸਦਾਬਹਾਰ ਬੂਟੇ ਲਗਾਉਣ ਲਈ ਬਾਗਬਾਨੀ ਵਿਭਾਗ ਨਾਲ ਸੰਪਰਕ ਕਰਨ: ਡਿਪਟੀ ਕਮਿਸ਼ਨਰ
-ਕਿਹਾ, ਕਿਸਾਨ ਫ਼ਸਲੀ ਚੱਕਰ 'ਚੋਂ ਨਿਕਲ ਕੇ ਸਹਾਇਕ ਧੰਦੇ ਵੀ ਅਪਣਾਉਣ

ਹੁਸ਼ਿਆਰਪੁਰ, 29 ਜੁਲਾਈ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਅਗਸਤ-ਸਤੰਬਰ ਦਾ ਮਹੀਨਾ ਸਦਾਬਹਾਰ ਫਲਦਾਰ ਬੂਟੇ ਕਿੰਨੂ, ਮਾਲਟਾ, ਨਿੰਬੂ, ਅੰਬ ਅਤੇ ਅਮਰੂਦ ਆਦਿ ਲਗਾਉਣ ਲਈ ਢੁੱਕਵਾਂ ਸਮਾਂ ਹੈ, ਇਸ ਲਈ ਚਾਹਵਾਨ ਕਿਸਾਨ ਇਨ੍ਹਾਂ ਬੂਟਿਆਂ ਦੇ ਬਾਗ ਲਗਾਉਣ ਲਈ ਬਾਗਬਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਹੋਰ ਸੁਧਾਰ ਹੋ ਸਕੇ,ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਨਵੇਂ ਬਾਗ ਲਗਾਉਣ ਲਈ ਢੁਕਵੀਂ ਜ਼ਮੀਨ ਦੀ ਚੋਣ, ਮਿੱਟੀ ਪਰਖ, ਟੋਏ ਪੁੱਟਣ-ਭਰਨ ਅਤੇ ਲੋੜੀਂਦੇ ਬੂਟੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਨਰਸਰੀਆਂ ਤੋਂ ਬੁੱਕ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਫਲਦਾਰ ਬੂਟੇ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਛਾਉਣੀ ਕਲਾਂ, ਭੂੰਗਾ, ਖਿਆਲਾ-ਬੁਲੰਦਾ, ਸੈਂਟਰ ਆਫ ਐਕਸੀਲੈਂਸ ਖਨੌੜਾ ਵਿਖੇ ਉਪਲਬੱਧ ਹਨ। ਇਸ ਤੋਂ ਇਲਾਵਾ ਜਿਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਸੂਹਾ ਨੇੜਲੇ ਗੰਗੀਆ ਖੋਜ ਕੇਂਦਰ ਤੋਂ ਵੀ ਬੂਟੇ ਮਿਲ ਸਕਦੇ ਹਨ, ਉਥੇ ਬਾਗਬਾਨੀ ਵਿਭਾਗ ਤੋਂ ਮਾਨਤਾ ਪ੍ਰਾਪਤ 4 ਰਜਿਸਟਰਡ ਨਰਸਰੀਆਂ ਰਾਹੀਂ ਵੀ ਬਾਗਬਾਨਾਂ ਨੂੰ ਬੂਟੇ ਸਪਲਾਈ ਕੀਤੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਗ ਲਗਾਉਣ ਸਮੇਂ ਸਿਟਰਸ ਅਸਟੇਟ ਹੁਸ਼ਿਆਰਪੁਰ ਵਿੱਚ ਮਿੱਟੀ ਅਤੇ ਪੱਤਾ ਪਰਖ ਲੈਬੋਰਟਰੀ ਤੋਂ ਮਿੱਟੀ ਟੈਸਟ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇ, ਤਾਂ ਕਿ ਢੁੱਕਵੇਂ ਫਲ ਦੀ ਚੋਣ ਕੀਤੀ ਜਾ ਸਕੇ ਅਤੇ ਬੇਲੋੜੀਆਂ ਖਾਦਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬਾਗ ਲਗਾਉਣ ਸਮੇਂ ਟੋਏ ਪੁੱਟਣ ਲਈ ਸਿਟਰਸ ਅਸਟੇਟ ਹੁਸ਼ਿਆਰਪੁਰ ਅਤੇ ਭੂੰਗਾ ਵਿਖੇ ਟਰੈਕਟਰ ਨਾਲ ਚੱਲਣ ਵਾਲਾ 'ਡਿਗਰ' ਉਪਲਬੱਧ ਹੈ ਅਤੇ ਸਿਟਰਸ ਅਸਟੇਟ ਦੇ ਮੈਂਬਰ ਬਣ ਕੇ ਇਹ ਸੁਵਿਧਾ ਫਿਕਸ ਰੇਟ 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਰਸਰੀ ਤੋਂ ਬੂਟੇ ਲੈਣ ਸਮੇਂ ਚੰਗੀ ਕਿਸਮ ਦਾ ਰੋਗ ਰਹਿਤ ਅਤੇ ਸਿਹਤਮੰਦ ਬੂਟਾ ਜੋ ਕਿ ਦੋ ਤੋਂ ਢਾਈ ਫੁੱਟ ਹੋਵੇ, ਹੀ ਲੈਣਾ ਚਾਹੀਦਾ ਹੈ। ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਆਪਣੇ ਘਰ ਜਾਂ ਟਿਊਵਬੈਲ ਅਤੇ ਘਰੇਲੂ ਵਰਤੋਂ ਲਈ ਕੁੱਝ ਫਲਦਾਰ ਬੂਟੇ ਲਾਉਣੇ ਚਾਹੀਦੇ ਹਨ, ਤਾਂ ਜੋ ਆਪਣੀਆ ਖੁਰਾਕੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਉਧਰ ਦੂਜੇ ਪਾਸੇ ਸਰਕਾਰੀ ਫ਼ਲ ਸੁਰੱਖਿਆ ਲੈਬ ਛਾਉਣੀ ਕਲਾਂ ਤੋਂ ਹਰ ਸਾਲ ਕਰੀਬ 7 ਹਜ਼ਾਰ ਬੋਤਲਾਂ ਸੁਕੈਸ਼, ਜੈਮ, ਟਮਾਟਰ ਸੋਸ ਆਦਿ ਤਿਆਰ ਕਰਕੇ ਨਾ-ਲਾਭ ਨਾ-ਹਾਨੀ ਅਨੁਸਾਰ ਕਿਸਾਨਾਂ ਨੂੰ ਸਪਲਾਈ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲੈਬ ਤੋਂ ਕਿਸਾਨ ਅਤੇ ਆਮ ਲੋਕ ਆਪਣਾ ਸਮਾਨ ਲਿਆ ਕੇ ਵੀ ਫ਼ਲ ਪਦਾਰਥ ਤਿਆਰ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਬਾਗਾਂ ਹੇਠ 8911.47 ਹੈਕਟੇਅਰ ਰਕਬਾ ਅਤੇ ਸਬਜ਼ੀਆਂ ਹੇਠ 27189 ਹੈਕਟੇਅਰ ਰਕਬਾ ਸਾਬਤ ਕਰਦਾ ਹੈ ਕਿ ਕਿਸਾਨ ਖੇਤੀ ਸੈਕਟਰ ਵਿੱਚ ਨਵੇਂ ਮੀਲ ਪੱਥਰ ਸਾਬਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖੇਤੀ ਵੰਨ-ਸੁਵੰਨਤਾ ਲਿਆਉਣ 'ਚ ਹੁਸ਼ਿਆਰਪੁਰ ਜ਼ਿਲ੍ਹਾ ਮੋਹਰੀ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ ਅਤੇ ਕਿਸਾਨ ਫਸਲੀ ਚੱਕਰ ਵਿੱਚੋਂ ਨਿਕਲ ਕੇ ਆਪਣੀ ਆਰਥਿਕਤਾ ਹੋਰ ਮਜ਼ਬੂਤ ਕਰ ਰਹੇ ਹਨ।ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਨਵੇਂ ਬਾਗ ਲਗਾਉਣ ਲਈ ਅਤੇ ਬੂਟਿਆਂ ਦੀ ਸਪਲਾਈ ਪ੍ਰਾਪਤ ਕਰਨ ਲਈ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੀਆਂ ਚੱਲ ਰਹੀਆ ਹੋਰ ਸਕੀਮਾਂ ਬਾਰੇ ਵੀ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਦਫ਼ਤਰ ਜਾਂ ਸਬੰਧਤ ਬਲਾਕ ਦੇ ਬਾਗਬਾਨੀ ਵਿਕਾਸ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਖੇਤੀ ਮਾਹਿਰਾਂ ਦੀ ਸਲਾਹ ਤੋਂ ਬਿਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ : ਡਿਪਟੀ ਕਮਿਸ਼ਨਰ

-ਕਿਹਾ, ਗੈਰ ਮਿਆਰੀ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਵੇਚਣ ਵਾਲੇ ਡੀਲਰਾਂ ਖਿਲਾਫ਼ ਕੀਤੀ ਜਾਵੇ ਕਾਰਵਾਈ
-ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ
ਹੁਸ਼ਿਆਰਪੁਰ,  30 ਜੁਲਾਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਿਸਾਨ ਖੇਤੀ ਮਾਹਿਰਾਂ ਦੀ ਸਲਾਹ ਤੋਂ ਬਿਨ੍ਹਾਂ ਧੜਾਧੜ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ, ਬਲਕਿ ਲੋੜ ਮੁਤਾਬਕ ਹੀ ਇਨ੍ਹਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਦ, ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਕੁਆਲਟੀ ਚੈਕ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇ, ਤਾਂ ਜੋ ਕਿਸਾਨਾਂ ਨੂੰ ਮਿਆਰੀ ਖੇਤੀ ਇਨਪੁਟਸ ਉਪਲਬੱਧ ਕਰਵਾਏ ਜਾ ਸਕਣ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਮਿਆਰੀ ਖਾਦਾਂ, ਬੀਜਾਂ ਅਤੇ ਕੀੜੇਮਾਰ ਦਵਾਈਆਂ ਹੀ ਵੇਚਣ ਅਤੇ ਇਨ੍ਹਾਂ ਸਬੰਧੀ ਸਟਾਕ ਅਤੇ ਰੇਟ ਦੇ ਬੋਰਡ ਲੱਗੇ ਹੋਣੇ ਵੀ ਬਹੁਤ ਜ਼ਰੂਰੀ ਹਨ, ਤਾਂ ਜੋ ਕਿਸਾਨ ਨੂੰ ਪਤਾ ਚੱਲ ਸਕੇ ਕਿ ਕਿਹੜੀ ਦਵਾਈ ਦਾ ਕਿੰਨਾ ਰੇਟ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਡੀਲਰ ਵੇਚੀ ਗਈ ਦਵਾਈ ਜਾਂ ਹੋਰ ਖੇਤੀ ਸਮੱਗਰੀ ਦਾ ਬਿੱਲ ਕਿਸਾਨ ਨੂੰ ਜ਼ਰੂਰ ਦੇਣ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੀਟਨਾਸ਼ਕ ਦਵਾਈਆਂ, ਖਾਦਾਂ ਜਾਂ ਬੀਜ ਲੈਣ ਸਮੇਂ ਡੀਲਰ ਤੋਂ ਬਿੱਲ ਜ਼ਰੂਰ ਕਟਵਾਉਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੇਲੇ ਸਾਹਮਣੇ ਆਉਂਦਾ ਹੈ ਕਿ ਜੋ ਕੀੜੇਮਾਰ ਦਵਾਈਆਂ ਡੀਲਰਾਂ ਪਾਸੋਂ ਖਰੀਦੀਆਂ ਜਾਂਦੀਆਂ ਹਨ, ਉਹ ਮਿਆਰੀ ਨਹੀਂ ਹੁੰਦੀਆਂ, ਇਸ ਲਈ ਖੇਤੀਬਾੜੀ ਵਿਭਾਗ ਯਕੀਨੀ ਬਣਾਵੇ ਕਿ ਇਨ੍ਹਾਂ ਦੀ ਸੁਚਾਰੂ ਢੰਗ ਨਾਲ ਚੈਕਿੰਗ ਕੀਤੀ ਜਾਵੇ, ਤਾਂ ਜੋ ਕਿਸਾਨਾਂ ਤੱਕ ਮਿਆਰੀ ਖੇਤੀ ਇਨਪੁਟਸ ਹੀ ਪਹੁੰਚਾਏ ਜਾ ਸਕਣ। ਉਨ੍ਹਾਂ ਦੱਸਿਆ ਕਿ ਜੇਕਰ ਚੈਕਿੰਗ ਦੌਰਾਨ ਭਰੇ ਗਏ ਸੈਂਪਲ ਗੈਰ-ਮਿਆਰੀ ਪਾਏ ਜਾਂਦੇ ਹਨ, ਤਾਂ ਸਬੰਧਤ ਡੀਲਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਆਰੰਭੀ ਜਾਵੇ।ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਖੇਤੀ ਲਈ ਬੀਜ, ਖਾਦਾਂ ਜਾਂ ਕੀੜੇਮਾਰ ਦਵਾਈਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਨਾਲ ਹੀ ਖਰੀਦੇ ਜਾਣ, ਤਾਂ ਜੋ ਫ਼ਸਲ ਵਧੀਆ ਹੋ ਸਕੇ ਅਤੇ ਕਿਸਾਨ ਨੂੰ ਕਿਸੇ ਵੀ ਆਰਥਿਕ ਹਾਨੀ ਦਾ ਨੁਕਸਾਨ ਨਾ ਝੱਲਣਾ ਪਵੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨ ਧੜਾਧੜ ਖਾਦਾਂ ਜਾਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ, ਕਿਉਂਕਿ ਇਸ ਨਾਲ ਜਿਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ, ਉਥੇ ਨਾਲ ਹੀ ਫ਼ਸਲ ਵੀ ਖਰਾਬ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫ਼ਸਲਾਂ ਤੋਂ ਵੱਧ ਤੋਂ ਵੱਧ ਝਾੜ ਪ੍ਰਾਪਤ ਕਰਨ ਲਈ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਦਵਾਈਆਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਖੇਤੀਬਾੜੀ ਅਫ਼ਸਰ ਸ੍ਰੀ ਗੁਰਬਖਸ਼ ਸਿੰਘ ਨੇ ਦੱਸਿਆ ਕਿ ਬੀਜਾਂ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਕੁਆਲਟੀ ਚੈਕ ਕਰਨ ਲਈ ਵਿਭਾਗ ਵਲੋਂ 'ਕੁਆਲਟੀ ਕੰਟਰੋਲ ਮੁਹਿੰਮ' ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੌਰਾਨ ਸੈਂਪਲ ਭਰਨ ਲਈ ਟੀਚੇ ਵੀ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਾਲ ਖਾਦਾਂ ਦੇ 127, ਕੀੜੇਮਾਰ ਜ਼ਹਿਰਾਂ ਦੇ 150 ਜਦਕਿ ਬੀਜਾਂ ਦੇ 350 ਸੈਂਪਲ ਭਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਮਿਆਰੀ ਖੇਤੀ ਇਨਪੁਟਸ ਉਪਲਬੱਧ ਕਰਵਾਉਣ ਲਈ ਚੈਕਿੰਗ ਮੁਹਿੰਮ ਹੋਰ ਤੇਜ਼ ਕਰ ਦਿੱਤੀ ਜਾਵੇਗੀ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)