ਯਾਦਗਾਰੀ ਹੋ ਨਿਬੜਿਆ ਪਾਸਿੰਗ ਆਊਟ ਪਰੇਡ ਸਮਾਰੋਹ

ਪੁਲਿਸ ਕਰਮੀਆਂ ਦਾ ਅਮਨ-ਕਾਨੂੰਨ ਪੈਦਾ ਕਰਨ 'ਚ ਅਹਿਮ ਯੋਗਦਾਨ : ਐਸ. ਚਟੋਪਾਧਿਆ
ਹੁਸ਼ਿਆਰਪੁਰ, 28 ਅਪ੍ਰੈਲ:ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲ੍ਹਾਂ ਵਿਖੇ ਬੈਚ ਨੰਬਰ 251 ਦੇ ਬੇਸਿਕ ਰਿਕਰੂਟਸ ਟਰੇਨਿੰਗ ਕੋਰਸ (ਜ਼ਿਲ੍ਹਾ ਕੇਡਰ)  ਦਾ ਪਾਸਿੰਗ ਆਊਟ ਪਰੇਡ ਸਮਾਰੋਹ ਯਾਦਗਾਰੀ ਹੋ ਨਿਬੜਿਆ। ਸ਼੍ਰੀ ਐਸ. ਚਟੋਪਾਧਿਆ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਐਚ.ਆਰ.ਡੀ. ਪੰਜਾਬ ਨੇ ਬਤੌਰ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕੀਤਾ ਅਤੇ ਪ੍ਰਭਾਵਸ਼ਾਲੀ  ਮਾਰਚ ਪਾਸਟ ਤੋਂ ਸਲਾਮੀ ਲਈ।
         ਮੁੱਖ-ਮਹਿਮਾਨ ਸ਼੍ਰੀ ਐਸ. ਚਟੋਪਾਧਿਆ ਨੇ ਪਰੇਡ ਦੀ ਸ਼ਲਾਘਾ ਕਰਦੇ ਹੋਏ ਸਮੂਹ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਡਿਊਟੀ ਨੂੰ ਹਰ ਵੇਲੇ ਪਹਿਲ ਦੇ ਆਧਾਰ 'ਤੇ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀਆਂ ਦਾ ਸਮਾਜ ਵਿੱਚ ਅਮਨ ਅਤੇ ਕਾਨੂੰਨ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਨੂੰ ਡਿਊਟੀ ਨਿੱਜ ਦੇ ਸੁਆਰਥ ਤੋਂ ਉਪਰ ਉਠ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਟਰੇਨੀਜ਼ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਤੋਂ ਮਿਆਰੀ ਟਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀਜ਼ ਫੀਲਡ ਵਿੱਚ ਮੁਹਾਰਤ ਨਾਲ ਡਿਊਟੀ ਕਰਨਗੇ।
ਆਪਣੀ ਕਾਰਗੁਜਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਦੇ ਕਮਾਂਡੈਂਟ ਭੁਪਿੰਦਰ ਸਿੰਘ ਪੀ.ਪੀ.ਐਸ. ਨੇ ਪਾਸ ਆਊਟ ਹੋ ਰਹੇ ਸਿਖ਼ਿਆਰਥੀਆਂ ਨੂੰ ਦਿੱਤੇ ਗਏ ਪੇਸ਼ੇਵਾਰਾਨਾਂ ਹੁਨਰਾਂ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਕਾਨੂੰਨ ਅਤੇ ਵਿਵਸਥਾ ਦੀਆਂ ਸਥਿਤੀਆਂ ਦਾ ਸਾਹਮਣਾ ਕਾਮਯਾਬੀ ਨਾਲ ਕਰ ਸਕਣਗੇ। ਇਸ ਮੌਕੇ ਟਰੇਨੀਆਂ ਅਤੇ ਸਟਾਫ਼ ਵਲੋਂ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਮਾਸ ਪੀ.ਟੀ. , ਮਲਖੰਭ, ਮੋਟਰਸਾਈਕਲ ਸ਼ੋਅ, ਯੂ.ਏ.ਸੀ. ਸ਼ੋਅ ਅਤੇ ਭੰਗੜਾ ਆਦਿ ਦੀ ਦਰਸ਼ਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।ਇਸ ਮੌਕੇ ਸ਼੍ਰੀ ਕੁਲਦੀਪ ਸਿੰਘ, ਆਈ.ਪੀ.ਐਸ., ਏ.ਡੀ.ਜੀ.ਪੀ.-ਕਮ-ਡਾਇਰੈਕਟਰ, ਪੰਜਾਬ ਪੁਲਿਸ ਅਕਾਦਮੀ, ਫਿਲੌਰ, ਸ਼੍ਰੀਮਤੀ ਅਨੀਤਾ ਪੁੰਜ, ਆਈ.ਪੀ.ਐਸ., ਆਈ.ਜੀ.ਪੀ.ਟਰੇਨਿੰਗ, ਪੰਜਾਬ-ਕਮ-ਵਧੀਕ ਡਾਇਰੈਕਟਰ, ਪੰਜਾਬ ਪੁਲਿਸ ਅਕਾਦਮੀ ਫਿਲੌਰ, ਸ਼੍ਰੀ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਅਤੇ ਕਮਾਂਡੈਂਟਸ, ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰਜ਼ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਮਾਰੋਹ ਦੌਰਾਨ ਇਸ ਕੋਰਸ ਦੇ ਵੱਖ-ਵੱਖ ਇਨਾਮ ਜੇਤੂਆਂ ਨੂੰ ਮੁੱਖ-ਮਹਿਮਾਨ ਵਲੋਂ ਤਕਸੀਮ ਕੀਤੇ ਗਏ।

ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ ਜੇਤੂਆਂ ਨੂੰ ਵੰਡੇ ਇਨਾਮ

-ਚਾਹਤ ਨੂੰ ਮਿਲੀ ਸਕੂਟੀ, ਦਿਨੇਸ਼ ਅਤੇ ਰਵਨੀਤ ਦਾ ਨਿਕਲਿਆ ਲੈਪਟਾਪ
-ਰੈਡ ਕਰਾਸ ਸੁਸਾਇਟੀ ਲੋੜਵੰਦਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 29 ਅਪ੍ਰੈਲ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਕਰਵਾਏ ਗਏ ਰੈਡ ਕਰਾਸ ਮੇਲੇ ਦੇ ਲੱਕੀ ਡਰਾਅ ਵਿਜੇਤਾਵਾਂ ਨੂੰ ਇਨਾਮ ਵੰਡੇ ਗਏ। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿਚ ਕਰਵਾਏ ਗਏ ਵਿਸ਼ੇਸ਼ ਇਨਾਮ ਵੰਡ ਸਮਾਗਮ ਵਿਖੇ ਪਹੁੰਚਣ 'ਤੇ ਸਕੱਤਰ ਨਰੇਸ਼ ਗੁਪਤਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
         
 ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਸਮਾਜ ਭਲਾਈ ਦੇ ਕੰਮਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਜਰੂਰਤਮੰਦ ਅਤੇ ਮੱਧਵਰਗ ਦੀਆਂ ਲੜਕੀਆਂ ਲਈ ਵੋਕੇਸ਼ਨਲ ਟਰੇਨਿੰਗ ਸੈਂਟਰ, ਗਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੀ ਸਹਾਇਤਾ, ਕਿਡਨੀ ਫੇਲ੍ਹ ਗਰੀਬ ਮਰੀਜ਼ਾਂ ਦੇ ਮੁਫ਼ਤ ਡਾਇਲਸਿਸ ਅਤੇ ਜਨ ਔਸ਼ਧੀ ਜੈਨਰਿਕ ਸਟੋਰ ਰਾਹੀਂ ਸਸਤੇ ਰੇਟ 'ਤੇ ਦਵਾਈਆਂ ਵੀ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।
          ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਮੇਲੇ ਵਿੱਚ ਕੱਢੇ ਲੱਕੀ ਡਰਾਅ ਦੇ ਜੇਤੂਆਂ ਨੂੰ ਇਨਾਮ ਵੰਡੇ। ਪਹਿਲਾ ਇਨਾਮ ਸਕੂਟੀ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀ  ਚਾਹਤ ਨੂੰ ਨਿਕਲੀ, ਜਦਕਿ ਦੂਜਾ ਇਨਾਮ ਦੋ ਲੈਪਟਾਪ ਲਿਟਲ ਫਲਾਵਰ ਹਾਈ ਸਕੂਲ ਦੇ ਵਿਦਿਆਰਥੀ ਦਿਨੇਸ਼ ਅਤੇ ਸਰਕਾਰੀ ਕਾਲਜ ਟਾਂਡਾ ਦੀ ਵਿਦਿਆਰਥਣ ਰਵਨੀਤ ਕੌਰ ਨੂੰ ਨਿਕਲੇ। ਇਸ ਤੋਂ ਇਲਾਵਾ 5 ਟੈਬ, 6 ਮੋਬਾਈਲ, 5 ਸਾਇੰਟੀਫਿਕ ਕੈਲਕੂਲੇਟਰ ਅਤੇ 4 ਹੌਟ ਕੇਸਾਂ ਦੇ ਜੇਤੂਆਂ ਨੂੰ ਵੀ ਇਨਾਮ ਵੰਡੇ ਗਏ। ਇਸ ਮੌਕੇ 'ਤੇ ਜ਼ਿਲ੍ਹਾ ਰੈਡ ਕਰਾਸ ਅਤੇ ਹਸਪਤਾਲ ਭਲਾਈ ਸੈਕਸ਼ਨ ਦੀਆਂ ਕਾਰਜਕਾਰਨੀ ਕਮੇਟੀਆਂ ਦੇ ਸਮੂਹ ਮੈਂਬਰ ਅਤੇ ਸਟਾਫ਼ ਮੌਜੂਦ ਸੀ।

ਸੈਂਚਰੀ ਪਲਾਈਵੁੱਡ ਫੈਕਟਰੀ 'ਚ ਨਹੀਂ ਲੱਗਣ ਦਿੱਤੀ ਜਾਵੇਗੀ ਕੈਮੀਕਲ ਫੈਕਟਰੀ : ਡਿਪਟੀ ਕਮਿਸ਼ਨਰ

 ਸ਼ਾਂਤੀਪੂਰਵਕ ਮਸਲੇ ਦਾ ਹੱਲ ਅਤੇ ਸ਼ੁੱਧ ਵਾਤਾਵਰਣ ਬਰਕਰਾਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਚਨਬੱਧ
-ਹਲਕਾ ਵਿਧਾਇਕ ਸ਼ਾਮ ਚੁਰਾਸੀ ਨੇ ਲਿਆ ਸਥਿਤੀ ਦਾ ਜਾਇਜ਼ਾ

ਹੁਸ਼ਿਆਰਪੁਰ, 29 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸ਼ਨ ਜਿੱਥੇ ਸੈਂਚਰੀ ਪਲਾਈਵੁੱਡ ਫੈਕਟਰੀ ਵਿਚ ਸ਼ੁੱਧ ਵਾਤਾਵਰਣ ਬਰਕਰਾਰ ਰੱਖਣ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਭਾਵਿਤ ਵਿਅਕਤੀਆਂ ਦੇ ਇਤਰਾਜ਼ ਨਿਪਟਾਉਣ ਲਈ ਵਚਨਬੱਧ ਦਿਖਾਈ ਦੇ ਰਿਹਾ ਹੈ, ਉਥੇ ਹਲਕਾ ਵਿਧਾਇਕ ਸ਼ਾਮਚੁਰਾਸੀ ਸ਼੍ਰੀ ਪਵਨ ਕੁਮਾਰ ਆਦੀਆ ਨੇ ਇਸ ਸਬੰਧੀ ਸਥਿਤੀ ਦਾ ਜਾਇਜ਼ਾ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸ਼ਾਂਤੀਪੂਰਵਕ ਅਤੇ ਆਮ ਸਹਿਮਤੀ ਨਾਲ ਇਸਦੇ ਹੱਲ ਲਈ ਕਿਹਾ।ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸੈਂਚਰੀ ਪਲਾਈਵੁੱਡ ਫੈਕਟਰੀ ਵਿਚ ਕਿਸੇ ਵੀ ਕੀਮਤ 'ਤੇ ਕੈਮੀਕਲ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਹੱਲ ਲਈ ਆਈ.ਏ.ਐਸ. ਅਧਿਕਾਰੀ ਸ੍ਰੀ ਪਰਮਵੀਰ ਸਿੰਘ ਦੀ ਨਿਗਰਾਨੀ ਵਿੱਚ ਟੀਮ ਗਠਿਤ ਕੀਤੀ ਜਾ ਚੁੱਕੀ ਹੈ ਅਤੇ ਇਸ ਟੀਮ ਵਲੋਂ ਪਿੰਡ ਦੋਲੋਵਾਲ ਸਥਿਤ ਸੈਂਚਰੀ ਪਲਾਈਵੁੱਡ ਫੈਕਟਰੀ ਦਾ ਲਗਾਤਾਰ ਨਿਰੀਖਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਅਤੇ ਇਤਰਾਜ਼ ਸੁਣ ਰਹੇ ਹਨ, ਤਾਂ ਜੋ ਪਹਿਲ ਦੇ ਆਧਾਰ 'ਤੇ ਇਨ੍ਹਾਂ ਇਤਰਾਜ਼ਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕੈਮੀਕਲ ਫੈਕਟਰੀ ਲਗਾਉਣ ਸਬੰਧੀ ਕੀਤੇ ਇਤਰਾਜ਼ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਖਤ ਕਦਮ ਚੁੱਕਦਿਆਂ ਸੈਂਚਰੀ ਪਲਾਈਵੁੱਡ ਫੈਕਟਰੀ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਇਥੇ ਕਿਸੇ ਵੀ ਤਰ੍ਹਾਂ ਦੀ ਕੈਮੀਕਲ ਫੈਕਟਰੀ ਨਾ ਲਗਾਈ ਜਾਵੇ।ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਮਸਲੇ ਦੇ ਹੱਲ ਲਈ ਕਾਫੀ ਗੰਭੀਰ ਹੈ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਇਹ ਮਾਮਲਾ ਜਲਦੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੈਂਚਰੀ ਪਲਾਈਵੁੱਡ ਫੈਕਟਰੀ ਸਬੰਧੀ ਇਤਰਾਜ਼ਾਂ ਨੂੰ ਪੂਰੀ ਗਹੁ ਨਾਲ ਸੁਣਿਆ ਜਾ ਰਿਹਾ ਹੈ ਅਤੇ ਪ੍ਰਭਾਵਿਤ ਲੋਕ ਇਸ ਸਬੰਧੀ ਆਪਣੇ ਇਤਰਾਜ਼ ਰੱਖਣ ਲਈ ਕਿਸੇ ਵੀ ਵੇਲੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਤਰਾਜ਼ਾਂ ਦੇ ਸ਼ਾਂਤੀਪਰੂਵਕ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਪ੍ਰਭਾਵਿਤ ਲੋਕਾਂ ਨੂੰ ਨਾਲ ਲੈਕੇ ਸ਼ਾਂਤੀਪੂਰਨ ਤਰੀਕੇ ਨਾਲ ਇਸ ਦਾ ਹੱਲ ਕੱਢਿਆ ਜਾਵੇਗਾ, ਉਥੇ ਵਾਤਾਰਵਣ ਨੂੰ ਸ਼ੁੱਧ ਰੱਖਣ ਲਈ ਵੀ ਪ੍ਰਸ਼ਾਸ਼ਨ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਪ੍ਰਦੁਸ਼ਿਤ ਨਹੀਂ ਹੋਣ ਦਿੱਤਾ ਜਾਵੇਗਾ, ਬਲਕਿ ਇਲਾਕਾ ਵਾਸੀਆਂ ਨੂੰ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਸਾਫ-ਸੁਥਰਾ ਪੌਣ-ਪਾਣੀ ਬਰਕਰਾਰ ਰੱਖਣਾ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਤਰਜ਼ੀਹੀ ਉਪਰਾਲਾ ਹੈ। ਇਸ ਤੋਂ ਇਲਾਵਾ ਇਲਾਕੇ ਲਈ ਰੁਜ਼ਗਾਰ ਦੇ ਮੌਕਿਆਂ ਪ੍ਰਤੀ ਵੀ ਸੰਜੀਦਗੀ ਦਿਖਾਈ ਜਾ ਰਹੀ ਹੈ। ਸ਼੍ਰੀ ਵਿਪੁਲ ਉਜਵਲ ਨੇ ਭਰੋਸਾ ਦਿਵਾਇਆ ਕਿ ਪਿੰਡ ਵਾਸੀਆਂ ਅਤੇ ਸੰਘਰਸ਼ ਕਮੇਟੀ ਨੂੰ ਜੋ ਵੀ ਇਤਰਾਜ਼ ਹਨ, ਉਸ ਸਬੰਧੀ ਪਹਿਲਾਂ ਸਾਰੇ ਹੱਲ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਆਮ ਸਹਿਮਤੀ ਨੂੰ ਤਰਜ਼ੀਹ ਦਿੱਤੀ ਜਾਵੇਗੀ ਅਤੇ ਵਾਤਾਵਰਣ ਨੂੰ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਸਾਫ-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿੱਥੇ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਹਾਸਲ ਕਰਨ ਲਈ ਸਰਕਾਰੀ ਦਫ਼ਤਰਾਂ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਸੀਨੀਅਰ ਸਿਟੀਜ਼ਨਜ਼ ਨੂੰ ਸਰਕਾਰੀ ਦਫ਼ਤਰਾਂ ਵਿਚ ਪੂਰਾ ਮਾਣ-ਸਨਮਾਨ ਮਿਲੇਗਾ।ਉਧਰ ਹਲਕਾ ਵਿਧਾਇਕ ਸ਼ਾਮਚੁਰਾਸੀ ਸ਼੍ਰੀ ਪਵਨ ਕੁਮਾਰ ਆਦੀਆ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਬੜੀ ਹੀ ਗੰਭੀਰਤਾ ਨਾਲ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਹੱਲ ਸ਼ਾਂਤੀਪੂਰਨ ਅਤੇ ਆਮ ਸਹਿਮਤੀ ਨਾਲ ਕਰਨਾ ਯਕੀਨੀ ਬਣਾਇਆ ਜਾਵੇ।  

ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਨੂੰ ਹੇਠਲੇ ਪੱਧਰ ਤੱਕ ਕਾਰਗਰ ਬਣਾਉਣ ਲਈ ਸਾਂਝੇ ਹੰਭਲੇ ਦੀ ਲੋੜ : ਡਿਪਟੀ ਕਮਿਸ਼ਨਰ

ਸੋਚ ਬਦਲਣ ਨਾਲ ਹੀ ਸਮਾਜ 'ਚ ਮਿਲ ਸਕਦਾ ਹੈ ਬੇਟੀਆਂ ਨੂੰ ਸਤਿਕਾਰ
'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਅਧੀਨ ਕੀਤੇ ਜਾ ਰਹੇ ਕੰਮਾਂ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 28 ਅਪ੍ਰੈਲ:'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਨੂੰ ਹੇਠਲੇ ਪੱਧਰ ਤੱਕ ਕਾਰਗਰ ਬਣਾਉਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ, ਤਾਂ ਜੋ ਇਸ ਸਕੀਮ ਨੂੰ ਜ਼ਮੀਨੀ ਪੱਧਰ 'ਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਦੀ ਕਾਰਗੁਜ਼ਾਰੀ  ਦਾ ਜਾਇਜ਼ਾ ਲੈਣ ਦੌਰਾਨ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਅਸਲ  ਉਦੇਸ਼ ਲੜਕੀਆਂ ਦੀ ਜਨਮ ਦਰ ਵਧਾਉਣਾ, ਬੇਟੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ, ਗੈਰ ਕਾਨੂੰਨੀ ਲਿੰਗ ਜਾਂਚ ਨੂੰ ਰੋਕਣਾ, ਬੱਚੀਆਂ ਨੂੰ ਸਿੱਖਿਆ ਦੇ ਬਰਾਬਰ ਮੌਕੇ ਦੇਣ ਤੋਂ ਇਲਾਵਾ ਸਮਾਜ ਦੀ ਸੋਚ ਨੂੰ ਬਦਲਦੇ ਹੋਏ ਇਹ ਵਿਸ਼ਵਾਸ਼ ਦਿਵਾਉਣਾ ਹੈ ਕਿ ਲੜਕੀਆਂ ਲੜਕਿਆ ਦੇ ਬਰਾਬਰ ਸਮਾਨ ਅਧਿਕਾਰ ਦੀਆਂ ਹੱਕਦਾਰ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਵਿੱਚ ਬੇਟੀਆਂ ਦਾ ਸਤਿਕਾਰ ਤਾਂ ਹੀ ਵਧਾਇਆ ਜਾ ਸਕਦਾ ਹੈ, ਜੇ ਅਸੀਂ ਸਾਰੇ ਮਿਲ ਕੇ ਜਮੀਨੀ ਪੱਧਰ 'ਤੇ ਕੰਮ ਕਰੀਏ। ਉਨ੍ਹਾਂ ਕਿਹਾ ਕਿ ਸੋਚ ਬਦਲਣ ਨਾਲ ਹੀ ਸਮਾਜ ਵਿੱਚ ਬੇਟੀਆਂ ਨੂੰ ਸਤਿਕਾਰ ਮਿਲ ਸਕਦਾ ਹੈ, ਇਸ ਲਈ ਬੇਟੀਆਂ ਨੂੰ ਪੂਰਾ ਸਨਮਾਨ ਦਿੱਤਾ ਜਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਮਾਜਿਕ ਸੁਰੱਖਿਆ ਵਿਭਾਗ, ਬਾਲ ਸੁਰੱਖਿਆ ਯੂਨਿਟ, ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਇਕਜੁੱਟਤਾ ਅਤੇ ਤਾਲਮੇਲ ਨਾਲ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਨੂੰ ਕਾਰਗਰ ਸਾਬਿਤ ਕਰਨ ਲਈ ਜੰਗੀ ਪੱਧਰ 'ਤੇ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਸਕੀਮ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ, ਜਦੋਂ ਤੱਕ ਅਸੀਂ ਖੁਦ ਸ਼ਾਮਿਲ ਹੋ ਕੇ ਮੁੱਲਾਂਕਣ ਨਹੀਂ ਕਰਦੇ।ਸ਼੍ਰੀ ਵਿਪੁਲ ਉਜਵਲ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਖੁਦ ਪਿੰਡਾਂ ਵਿੱਚ ਜਾ ਕੇ ਇਸ ਸਕੀਮ ਨੂੰ ਹੋਰ ਵੀ ਅਸਰਦਾਰ ਬਣਾਉਣ ਲਈ ਨਵੇਂ ਸੁਝਾਅ ਪ੍ਰਾਪਤ ਕਰਨ। ਉਨ੍ਹਾਂ ਸਮੂਹ ਐਸ.ਡੀ.ਐਮਜ. ਨੂੰ ਵੀ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਖੇਤਰ ਵਿੱਚ ਪੈਂਦੇ ਸਕੂਲਾਂ, ਕਾਲਜਾਂ, ਆਈ.ਟੀ.ਆਈ., ਪੋਲੀਟੈਕਨੀਕਲ ਕਾਲਜਾਂ ਸਮੇਤ ਜਿਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਲੜਕੀਆਂ ਦੀ ਸੰਖਿਆ ਜ਼ਿਆਦਾ ਹੈ, ਉਨ੍ਹਾਂ ਸੰਸਥਾਵਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਲੜਕੀਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ।
ਇਸ ਦੌਰਾਨ ਉਨ੍ਹਾਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਦੀਆਂ ਪ੍ਰਗਤੀ ਰਿਪੋਰਟਾਂ, ਜਾਗਰੂਕਤਾ ਫੈਲਾਉਣ ਲਈ ਕੀਤੇ ਗਏ ਕੰਮਾਂ, ਮਹਿਲਾ ਮੰਡਲਾਂ, ਪੰਚਾਇਤਾਂ, ਯੂਥ ਕਲੱਬਾਂ ਅਤੇ ਸਕੂਲ ਪ੍ਰਾਥਨਾ ਸਭਾਵਾਂ ਵਿੱਚ ਸਿੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ, ਸੈਕਸ ਰੇਸ਼ੋ  ਦੇ ਸੁਧਾਰ ਸਮੇਤ ਚੱਲ ਰਹੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਐਸ.ਡੀ.ਐਮ. ਦਸੂਹਾ ਸ਼੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਮੁਕੇਰੀਆ ਸ਼੍ਰੀ ਅਮਿਤ ਮਹਾਜਨ, ਆਈ.ਏ.ਐਸ. ਅੰਡਰ ਟ੍ਰੇਨਿੰਗ ਸ਼੍ਰੀ ਪਰਮਵੀਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਸਿਵਲ ਸਰਜਨ ਸ੍ਰੀਮਤੀ ਨਰਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ  ਦਿਨੇਸ਼ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਪਿਆਰੇ ਲਾਲ ਸੈਣੀ ਵਲੋਂ ਦਿੱਤੀ ਗਈ ਇਕ ਕਰੋੜ ਦੀ ਰਾਸ਼ੀ ਸ਼ਲਾਘਾਯੋਗ ਕਦਮ : ਡੀ ਸੀ

ਇਕ ਕਰੋੜ ਰੁਪਏ ਦੀ ਰਾਸ਼ੀ ਨਾਲ ਕੀਤੇ ਜਾਣਗੇ ਸਮਾਜ ਭਲਾਈ ਦੇ ਕੰਮ
ਹੁਸ਼ਿਆਰਪੁਰ , 27 ਅਪ੍ਰੈਲ:ਐਨ.ਆਰ.ਆਈ. ਸ੍ਰੀ ਪਿਆਰੇ ਲਾਲ ਸੈਣੀ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਦਾਨ ਵਜੋਂ ਦਿੱਤੀ ਗਈ 1 ਕਰੋੜ ਰੁਪਏ ਦੀ ਰਾਸ਼ੀ ਇਕ ਸ਼ਲਾਘਾਯੋਗ ਕਦਮ ਹੈ। ਇਸ ਤਰ੍ਹਾਂ ਦੇ ਸਮਾਜ ਸੇਵੀ ਸਮਾਜ ਨੂੰ ਇਕ ਨਵੀਂ ਸੇਧ ਤਾਂ ਦਿੰਦੇ ਹੀ ਹਨ, ਨਾਲ ਹੀ ਉਨ੍ਹਾਂ ਵਲੋਂ ਕੀਤੇ ਗਏ ਉਪਰਾਲਿਆਂ ਨਾਲ ਕਈ ਜ਼ਰੂਰਤਮੰਦਾਂ ਨੂੰ ਸਹਾਰਾ ਵੀ ਮਿਲਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਇਸ ਰਾਸ਼ੀ ਨਾਲ ਚਲਾਈਆਂ ਜਾਣ ਵਾਲੀਆਂ ਸਮਾਜ ਭਲਾਈ ਸਕੀਮਾਂ ਦੀ ਸ਼ੁਰੂਆਤ ਕਰਨ ਦੌਰਾਨ ਆਯੋਜਿਤ ਕੀਤੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਸੁਸਾਇਟੀ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਐਨ.ਆਰ.ਆਈ. ਪਿਆਰੇ ਲਾਲ ਸੈਣੀ ਵਲੋਂ ਦਾਨ ਵਜੋਂ ਦਿੱਤੀ ਗਈ ਰਕਮ ਨਾਲ ਰੈਨੋਵੇਸ਼ਨ ਕੀਤੀ ਗਈ ਇਮਾਰਤ ਦਾ ਉਦਘਾਟਨ ਵੀ ਕੀਤਾ।ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ 1 ਕਰੋੜ ਰੁਪਏ ਦੀ ਰਾਸ਼ੀ ਨਾਲ ਗਰੀਬ ਅਤੇ ਮੈਰੀਟੋਰੀਅਸ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਆਰਥਿਕ ਤੌਰ 'ਤੇ ਸਹਾਇਤਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਰਾਸ਼ੀ ਨਾਲ ਅਨਾਥ ਆਸ਼ਰਮ ਅਤੇ ਜੁਵਨਾਇਲ ਹੋਮ ਦੇ ਬੱਚਿਆਂ ਦੀ ਪੜ੍ਹਾਈ, ਕਿਡਨੀ ਫੇਲ ਗਰੀਬ ਮਰੀਜਾਂ ਦੇ ਮੁਫ਼ਤ ਡਾਇਲਸਿਸ, ਬੇਸਹਾਰਾ ਬਜ਼ੁਰਗਾਂ ਦੀ ਸਿਹਤ ਤੇ ਸਮਾਜਿਕ ਸੁਰੱਖਿਆ, ਸਰੀਰਕ ਤੌਰ 'ਤੇ ਅਪੰਗ ਬੱਚਿਆਂ ਦੀ ਸਹਾਇਤਾ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਦੀ ਰਿਪੇਅਰ, ਰੰਗ ਰੋਗਨ, ਸਾਜੋ ਸਮਾਨ ਤੋਂ ਇਲਾਵਾ ਸਮਾਜ ਭਲਾਈ ਸਕੀਮਾਂ ਰਾਹੀਂ ਸਹਾਇਤਾ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਪਿਆਰੇ ਲਾਲ ਸੈਣੀ ਵਲੋਂ ਜ਼ਰੂਰਤਮੰਦ ਮਰੀਜਾਂ ਲਈ ਮੁਹੱਈਆ ਕਰਵਾਈ ਗਈ ਇਕ ਦੁਕਾਨ ਵਿੱਚ ਹੋਮੀਓਪੈਥੀ ਡਿਸਪੈਂਸਰੀ ਵੀ ਖੋਲ੍ਹੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਦਾਨੀ ਸੱਜਣਾਂ ਨੂੰ ਸ੍ਰੀ ਪਿਆਰੇ ਲਾਲ ਸੈਣੀ ਜੀ ਦੀ ਤਰ੍ਹਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀਆਂ ਗਤੀਵਿਧੀਆਂ ਵਿੱਚ ਆਪਣੇ ਵੱਡਮੁਲਾ ਯੋਗਦਾਨ ਪਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।ਸਮਾਗਮ ਦੌਰਾਨ ਐਨ.ਆਰ.ਆਈ. ਸ੍ਰੀ ਪਿਆਰੇ ਲਾਲ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਕਰੀਬ 50 ਸਾਲ ਯੂ.ਕੇ. ਵਿੱਚ ਬਿਤਾਏ ਹਨ। ਉਨ੍ਹਾਂ ਦੀ ਇੱਛਾ ਸੀ ਕਿ ਬੜੀ ਮਿਹਨਤ ਨਾਲ ਕਮਾਈ ਗਈ ਰਾਸ਼ੀ ਦਾ ਕੁਝ ਹਿੱਸਾ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਲਗਾਉਣ। ਜਦੋਂ ਉਨ੍ਹਾਂ ਨੂੰ ਰੈਡ ਕਰਾਸ ਸੁਸਾਇਟੀ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਬਾਰੇ ਪਤਾ ਲਗਿਆ, ਤਾਂ ਉਨ੍ਹਾਂ ਨੇ ਪਹਿਲਾਂ 22 ਲੱਖ ਰੁਪਏ ਦੀ ਰਾਸ਼ੀ ਸੁਸਾਇਟੀ ਨੂੰ ਦਾਨ ਵਜੋਂ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਵਲੋਂ 1 ਕਰੋੜ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਐਨ.ਆਰ.ਆਈ. ਪਿਆਰੇ ਲਾਲ ਸੈਣੀ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ 'ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਗੁਪਤਾ ਨੇ ਵੀ ਸੁਸਾਇਟੀ ਵਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਰਿਪੋਰਟ ਵੀ ਪੇਸ਼ ਕੀਤੀ। ਇਸ ਮੌਕੇ 'ਤੇ ਜ਼ਿਲ੍ਹਾ ਰੈਡ ਕਰਾਸ ਅਤੇ ਹਸਪਤਾਲ ਭਲਾਈ ਸੈਕਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਸਟਾਫ਼ ਵੀ ਮੌਜੂਦ ਸਨ।

ਪੁਲਿਸ ਪ੍ਰਸ਼ਾਸਨ ਵਿੱਚ ਸੁਧਾਰ ਕੀਤੇ ਜਾਣਗੇ: ਜਸਕਰਨ ਸਿੰਘ

ਤਲਵਾੜਾ, 27 ਅਪ੍ਰੈਲ: ਅਰਪਿਤ ਸ਼ੁੱਕਲਾ, ਆਈ.ਪੀ.ਐਸ., ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਜੋਨ, ਜਲੰਧਰ ਅਤ ਮਾਨਯੋਗ ਸ਼੍ਰੀ ਜਸਕਰਨ ਸਿੰਘ, ਆਈ.ਪੀ.ਐਸ., ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਵੱਲੋਂ ਕਾਨਫਰਸ ਹਾਲ ਪੁਲਿਸ ਲਾਈਨ ਹੂਸ਼ਿਆਰਪੁਰ ਵਿਖੇ ਮੀਟਿੰਗ ਕੀਤੀ ਗਈ। ਜਿਨਾ ਨੇ ਜਲੰਧਰ ਵਿਖੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਜਿਲ੍ਹਾ ਹੁਸ਼ਿਆਰਪੁਰਵਿਖੇ ਪਹਿਲੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਸ਼੍ਰੀ: ਹਰਚਰਨ ਸਿੰਘ ਭੁੱਲਰ, ਸੀਨੀਅਰ ਪੁਲਿਸਕਪਤਾਨ, ਹੁਸ਼ਿਆਰਪੁਰ, ਸ਼੍ਰੀ ਅਮਰੀਕ ਸਿੰਘ ਪਵਾਰ, ਕਪਤਾਨ ਪੁਲਿਸ ਸਥਾਨਿਕ ਹੁਸ਼ਿ:, ਸਮੂਹ ਗਜਟਿਡ ਪੁਲਿਸ ਅਫਸਰ, ਸਮੂਹ ਮੁੱਖ ਅਫਸਰ ਥਾਣਾ ਅਤੇ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਨੇ ਭਾਗ
ਲਿਆ।
ਮੀਟਿੰਗ ਵਿੱਚ ਮੌਜਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੂੰ ਵਧੀਆ ਢੰਗ ਨਾਲਕੰਮਕਾਜ ਕਰਨ ਲਈ ਪ੍ਰੇਰਿਤ ਕੀਤਾ ਗਿਆ  ਵੱਖ-ਵੱਖ ਡਿਊਟੀਆਂ ਸਬੰਧੀ ਗਾਈਡ ਲਾਈਨਜ ਦਿੱਤੀਆਂ ਗਈਆਂ। ਇਸ ਮੀਟਿੰਗ ਦੋਰਾਨ ਨਸ਼ਿਆ ਦੀ ਰੋਕਥਾਮ ਲਈ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਪ੍ਰਭਾਵੀ ਢੰਗ ਨਾਲ ਡਿਊਟੀਆਂ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਗੈਂਗਸਟਰਾਂ ਵੱਲੋਂ
ਕੀਤੀਆਂ ਜਾਂਦੀਆਂ ਵਾਰਦਾਤਾਂ ਨੂੰ ਰੋਕਣ ਲਈ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਇਨ੍ਹਾ ਉਪਰ ਸਖਤ ਨਿਗਰਾਨੀ ਰੱਖਣ ਬਾਰੇ ਵੀ ਹਦਾਇਤਾ ਕੀਤੀਆਂ ਗਈਆਂ। ਪੁਲਿਸ ਕਰਮਚਾਰੀਆਂ ਨੇ ਵੈਲਫੇਅਰ ਨੂੰ ਧਿਆਨ ਵਿੱਚ ਰੱਖਣ ਲਈ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ। 

ਨਗਰ ਪੰਚਾਇਤ ਵੱਲੋਂ ਮਲੇਰੀਏ ਦੇ ਮੁਕੰਮਲ ਖ਼ਾਤਮੇ ਲਈ ਮੁਹਿੰਮ

ਤਲਵਾੜਾ, 25 ਅਪ੍ਰੈਲ: ਨਗਰ ਪੰਚਾਇਤ ਵੱਲੋਂ ਕਾਰਜ ਸਾਧਕ ਅਫ਼ਸਰ ਬ੍ਰਿਜ ਮੋਹਨ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮੌਕੇ ਸ਼ਹਿਰ ਵਿੱਚੋਂ ਮਲੇਰੀਏ ਦਾ ਮੁਕੰਮਲ ਖ਼ਾਤਮਾ ਕਰਨ ਦੇ ਮੰਤਵ ਨਾਲ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇੰਸਪੈਕਟਰ ਹਰਭਜਨ ਸਿੰਘ ਤੇ ਸਲਿੰਦਰ ਸਿੰਘ ਨੇ ਲੋਕਾਂ ਨੂੰ ਘਰਾਂ ਦੀਆਂ ਪਾਣੀ ਦੀਆਂ ਟੈਂਕੀਆਂ, ਟਾਇਰਾਂ, ਕੂਲਰਾਂ, ਗਮਲਿਆਂ ਤੇ ਨਾਲ਼ੀਆਂ ਆਦਿ ਵਿੱਚ ਬੇਲੋੜਾ ਪਾਣੀ ਖੜ੍ਹਾ ਨਾ ਰਹਿਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਇਸ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।


ਨਗਰ ਪੰਚਾਇਤ ਤਲਵਾੜਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੌਕੇ ਲੋਕਾਂ ਨੂੰ ਸਫ਼ਾਈ ਰੱਖਣ ਲਈ ਜਾਗਰੂਕ ਕਰਦੇ ਹੋਏ ਅਧਿਕਾਰੀ।

ਮਲੇਰੀਆ ਦਿਵਸ ਮਨਾਇਆ

ਤਲਵਾੜਾ, 25 ਅਪ੍ਰੈਲ : ਇੱਥੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਵਿਸ਼ਵ ਸਿਹਤ ਸੰਗਠਨ ਤਹਿਤ ਮਲੇਰੀਆ ਦਿਵਸ ਮੌਕੇ ਵਿਸ਼ੇਸ਼ ਚੇਤਨਾ ਸਮਾਗਮ ਸਕੂਲ ਮੁਖੀ ਰਾਜ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਰਾਜ ਕੁਮਾਰ ਨੇ ਮਲੇਰੀਆ ਬੁਖ਼ਾਰ ਦੇ ਕਾਰਨ ਅਤੇ ਸਮੱਸਿਆ ਦੇ ਹੱਲ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਸਾਇੰਸ ਅਧਿਆਪਕਾ ਹਰਮੀਤ ਕੌਰ, ਰਵੀ ਸ਼ਾਰਦਾ ਅਤੇ ਸੁਸ਼ਮਾ ਕੁਮਾਰੀ ਵੱਲੋਂ ਕੁਇਜ਼ ਅਤੇ ਸਲੋਗਨ ਮੁਕਾਬਲਾ ਕਰਵਾਇਆ ਗਿਆ। ਚਾਰਟ ਮੇਕਿੰਗ ਮੁਕਾਬਲੇ ਵਿਚ ਆਂਚਲ, ਭੁਪਿੰਦਰਜੀਤ ਸਿੰਘ ਅਤੇ ਸਾਕਸ਼ੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਬੇਹੱਦ ਰੌਚਕ ਅੰਦਾਜ਼ ਵਿਚ ਨਿਸ਼ਾ ਰਾਣੀ ਅਤੇ ਭੁਪਿੰਦਰਜੀਤ ਸਿੰਘ ਦੇ ਗਰੁੱਪਾਂ ਵੱਲੋਂ ਮਲੇਰੀਆ ਸਬੰਧੀ ਸਕਿੱਟ ਪੇਸ਼ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯੋਗੇਸ਼ਵਰ ਸਲਾਰੀਆ, ਭੁਪਿੰਦਰ ਸਿੰਘ ਸਿੱਧੂ, ਰਘਬੀਰ ਸਿੰਘ, ਹਰਕਮਲ ਸਿੰਘ, ਬਲਵਿੰਦਰ ਸਿੰਘ ਜਰਿਆਲ, ਵਰਿੰਦਰ ਗੁਸਾਈਂ, ਸੰਦੀਪ ਕਪਿਲ, ਚੰਦਰ ਸ਼ੇਖਰ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਤੇ ਹੋਰ ਪਤਵੰਤੇ ਹਾਜਰ ਸਨ।
ਮਲੇਰੀਆ ਦਿਵਸ ਤੇ ਸਕੂਲ ਮੁਖੀ ਰਾਜ ਕੁਮਾਰ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ, ਨਾਲ ਖੜ੍ਹੇ ਹਨ ਰਵੀ ਸ਼ਾਰਦਾ ਤੇ ਹੋਰ।

ਪੰਜਾਬ ਰੈਜੀਮੈਂਟਲ ਸੈਂਟਰ ਝਾਰਖੰਡ ਵਿਖੇ ਭਰਤੀ ਰੈਲੀ 17 ਤੋਂ

ਹੁਸ਼ਿਆਰਪੁਰ,  26 ਅਪ੍ਰੈਲ:ਜ਼ਿਲ੍ਹਾ ਰੱਖਿਆ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਰੈਜੀਮੈਂਟਲ ਸੈਂਟਰ ਰਾਮਗੜ੍ਹ  ਕੈਂਟ ਝਾਰਖੰਡ ਵਿਖੇ ਵੱਖ-ਵੱਖ ਕੈਟਾਗਰੀਆਂ ਵਿੱਚ ਨੌਜਵਾਨਾਂ ਦੀ ਭਰਤੀ 17 ਮਈ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨਿਟ ਹੈਡਕੁਆਰਟਰ ਕੋਟੇ (ਯੂ.ਐਚ.ਕਿਊ.) ਅਧੀਨ 17 ਮਈ ਨੂੰ ਆਉਟ ਸਟੈਂਡਿੰਗ ਸਪੋਰਟਸ ਕੈਟਾਗਰੀ, 19 ਮਈ ਨੂੰ ਸੋਲਜਰ ਕਲਰਕ, 22 ਮਈ ਨੂੰ ਸੋਲਜਰ ਜੀ.ਡੀ. ਅਤੇ ਸੋਲਜਰ ਟਰੇਡਮੈਨ ਲਈ ਭਰਤੀ ਰੈਲੀ ਕੀਤੀ ਜਾ ਰਹੀਂ ਹੈ। ਸੋਲਜਰ ਜੀ.ਡੀ. ਦੀ ਭਰਤੀ ਲਈ ਉਮਰ ਸਾਢੇ 17 ਤੋਂ 21 ਸਾਲ, ਕੱਦ 170 ਸਂੈਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਭਾਰ 50 ਕਿੱਲੋ ਰੱਖਿਆ ਗਿਆ ਹੈ, ਜਦਕਿ ਸੋਲਜਰ ਕਲਰਕ ਅਤੇ ਸੋਲਜਰ ਟਰੇਡਮੈਨ ਕੈਟਾਗਰੀ ਲਈ  ਉਮਰ ਹੱਦ ਸਾਢੇ 17 ਤੋਂ 23 ਸਾਲ, ਕੱਦ 162 ਸਂੈਟੀਮੀਟਰ, ਛਾਤੀ 77-82 ਸਂੈਟੀਮੀਟਰ ਅਤੇ ਭਾਰ 50 ਕਿਲੋ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੋਲਜਰ ਕਲਰਕ ਲਈ 12ਵੀਂ ਦੀ ਜਮਾਤ 60 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿਚੋਂ 50 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਸੋਲਜਰ ਜੀ.ਡੀ. ਲਈ 10ਵੀਂ 45 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਹਰੇਕ ਵਿਸ਼ੇ ਵਿੱਚੋਂ 33 ਪ੍ਰਤੀਸ਼ਤ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਓਪਨ ਕੈਟਾਗਰੀ ਵਿੱਚ ਕੋਈ ਭਰਤੀ ਨਹੀਂ ਕੀਤੀ ਜਾਵੇਗੀ।

ਜ਼ਿਲ੍ਹੇ ਦੀਆਂ 62 ਮੰਡੀਆਂ 'ਚ ਨਿਰਵਿਘਨ ਕੀਤੀ ਜਾ ਰਹੀ ਹੈ ਕਣਕ ਦੀ ਖਰੀਦ : ਡਿਪਟੀ ਕਮਿਸ਼ਨਰ

-ਕਿਹਾ, ਹੁਣ ਤੱਕ 1,55,630 ਮੀਟਰਕ ਟਨ ਕਣਕ ਮੰਡੀਆਂ 'ਚ ਪੁੱਜੀ 
-ਕਿਸਾਨਾਂ ਨੂੰ 140.07 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ 
-ਕਣਕ ਦਾ ਨਾੜ ਸਾੜਨ ਵਾਲਿਆਂ 'ਤੇ ਰੱਖੀ ਜਾ ਰਹੀ ਹੈ ਪੈਨੀ ਨਜ਼ਰ !
ਹੁਸ਼ਿਆਰਪੁਰ, 25 ਅਪ੍ਰੈਲ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਵੱਖ-ਵੱਖ ਏਜੰਸੀਆਂ ਵਲੋਂ ਨਿਰਵਿਘਨ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1,55,630 ਮੀਟਰਕ ਟਨ ਕਣਕ ਮੰਡੀਆਂ ਵਿਚ ਪਹੁੰਚ ਚੁੱਕੀ ਹੈ, ਜਿਸ ਵਿਚੋਂ 1,52,649 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਨੇ 27,227, ਮਾਰਕਫੈਡ ਨੇ 28,472, ਪਨਸਪ ਨੇ 28,418, ਪੰਜਾਬ ਐਗਰੋ ਨੇ 11,390, ਐਫ.ਸੀ.ਆਈ ਨੇ 35,343, ਜਦਕਿ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ  ਨੇ 17,610 ਅਤੇ ਵਪਾਰੀਆਂ ਵਲੋਂ 4,189 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ ਕਿਸਾਨਾਂ ਨੂੰ 140.07 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਜਿੱਥੇ ਕਿਸਾਨਾਂ ਨੂੰ ਸਮੇਂ-ਸਿਰ ਅਦਾਇਗੀ ਕੀਤੀ ਜਾ ਰਹੀ ਹੈ, ਉਥੇ ਲਿਫਟਿੰਗ ਦਾ ਕੰਮ ਵੀ ਸੁਚੱਜੇ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 78 ਫੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਦੀ ਕੁੱਲ ਰਕ
ਮ 180.65 ਕਰੋੜ ਰੁਪਏ ਬਣਦੀ ਹੈ, ਜਿਸ ਵਿਚੋਂ 140.07 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜਦਕਿ ਕੇਵਲ 40.58 ਕਰੋੜ ਰੁਪਏ ਦੀ ਅਦਾਇਗੀ ਪੈਂਡਿੰਗ ਹੈ, ਜੋ ਜਲਦ ਹੀ ਕਿਸਾਨਾਂ ਨੂੰ ਕਰਵਾ ਦਿੱਤੀ ਜਾਵੇਗੀ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ ਤੋਂ ਲੈਕੇ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਫਸਲ ਦਾ ਇਕ-ਇਕ ਦਾਣਾ ਮੰਡੀਆਂ ਵਿਚੋਂ ਚੁੱਕਿਆ ਜਾਵੇਗਾ ਅਤੇ ਸਮੇਂ-ਸਿਰ ਅਦਾਇਗੀ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਮੇ-ਸਿਰ ਲਿਫਟਿੰਗ ਵੀ ਯਕੀਨੀ ਬਣਾ ਲਈ ਗਈ ਹੈ ਅਤੇ ਹੁਣ ਤੱਕ 78,996 ਮੀਟਰਕ ਟਨ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਖਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਕਣਕ ਦੀ ਫਸਲ ਸੁਕਾ ਕੇ ਹੀ ਲਿਆਂਦੀ ਜਾਵੇ। ਇਸ ਤੋਂ ਇਲਾਵਾ ਫਸਲ ਦੀ ਰਹਿੰਦ-ਖੂੰਹਦ/ਨਾੜ ਨੂੰ ਬਿਲਕੁੱਲ ਨਾ ਸਾੜਿਆ ਜਾਵੇ। ਉਨ੍ਹਾਂ ਦੱਸਿਆ ਕਿ ਕੌਮੀ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਇਸ ਪ੍ਰਤੀ ਕਾਫੀ ਗੰਭੀਰ ਹੈ ਅਤੇ ਐਨ.ਜੀ.ਟੀ ਵਲੋਂ ਅੱਗ ਲਗਾਉਣ 'ਤੇ ਪੂਰਨ ਮਨਾਹੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਐਨ.ਜੀ.ਟੀ ਦੀ ਹਦਾਇਤਾਂ ਮੁਤਾਬਕ 2500 ਤੋਂ 15 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਇਹ ਰਕਮ ਮੌਕੇ 'ਤੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੇ ਵਿਅਕਤੀ ਵਿਰੁੱਧ ਏਅਰ ਐਕਟ 1981 ਦੀ ਧਾਰਾ 39 ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਰਹਿੰਦ-ਖੂੰਹਦ/ਪਰਾਲੀ/ਨਾੜ ਨੂੰ ਅੱਗ ਲਗਾਉਣ ਤੋਂ ਮਨਾਹੀ ਦੇ ਹੁਕਮ ਦੀ ਉਲੰਘਣਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਅਧੀਨ ਪੁਲਿਸ ਕੇਸ ਦਰਜ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 90 ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ, ਜੋ ਜ਼ਿਲ੍ਹੇ ਵਿਚ ਨਿਗਰਾਨੀ ਰੱਖ ਰਹੇ ਹਨ। ਇਸ ਤੋਂ ਇਲਾਵਾ ਸੈਟੇਲਾਈਟ ਜ਼ਰੀਏ ਵੀ ਨਜ਼ਰ ਰੱਖੀ ਜਾ ਰਹੀ ਹੈ।

ਪ੍ਰੀ ਰਿਕਰੂਟਮੈਂਟ ਟਰੇਨਿੰਗ ਕੇਡਰ 2 ਮਈ ਤੋਂ

ਹੁਸ਼ਿਆਰਪੁਰ, 24 ਅਪ੍ਰੈਲ: ਪੰਜਾਬ ਸਰਕਾਰ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਰਾਜ ਦੇ ਹਰ ਵਰਗ ਦੇ ਨੌਜਵਾਨਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਇਕ ਪ੍ਰੀ ਰਿਕਰੂਟਮੈਂਟ ਟਰੇਨਿੰਗ ਕੇਡਰ 2 ਮਈ ਤੋਂ ਸ਼ੁਰੂ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਨੌਜਵਾਨਾਂ ਨੂੰ ਆਰਮੀ, ਨੇਵੀ, ਏਅਰਫੋਰਸ ਤੋਂ ਇਲਾਵਾ ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ. ਟੀ. ਬੀ. ਪੀ. , ਸੀ.ਆਈ.ਐਸ.ਐਫ. ਅਤੇ ਪੰਜਾਬ ਪੁਲਿਸ ਵਿੱਚ ਭਰਤੀ ਦੀ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ,ਐਸ.ਟੀ. ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਆਪਣਾ ਨਾ ਰਜਿਸਟਰਡ ਕਰਾਉਣ।

ਸੜਕ ਹਾਦਸੇ ਰੋਕਣ ਲਈ ਸਮਾਜ-ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ : ਡਿਪਟੀ ਕਮਿਸ਼ਨਰ

-ਕਿਹਾ, ਹਾਦਸਿਆਂ ਨੂੰ ਰੋਕਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ

-ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਕੀਤੀ ਮੀਟਿੰਗ

-ਸੜਕਾਂ ਤੋਂ ਹਟਾਏ ਜਾਣਗੇ ਨਜਾਇਜ਼ ਕਬਜ਼ੇ, ਅਵਾਰਾ ਪਸ਼ੂਆਂ ਨੂੰ ਕੈਟਲ ਪੌਂਡ ਵਿੱਚ ਲਿਜਾਣ ਲਈ ਕੀਤੇ ਜਾਣਗੇ ਉਚਿਤ ਪ੍ਰਬੰਧ

ਹੁਸ਼ਿਆਰਪੁਰ, 24 ਅਪ੍ਰੈਲ : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੜਕ ਹਾਦਸੇ ਰੋਕਣ ਲਈ ਸਮਾਜ-ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਉਹ ਅੱਜ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਮੇਟੀ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਪਾਰ ਯੂਨੀਅਨਾਂ, ਰਿਕਸ਼ਾ ਯੂਨੀਅਨਾਂ, ਟੈਂਪੂ ਯੂਨੀਅਨਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਇਕ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ, ਤਾਂ ਜੋ ਟਰੈਫਿਕ ਸਮੱਸਿਆ ਦਾ ਸਥਾਈ ਹੱਲ ਕੱਢ ਕੇ ਸੜਕ ਹਾਦਸੇ ਰੋਕੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਵਲ ਪ੍ਰਸ਼ਾਸ਼ਨਿਕ ਪੱਧਰ 'ਤੇ ਸਖ਼ਤੀ ਵਰਤਕੇ ਸੜਕ ਹਾਦਸਿਆਂ ਨੂੰ ਨਹੀਂ ਰੋਕਿਆ ਜਾ ਸਕਦਾ, ਬਲਕਿ ਹਾਦਸਿਆਂ ਨੂੰ ਰੋਕਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ ਅਤੇ ਹਰੇਕ ਵਿਅਕਤੀ ਨੂੰ ਸਮਾਜਿਕ ਜ਼ਿੰੰਮੇਵਾਰੀ ਨਿਭਾਉਂਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕਾਂ ਤੋਂ ਨਜਾਇਜ਼ ਕਬਜੇ ਵੀ ਹਟਾਏ ਜਾਣਗੇ ਅਤੇ ਕਬਜ਼ੇ ਹਟਾਉਣ ਲਈ ਕਾਰਜ ਸਾਧਕ ਅਫਸਰ, ਐਕਸੀਅਨ ਪੀ.ਡਬਲਯੂ.ਡੀ., ਬੀ ਐਂਡ ਆਰ ਅਤੇ ਟਰੈਫਿਕ ਪੁਲਿਸ ਮਿਲ ਕੇ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਕਾਰਨ ਵੀ ਸੜਕ ਹਾਦਸਿਆਂ ਦੀ ਗਿਣਤੀ ਵੱਧ ਰਹੀ ਹੈ, ਇਸ ਲਈ ਅਵਾਰਾ ਪਸ਼ੂਆਂ ਨੂੰ ਕੈਟਲ ਪੌਂਡ ਵਿਚ ਲਿਜਾਣ ਲਈ ਉਚਿਤ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਫਲਾਹੀ ਵਿਖੇ ਬਣਾਈ ਗਈ ਕੈਂਟਲ ਪੌਂਡ ਲਈ ਸਬੰਧਤ ਅਧਿਕਾਰੀ ਐਨ.ਜੀ.ਓ. ਦੇ ਸਹਿਯੋਗ ਨਾਲ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਆਪਣੀ-ਆਪਣੀ ਸਬ-ਡਵੀਜ਼ਨ ਵਿੱਚ ਜਿਥੇ ਕਿਤੇ ਵੀ ਟਰੈਫਿਕ ਦੀ ਸਮੱਸਿਆ ਲਈ ਮੁਲਾਜ਼ਮਾਂ ਦੀ ਲੋੜ ਹੈ, ਇਸ ਸਬੰਧੀ ਇਕ ਸੂਚੀ ਬਣਾ ਕੇ ਭੇਜਣ, ਤਾਂ ਜੋ ਇਹ ਘਾਟ ਪੂਰੀ ਕੀਤੀ ਜਾ ਸਕੇ।

        ਸ਼੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਓਵਰ ਸਪੀਡ, ਬਿਨ੍ਹਾਂ ਹੈਲਮਟ, ਬਿਨ੍ਹਾਂ ਲਾਇਸੰਸ ਅਤੇ ਗਲਤ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਹਾਦਸੇ ਓਵਰ ਲੋਡਿੰਗ ਅਤੇ ਓਵਰ ਸਪੀਡ ਕਾਰਨ ਹੁੰਦੇ ਹਨ, ਜਿਸ ਨਾਲ ਵਾਹਨ ਚਾਲਕ ਆਪਣੀ ਜਿੰਦਗੀ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਦੂਜੇ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ। ਉਨ੍ਹਾਂ ਸੜਕਾਂ ਉਪਰ ਵਧੇ ਹੋਏ ਦਰੱਖਤਾਂ ਨੂੰ ਕੱਟਣ, ਸੜਕ ਦੇ ਕਿਨਾਰੇ ਪਾਰਕਿੰਗ ਲਈ ਪੀਲੀ ਪੱਟੀ ਲਗਾਉਣ ਅਤੇ ਰਾਜ ਮਾਰਗਾਂ 'ਤੇ ਬੱਸਾਂ ਨੂੰ ਸੜਕ ਉਪਰ ਖੜ੍ਹੀਆਂ ਨਾ ਕਰਕੇ ਬੱਸ ਸਟੈਂਡ ਵਿੱਚੋਂ ਸਵਾਰੀ ਚੁੱਕਣ ਲਈ ਵੱਖ ਵੱਖ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਪਰਟੀ ਦੇ ਉਪਰ ਨਜਾਇਜ਼ ਹੋਰਡਿੰਗਜ਼ ਵੀ ਉਤਾਰੇ ਜਾਣ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਚੌਕਾਂ ਵਿੱਚ ਖੰਭਿਆਂ 'ਤੇ ਲੱਗੇ ਨਜਾਇਜ਼ ਇਸ਼ਤਿਹਾਰ ਲੋਕਾਂ ਦਾ ਧਿਆਨ ਅਕਰਸ਼ਿਤ ਕਰਕੇ ਐਕਸੀਡੈਂਟ ਨੂੰ ਬੜਾਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਮੋਟਰ ਸਾਈਕਲ 'ਤੇ ਲਗਾਏ ਗਏ ਪ੍ਰੈਸ਼ਰ ਹਾਰਨਾਂ ਦੇ ਚਲਾਨ ਕੱਟੇ ਜਾਣ ਅਤੇ ਪਟਾਕੇ ਚਲਾਉਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਖਿਲਾਫ਼ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਥੇ ਨੋ ਪਾਰਕਿੰਗ ਜੋਨ ਬਣਾਏ ਜਾਣ, ਉਥੇ ਨੇੜੇ ਹੀ ਵਾਹਨਾਂ ਦੀ ਪਾਰਕਿੰਗ ਲਈ ਉਚਿਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ਼ ਵੀ ਸਖਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਵਲੋਂ ਜਿਨ੍ਹਾਂ ਵਿਅਕਤੀਆਂ ਨੂੰ ਛੋਟ ਦਿੱਤੀ ਗਈ ਹੈ, ਉਸ ਸਬੰਧੀ ਬੋਰਡ ਲਗਾ ਕੇ ਵਿਸ਼ੇਸ਼ ਤੌਰ 'ਤੇ ਦਰਸਾਇਆ ਜਾਵੇ, ਤਾਂ ਜੋ ਸਾਰਿਆਂ ਨੂੰ ਜਾਣਕਾਰੀ ਮਿਲ ਸਕੇ।

                   ਇਸ ਮੌਕੇ 'ਤੇ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਰ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਮੁਕੇਰੀਆਂ ਸ੍ਰੀ ਅਮਿਤ ਮਹਾਜਨ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀਮਤੀ ਜੀਵਨਜਗਜੋਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਦਿਨੇਸ਼ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। 

ਰਾਜਾਸਾਂਸੀ ਵਿਖੇ ਹਵਾਈ ਫੌਜ ਦੀ ਭਰਤੀ ਰੈਲੀ 5 ਤੋਂ 9 ਮਈ ਤੱਕ : ਡਿਪਟੀ ਕਮਿਸ਼ਨਰ

-ਹੁਸ਼ਿਆਰਪੁਰ ਜ਼ਿਲ੍ਹੇ ਸਮੇਤ 10 ਜ਼ਿਲ੍ਹਿਆਂ ਦੇ ਨੌਜਵਾਨ ਹੋ ਸਕਦੇ ਹਨ ਭਰਤੀ

-ਹੁਸ਼ਿਆਰਪੁਰ ਜ਼ਿਲ੍ਹੇ ਦੇ ਉਮੀਦਵਾਰਾਂ ਦਾ ਸਰੀਰਕ ਟੈਸਟ 5 ਮਈ ਨੂੰ

ਹੁਸ਼ਿਆਰਪੁਰ, 24 ਅਪ੍ਰੈਲ : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਹਵਾਈ ਫੌਜ ਵਿਚ ਏਅਰਮੈਨਜ਼ ਦੀ ਭਰਤੀ ਲਈ ਰੈਲੀ 5 ਮਈ ਤੋਂ 9 ਮਈ ਤੱਕ ਕੀਤੀ ਜਾ ਰਹੀ ਹੈ, ਜਿਸ ਵਿਚ ਹੁੁਸ਼ਿਆਰਪੁਰ ਜ਼ਿਲ੍ਹੇ ਸਮੇਤ ਪੰਜਾਬ ਦੇ 10 ਜ਼ਿਲ੍ਹਿਆਂ ਦੇ ਨੌਜਵਾਨ ਭਰਤੀ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਹੁਸ਼ਿਆਰਪੁਰ ਤੋਂ ਇਲਾਵਾ ਅੰਮ੍ਰਿਤਸਰ, ਮੁਕਤਸਰ, ਫਿਰੋਜ਼ਪੁਰ, ਮੋਗਾ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਏਅਰਮੈਨ ਦੀ ਇਹ ਭਰਤੀ ਗੈਰ-ਤਕਨੀਕੀ ਵਰਗ ਵਿਚ ਕੀਤੀ ਜਾਵੇਗੀ।


                      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਜੁਲਾਈ 1997 ਤੋਂ 20 ਦਸੰਬਰ 2000 ਵਿਚਾਲੇ ਜਨਮ ਲੈਣ ਵਾਲੇ ਨੌਜਵਾਨ, ਜੋ ਕਿਸੇ ਵੀ ਵਿਸ਼ੇ ਵਿਚ 50 ਫੀਸਦੀ ਨੰਬਰਾਂ ਨਾਲ ਬਾਰ੍ਹਵੀਂ ਪਾਸ ਹੋਣ ਅਤੇ ਉਨ੍ਹਾਂ ਦੇ ਅੰਗਰੇਜ਼ੀ ਵਿਚੋਂ 50 ਫੀਸਦੀ ਅੰਕ ਹੋਣ, ਉਹ ਰੈਲੀ ਵਿਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਕੱਦ 152.2 ਸੈਂਟੀਮੀਟਰ ਤੋਂ ਘੱਟ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਹਰੇਕ ਉਮੀਦਵਾਰ ਨੂੰ ਲਿਖਤੀ ਟੈਸਟ ਤੋਂ ਪਹਿਲਾਂ ਸਰੀਰਕ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ ਅਤੇ 1.6 ਕਿਲੋਮੀਟਰ ਦੌੜ 5 ਮਿੰਟ 40 ਸੈਕਿੰਡ ਵਿਚ ਪੂਰੀ ਕਰਨ ਵਾਲੇ ਨੌਜਵਾਨ ਹੀ ਸਰੀਰਕ ਟੈਸਟ ਵਿਚ ਸ਼ਾਮਿਲ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਜੋ ਉਮੀਦਵਾਰ ਸਰੀਰਕ ਟੈਸਟ ਪਾਸ ਕਰ ਲੈਣਗੇ, ਉਨ੍ਹਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ ਅਤੇ ਐਨ. ਸੀ. ਸੀ. ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਵਿਸ਼ੇਸ਼ ਤਰਜ਼ੀਹ ਵੀ ਦਿੱਤੀ ਜਾਣੀ ਹੈ।

          ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਸਮੇਤ 5 ਜ਼ਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਫਿਰੋਜ਼ਪੁਰ ਅਤੇ ਮੋਗਾ ਦੇ ਉਮੀਦਵਾਰਾਂ ਦਾ ਸਰੀਰਕ ਟੈਸਟ 5 ਮਈ ਨੂੰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਰਤੀ ਦਾ ਕੰਮ ਸਵੇਰੇ 5 ਵਜੇ ਤੋਂ ਸ਼ੁਰੂ ਹੋਵੇਗਾ, ਇਸ ਲਈ ਸਾਰੇ ਉਮੀਦਵਾਰ ਸਮੇਂ-ਸਿਰ ਪਹੁੰਚਣ। ਉਨ੍ਹਾਂ ਦੱਸਿਆ ਕਿ ਹਵਾਈ ਫੌਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਾਰੇ ਉਮੀਦਵਾਰ ਭੱਜਣ ਲਈ ਸਪੋਰਟਸ ਕਿੱਟ, ਡੋਮੀਸਾਈਲ ਸਰਟੀਫਿਕੇਟ, ਜਨਮ ਤਾਰੀਕ ਪ੍ਰਮਾਣ ਲਈ ਮੈਟ੍ਰਿਕ ਸਰਟੀਫਿਕੇਟ, ਬਾਰ੍ਹਵੀਂ ਕਲਾਸ ਦਾ ਸਰਟੀਫਿਕੇਟ, ਨੰਬਰ ਕਾਰਡ ਅਤੇ ਐਨ.ਸੀ.ਸੀ ਸਰਟੀਫਿਕੇਟ ਆਦਿ ਅਸਲੀ ਤੇ ਨਾਲ ਇਨ੍ਹਾਂ ਦੀਆਂ 4-4 ਫੋਟੋ ਕਾਪੀਆਂ ਲੈ ਕੇ ਜਾਣ। ਇਸ ਤੋਂ ਇਲਾਵਾ 10 ਨਵੀਆਂ ਪਾਸਪੋਰਟ ਸਾਈਜ਼ ਫੋਟੋਜ਼, ਪੈਂਸਿਲ, ਕਾਲਾ ਤੇ ਨੀਲਾ ਬਾਲ ਪੈਨ, ਰਬੜ, ਸ਼ਾਪਨਰ, ਗਮ ਆਦਿ ਵੀ ਲੈ ਕੇ ਸਮੇਂ-ਸਿਰ ਪਹੁੰਚਣ। ਡਿਪਟੀ ਕਮਿਸ਼ਨਰ ਨੇ ਯੋਗਤਾ ਪੂਰੀ ਕਰਨ ਵਾਲੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਭਰਤੀ ਰੈਲੀ ਦਾ ਜ਼ਰੂਰ ਲਾਹਾ ਲੈਣ। ਉਨ੍ਹਾਂ ਦੱਸਿਆ ਕਿ www.airmenselection.gov.in, 'ਤੇ ਵੀ ਭਰਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਉਮੀਦਵਾਰਾਂ ਦਾ ਟੈਸਟ 7 ਮਈ ਨੂੰ ਲਿਆ ਜਾਵੇਗਾ।

ਹੁਣ ਤੱਕ 112241 ਮੀਟਰਕ ਟਨ ਕਣਕ ਦੀ ਹੋਈ ਖਰੀਦ : ਡਿਪਟੀ ਕਮਿਸ਼ਨਰ

92.97 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ
-ਕਿਸਾਨਾਂ ਨੂੰ ਮੰਡੀਆਂ 'ਚ ਸੁੱਕੀ ਕਣਕ ਹੀ ਲਿਆਉਣ ਦੀ ਅਪੀਲ

ਹੁਸ਼ਿਆਰਪੁਰ, 23 ਅਪ੍ਰੈਲ :ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੁਣ ਤੱਕ 112241 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿਚ ਪਨਗਰੇਨ ਨੇ 21057, ਮਾਰਕਫੈਡ ਨੇ 19019, ਪਨਸਪ ਨੇ 21350, ਪੰਜਾਬ ਐਗਰੋ ਨੇ 9500, ਐਫ.ਸੀ.ਆਈ ਨੇ 25704, ਜਦਕਿ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ  ਨੇ 14538 ਅਤੇ ਵਪਾਰੀਆਂ ਵਲੋਂ 1073 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ ਸਬੰਧਤ ਵਿਭਾਗ ਵਲੋਂ ਕਿਸਾਨਾਂ ਨੂੰ 92.97 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।

         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਕੁੱਲ 62 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਕਣਕ ਦੀ ਖਰੀਦ ਨਿਰਵਿਘਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਮੇ-ਸਿਰ ਲਿਫਟਿੰਗ ਵੀ ਯਕੀਨੀ ਬਣਾ ਲਈ ਗਈ ਹੈ ਅਤੇ ਹੁਣ ਤੱਕ 53150 ਮੀਟਰਕ ਟਨ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਅਦਾਇਗੀ ਲਈ ਸਮਾਂ-ਸੀਮਾ ਨਿਰਧਾਰਿਤ ਕੀਤੀ ਗਈ ਹੈ ਅਤੇ ਜ਼ਿਲ੍ਹੇ ਵਿਚ ਫੂਡ ਤੇ ਸਿਵਲ ਸਪਲਾਈ ਵਿਭਾਗ ਵਲੋਂ ਇਸ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਜਿਸ ਸਦਕਾ 92.97 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ, ਬਿਜਲੀ, ਸਾਫ-ਸਫਾਈ, ਤਰਪਾਲਾਂ ਆਦਿ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ, ਉਥੇ ਲੋੜੀਂਦੇ ਬਾਰਦਾਨੇ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ।
             ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਖਰੀਦ ਪ੍ਰਕਿਰਿਆ ਦੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆ ਸਕੇ। ਉਨ੍ਹਾਂ ਖਰੀਦ ਪ੍ਰਬੰਧਾਂ ਵਿਚ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸਾਨਾਂ ਦੀ ਖੱਜਲ-ਖੁਆਰੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਆਪਸੀ ਤਾਲਮੇਲ ਨਾਲ ਕਣਕ ਦੇ ਸੀਜ਼ਨ ਨੂੰ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ 3,26,095 ਮੀਟਰਕ ਟਨ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਸਾਲ 2,83,561 ਮੀਟਰਕ ਟਨ ਕਣਕ ਦੀ ਪੈਦਾਵਾਰ ਹੋਈ ਸੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਕਣਕ ਦੀ ਫਸਲ ਸੁਕਾ ਕੇ ਹੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਅਤੇ ਤੜਕਸਾਰ ਕਣਕ ਦੀ ਕਟਾਈ ਨਾ ਕੀਤੀ ਜਾਵੇ, ਕਿਉਂਕਿ ਇਸ ਸਮੇਂ ਦੌਰਾਨ ਕੀਤੀ ਕਟਾਈ ਨਾਲ ਨਮੀ ਜ਼ਿਆਦਾ ਹੁੰਦੀ ਹੈ ਅਤੇ ਕਿਸਾਨ ਨੂੰ ਨਮੀ ਵਾਲੀ ਫਸਲ ਸੁੱਕਣ ਤੱਕ ਮੰਡੀਆਂ ਵਿਚ ਰਹਿਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੁੱਕੀ ਕਣਕ ਦੀ ਫਸਲ ਲਿਆਉਣ ਨਾਲ ਕਿਸਾਨਾਂ ਨੂੰ ਜ਼ਿਆਦਾ ਦੇਰ ਮੰਡੀਆਂ ਵਿਚ ਨਹੀਂ ਰਹਿਣਾ ਪਵੇਗਾ, ਇਸ ਲਈ ਗਿੱਲੀ ਫਸਲ ਬਿਲਕੁੱਲ ਨਾ ਕੱਟੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ/ਨਾੜ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਵਾਲੇ ਕਿਸਾਨ ਨੂੰ 2500 ਤੋਂ ਲੈਕੇ 15 ਹਜ਼ਾਰ ਤੱਕ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ।

ਨਸ਼ਾ ਵਿਰੋਧੀ ਦਿਵਸ ਮਨਾਇਆ

ਤਲਵਾੜਾ, 22 ਅਪ੍ਰੈਲ: ਇੱਥੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਨਸ਼ਾ ਵਿਰੋਧੀ ਦਿਵਸ ਸਕੂਲ ਮੁਖੀ ਰਾਜ ਕੁਮਾਰ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ, ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਸਕੂਲ ਮੁਖੀ ਰਾਜ ਕੁਮਾਰ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਭਾਵ, ਕਾਰਨ ਅਤੇ ਇਸ ਤੋਂ ਬਚਾਓ ਦੇ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ। ਭਾਸ਼ਣ ਮੁਕਾਬਲੇ ਵਿਚ ਭੁਪਿੰਦਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਨਿਸ਼ਾ ਅਤੇ ਕੋਮਲ ਨੇ ਦੂਸਰਾ ਤੇ ਪ੍ਰਿਅੰਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪੋਸਟਰ ਮੇਕਿੰਗ ਵਿਚ ਵਰੁਣ ਜੋਸ਼ੀ ਨੇ ਪਹਿਲਾ, ਅਭਿਸ਼ੇਕ ਪਲਿਆਲ ਨੇ ਦੂਜਾ ਅਤੇ ਰੋਹਨ ਨੇ ਤੀਜਾ ਸਥਾਨ ਹਾਸਿਲ ਕੀਤਾ। ਕਵਿਤਾ ਮੁਕਾਬਲੇ ਵਿਚ ਕਸ਼ਿਸ਼ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਵੀ ਕੱਢੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵੀ ਸ਼ਾਰਦਾ, ਹਰਮੀਤ ਕੌਰ, ਸੁਸ਼ਮਾ ਕੁਮਾਰੀ, ਯੋਗੇਸ਼ਵਰ ਸਲਾਰੀਆ, ਰਘਬੀਰ ਸਿੰਘ, ਵਰਿੰਦਰ ਗੁਸਾਈਂ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਰਾਕੇਸ਼ ਕੁਮਾਰ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਤੇ ਹੋਰ ਪਤਵੰਤੇ ਹਾਜਰ ਸਨ।

ਮਿਸ਼ਨ ਮਲੇਰੀਆ : ਸਿਵਲ ਸਰਜਨ ਨੇ ਕੀਤੀ ਕੂਲਰਾਂ ਦੀ ਚੈਕਿੰਗ

ਹੁਸ਼ਿਆਰਪੁਰ, 21 ਅਪ੍ਰੈਲ : ਮੌਸਮ ਵਿੱਚ ਆ ਰਹੇ ਬਦਲਾਅ ਕਾਰਣ ਡੇਗੂੰ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਦੇ ਪਨਪਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਹੈ ਕਿ ਉਨਾਂ ਹਾਲਾਤਾਂ ਨੂੰ ਖਤਮ ਕੀਤਾ ਜਾਵੇ ਜੋ ਕਿ ਇਨਾਂ ਬੀਮਾਰੀਆਂ ਦਾ ਕਾਰਣ ਬਣਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ.ਨਰਿੰਦਰ ਕੌਰ ਨੇ ਦੱਸਿਆ ਕਿ ਡੇਗੂੰ ਅਤੇ ਚਿਕਨਗੁਨੀਆ ਦਾ ਮੱਛਰ ਸਾਫ, ਖੁੱਲੇ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਮਨੁੱਖੀ ਅਣਗਹਿਲੀ ਇਸ ਮੱਛਰ ਦੇ ਪੈਦਾ ਹੋਣ ਦਾ ਇਕ ਮੁੱਖ ਕਾਰਣ ਹੈ।
ਇਸ ਲਈ ਇਹ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ ਕਿ ਆਪਣੇ ਆਸ ਪਾਸ ਕਿਧਰੇ ਵੀ ਸਾਧਾਰਣ ਜਾਂ ਬਰਸਾਤੀ ਪਾਣੀ ਨੂੰ ਖੜਾ ਨਾਂ ਹੋਣ ਦਿੱਤਾ ਜਾਵੇ। ਇਸ ਲਈ ਘਰਾਂ ਦੀ ਟੰਕੀਆਂ ਦੇ ਢੱਕਣ ਦੀ ਜਾਂਚ ਜ਼ਰੂਰੀ ਹੈ। ਇਸ ਤੋਂ ਇਲਾਵਾ ਘਰਾਂ ਵਿੱਚ ਪਏ ਕੂਲਰਾਂ, ਗੁਲਦਾਨਾਂ, ਗਮਲਿਆਂ, ਆਸ-ਪਾਸ ਦੇ ਖਾਲੀ ਟੋਇਆਂ, ਟੁੱਟੇ ਬਰਤਨਾਂ, ਫਾਲਤੂ ਪਏ ਟਾਇਰਾਂ, ਟਿਊਬਾਂ, ਪੰਛੀਆਂ ਦੇ ਪੀਣ ਲਈ ਰੱਖੇ ਪਾਣੀ ਦੇ ਬਰਤਨਾਂ ਆਦਿ ਵਿੱਚ ਪਾਣੀ ਨੂੰ ਲਗਾਤਾਰ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਤੇ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਡਾ.ਨਰਿੰਦਰ ਕੌਰ ਨੇ ਕਿਹਾ ਕਿ ਡੇਗੂੰ ਅਤੇ ਚਿਕਨਗੁਨੀਆ ਦਾ ਲਾਰਵਾ ਪੈਦਾ ਨਾਂ ਹੋਵੇ ਇਸ ਲਈ ਇਸ ਗੱਲ ਦੀ ਉਚੇਚੇ ਤੌਰ ਤੇ ਲੋੜ ਹੈ ਕਿ ਗਰਮੀ ਦੇ ਦਿਨਾਂ ਵਿੱਚ ਅਕਸਰ ਵਰਤੇ ਜਾਂਦੇ ਘਰਾਂ ਦੇ ਕੂਲਰਾਂ ਦੀ ਨਿਯਮਤ ਸਫਾਈ ਕੀਤੀ ਜਾਵੇ। ਇਸ ਲਈ ਸਿਹਤ ਵਿਭਾਗ ਵੱਲੋਂ ਸ਼ੁਕਰਵਾਰ ਦਾ ਦਿਨ ਡਰਾਈ ਡੇ ਭਾਵ ਕਿ ਖੁਸ਼ਕ ਦਿਨ ਦੇ ਤੌਰ ਤੇ ਮੁਕਰਰ ਕੀਤਾ ਗਿਆ ਹੈ। ਜਿਸਦਾ ਅਰਥ ਇਹ ਹੈ ਕਿ ਇਸ ਦਿਨ ਕੂਲਰਾਂ ਦਾ ਪੁਰਾਣਾ ਪਿਆ ਪਾਣੀ ਕੱਢ ਕੇ ਉਸਨੂੰ ਧੋ ਕੇ ਸੁਕਾਉਣ ਉਪੰਰਤ ਮੁੜ ਤੋਂ ਵਰਤਣ ਲਈ ਤਿਆਰ ਕੀਤਾ ਜਾਵੇ। ਅਜਿਹਾ ਕਰਨ ਨਾਲ ਡੇਗੂੰ ਅਤੇ ਚਿਕਨਗੁਨੀਆ ਦਾ ਲਾਰਵਾ ਕੂਲਰਾਂ ਵਿੱਚ ਨਹੀਂ ਪਨਪਦਾ। ਉਨਾਂ ਕਿਹਾ ਕਿ ਸਮੂਹ ਜ਼ਿਲਾ ਨਿਵਾਸੀਆਂ ਨੂੰ ਆਪੋ-ਆਪਣੇ ਘਰਾਂ ਦੇ ਕੂਲਰਾਂ ਦੀ ਨਿਯਮਤ ਸਫਾਈ ਅਤੇ ਸ਼ੁਕਰਵਾਰ ਵਾਲੇ ਦਿਨ ਇਸ ਨੂੰ ਧੋ ਕੇ ਸੁੁਕਾਉਣ ਦੀ ਪ੍ਰਕਿਰਿਆ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ। ਉਨਾਂ ਵੱਲੋਂ ਅੱਜ ਸਿਵਲ ਹਸਪਤਾਲ, ਦਫਤਰ ਸਿਵਲ ਸਰਜਨ ਵਿਖੇ ਅਤੇ ਦਫਤਰ ਸਿਵਲ ਸਰਜਨ ਵਿਖੇ ਬਣਾਏ ਰਿਹਾਇਸ਼ੀ ਕੁਆਟਰਾਂ ਦੇ ਕੂਲਰਾਂ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਉਨਾਂ ਕਿ ਅਜਿਹੀਆਂ ਸਾਵਧਾਨੀਆਂ ਨਾਲ ਹੀ ਡੇਗੂੰ ਅਤੇ ਚਿਕਨਗੁਨੀਆਂ ਵਰਗੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਤੇ ਇਸ ਲਈ ਸਾਰਿਆਂ ਦਾ ਇਸ ਪ੍ਰਤੀ ਸੁਚੇਤ ਹੋਣਾ ਲਾਜ਼ਮੀ ਹੈ। ਇਸ ਮੌਕੇ ਉਨਾਂ ਦੇ ਨਾਲ ਜ਼ਿਲਾ ਸਿਹਤ ਅਫਸਰ ਡਾ.ਸੇਵਾ ਸਿੰਘ, ਜਿਲਾ ਟੀਕਾਕਰਣ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ, ਡਾ.ਸ਼ੈਲੇਸ਼, ਪ੍ਰਿਤਪਾਲ ਸਿੰਘ ਤੋਂ ਇਲਾਵਾ ਮਲੇਰੀਆ ਵਿੰਗ ਦੇ ਕਰਮਚਾਰੀ ਮੌਜੂਦ ਸਨ। 

ਮਲੇਰੀਆ ਬੁਖਾਰ ਤੋਂ ਬਚਾਅ ਲਈ ਜਾਗਰੂਕਤਾ ਜਰੂਰੀ : ਡਾ. ਨਰਿੰਦਰ ਕੌਰ

ਹੁਸ਼ਿਆਰਪੁਰ, 21 ਅਪ੍ਰੈਲ: ਮਲੇਰੀਆ ਬੁਖਾਰ ਤੋਂ ਬਚਾਅ ਪ੍ਰਤੀ ਲੋੜੀਂਦੀ ਜਾਗਰੁਕਤਾ ਪੈਦਾ ਕਰਨ ਲਈ ਹਰ ਸਾਲ 25 ਅਪ੍ਰੈਲ ਨੂੰ ਮਲੇਰੀਆ ਜਾਗਰੁਕਤਾ ਦਿਵਸ ਤੇ ਤੌਰ ਤੇ ਮਨਾਇਆ ਜਾਂਦਾ ਹੈ।
ਸਿਵਲ ਸਰਜਨ ਹੁਸ਼ਿਆਰਪੁਰ ਡਾ.ਨਰਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਲੇਰੀਆ ਦੀ ਪੂਰਣ ਮੁਕਤੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਜ਼ਿਲੇ ਨੂੰ 2019 ਤੱਕ ਇਸ ਬੀਮਾਰੀ ਤੋਂ ਪੂਰਣ ਤੌਰ ਤੇ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦਿਵਸ ਦੀ ਪ੍ਰਮੁਖਤਾ ਨੂੰ ਬਰਕਰਾਰ ਰੱਖਦੇ ਹੋਏ ਵੱਖ-ਵੱਖ ਬੀ.ਸੀ.ਸੀ.ਤੇ ਆਈ.ਈ.ਸੀ. ਪ੍ਰੋਗਰਾਮਾਂ ਰਾਂਹੀ ਆਮ ਨਾਗਰਿਕਾਂ ਵਿੱਚ ਇਸ ਬੀਮਾਰੀ ਤੋਂ ਬਚਾਅ ਅਤੇ ਇਸ ਪ੍ਰਤੀ ਜਾਗਰੁਕ ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਦਿਵਸ ਦੀ ਆਮਦ ਦੀ ਵਿਸ਼ੇਸ਼ਤਾ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਰਹੀਰਾਂ ਵਿਖੇ ਸਕੂਲ ਮੁਖੀ ਸ਼੍ਰੀਮਤੀ ਰਮਨਦੀਪ ਕੌਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਹੈਲਥ ਇੰਸਪੈਕਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਲੇਰੀਆ ਦਿਵਸ 25 ਅਪ੍ਰੈਲ ਦਾ ਇਸ ਵਾਰ ਦਾ ਵਿਸ਼ਾ ਚੰਗੀ ਸਿਹਤ ਲਈ ਮਲੇਰੀਆ ਦਾ ਖਾਤਮਾ ਰੱਖਿਆ ਗਿਆ ਹੈ। ਇਹ ਮੱਛਰ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਤੇ ਇਹ ਮੱਛਰ ਅਕਸਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ। ਮਲੇਰੀਆ ਬੁਖਾਰ ਦੇ ਲੱਛਣਾਂ ਵਿੱਚ ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ, ਸਿਰ ਦਰਦ, ਬੁਖਾਰ ਉਤਰਣ ਤੇ ਕਮਜ਼ੋਰੀ ਅਤੇ ਪਸੀਨਾ ਆਉਣਾ ਆਦਿ ਹੁੰਦੇ ਹਨ। ਉਨਾਂ ਕਿਹਾ ਕਿ ਅਜਿਹੇ ਲੱਛਣ ਸਰੀਰ ਵਿੱਚ ਮਹਿਸੂਸ ਹੋਣ ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸਪੰਰਕ ਕਰਨਾ ਚਾਹੀਦਾ ਹੈ।  ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਚ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਘਰਾਂ ਦੇ ਆਲੇ-ਦੁਆਲੇ  ਟੋਇਆਂ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਦਾ ਹੈ ਤਾਂ ਜੋ ਉਸ ਵਿੱਚ ਬਰਸਾਤੀ ਪਾਣੀ ਜਮਾ ਨਾਂ ਹੋ ਸਕੇ। ਛੱਪੜਾਂ ਵਿੱਚ ਖੜੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਸੂਤੀ ਅਤੇ ਅਜਿਹੇ ਕੱਪੜਿਆਂ ਦੀ ਚੌਣ ਕਰਨੀ ਚਾਹੀਦੀ ਹੈ ਜਿਸ ਨਾਲ ਸਰੀਰ ਪੂਰੀ ਤਰਾਂ ਢੱਕਿਆ ਰਹੇ। ਸੌਣ ਵੇਲੇ ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜ਼ਿਲੇ ਦੇ ਸਮੂਹ ਸਰਕਾਰੀ ਸਿਹਤ ਕੇਂਦਰਾਂ ਵਿਖੇ ਮਲੇਰੀਆ ਦੀ ਜਾਂਚ ਅਤੇ ਇਲਾਜ ਪੂਰੀ ਤਰਾਂ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਮੁਖੀ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਜਾਗਰੁਕਤਾ ਕੈਂਪ ਲਈ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਹਾਸਿਲ ਕੀਤੀ ਜਾਣਕਾਰੀ ਨੂੰ ਅਪਨਾਉਣ ਪ੍ਰਤੀ ਸੁਚੇਤ ਕੀਤਾ ਗਿਆ। ਇਸ ਮੋਕੇ ਤੇ ਸੈਨੇਟਰੀ ਸੁਪਰਵਾਈਜ਼ਰ ਹਰਰੂਪ ਸ਼ਰਮਾ ਤੋਂ ਇਲਾਵਾ ਸਕੂਲੀ ਵਿਦਿਆਰਥੀ ਅਤੇ ਸਿੱਖਿਆਰਥੀ ਮੌਜੂਦ ਸਨ। 

ਨੌਜਵਾਨ ਤੋਂ ਹੈਰੋਇਨ ਬਰਾਮਦ

 ਤਲਵਾੜਾ, 21 ਅਪ੍ਰੈਲ:  ਸ: ਹਰਚਰਨ ਸਿੰਘ ਭੁੱਲਰ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋ ਜਾਰੀ ਪ੍ਰੈਸ ਨੋਟ ਰਾਂਹੀ ਦੱਸਿਆ ਗਿਆ ਕਿ ਜਿਲਾ ਹੁਸ਼ਿਆਰਪੁਰ ਅੰਦਰ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ  ਪੁਲਿਸ
ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵਲੋਂ ਇਕ ਸਕੂਟਰ ਸਵਾਰ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 250 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।

           ਸ: ਭੂੱਲਰ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 20ਫ਼4ਫ਼17 ਨੂੰ ਇੰਸਪੈਕਟਰ ਗੁਰਿੰਦਰ ਸਿੰਘ ਬੱਲ, ਇੰਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਦੀ ਅਗਵਾਈ ਹੇਠ ਏ.ਐਸ.ਆਈ ਸਤਵਿੰਦਰ ਸਿੰਘ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵਲੋਂ ਗੜ੍ਹਸ਼ੰਕਰ ਤੋਂ ਬੰਗਾ ਰੋਡ ਅੱਡਾ ਚੌੜਾ ਵਿਖੇ ਨਾਕਾਬੰਦੀ ਲਗਾਈ ਹੋਈ ਸੀ ਤਾਂ ਨਾਕਾਬੰਦੀ ਦੋਰਾਨ ਇੱਕ ਪਲੇਜਰ ਸਕੂਟਰ ਨੰਬਰ ਪੀ.ਬੀ. 32-4192 ਪਰ ਪਿੰਡ ਚੌੜਾ ਵਲੋਂ ਆ ਰਹੇ ਨੌਜਵਾਨ ਸਤਨਾਮ ਸਿੰਘ ਉਰਫ ਬੱਬੀ ਪੁੱਤਰ ਗੁਰਦੇਵ ਸਿੰਘ ਕੋਮ ਸਾਂਸੀ ਵਾਸੀ ਥਾਂਦੀਆਂ ਥਾਣਾ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 250 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਇਸ ਸਬੰਧ ਵਿੱਚ ਥਾਣਾ ਗੜ੍ਹਸ਼ੰਕਰ ਵਿਖੇ ਮੁੱਕਦਮਾ ਨੰਬਰ 66 ਮਿਤੀ 20-4-17 ਅ.ਧ. 21-61-85 ਐਨ.ਡੀ.ਪੀ.ਐਸ. ਐਕਟ ਦਰਜ ਕੀਤਾ ਗਿਆ ਹੈ। ਦੋਸ਼ੀ ਸਤਨਾਮ ਸਿੰਘ ਉਰਫ ਬੱਬੀ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਪਿਛਲੇ 7ਫ਼8 ਮਹੀਨੇ ਤੋਂ ਫਿਲੋਰ ਨੇੜੇ ਤੋਂ ਹੈਰੋਇਨ ਲਿਆ ਕੇ ਥਾਣਾ ਗੜ੍ਹਸ਼ੰਕਰ ਅਤੇ ਬੰਗਾ ਦੇ ਇਲਾਕਾ ਵਿੱਚ ਗਾਹਕਾਂ ਨੂੰ ਵੇਚਦਾ ਸੀ। ਉਹ ਜਲਦੀ ਪੈਸੇ ਕਮਾਉਣ ਦੀ ਲਾਲਸਾ ਵਿੱਚ ਇਸ ਧੰਦੇ ਵਿੱਚ ਪੈ ਗਿਆ ਸੀ। ਜਿਸ ਪਾਸੋਂ ਹੋਰ ਪੁੱਛਗਿਛ ਜਾਰੀ ਹੈ ਅਤੇ ਇਸ ਦੇ ਸਾਬਕਾ ਰਿਕਾਰਡ ਬਾਰੇ ਵੀ ਛਾਣਬੀਣ ਕੀਤੀ ਜਾ ਰਹੀ ਹੈ।

ਜਲਦ ਚੱਲਣਗੀਆਂ 5 ਨਵੀਆਂ ਵਾਲਵੋ ਬੱਸਾਂ : ਅਰੋੜਾ

-ਹਲਕਾ ਵਿਧਾਇਕ ਨੇ ਲਿਆ ਬੱਸ ਅੱਡੇ ਦਾ ਜਾਇਜ਼ਾ
ਹੁਸ਼ਿਆਰਪੁਰ, 21 ਅਪ੍ਰੈਲ: ਯਾਤਰੀਆਂ ਦੀ ਸਹੂਲਤ ਲਈ ਕਾਂਗਰਸ ਸਰਕਾਰ ਵਲੋਂ ਜ਼ਿਲ੍ਹੇ ਵਿੱਚ ਹੁਸ਼ਿਆਰਪੁਰ ਡਿਪੂ ਤੋਂ ਵੱਖ-ਵੱਖ ਰੂਟਾਂ 'ਤੇ 5 ਨਵੀਆਂ ਵਾਲਵੋ ਬੱਸਾਂ ਜਲਦ ਚਲਾਈਆਂ ਜਾ ਰਹੀਆਂ ਹਨ।
ਹਲਕਾ ਵਿਧਾਇਕ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਬੱਸ ਸਟੈਂਡ ਹੁਸ਼ਿਆਰਪੁਰ ਦਾ ਅਚਨਚੇਤ ਕੀਤੇ ਦੌਰੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੱਸ ਸਟੈਂਡ 'ਤੇ ਖੜ੍ਹੇ ਯਾਤਰੀਆਂ, ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਮੌਕੇ 'ਤੇ ਇਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਜਿਥੇ ਪਿਛਲੇ ਮਹੀਨੇ ਹੁਸ਼ਿਆਰਪੁਰ ਡਿਪੂ ਨੂੰ 16 ਲੱਖ 16 ਹਜ਼ਾਰ ਰੁਪਏ ਦਾ ਲਾਭ ਹੋਇਆ ਹੈ, ਉਥੇ ਬੱਸ ਸਟੈਂਡ ਤੋਂ ਦੁਕਾਨਾਂ, ਸਾਈਕਲ ਸਟੈਂਡ ਅਤੇ ਹੋਰ ਸੁਵਿਧਾਵਾਂ ਰਾਹੀਂ 1 ਕਰੋੜ 25 ਲੱਖ ਰੁਪਏ ਦਾ ਸਲਾਨਾ ਮਾਲੀਆ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਹੁਸ਼ਿਆਰਪੁਰ ਡਿਪੂ ਤੋਂ 112 ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਬਹੁਤ ਜਲਦ 5 ਨਵੀਆਂ ਵੋਲਵੋ ਬੱਸਾਂ ਆਉਣ ਦੇ ਨਾਲ ਯਾਤਰੀਆਂ ਨੂੰ ਹੋਰ ਵੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਹੁਸ਼ਿਆਰਪੁਰ ਤੋਂ ਦਿੱਲੀ ਏਅਰਪੋਰਟ ਅਤੇ ਹਰਿਦੁਆਰ ਦੇ ਰੂਟਾਂ ਲਈ ਵਿਸ਼ੇਸ਼ ਬੱਸਾਂ ਵੀ ਚਲਾਈਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਬੱਸ ਸਟੈਂਡ ਉਪਰ ਬਣੇ ਕਮਰਿਆਂ, ਜਿਮ, ਅੱਗ ਬਝਾਊ ਯੰਤਰ, ਬਾਥਰੂਮਾਂ, ਟਿਕਟ ਕਾਊਂਟਰਾਂ ਸਮੇਤ ਹੋਰ ਕਾਊਂਟਰਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਸਫ਼ਾਈ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ ਦਿੱਤਾ।  
                  ਹਲਕਾ ਵਿਧਾਇਕ ਨੇ ਪੰਜਾਬ ਰੋਡਵੇਜ ਦੇ ਜਨਰਲ ਮੈਨੇਜਰ ਨੂੰ ਵਿਸ਼ੇਸ਼ ਹਦਾਇਤ ਦਿੱਤੀ ਕਿ ਬੱਸ ਪਾਸ ਰਾਹੀਂ ਯਾਤਰਾ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬੱਸ ਪਾਸ ਵਾਲੇ ਵਿਦਿਆਰਥੀਆਂ ਨਾਲ ਕਈ ਬੱਸਾਂ ਵਾਲੇ ਭੇਦਭਾਵ ਕਰਦੇ ਹਨ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸ ਪਾਸ ਦੀ ਸਹੂਲਤ ਸਰਕਾਰ ਵਲੋਂ ਦਿੱਤੀ ਜਾ ਰਹੀ ਹੈ, ਇਸ ਲਈ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡਵੇਜ਼ ਦੇ ਡਰਾਈਵਰ ਕੰਡਕਟਰ ਇਹ ਯਕੀਨੀ ਬਣਾਉਣ ਕਿ ਬੱਸ ਪਾਸ ਹੋਲਡਰ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਸਰਕਾਰ ਵਲੋਂ ਇਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। 

ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨੂੰ ਈਆਰਓ ਨੈਟ ਪੋਰਟਲ ਦੀ ਦਿੱਤੀ ਸਿਖਲਾਈ

ਹੁਸ਼ਿਆਰਪੁਰ, 21 ਅਪ੍ਰੈਲ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਚੱਬੇਵਾਲ ਸ੍ਰੀ ਜਸਵੀਰ ਸਿੰਘ ਦੀ ਅਗਵਾਈ ਵਿੱਚ ਅੱਜ ਸਮੂਹ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨੂੰ ਇਕ ਦਿਨਾਂ ਸਿਖਲਾਈ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਵੇਂ ਈ.ਆਰ.ਓ. ਨੈਟ ਪੋਰਟਲ ਦਾ ਲਾਭ ਇਹ ਹੋਵੇਗਾ ਕਿ ਇਸ ਦੀ ਵਰਤੋਂ ਨਾਲ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਕਰਨ ਵਿੱਚ ਮੱਦਦ ਮਿਲੇਗੀ ਅਤੇ ਰਿਕਾਰਡ ਮੇਨਟੇਨ ਕਰਨਾ ਵੀ ਸੌਖਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਰਾਹੀਂ ਕੋਈ ਵੀ ਵੋਟਰ ਘਰ ਬੈਠਿਆਂ ਜਾਂ ਮੋਬਾਈਲ ਰਾਹੀਂ ਵੋਟ ਲਈ ਆਨਲਾਈਨ ਅਰਜ਼ੀ ਦੇ ਸਕੇਗਾ।
ਸ੍ਰੀ ਜਸਵੀਰ ਸਿੰਘ ਨੇ ਦੱਸਿਆ ਕਿ ਬਹੁਤ ਹੀ ਸੌਖੀ ਪ੍ਰਕਿਰਿਆ ਨਾਲ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਵੋਟਰ ਨੂੰ ਇੱਕ ਯੂਨੀਕ ਆਈ. ਡੀ. ਨੰਬਰ ਮਿਲ ਜਾਵੇਗਾ, ਜਿਸ ਦਾ ਰੈਫਰੈਂਸ ਦੇ ਕੇ ਉਹ ਵੋਟ ਬਣਨ ਤੱਕ ਆਪਣੀ ਆਨਲਾਈਨ ਬੇਨਤੀ ਦਾ ਸਟੇਟਸ ਚੈੱਕ ਕਰ ਸਕੇਗਾ। ਵੋਟਰ ਦੀ ਆਨਲਾਈਨ ਬੇਨਤੀ ਜਿੱਥੇ ਰਿਟਰਨਿੰਗ ਅਫ਼ਸਰ ਕੋਲ ਸਿੱਧੀ ਪਹੁੰਚ ਜਾਵੇਗੀ, ਉਥੇ ਨਾਲ ਹੀ ਉਸਦੇ ਖੇਤਰ ਨਾਲ ਸੰਬੰਧਤ ਬੀ. ਐੱਲ. ਓ. ਅਤੇ ਸੁਪਰਵਾਈਜ਼ਰ ਨੂੰ ਵੀ ਇਸ ਦੀ ਅਪਡੇਸ਼ਨ ਮਿਲ ਜਾਵੇਗੀ, ਜਿਸ ਤੋਂ ਬਾਅਦ ਬੀ. ਐੱਲ. ਓ. ਖੁਦ ਵੋਟਰ ਦੇ ਘਰ ਜਾ ਕੇ ਉਸ ਦੀ ਵੈਰੀਫਿਕੇਸ਼ਨ ਕਰਨ ਦੇ ਨਾਲ ਉਸ ਦੇ ਹਸਤਾਖਰ ਵੀ ਕਰਵਾਏਗਾ। ਇਸ ਸਿਖਲਾਈ ਦੌਰਾਨ ਸ੍ਰੀ ਵਿਜੇ ਕੁਮਾਰ ਅਤੇ ਸ੍ਰੀ ਪੂਰਨ ਪੰਕਜ ਸ਼ਰਮਾ ਵਲੋਂ ਬੜੇ ਵਿਸਥਾਰ ਨਾਲ ਇਲੈਕਟੋਰਲ ਰੋਲ ਮੈਨੇਜਮੈਂਟ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਮਾਹਿਲਪੁਰ ਸ੍ਰੀ ਕੁਲਵੰਤ ਸਿੰਘ, ਬੀ.ਡੀ.ਪੀ.ਓ. ਸ੍ਰੀ ਹਰਬਿਲਾਸ, ਸ੍ਰੀ ਭਾਰਤ ਭੂਸ਼ਨ ਸ਼ਰਮਾ, ਸ੍ਰੀ ਯੁਗੇਸ਼ ਸਿੰਘ, ਸ੍ਰੀ ਸੰਤੋਖ ਸਿੰਘ ਅਤੇ ਸਮੂਹ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਹਾਜ਼ਰ ਸਨ

ਸੇਫ਼ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਅਤੇ ਨਿਯਮਾਂ ਦੇ ਉਲਟ ਫੀਸਾਂ 'ਚ ਵਾਧਾ ਬਰਦਾਸ਼ਤ ਨਹੀਂ : ਡਿਪਟੀ ਕਮਿਸ਼ਨਰ

-ਕੋਈ ਵੀ ਸਕੂਲ ਸਲਾਨਾ 8 ਫੀਸਦੀ ਤੋਂ ਵੱਧ ਨਹੀਂ ਕਰ ਸਕਦਾ ਫੀਸਾਂ ਵਿੱਚ ਵਾਧਾ
-500 ਰੁਪਏ ਤੋਂ ਵੱਧ ਨਹੀਂ ਵਸੂਲੀ ਜਾ ਸਕਦੀ ਟਰਾਂਸਪੋਰਟੇਸ਼ਨ ਫੀਸ
-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਸਮੂਹ ਸਕੂਲ ਮੁੱਖੀਆਂ ਨਾਲ ਬੈਠਕ

ਹੁਸ਼ਿਆਰਪੁਰ, 21 ਅਪ੍ਰੈਲ:  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ 'ਸੇਫ ਸਕੂਲ ਵਾਹਨ ਪਾਲਿਸੀ' ਦੀ ਉਲੰਘਣਾ ਅਤੇ ਨਿਯਮਾਂ ('ਪੰਜਾਬ ਰੈਗੂਲੇਸ਼ਨ ਆਫ ਫੀ ਆਫ ਅਨ-ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨਲ ਐਕਟ-2016') ਦੇ ਉਲਟ ਫੀਸਾਂ ਵਿੱਚ ਵਾਧਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਅੱਜ ਪ੍ਰਾਈਵੇਟ ਸਕੂਲ ਮੁੱਖੀਆਂ ਨਾਲ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਲਾਗੂ ਕਰਨਾ ਸਕੂਲ ਮੁੱਖੀਆਂ ਦੀ ਆਪਣੀ ਜਿੰਮੇਵਾਰੀ ਹੁੰਦੀ ਹੈ ਅਤੇ ਸਕੂਲ ਮੁੱਖੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ। ਉਨ੍ਹਾਂ ਸਕੂਲ ਮੁੱਖੀਆਂ ਨੂੰ ਉਕਤ ਦੋਨਾਂ ਐਕਟਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜਿਥੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਉਥੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਬੇਲੋੜੀਆਂ ਫੀਸਾਂ ਨੂੰ ਲੈ ਕੇ ਸੋਸ਼ਣ ਨਹੀਂ ਹੋਣ ਦਿੱਤਾ ਜਾਵੇਗਾ।


                  ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਪੰਜਾਬ ਰੈਗੂਲੇਸ਼ਨ ਆਫ ਫੀ ਆਫ ਅਨ-ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨਲ ਐਕਟ-2016' ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਜੇਕਰ ਇਸ ਦੇ ਉਲਟ ਕੋਈ ਸਕੂਲ ਆਪਣੀ ਮਨਮਰਜ਼ੀ ਨਾਲ ਫੀਸਾਂ ਵਿੱਚ ਵਾਧਾ ਕਰੇਗਾ, ਤਾਂ ਉਸ ਸਕੂਲ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲ ਨਿਯਮਾਂ ਅਨੁਸਾਰ ਸਲਾਨਾ 8 ਫੀਸਦੀ ਤੋਂ ਵੱਧ ਫੀਸ ਵਿੱਚ ਵਾਧਾ ਨਹੀਂ ਕਰ ਸਕਦੇ। ਇਸ ਐਕਟ ਅਧੀਨ ਜਿਥੇ ਸਕੂਲ ਦੀਆਂ ਫੀਸਾਂ ਨੂੰ ਨਿਯੰਤਰਤ ਕੀਤਾ ਗਿਆ ਹੈ, ਉਥੇ ਕੋਈ ਵੀ ਅਣ-ਏਡਿਡ, ਪ੍ਰਾਈਵੇਟ ਸਕੂਲ ਕਿਸੇ ਵੀ ਤਰੀਕੇ ਨਾਲ ਵਿਦਿਆਰਥੀਆਂ/ਮਾਪਿਆਂ ਦਾ ਸੋਸ਼ਣ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸੇ ਐਕਟ ਅਨੁਸਾਰ ਸਕੂਲ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਨੂੰ ਲੈ ਕੇ ਜਾਣ ਅਤੇ ਛੱਡਣ ਲਈ ਕੇਵਲ 400 ਤੋਂ 500 ਰੁਪਏ ਟਰਾਂਸਪੋਰਟੇਸ਼ਨ ਫੀਸ ਵਸੂਲੀ ਜਾਣੀ ਚਾਹੀਦੀ ਹੈ। ਜੇ ਕਿਸੇ ਸਕੂਲ ਦਾ ਖਰਚ ਇਸ ਰਾਸ਼ੀ ਤੋਂ ਵੱਧ ਆਉਂਦਾ ਹੈ, ਤਾਂ ਉਸ ਦਾ ਖਰਚਾ ਕਰਨਾ ਸਕੂਲ ਦੀ ਆਪਣੀ ਜਿੰਮੇਵਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਕੂਲ ਨਿਰਧਾਰਤ ਕੀਤੀ ਗਈ ਟਰਾਂਸਪੋਰਟੇਸ਼ਨ ਫੀਸ ਤੋਂ ਵੱਧ ਰਾਸ਼ੀ ਨਾ ਵਸੂਲੇ।
             ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਪਿਛਲੇ ਦਿਨੀਂ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵਲੋਂ ਸਕੂਲੀ ਬੱਸਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਕਈ ਸਕੂਲੀ ਬੱਸਾਂ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀਆਂ ਸਨ। ਇਥੋਂ ਤੱਕ ਇਕ ਬੱਸ ਦਾ ਸਟੇਰਿੰਗ ਤਾਂ ਜਾਮ ਸੀ ਹੀ, ਨਾਲ ਹੀ ਬੱਸ ਦੀਆਂ ਬਰੇਕਾਂ ਤੱਕ ਵੀ ਫੇਲ੍ਹ ਹੋਣ ਦੀ ਹਾਲਤ ਵਿੱਚ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਕੂਲ ਮੁੱਖੀਆਂ ਨੂੰ ਸਖਤੀ ਨਾਲ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਸਕੂਲਾਂ ਵਿੱਚ 'ਸੇਫ ਸਕੂਲ ਵਾਹਨ ਪਾਲਿਸੀ' ਨੂੰ ਲਾਗੂ ਕਰਨਾ ਯਕੀਨੀ ਬਣਾਉਣ, ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
           ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਕੂਲਾਂ ਵਿੱਚ ਪੜ੍ਹਨ ਵਾਲੇ ਕੁਝ 18 ਸਾਲ ਦੀ ਉਮਰ ਤੋਂ ਘੱਟ ਬੱਚੇ ਦੋ ਪਹੀਆ ਵਾਹਨ ਚਲਾਉਂਦੇ ਹਨ, ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਮਝਾਉਣ ਕਿ ਉਹ ਦੋ ਪਹੀਆ ਵਾਹਨ ਨਾ ਚਲਾਉਣ। ਇਸ ਦੌਰਾਨ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਦਿਨੇਸ਼ ਕੁਮਾਰ ਨੇ ਦੋਨਾਂ ਐਕਟਾਂ ਸਬੰਧੀ ਸਕੂਲ ਮੁੱਖੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ, ਜ਼ਿਲ੍ਹੇ ਦੇ ਸਮੂਹ ਸਕੂਲ ਮੁੱਖੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। 

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ, 21 ਅਪ੍ਰੈਲ: ਮੈਜਿਸਟਰੇਟ ਨੇ ਫੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ Jhandewala Temple Dholbaha, Exacavated Temple Dholbaha, Mansa Devi Temple Dholbaha, Ancient Temple Dholbaha, Octagonal Well Dholbaha, Temple Hari Devi Bhawanipur, Temple Thakurdwara Ram Tatwali  ਦੇ ਇਤਿਹਾਸਕ ਪੁਰਾਤੱਤਵ ਸਮਾਰਕਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜਾਰੀ ਕੀਤੇ ਹਨ।
ਇਹ ਹੁਕਮ 22 ਅਪ੍ਰੈਲ ਤੋਂ 21 ਜੂਨ, 2017 ਤੱਕ ਲਾਗੂ ਰਹੇਗਾ।ਇਕ ਹੋਰ ਹੁਕਮ ਤਹਿਤ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਫ਼ਾ 144 ਸੀ.ਆਰ.ਪੀ.ਸੀ. 1973 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੀਮਨ ਦਾ ਅਣ ਅਧਿਕਾਰਤ ਤੌਰ 'ਤੇ ਭੰਡਾਰ ਕਰਨ, ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਸਮੂਹ ਵੈਟਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ/ ਡਿਸਪੈਂਸਰੀਆਂ ਅਤੇ ਪੋਲੀਕਲੀਨਿਕ, ਪਸ਼ੂ ਪਾਲਣ ਵਿਭਾਗ, ਪੰਜਾਬ ਮਿਲਕਫੈਡ ਅਤੇ ਕਾਲਜ ਆਫ਼ ਵੈਟਨਰੀ ਸਾਇੰਸ, ਗਡਵਾਸੂ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ, ਕੋਈ ਹੋਰ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ ਜੋ ਕਿ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਪ੍ਰੋਸੈਸ ਅਤੇ ਸਪਲਾਈ ਜਾਂ ਇੰਪੋਰਟ ਕੀਤੇ ਗਏ ਬੋਵਾਇਨ ਸੀਮਨ ਨੂੰ ਵਰਤ ਰਹੇ ਹਨ, ਪ੍ਰੋਗਰੈਸਿਵ ਡੇਅਰੀ ਫਾਰਮਜ਼ ਐਸੋਸੀਏਸ਼ਨ, ਪੰਜਾਬ ਦੇ ਮੈਂਬਰ ਜਿਨ੍ਹਾਂ ਨੇ ਕੇਵਲ ਆਪਣੇ ਪਸ਼ੂਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਇੰਪੋਰਟ ਕੀਤਾ ਹੋਵੇ,  'ਤੇ ਲਾਗੂ ਨਹੀਂ ਹੋਵੇਗੀ!

 ਜਿਲ੍ਹਾ ਮੈਜਿਸਟਰੇਟ ਨੇ ਫੌਜ਼ਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਹਰੇ ਅੰਬ ਦੇ ਬਹੁਤ ਹੀ ਮਹੱਤਵਪੂਰਨ ਦਰਖੱਤਾਂ ਦੀ ਕਟਾਈ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ ਹਾਲਾਤ ਵਿੱਚ ਕੱਟਣਾ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ ਲਈ ਵਣ ਵਿਭਾਗ ਵੱਲੋਂ ਉਹ ਹੀ ਪ੍ਰਕ੍ਰਿਆ ਅਪਣਾਈ ਜਾਵੇਗੀ, ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 ਦਫਾ-4 ਅਤੇ 5 ਅਧੀਨ ਬੰਦ ਰਕਬੇ ਵਿੱਚ ਪਰਮਿੱਟ ਦੇਣ ਲਈ ਅਪਣਾਈ ਜਾਂਦੀ ਹੈ।  ਇਹ ਪਾਬੰਦੀ ਇਸ ਕਰਕੇ ਲਗਾਈ ਜਾਂਦੀ ਹੈ ਕਿ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਹਰੇ ਅੰਬ ਦੇ ਦਰੱਖਤਾਂ ਨੂੰ ਬਿਨ੍ਹਾਂ ਵਜ੍ਹਾ ਕੱਟਿਆ ਜਾ ਰਿਹਾ ਹੈ। ਇਨ੍ਹਾਂ ਵੱਡੇ ਦਰੱਖਤਾਂ 'ਤੇ ਜੰਗਲੀ ਜੀਵਾਂ ਅਤੇ ਪੰਛੀਆਂ ਆਦਿ ਦਾ ਰੈਣ-ਬਸੇਰਾ ਹੁੰਦਾ ਹੈ। ਅਜਿਹੇ ਰੁੱਖਾਂ ਦੀ ਕਟਾਈ ਨਾਲ ਜਿਥੇ ਵਾਤਾਵਰਣ 'ਤੇ ਮਾੜਾ ਅਸਰ ਪੈਂਦਾ ਹੈ, ਉਥੇ ਪੰਛੀਆਂ ਦੇ ਕੁਦਰਤੀ ਰੈਣ ਬਸੇਰੇ 'ਤੇ ਵੀ ਪ੍ਰਤੀਕੂਲ ਅਸਰ ਪੈਂਦਾ ਹੈ, ਜਿਸ ਕਰਕੇ ਪੰਛੀਆਂ ਦੀਆਂ ਕਈ ਪ੍ਰਜਾਤੀਆ ਲੁਪਤ ਹੋ ਰਹੀਆਂ ਹਨ। ਇਸ ਲਈ ਹਰੇ ਅੰਬਾਂ ਦੇ ਦਰੱਖਤਾਂ ਦੀ ਕਟਾਈ 'ਤੇ ਰੋਕ ਲਗਾਈ ਗਈ ਹੈ। ਇਹ ਦੋਵੇਂ ਹੁਕਮ 23 ਅਪ੍ਰੈਲ ਤੋਂ 22 ਜੂਨ 2017 ਤੱਕ ਲਾਗੂ ਰਹਿਣਗੇ।

ਜੰਗਲਾਂ ਵਿੱਚ ਅੱਗ ਲੱਗਣ 'ਤੇ 250715 'ਤੇ ਦਿੱਤੀ ਜਾ ਸਕਦੀ ਹੈ ਸੂਚਨਾ

ਹੁਸ਼ਿਆਰਪੁਰ, 20 ਅਪ੍ਰੈਲ:ਗਰਮੀਆਂ ਦੇ ਸੀਜ਼ਨ ਦੌਰਾਨ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਵਣ ਮੰਡਲ ਦਫ਼ਤਰ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਟੈਲੀਫੋਨ ਨੰ: 01882-250715 ਹੈ। ਇਹ ਕੰਟਰੋਲ ਰੂਮ 24 ਘੰਟੇ ਖੁੱਲ੍ਹਾ ਰਹੇਗਾ ਅਤੇ ਹਰ ਸਮੇਂ ਇਕ ਕਰਮਚਾਰੀ ਡਿਊਟੀ 'ਤੇ ਤਾਇਨਾਤ ਰਹੇਗਾ।  ਇਹ ਜਾਣਕਾਰੀ ਦਿੰਦੇ ਹੋਏ ਵਣ ਮੰਡਲ ਅਫ਼ਸਰ ਸ੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਕੰਟਰੋਲ ਰੂਮ ਵਿੱਚ ਤਾਇਨਾਤ ਕਰਮਚਾਰੀ ਕਿਸੇ ਵੀ ਜੰਗਲ ਵਿੱਚ ਲੱਗੀ ਅੱਗ ਵਾਲੇ ਸੰਦੇਸ਼ ਪ੍ਰਾਪਤ ਕਰੇਗਾ ਅਤੇ ਇਸ ਦਾ ਰਿਕਾਰਡ ਵੀ ਮੇਨਟੇਨ ਕਰੇਗਾ। ਇਸ ਅੱਗ ਸਬੰਧੀ ਸੂਚਨਾ ਉਹ ਸਬੰਧਤ ਵਣ ਰੇਂਜ ਅਫ਼ਸਰ ਅਤੇ ਹੇਠਲੇ ਕਾਰਜਕਾਰੀ ਅਮਲੇ ਨੂੰ ਤੁਰੰਤ ਦੇਵਾਗਾ, ਤਾਂ ਜੋ ਅੱਗ 'ਤੇ ਕਾਬੂ ਪਾਉਣ ਲਈ ਕਾਰਵਾਈ ਤੁਰੰਤ ਕੀਤੀ ਜਾ ਸਕੇ।

ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਧਰਮਸੋਤ

ਹਰ ਸਾਲ ਵੱਡੀ ਪੱਧਰ 'ਤੇ ਬੂਟੇ ਲਗਾਉਣ ਲਈ ਵੱਖ-ਵੱਖ ਸਕੀਮਾਂ ਰਾਹੀਂ ਦਿੱਤੀ ਜਾਂਦੀ ਹੈ ਸਬਸਿਡੀ
-ਗਰੀਨ ਇੰਡੀਆ ਮਿਸ਼ਨ ਪ੍ਰੋਜੈਕਟ ਤਹਿਤ ਜ਼ਰੂਰਤਮੰਦਾਂ ਨੂੰ ਵੰਡੀਆਂ ਸੋਲਰ ਲਾਲਟੇਨਾਂ 
ਹੁਸ਼ਿਆਰਪੁਰ, 20 ਅਪ੍ਰੈਲ:ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਕੀਤੇ ਗਏ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਵਿਭਾਗ ਵਲੋਂ ਇਸ ਦਾ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਕਿਸੇ ਨੇ ਜੰਗਲਾਤ ਵਿਭਾਗ ਦੀ ਜਮੀਨ 'ਤੇ ਨਜਾਇਜ਼ ਕਬਜਾ ਕੀਤਾ ਹੈ, ਚਾਹੇ ਉਸ ਦਾ ਰੂਤਬਾ ਕੋਈ ਵੀ ਹੋਵੇ, ਉਸ ਖਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਕਬਜੇ ਹਟਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵਣ, ਜੰਗਲੀ ਜੀਵ ਤੇ ਸੁਰੱਖਿਆ ਮੰਤਰੀ ਪੰਜਾਬ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਵਿਭਾਗ ਵਲੋਂ ਬਸੀ ਜਾਨਾ ਵਿਖੇ ਨਵੀਂ ਉਸਾਰੀ ਗਈ ਮਾਡਲ ਵਣ ਨਰਸਰੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਗੱਲ ਕਹੀ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਸ਼ਾਮਚੁਰਾਸੀ ਸ੍ਰੀ ਪਵਨ ਆਦੀਆ, ਵਿਧਾਇਕ ਟਾਂਡਾ ਸ੍ਰੀ ਸੰਗਤ ਸਿੰਘ ਗਿਲਜੀਆਂ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਐਸ.ਐਸ.ਪੀ. ਸ੍ਰੀ ਹਰਚਰਨ ਸਿੰਘ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਨੂੰ ਹਰਾ ਭਰਾ ਬਣਾਉਣ ਲਈ ਵੱਡੇ ਪੱਧਰ 'ਤੇ ਬੂਟੇ ਲਗਾਏ ਜਾ ਰਹੇ ਹਨ। ਇਸ ਦੇ ਲਈ ਵੱਖ-ਵੱਖ ਸਕੀਮਾਂ ਰਾਹੀਂ ਲੋਕਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨ.ਓ.ਸੀ. ਲਏ ਬਿਨ੍ਹਾਂ ਕਿਸੇ ਨੂੰ ਵੀ ਦਰੱਖਤ ਕੱਟਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਰਾਜ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ, ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ। ਉਨ੍ਹਾਂ ਕਿਹਾ ਕਿ 4 ਅਤੇ 6 ਮਾਰਗੀ ਸੜਕਾਂ ਬਣਾਉਣ ਅਤੇ ਚੌੜੀਆਂ ਕਰਨ ਲਈ ਸੜਕਾਂ ਦੇ ਆਲੇ-ਦੁਆਲੇ ਅਤੇ ਹੋਰ ਕਾਰਨਾਂ ਕਰਕੇ ਕਈ ਵਾਰੀ ਪੌਦਿਆਂ ਦੀ ਕਟਾਈ ਕਰਨੀ ਪੈਂਦੀ ਹੈ। ਇਸ ਵਿੱਚ ਸੰਤੁਲਨ ਬਣਾਏ ਰੱਖਣ ਲਈ ਸਰਕਾਰ ਵਲੋਂ ਰਾਜ ਵਿੱਚ ਵੱਖ-ਵੱਖ ਸਥਾਨਾਂ 'ਤੇ ਵੱਡੇ ਪੱਧਰ 'ਤੇ ਜਮੀਨ ਇਕਵਾਇਰ ਕਰਕੇ ਜੰਗਲਾਤ ਦਾ ਰਕਬਾ ਵਧਾਉਣ ਲਈੇ ਦਰੱਖਤ ਲਗਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਹੱਟ ਕੇ ਸਫੈਦਾ, ਪਪੂਲਰ ਅਤੇ ਡੇਕ ਵਰਗੇ ਪੌਦੇ ਲਗਾਉਣ ਲਈ ਰਾਜ ਵਿੱਚ ਹਰ ਸਾਲ 10 ਤੋਂ 25 ਲੱਖ ਪੌਦਿਆਂ ਦੀ ਮੁਫ਼ਤ ਸਪਲਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਸਕੀਮਾਂ ਦੁਆਰਾ ਵੀ ਜ਼ਿੰਮੀਦਾਰਾਂ ਨੂੰ  ਵੱਡੀ ਪੱਧਰ 'ਤੇ ਸਬਸਿਡੀ ਦੇ ਕੇ ਬੂਟਿਆਂ ਨੂੰ  ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਫਾਰੈਸਟ ਗਾਰਡ ਅਤੇ ਹੋਰ ਕਰਮਚਾਰੀਆਂ ਦੀ ਭਰਤੀ ਲਈ ਵੀ ਸਰਕਾਰ ਵਲੋਂ ਯੋਜਨਾ ਉਲੀਕੀ ਜਾਵੇਗੀ।  
ਇਸ ਦੌਰਾਨ ਉਨ੍ਹਾਂ ਨੇ ਗਰੀਨ ਇੰਡੀਆ ਮਿਸ਼ਨ ਪ੍ਰੋਜੈਕਟ ਤਹਿਤ ਜ਼ਰੂਰਤਮੰਦਾਂ ਨੂੰ ਸੋਲਰ ਲਾਲਟੇਨਾਂ ਵੀ ਵੰਡੀਆਂ। ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੀਆਂ ਸਾਂਝੀਆਂ ਵਣ ਪ੍ਰਬੰਧਕ ਕਮੇਟੀਆਂ ਅਤੇ ਸਵੈਸਹਾਇਤਾ ਗਰੁੱਪ ਵਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਨਿਰੀਖਣ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਭਟੋਲੀ ਵਿਖੇ ਵਿਭਾਗ ਵਲੋਂ ਮੈਡੀਸ਼ਨਲ ਪਲਾਂਟਸ ਨਾਲ ਸਬੰਧਤ ਨਰਸਰੀ ਦਾ ਦੌਰਾ ਵੀ ਕੀਤਾ।ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਰ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ, ਪ੍ਰਧਾਨ ਮੁੱਖ ਵਣ ਪਾਲ ਸ੍ਰੀ ਕੁਲਦੀਪ ਕੁਮਾਰ, ਮੁੱਖ ਵਣ ਪਾਲ ਹਿਲਜ਼ ਸ੍ਰੀ ਡੀ.ਵੀ. ਰਤਨਾ ਕੁਮਾਰ, ਵਣ ਪਾਲ ਨਾਰਥ ਸਰਕਲ ਸ੍ਰੀ ਨਿਰਮਲਜੀਤ ਸਿੰਘ ਰੰਧਾਵਾ, ਵਣ ਪਾਲ ਅਫ਼ਸਰ ਸ੍ਰੀ ਸੁਰਜੀਤ ਸਿੰਘ ਸਹੋਤਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਤੋਂ ਇਲਾਵਾ ਵੱਖ-ਵੱਖ ਮੰਡਲਾਂ ਦੇ ਰੇਂਜ ਅਫ਼ਸਰ, ਕਰਮਚਾਰੀ ਅਤੇ ਭਾਰੀ ਸੰਖਿਆ ਵਿੱਚ ਜਿੰਮੀਦਾਰ ਮੌਜੂਦ ਸਨ।


ਸਮਾਜ ਸੇਵੀ ਸ਼੍ਰੀ ਪਿਆਰੇ ਲਾਲ ਸੈਣੀ ਨੇ ਰੈਡ ਕਰਾਸ ਸੁਸਾਇਟੀ ਨੂੰ ਦਾਨ ਵਜੋਂ ਦਿੱਤੀ 1 ਕਰੋੜ ਰੁਪਏ ਦੀ ਰਾਸ਼ੀ

ਪਹਿਲਾਂ ਵੀ  ਦਾਨ ਕੀਤੀ ਗਈ 22 ਲੱਖ ਰੁਪਏ ਨਾਲ ਕੀਤੇ ਜਾ ਰਹੇ ਹਨ ਸਮਾਜ ਸੇਵਾ ਦੇ ਕੰਮ
ਹੁਸ਼ਿਆਰਪੁਰ, 19 ਅਪ੍ਰੈਲ:  ਉਘੇ ਸਮਾਜ ਸੇਵਕ ਐਨ.ਆਰ.ਆਈ. ਸ਼੍ਰੀ ਪਿਆਰੇ ਲਾਲ ਸੈਣੀ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸਮਾਜ ਭਲਾਈ ਦੇ ਕੰਮਾ ਵਾਸਤੇ 1 ਕਰੋੜ ਰੁਪਏ ਦਾ ਚੈੱਕ ਦਾਨ ਵਜੋਂ ਭੇਂਟ ਕੀਤਾ ਹੈ। ਉਨ੍ਹਾਂ ਵਲੋਂ ਪਹਿਲਾਂ ਵੀ ਰੈਡ ਕਰਾਸ ਸੁਸਾਇਟੀ ਨੂੰ 22 ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ ਸੀ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਜੀ ਦੇ ਮਾਰਗ ਦਰਸ਼ਨ ਹੇਠ ਸਮਾਜ ਸੇਵਕ ਐਨ.ਆਰ.ਆਈ ਸ਼੍ਰੀ ਪਿਆਰੇ ਲਾਲ ਸੈਣੀ ਵਲੋਂ ਦਾਨ ਕੀਤੀ ਗਈ 1 ਕਰੋੜ ਦੀ ਰਾਸ਼ੀ ਨਾਲ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀਆਂ ਲੋਕ/ਸਮਾਜ ਭਲਾਈ ਸਕੀਮਾਂ ਲਈ ਵਰਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਨੂੰ ਗਰੀਬ ਅਤੇ ਮੈਰੀਟੋਰੀਅਸ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਆਰਥਿਕ ਸਹਾਇਤਾ, ਅਨਾਥ ਆਸ਼ਰਮ, ਯੁਵਨਾਈਲ ਹੋਮ ਦੇ ਬੱਚਿਆਂ ਦੀ ਪੜਾਈ, ਕਿਡਨੀ ਫੇਲ ਗਰੀਬ ਮਰੀਜਾਂ ਦੇ ਮੁਫ਼ਤ ਡਾਇਲਸਿਸ, ਬੇਸਹਾਰਾ ਬਜੁਰਗਾਂ ਦੀ ਸਿਹਤ ਅਤੇ ਸਮਾਜਿਕ ਸੁਰੱਖਿਆ, ਸਰੀਰਕ ਤੌਰ ਤੇ ਅਪੰਗ ਬੱਚਿਆਂ ਦੇ ਅੰਗਾਂ ਦੀ ਸ਼ਕਲ ਸੁਧਾਰ ਅਤੇ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਏ ਜਾ ਰਹੇ ਸਿਹਤ ਕੇਂਦਰਾਂ ਦੀਆਂ ਬਿਲਡਿੰਗਾਂ ਦੀ ਰਿਪੇਅਰ, ਰੰਗਰੋਗਨ ਅਤੇ ਸਾਜੋ ਸਮਾਨ ਦੀ ਖਰੀਦ ਕਰਨ ਤੋਂ ਇਲਾਵਾ ਸ਼੍ਰੀ ਪਿਆਰੇ ਲਾਲ ਸੈਣੀ ਵੱਲੋਂ ਦਿੱਤੀ ਗਈ ਦੁਕਾਨ ਵਿੱਚ 1 ਹੋਮਿਓਪੇਥਿਕ ਡਿਸਪੈਂਸਰੀ ਚਾਲੂ ਕਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼੍ਰੀ ਪਿਆਰੇ ਲਾਲ ਸੈਣੀ ਵਲੋਂ ਦਾਨ ਕੀਤੀ ਗਈ 22 ਲੱਖ ਰੁਪਏ ਦੀ ਰਾਸ਼ੀ ਨੂੰ ਕਿਡਨੀ ਫੇਲ ਗਰੀਬ ਮਰੀਜਾਂ ਦੇ ਮੁਫ਼ਤ ਡਾਇਲਸਿਸ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੇ ਦੱਸਵੀਂ, ਬਾਰਵੀਂ ਮੈਡੀਕਲ ਅਤੇ ਬਾਰਵੀਂ ਨਾਨ ਮੈਡੀਕਲ ਸਟਰੀਮ ਵਿਚੋਂ ਪਹਿਲੇ ਦਰਜੇ ਪ੍ਰਾਪਤ ਕਰਨ ਵਾਲੇ 3 ਲੜਕਿਆਂ ਨੂੰ ਹਰ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਸਨਮਾਨਿਤ ਕਰਨ ਅਤੇ ਜ਼ਿਲ੍ਹਾ ਰੈਡ ਕਰਾਸ ਦੀਆਂ ਬਿਲਡਿੰਗਾਂ ਨੂੰ ਰੰਗ ਰੋਗਨ ਅਤੇ ਰਿਪੇਅਰ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ। 

ਮਰੀਜਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਡਾਕਟਰ

 ਡਿਪਟੀ ਕਮਿਸ਼ਨਰ-ਕਿਹਾ, ਸਿਹਤ ਸਹੂਲਤਾਂ ਵੱਲ ਦਿੱਤਾ ਜਾਵੇ ਵਿਸ਼ੇਸ਼ ਧਿਆਨ
-ਡੇਂਗੂ ਅਤੇ ਮਲੇਰੀਆ ਤੋਂ ਬਚਾਓ ਲਈ ਕੀਤਾ ਜਾਵੇ ਜਾਗਰੂਕ-ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ ਹੁਸ਼ਿਆਰਪੁਰ, 19 ਅਪ੍ਰੈਲ,
ਡਾਕਟਰਾਂ ਦਾ ਮਰੀਜਾਂ ਨਾਲ ਵਿਵਹਾਰ ਬਿਲਕੁਲ ਨਰਮ ਹੋਣਾ ਚਾਹੀਦਾ ਹੈ, ਜੇਕਰ ਡਾਕਟਰ ਮਰੀਜਾਂ ਦੇ ਨਾਲ ਨਰਮੀ ਵਾਲਾ ਵਿਵਹਾਰ ਕਰੇ, ਤਾਂ ਮਰੀਜ ਦੀ ਅੱਧੀ ਬਿਮਾਰੀ ਤਾਂ ਉਸੇ ਵੇਲੇ ਠੀਕ ਹੋ ਜਾਂਦੀ ਹੈ। ਹਸਪਤਾਲਾਂ ਵਿੱਚ ਮਰੀਜਾਂ ਦੀ ਕਿਸੇ ਵੀ ਤਰ੍ਹਾਂ ਨਾਲ ਖੱਜਲ-ਖੁਆਰੀ ਨਹੀਂ ਹੋਣੀ ਚਾਹੀਦੀ। ਡਾਕਟਰਾਂ ਨੂੰ ਹਸਪਤਾਲਾ ਵਿੱਚ ਬਿਨ੍ਹਾਂ ਕਿਸੇ ਭੇਦ ਭਾਵ ਦੇ ਹਰ ਇਕ ਮਰੀਜਾਂ ਨੂੰ ਸਿਹਤ ਸੂਵਿਧਾਵਾਂ ਮੁਹੱਈਆ ਕਰਵਾਉਣ ਲਈ ਇਕ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ  ਦੇ ਅਧਿਕਾਰੀਆਂ ਤੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕਰਦੇ ਹੋਏ ਇਹ ਗੱਲ ਕਹੀ।
ਉਨ੍ਹਾਂ ਨੇ ਡਲਿਵਰੀ ਕੇਸਾਂ ਸਬੰਧੀ ਜਾਣਕਾਰੀ ਲੈਂਦੇ ਹੋਏ ਕਿਹਾ ਕਿ ਡਲਿਵਰੀ ਕੇਸਾਂ ਵਿੱਚ ਆਸ਼ਾ ਅਤੇ ਆਂਗਰਵਾੜੀ ਵਰਕਰਾਂ ਦੀ ਸਹਾਇਤਾ ਨਾਲ ਮਹਿਲਾਵਾਂ ਨੂੰ ਆਪਣੀ ਸਿਹਤ ਸੰਭਾਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਜਰੂਰਤ ਅਨੁਸਾਰ ਖੁਰਾਕ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚੱਲ ਰਹੀਆ ਸਿਹਤ ਸਹੂਲਤਾਂ ਦੀ ਜਾਣਕਾਰੀ ਲੈਂਦੇ ਹੋਏ ਕਿਹਾ ਕਿ ਕਸਬਾ ਹਾਜੀਪੁਰ,ਪੋਸੀ ਅਤੇ ਤਲਵਾੜਾ ਵਿਖੇ ਮਰੀਜਾਂ ਨੂੰ ਮੁਹੱਈਆਂ ਕਰਵਾਈਆਂ ਜਾਂਦੀਆਂ ਸੇਵਾਵਾਂ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਸਾਨੂੰ ਗ੍ਰਾਂਟ 'ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਜਿਨ੍ਹਾਂ ਹਸਪਤਾਲਾ ਵਿੱਚ  ਸਿਹਤ ਸਹੂਲਤਾਂ ਸਬੰਧੀ ਉਪਕਰਨਾਂ ਦੀ ਵਿਸ਼ੇਸ਼ ਲੋੜ ਹੈ, ਉਸ ਦੀ ਇਕ ਸੂਚੀ ਬਣਾ ਕੇ ਭੇਜੀ ਜਾਵੇ, ਤਾਂ ਜੋ ਮਰੀਜਾਂ ਦੀਆਂ ਸਹੂਲਤਾਂ ਦੇ ਲਈ ਪ੍ਰਾਈਵੇਟ ਕੰਪਨੀਆ ਨਾਲ ਬੈਠਕ ਕਰ ਕੇ ਇਨ੍ਹਾਂ ਨੂੰ ਡੋਨੇਟ ਕਰਵਾਇਆ ਜਾ ਸਕੇ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਅਤੇ ਮਲੇਰਿਆ ਨੂੰ ਰੋਕਣ ਦੇ ਲਈ ਜਾਗਰੂਕਤਾ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਸ ਦੇ ਬਚਾਓ ਸਬੰਧੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਕੇਵਲ ਸਾਫ਼ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ। ਇਸ ਲਈ ਘਰਾਂ ਵਿੱਚ ਕੂਲਰਾਂ ਦੇ ਪਾਣੀ ਨੂੰ ਸਮੇਂ-ਸਮੇਂ ਤੇ ਬਦਲਣਾ ਚਾਹੀਦਾ ਹੈ ਅਤੇ ਮਲੇਰੀਆ ਦੀ ਰੋਕ ਥਾਮ ਲਈ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਸਬੰਧੀ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਵੀ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਨੇ ਫੂਡ ਅਤੇ ਸੇਫਟੀ ਐਕਟ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ  ਫੈਲਾਉਣ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆ ਕਿਹਾ ਕਿ ਉਪਭੋਗਤਾਵਾਂ ਨੂੰ ਇਸ ਐਕਟ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਸਕਣ। ਉਨ੍ਹਾਂ ਨੇ ਕੋਟਪਾ ਤਹਿਤ ਕਰਿਆਨੇ ਦੀਆਂ ਦੁਕਾਨਾਂ 'ਤੇ ਬਿਨ੍ਹਾਂ ਲਾਈਸੰਸ ਤੋਂ ਸਿਗਰਟ ਅਤੇ ਤੰਬਾਕੂ ਵਾਲੇ ਪਦਾਰਥ ਵੇਚਣ 'ਤੇ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਤੰਬਾਕੂ ਪਦਾਰਥਾ ਦੇ ਸੇਵਨ ਨਾਲ ਹੋਣ ਵਾਲੀਆਂ ਕੈਂਸਰ ਵਰਗੀਆਂ ਭਿਅੰਕਰ ਬਿਮਾਰੀਆਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ, ਤਾਂ ਕਿ ਉਹ ਤੰਬਾਕੂ ਪਦਾਰਥਾ ਦਾ ਸੇਵਨ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਦੁਕਾਨਦਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਤੰਬਾਕੂ ਨਾ ਵੇਚੇ ਅਤੇ ਦੁਕਾਨਾਂ ਤੇ ਤੰਬਾਕੂ ਪਦਾਰਥਾਂ ਦਾ ਡਿਸਪਲੇ ਨਾ ਹੋਵੇ। ਇਸ ਮੌਕੇ 'ਤੇ ਆਬਕਾਰੀ ਤੇ ਕਰ ਕਮਿਸ਼ਨਰ ਹਰਦੀਪ ਭਾਂਬਰਾ, ਸਿਵਲ ਸਰਜਨ ਡਾ. ਨਰਿੰਦਰ ਕੌਰ, ਡੀ.ਐਮ.ਸੀ. ਡਾ. ਨਰੇਸ਼ ਕੁਮਾਰ, ਡਾ. ਗੁਰਦੀਪ ਕਪੂਰ, ਜ਼ਿਲ੍ਹਾ ਤੰਬਾਕੂ ਕੰਟਰੋਲ ਦੇ ਨੋਡਲ ਅਫ਼ਸਰ ਡਾ. ਸੁਨੀਲ ਅਹੀਰ, ਡਾ. ਰਜੇਸ਼ ਗਰਗ, ਡਾ. ਰਜਿੰਦਰ ਕੌਰ, ਡੀ.ਪੀ.ਐਮ. ਮੁਹੱਮਦ ਆਸੀਫ, ਡਾ. ਸੁਲੇਸ਼, ਡਿਪਟੀ ਮਾਸ ਮੀਡੀਆ ਅਫ਼ਸਰ ਸਮੇਤ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਭਾਜਪਾ ਵਰਕਰਾਂ ਨੇ ਸੋਮ ਪ੍ਰਕਾਸ਼ ਦਾ ਪੁਤਲਾ ਫ਼ੂਕਿਆ

ਤਲਵਾੜਾ, 18 ਅਪ੍ਰੈਲ: ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿਚ ਹਲਕਾ ਫ਼ਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਅੱਜ ਇੱਥੇ ਯੂਥ ਭਾਜਪਾ ਆਗੂ ਪਵਨ ਕੁਮਾਰ ਧਾਰ ਦੀ ਅਗਵਾਈ ਹੇਠ ਵਿਧਾਇਕ ਸੋਮ ਪ੍ਰਕਾਸ਼ ਦਾ ਪੁਤਲਾ ਵੀ ਸਾੜਿਆ ਗਿਆ।
ਇਸ ਸਬੰਧ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਮੰਡਲ ਪ੍ਰਧਾਨ ਅਮਨਦੀਪ ਹੈਪੀ ਨੇ ਕਿਹਾ ਕਿ ਸੋਮ ਪ੍ਰਕਾਸ਼ ਵਰਗੇ ਸੀਨੀਅਰ ਆਗੂ ਵੱਲੋਂ ਪਾਰਟੀ ਦੇ ਪ੍ਰਧਾਨ ਵਿਜੈ ਸਾਂਪਲਾ ਵਿਰੁੱਧ ਜਨਤਕ ਪੱਧਰ ਉੱਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਬੇਹੱਦ ਨਿੰਦਣਯੋਗ ਕਾਰਵਾਈ ਹੈ ਅਤੇ ਉਨ੍ਹਾਂ ਦੇ ਅਹਿਜੇ ਵਤੀਰੇ ਦੀ ਭਾਜਪਾ ਹਾਈਕਮਾਨ ਨੂੰ ਬਕਾਇਦਾ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਮ ਪ੍ਰਕਾਸ਼ ਪ੍ਰਤੀ ਭਾਜਪਾ  ਵਰਕਰਾਂ ਵਿਚ ਵਿਆਪਕ ਪੱਧਰ ਤੇ ਰੋਸ ਅਤੇ ਬੇਚੈਨੀ ਵਧਦੀ ਜਾ ਰਹੀ ਹੈ। ਇਸ ਮੌਕੇ ਮਨੀਸ਼ ਮਿੰਟੂ, ਕਪਿਲ, ਗੁਰਦਿਆਲ, ਲਾਡੀ ਆਦਿ ਸਮੇਤ ਕਈ ਹੋਰ ਕਾਰਕੁੰਨ ਹਾਜਰ ਸਨ।

ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਸਕੂਲੀ ਬੱਸਾਂ ਜ਼ਬਤ, 15 ਬੱਸਾਂ ਦੇ ਕੀਤੇ ਚਲਾਨ

-ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਡੀ. ਟੀ. ਓ.
ਹੁਸ਼ਿਆਰਪੁਰ, 18 ਅਪ੍ਰੈਲ: ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਵਲੋਂ ਅੱਜ ਟਰੈਫਿਕ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨਾਲ ਇਕ ਪ੍ਰਾਈਵੇਟ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਸੇਫ਼ ਸਕੂਲ ਵਾਹਨ ਅਧੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਬੱਸਾਂ ਜ਼ਬਤ ਅਤੇ 15 ਬੱਸਾਂ ਦੇ ਚਲਾਨ ਕੀਤੇ ਗਏ।

                  ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਇਹ ਚੈਕਿੰਗ ਸੇਫ਼ ਸਕੂਲ ਵਾਹਨ ਤਹਿਤ ਕੀਤੀ ਗਈ ਸੀ, ਤਾਂ ਜੋ ਸਕੂਲੀ ਵਿਦਿਆਰਥੀਆਂ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਹਰਿਆਣਾ ਰੋਡ ਸਥਿਤ ਮਾਊਂਟ ਕਾਰਮਲ ਸਕੂਲ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕਰਕੇ 5 ਬੱਸਾਂ ਨੂੰ ਜ਼ਬਤ ਅਤੇ 15 ਬੱਸਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 5 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੇਫ਼ ਸਕੂਲ ਵਾਹਨ ਤਹਿਤ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਵਿੱਚ ਨਾ ਤਾਂ ਸਪੀਡ ਗਵਰਨਰ ਲੱਗਾ ਹੋਇਆ ਸੀ ਅਤੇ  ਨਾ ਹੀ ਸੁਰੱਖਿਆ ਨਿਯਮਾਂ ਤਹਿਤ ਹੋਰ ਸੁਚਾਰੂ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਥੇ ਇਹ ਬੱਸਾਂ ਓਵਰ ਲੋਡਿਡ ਸਨ, ਉਥੇ ਨਿਯਮਾਂ ਅਨੁਸਾਰ ਇਨ੍ਹਾਂ ਬੱਸਾਂ ਵਿੱਚ ਲੇਡੀ ਅਟੈਡੈਂਟ ਵੀ ਨਹੀਂ ਸਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਇਕ ਦਿੱਲੀ ਤੋਂ ਰਜਿਸਟਰਡ ਹੋਈ ਨੰਬਰ ਪਲੇਟ ਦੀ ਬੱਸ 'ਤੇ ਸਕੂਲ ਦਾ ਨਾਂ ਲਿਖਿਆ ਹੋਇਆ ਸੀ ਅਤੇ ਇਹ ਬੱਸ ਵੀ ਬੱਚਿਆਂ ਨੂੰ ਆਉਣ-ਲਿਜਾਣ ਲਈ ਵਰਤੋਂ ਵਿੱਚ ਲਿਆਂਦੀ ਜਾ ਰਹੀ ਸੀ, ਜਦਕਿ ਨਿਯਮਾਂ ਅਨੁਸਾਰ ਇਸ ਰਜਿਸਟਰੇਸ਼ਨ ਦੀ ਬੱਸ ਨੂੰ ਪਰਮਿੱਟ ਜਾਰੀ ਹੋ ਹੀ ਨਹੀਂ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਸਕੂਲ ਦੀ ਇਕ ਹੋਰ ਬੱਸ ਅਜਿਹੀ ਸਥਿਤੀ ਵਿੱਚ ਸੀ, ਕਿ ਉਸ ਬੱਸ ਦਾ ਸਟੇਰਿੰਗ ਬਿਲਕੁਲ ਫਰੀ ਹੋ ਚੁੱਕਾ ਸੀ, ਜਦਕਿ ਇਸ ਬੱਸ ਦੀਆਂ ਬਰੇਕਾਂ ਵੀ ਫੇਲ੍ਹ ਹੋਣ ਦੀ ਹਾਲਤ ਵਿੱਚ ਸਨ ਅਤੇ ਇਸ ਬੱਸ ਕੋਲ ਕੋਈ ਪਰਮਿੱਟ ਵੀ ਨਹੀਂ ਸੀ।
                  ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਸਕੂਲ ਹਾਦਸੇ ਹੋਣ ਦਾ ਇਹੀ ਕਾਰਨ ਰਹਿੰਦਾ ਹੈ ਕਿ ਸਕੂਲ ਪ੍ਰਬੰਧਕਾਂ ਵਲੋਂ ਸੇਫ਼ ਸਕੂਲ ਵਾਹਨ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣਾ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਸਕੂਲ ਬੱਸਾਂ ਵਿੱਚ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਨਿਯਮਾਂ ਸਬੰਧੀ ਸਮੇਂ-ਸਮੇਂ ਸਿਰ ਸਕੂਲ ਵਾਲਿਆਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਹ ਆਪਣੇ ਤੌਰ 'ਤੇ ਵੀ ਇਹ ਦੇਖਣ ਕਿ ਜਿਸ ਬੱਸ ਵਿੱਚ ਉਨ੍ਹਾਂ ਦਾ ਬੱਚਾ ਜਾ ਰਿਹਾ ਹੈ, ਉਹ ਬੱਸ ਨਿਯਮਾਂ ਮੁਤਾਬਕ ਸ਼ਰਤਾਂ ਪੂਰੀਆਂ ਕਰਦੀ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਚੈਕਿੰਗ ਜਾਰੀ ਰਹੇਗੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਵੋਟਰਾਂ ਦੀ ਸਹੂਲਤ ਲਈ ਵੈਬ ਪੋਰਟਲ ਜਲਦ : ਡਿਪਟੀ ਕਮਿਸ਼ਨਰ

-ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਦਿੱਤੀ ਸਿਖਲਾਈ
ਹੁਸ਼ਿਆਰਪੁਰ, 17 ਅਪ੍ਰੈਲ:
 ਹੁਣ ਵੋਟਰ ਨੂੰ ਆਪਣੀ ਵੋਟ ਬਣਵਾਉਣ/ਤਬਦੀਲ ਜਾਂ ਕਟਵਾਉਣ ਲਈ ਬੀ. ਐੱਲ. ਓ. ਜਾਂ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਦੇਣ ਲਈ ਵੈੱਬ ਪੋਰਟਲ ਅਧਾਰਿਤ ਸਿਸਟਮ 5RONet(NVSP.in) ਲਾਂਚ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਪੱਧਰ ਦੇ ਮਾਸਟਰ ਟਰੇਨਰ ਐਸ.ਡੀ.ਐਮ.-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਵਿਧਾਨ ਸਭਾ ਹਲਕਿਆਂ ਦੇ ਮਾਸਟਰ ਟਰੇਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ। ਇਸ ਮੌਕੇ ਐਸ.ਡੀ.ਐਮ.-ਕਮ-ਈ.ਆਰ.ਓ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਐਸ.ਡੀ.ਐਮ.-ਕਮ-ਈ.ਆਰ.ਓ. ਮੁਕੇਰੀਆਂ ਸ੍ਰੀ ਅਮਿਤ ਮਹਾਜਨ, ਤਹਿਸੀਲਦਾਰ (ਚੋਣਾਂ) ਸ੍ਰੀ ਕਰਨੈਲ ਸਿੰਘ, ਕਾਨੂੰਗੋ ਸ੍ਰੀ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।  
 
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਸਿਸਟਮ ਤਹਿਤ ਜਿੱਥੇ ਵੋਟਰ ਆਪਣੀ ਨਵੀਂ ਵੋਟ ਬਣਵਾਉਣ, ਕਟਵਾਉਣ ਅਤੇ ਦਰੁਸਤੀ ਕਰਵਾਉਣ ਲਈ ਆਨਲਾਈਨ ਅਪਲਾਈ ਕਰ ਸਕੇਗਾ, ਉਥੇ ਵੋਟਰ ਰਜਿਸਟਰੇਸ਼ਨ ਵੇਲੇ ਰਹਿੰਦੀਆਂ ਸਾਰੀਆਂ ਖਾਮੀਆਂ ਦੀ ਵੀ ਕੋਈ ਗੁੰਜਾਇਸ਼ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਈ.ਆਰ.ਓ. ਨੈਟ ਦੇ ਚੱਲਣ ਬਾਅਦ ਐਨ.ਵੀ.ਐਸ.ਪੀ. ਡਾਟ ਇੰਨ ਪੋਰਟਲ 'ਤੇ ਵੋਟਰ ਵਲੋਂ ਭਰੀ ਗਈ ਆਨਲਾਈਨ ਸੂਚਨਾ ਸਬੰਧਤ ਬੀ.ਐਲ.ਓ. ਕੋਲ ਪੁੱਜ ਜਾਵੇਗੀ ਅਤੇ ਉਸ 'ਤੇ ਹੋ ਰਹੀ ਕਾਰਵਾਈ ਦੀ ਰਿਪੋਰਟ ਉਸ ਨੂੰ ਮੋਬਾਇਲ ਜਾਂ ਈ-ਮੇਲ 'ਤੇ ਮਿਲਦੀ ਰਹੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਇਸ ਨਵੇਂ ਸਿਸਟਮ ਤੋਂ ਜਾਣੂ ਕਰਵਾਉਣ ਲਈ ਅੱਜ ਮੀਟਿੰਗ ਹਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹੇ ਦੇ ਮਾਸਟਰ ਟਰੇਨਰ ਸ੍ਰੀ ਹਿਮਾਂਸ਼ੂ ਅਗਰਵਾਲ ਵਲੋਂ ਈ.ਆਰ.ਓਜ਼ ਅਤੇ ਏ.ਈ.ਆਰ.ਓਜ਼ ਨੂੰ ਸਿਖਲਾਈ ਦਿੱਤੀ ਗਈ ਹੈ।
ਉਧਰ ਸਿਖ਼ਲਾਈ ਦੌਰਾਨ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਨਵੇਂ ਈ.ਆਰ.ਓ. ਨੈਟ (ਐਨ.ਵੀ.ਐਸ.ਪੀ. ਡਾਟ ਇੰਨ) ਪੋਰਟਲ ਦਾ ਲਾਭ ਇਹ ਹੋਵੇਗਾ ਕਿ ਇਸ ਦੀ ਵਰਤੋਂ ਨਾਲ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਕਰਨ ਵਿੱਚ ਮੱਦਦ ਮਿਲੇਗੀ ਅਤੇ ਰਿਕਾਰਡ ਮੇਨਟੇਨ ਕਰਨਾ ਵੀ ਸੌਖਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਰਾਹੀਂ ਕੋਈ ਵੀ ਵੋਟਰ ਘਰ ਬੈਠਿਆਂ ਜਾਂ ਮੋਬਾਈਲ ਰਾਹੀਂ ਵੋਟ ਲਈ ਆਨਲਾਈਨ ਅਰਜ਼ੀ ਦੇ ਸਕੇਗਾ। ਬਹੁਤ ਹੀ ਸੌਖੀ ਪ੍ਰਕਿਰਿਆ ਨਾਲ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਵੋਟਰ ਨੂੰ ਇੱਕ ਯੂਨੀਕ ਆਈ. ਡੀ. ਨੰਬਰ ਮਿਲ ਜਾਵੇਗਾ, ਜਿਸ ਦਾ ਰੈਫਰੈਂਸ ਦੇ ਕੇ ਉਹ ਵੋਟ ਬਣਨ ਤੱਕ ਆਪਣੀ ਆਨਲਾਈਨ ਬੇਨਤੀ ਦਾ ਸਟੇਟਸ ਚੈੱਕ ਕਰ ਸਕੇਗਾ। ਵੋਟਰ ਦੀ ਆਨਲਾਈਨ ਬੇਨਤੀ ਜਿੱਥੇ ਰਿਟਰਨਿੰਗ ਅਫ਼ਸਰ ਕੋਲ ਸਿੱਧੀ ਪਹੁੰਚ ਜਾਵੇਗੀ, ਉਥੇ ਨਾਲ ਹੀ ਉਸਦੇ ਖੇਤਰ ਨਾਲ ਸੰਬੰਧਤ ਬੀ. ਐੱਲ. ਓ. ਅਤੇ ਸੁਪਰਵਾਈਜ਼ਰ ਨੂੰ ਵੀ ਇਸ ਦੀ ਅਪਡੇਸ਼ਨ ਮਿਲ ਜਾਵੇਗੀ, ਜਿਸ ਤੋਂ ਬਾਅਦ ਬੀ. ਐੱਲ. ਓ. ਖੁਦ ਵੋਟਰ ਦੇ ਘਰ ਜਾ ਕੇ ਉਸ ਦੀ ਵੈਰੀਫਿਕੇਸ਼ਨ ਕਰਨ ਦੇ ਨਾਲ ਉਸ ਦੇ ਹਸਤਾਖਰ ਵੀ ਕਰਵਾਏਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਦੇ ਸ਼ੁਰੂ ਹੋਣ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਆਨਲਾਈਨ ਐਪਲੀਕੇਸ਼ਨ ਵੇਲੇ ਵੋਟਰ ਆਪਣੇ ਵੇਰਵੇ ਖੁਦ ਦਰਜ ਕਰ ਸਕੇਗਾ, ਜਿਸ ਨਾਲ ਵੋਟ ਬਣਵਾਉਣ ਜਾਂ ਨਵਿਆਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਲੈਰੀਕਲ ਗਲਤੀ ਰਹਿਣ ਦੀ ਸੰਭਾਵਨਾ ਬਿਲਕੁਲ ਖ਼ਤਮ ਹੋ ਜਾਵੇਗੀ।

ਜ਼ਿਲ੍ਹਾ ਮੈਜਿਸਟਰੇਟ ਵਲੋਂ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਜਾਂ ਜਨਤਕ ਥਾਵਾਂ 'ਤੇ ਨਾ ਚਰਾਉਣ ਦੇ ਹੁਕਮ ਜਾਰੀ

ਹੁਸ਼ਿਆਰਪੁਰ, 17 ਅਪ੍ਰੈਲ: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ
ਨੇ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਜਨਤਾ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ 'ਤੇ ਜਾਂ ਜਨਤਕ ਥਾਵਾਂ 'ਤੇ ਨਾ ਚਰਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਆਪਣੇ ਹੁਕਮ ਵਿੱਚ ਦੱਸਿਆ ਕਿ ਕੁਝ ਲੋਕ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਅਤੇ ਜਨਤਕ ਥਾਵਾਂ 'ਤੇ ਚਰਾਉਂਦੇ ਹਨ। ਅਜਿਹਾ ਕਰਨ ਨਾਲ ਸੜਕਾਂ ਉਤੇ ਦਰਘਟਨਾਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਆਮ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਇਸ ਤੋਂ ਇਲਾਵਾ ਕਲੱਬਾਂ/ਸੰਸਥਾਵਾਂ ਵਲੋਂ ਜ਼ਿਲ੍ਹੇ ਵਿੱਚ ਬੂਟੇ ਲਗਾਏ ਜਾਂਦੇ ਹਨ, ਉਨ੍ਹਾਂ ਨੂੰ ਵੀ ਪਸ਼ੂ ਨੁਕਸਾਨ ਪਹੁੰਚਾਉਂਦੇ ਹਨ। ਪਸ਼ੂਆਂ ਨੂੰ ਇਸ ਤਰ੍ਹਾਂ ਖੁੱਲ੍ਹੇ ਆਮ ਛੱਡਣਾ ਲੋਕ ਹਿੱਤ ਵਿੱਚ ਨਹੀਂ ਹੈ।
                   ਇਹ ਹੁਕਮ 16 ਜੂਨ 2017 ਤੱਕ ਲਾਗੂ ਰਹੇਗਾ।

ਹੁਣ ਤੱਕ 4602 ਮੀਟਰਕ ਟਨ ਕਣਕ ਦੀ ਹੋਈ ਖਰੀਦ : ਡਿਪਟੀ ਕਮਿਸ਼ਨਰ

-1.10 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ
-ਜ਼ਿਲ੍ਹੇ 'ਚ 3,26,095 ਮੀਟਰਕ ਟਨ ਪੈਦਾਵਾਰ ਹੋਣ ਦੀ ਸੰਭਾਵਨਾ
-ਕਿਸਾਨਾਂ ਨੂੰ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਉਣ ਦੀ ਅਪੀਲ

ਹੁਸ਼ਿਆਰਪੁਰ, 17 ਅਪ੍ਰੈਲ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੁਣ ਤੱਕ 4602 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿਚ ਪਨਗਰੇਨ ਨੇ 675, ਮਾਰਕਫੈਡ ਨੇ 613, ਪਨਸਪ ਨੇ 438, ਪੰਜਾਬ ਐਗਰੋ ਨੇ 360, ਐਫ.ਸੀ.ਆਈ ਨੇ 1790, ਜਦਕਿ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ  ਨੇ 726 ਮੀਟਰਕ ਟਨ ਕਣਕ ਦੀ ਖਰੀਦ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ ਸਬੰਧਤ ਵਿਭਾਗ ਵਲੋਂ ਕਿਸਾਨਾਂ ਨੂੰ 1.10 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਕੁੱਲ 62 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ 1 ਲੱਖ 45 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਦੀ ਕਾਸ਼ਤ ਤੋਂ 3,26,095 ਮੀਟਰਿਕ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2016-17 ਵਿਚ 1 ਲੱਖ 45 ਹਜ਼ਾਰ ਹੈਕਟੇਅਰ ਰਕਬੇ ਵਿਚੋਂ 2,83,561 ਮੀਟਰਕ ਟਨ ਕਣਕ ਦੀ ਪੈਦਾਵਾਰ ਹੋਈ ਸੀ।
ਵਿਪੁਲ ਉਜਵਲ ਡਿਪਟੀ ਕਮਿਸ਼ਨਰ

ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਕਣਕ ਦੀ ਖਰੀਦ ਲਈ ਪਹਿਲਾਂ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ 50 ਫੀਸਦੀ ਲਿਫਟਿੰਗ ਵੀ ਯਕੀਨੀ ਬਣਾ ਲਈ ਗਈ ਹੈ ਅਤੇ ਬਾਰਦਾਨੇ ਦੀ ਵੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਸਾਰੀਆਂ ਮੰਡੀਆਂ ਵਿਚ ਪੀਣ ਵਾਲੇ ਪਾਣੀ, ਬਿਜਲੀ, ਸਾਫ-ਸਫਾਈ, ਤਰਪਾਲਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਉਥੇ ਲੋੜੀਂਦੇ ਬਾਰਦਾਨੇ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਅਦਾਇਗੀ ਲਈ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ ਅਤੇ ਜ਼ਿਲ੍ਹੇ ਵਿਚ ਫੂਡ ਤੇ ਸਿਵਲ ਸਪਲਾਈ ਵਿਭਾਗ ਵਲੋਂ ਇਸ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਸਬੰਧਿਤ ਐਸ.ਡੀ.ਐੈਮਜ਼ ਵਲੋਂ ਵੀ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਆਪਸੀ ਤਾਲਮੇਲ ਨਾਲ ਕਣਕ ਦੇ ਸੀਜ਼ਨ ਨੂੰ ਨੇਪਰੇ ਚਾੜ੍ਹਿਆ ਜਾਵੇ, ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਵੇਲੇ ਕਣਕ ਦੀ ਕਟਾਈ ਨਾ ਕਰਨ ਅਤੇ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਸੁੱਕੀ ਕਣਕ ਦੀ ਫਸਲ ਲਿਆਉਣ ਨਾਲ ਕਿਸਾਨਾਂ ਨੂੰ ਜ਼ਿਆਦਾ ਦੇਰ ਮੰਡੀਆਂ ਵਿਚ ਨਹੀਂ ਰਹਿਣਾ ਪਵੇਗਾ, ਇਸ ਲਈ ਗਿੱਲੀ ਫਸਲ ਕੱਟਣ ਤੋਂ ਗੁਰੇਜ਼ ਕੀਤਾ ਜਾਵੇ।

ਨੌਜਵਾਨਾਂ ਲਈ ਬੇਹੱਦ ਸਾਬਤ ਹੁੰਦੇ ਹਨ ਰੋਜ਼ਗਾਰ ਮੇਲੇ: ਐਸ.ਡੀ.ਐਮ. ਜਿਤੇਂਦਰ ਜੋਰਵਰ


ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ
-100 ਤੋਂ ਵੱਧ ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ

ਹੁਸ਼ਿਆਰਪੁਰ, 16 ਅਪ੍ਰੈਲ: ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ।
ਇਸ ਤੋਂ ਪਹਿਲਾਂ ਸੈਂਟਰ ਹੈਡ ਸ੍ਰੀ ਵਿਕਰਮਜੀਤ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸੈਂਟਰ ਵਿੱਚ ਕਰਵਾਏ ਜਾਂਦੇ ਕੋਰਸਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

                  ਇਸ ਦੌਰਾਨ ਐਸ.ਡੀ.ਐਮ. ਸ੍ਰੀ ਜਿਤੇਂਦਰ ਜੋਰਵਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੋਜ਼ਗਾਰ ਮੇਲੇ ਨੌਜਵਾਨਾਂ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ। ਅੱਜ ਦੇ ਸਮੇਂ ਵਿੱਚ ਸਕਿੱਲ ਡਿਵੈਲਪਮੈਂਟ ਦਾ ਬਹੁਤ ਮਹੱਤਵ ਹੈ। ਕਿਸੇ ਵਿਸ਼ੇ ਵਿੱਚ ਸਕਿੱਲ ਹਾਸਲ ਕਰਨ ਲਈ ਕੁਝ ਸਮਾਂ ਤਾਂ ਲਗਦਾ ਹੈ, ਪਰ ਜਦ ਇਕ ਵਾਰ ਕਿਸੇ ਵਿਸ਼ੇ 'ਤੇ ਮੁਹਾਰਤ ਨੂੰ ਹਾਸਲ ਕਰ ਲਿਆ ਜਾਂਦਾ ਹੈ, ਤਾਂ ਕੁਝ ਵੀ ਅਸੰਭਵ ਨਹੀਂ ਲਗਦਾ। ਉਨ੍ਹਾਂ ਕਿਹਾ ਕਿ ਇਸ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਵੀ ਕਈ ਤਰ੍ਹਾਂ ਦੇ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ, ਜੋ ਨੌਜਵਾਨਾਂ ਲਈ ਬੇਹੱਦ ਲਾਹੇਵੰਦ ਸਾਬਤ ਹੋ ਰਹੇ ਹਨ।
          ਇਸ ਦੌਰਾਨ ਸੈਂਟਰ ਹੈਡ ਵਿਕਰਮਜੀਤ ਨੇ ਦੱਸਿਆ ਕਿ ਅੱਜ ਦੇ ਰੋਜ਼ਗਾਰ ਮੇਲੇ ਵਿੱਚ ਜ਼ਿਲ੍ਹੇ ਦੀਆਂ ਪ੍ਰਮੁੱਖ ਕੰਪਨੀਆਂ ਸੋਨਾਲੀਕਾ, ਊਸ਼ਾ ਮਾਰਟਿਨ, ਹੋਕਿਨ ਸਮੇਤ ਹੋਰ ਵੀ ਕਈ ਕੰਪਨੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ 250 ਤੋਂ ਵੱਧ ਵਿਦਿਆਰਥੀਆਂ ਦੀ ਇੰਟਰਵਿਊ ਲੈ ਕੇ ਮੌਕੇ 'ਤੇ ਹੀ 100 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸੈਸ਼ਨ ਦੌਰਾਨ ਇਸ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ 3000 ਤੋਂ ਵੱਧ ਨੌਜਵਾਨਾਂ ਨੂੰ ਟਰੇਂਡ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਦੌਰਾਨ ਪੰਜਾਬ ਨੈਸ਼ਨਲ ਬੈਂਕ ਵਲੋਂ ਲਗਾਏ ਗਏ ਵਿਸ਼ੇਸ਼ ਸਟਾਲ ਰਾਹੀਂ ਨੌਜਵਾਨਾਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ 'ਤੇ ਪ੍ਰੋਜੈਕਟ ਹੈਡ ਕਰਨਲ ਐਸ ਕੇ ਰਤਨ, ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਗੁਰਮੇਲ ਸਿੰਘ, ਜਸਵੰਤ ਰਾਏ ਸਮੇਤ ਭਾਰੀ ਸੰਖਿਆ ਵਿੱਚ ਨੌਜਵਾਨ ਮੌਜੂਦ ਸਨ ।
++

ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਮਾਜ ਦੇ ਉਥਾਨ ਲਈ ਕਈ ਕੰਮ ਕੀਤੇ : ਏ.ਡੀ.ਸੀ. ਸੰਧੂ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਡਾ. ਭੀਮ ਰਾਓ ਅੰਬੇਡਕਰ ਜੀ ਦਾ 126ਵਾਂ ਜਨਮ ਦਿਨ
-ਪੀ.ਐਨ.ਬੀ. ਵਲੋਂ ਵਿਸ਼ੇਸ਼ ਜਾਗੂਰਕਤਾ ਸੈਮੀਨਾਰ ਲਗਾ ਕੇ ਈ-ਪੇਮੈਂਟ ਸਬੰਧੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ, 14 ਅਪ੍ਰੈਲ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦਾ 126ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ ਅਤੇ ਐਸ.ਪੀ. ਸ੍ਰੀ ਅਮਰੀਕ ਸਿੰਘ ਪਵਾਰ ਨੇ ਕੰਪਲੈਕਸ ਵਿਖੇ ਸਥਾਪਿਤ ਕੀਤੇ ਗਏ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

                  ਵਧੀਕ ਡਿਪਟੀ ਕਮਿਸ਼ਨਰ ਸ੍ਰੀ ਇਕਬਾਲ ਸਿੰਘ ਸੰਧੂ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੇ ਭਾਰਤੀ ਸਵਿੰਧਾਨ ਦਾ ਨਿਰਮਾਤਾ ਸਨ। ਉਨ੍ਹਾਂ ਨੇ ਸਮਾਜ ਦੇ ਉਥਾਨ ਲਈ ਕਈ ਕੰਮ ਕੀਤੇ।
ਇਸ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ 'ਤੇ ਵਿਸ਼ੇਸ਼ ਜਾਗਰੂਕਤ ਸੈਮੀਨਾਰ ਵੀ ਲਗਾਇਆ ਗਿਆ ਅਤੇ  ਡਾ.ਭੀਮ ਰਾਓ ਅੰਬੇਡਕਰ ਜੀ ਦੇ ਨਾਂ 'ਤੇ ਕੁਝ ਸਮਾਂ ਪਹਿਲਾਂ ਲਾਂਚ ਕੀਤੀ ਗਈ 'ਭੀਮ ਐਪ' ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪੀ.ਐਨ.ਬੀ. ਵਲੋਂ ਕਰਵਾਏ ਗਏ ਇਸ ਸੈਮੀਨਾਰ ਵਿੱਚ ਡੀ.ਜੀ.ਐਮ. ਸ੍ਰੀ ਸ੍ਰੀਕਾਂਤ ਸ਼ਰਮਾ ਨੇ ਦੱਸਿਆ ਕਿ 'ਭੀਮ ਐਪ' ਰਾਹੀਂ ਇਕ ਖਾਤੇ ਤੋਂ ਦੂਜੇ ਖਾਤੇ ਵਿੱਚ ਰੁਪਏ ਟਰਾਂਸਫਰ ਕਰਨਾ ਬੇਹੱਦ ਆਸਾਨ ਹੈ। ਉਨ੍ਹਾਂ ਨੇ ਕਿਹਾ ਕਿ ਕੈਸ਼ਲੈਸ ਟਰਾਂਸਜੈਕਸ਼ਨ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਸਾਨੂੰ ਨਗਦ ਲੈਣ ਦੇਣ ਕਰਨ ਦੀ ਬਜਾਏ ਡਿਜੀਟਲ ਤਰੀਕੇ ਰਾਹੀਂ ਲੈਣ-ਦੇਣ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੈਸ਼ਲੈਸ ਪੇਮੈਂਟ ਦੇ ਲਈ ਇੰਟਰਨੈਟ, ਨੈਫਟ ਤੇ ਮੋਬਾਇਲ ਬੈਂਕਿੰਗ, ਡੈਬਿਟ ਕਾਰਡ, ਏ.ਟੀ.ਐਮ. ਕਾਰਡ, ਕਰੈਡਿਟ ਕਾਰਡ, ਯੂ.ਪੀ.ਆਈ. ਬੇਸ ਐਪ ਤੋਂ ਇਲਾਵਾ ਕਈ ਪ੍ਰਕਾਰ ਦੇ ਅਜਿਹੇ ਫੰਡ ਟਰਾਂਸਫਰ ਸਬੰਧੀ ਡਿਜੀਟਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਰਾਹੀਂ ਆਸਾਨੀ ਨਾਲ ਇਕ ਖਾਤੇ ਤੋਂ ਦੂਜੇ ਖਾਤੇ ਵਿੱਚ ਈ-ਬੈਕਿੰਗ ਰਾਹੀਂ ਰੁਪਏ ਟਰਾਂਸਫਰ ਕੀਤੇ ਜਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰੋਜੈਕਟਰ ਰਾਹੀਂ ਫੰਡ ਟਰਾਂਸਫਰ ਕਰਨ ਲਈ ਕੁਝ ਸਮਾਂ ਪਹਿਲਾਂ ਲਾਂਚ ਕੀਤੀ ਗਈ ਭੀਮ ਐਪ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਅਸੀਂ ਬੜੇ ਆਸਾਨ ਤਰੀਕੇ ਨਾਲ ਇਕ ਖਾਤੇ ਤੋਂ ਦੂਜੇ ਖਾਤੇ ਵਿੱਚ ਮਹਿਜ 15 ਸੈਕੰਡ ਵਿੱਚ ਹੀ ਰੁਪਏ ਟਰਾਂਸਫਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਸ ਨੂੰ ਕੋਈ ਵੀ ਬੜੇ ਆਸਾਨ ਤਰੀਕੇ ਨਾਲ ਅਪਰੇਟ ਕਰ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਈ-ਪੇਮੈਂਟ ਜਾਂ ਭੀਮ ਐਪ ਰਾਹੀਂ ਡਿਜੀਟਲ ਪੇਮੈਂਟ ਕਰਨ ਲਈ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਸਕਿਉਰਟੀ ਪੱਖੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਈ-ਪੇਮੈਂਟ ਰਾਹੀਂ ਫੰਡ ਟਰਾਂਸਫਰ ਕਰਨਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਦੌਰਾਨ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੇ ਮੋਬਾਇਲਾਂ 'ਤੇ ਭੀਮ ਐਪ ਡਾਊਨਲੋਡ ਕਰਕੇ ਫੰਡ ਟਰਾਂਸਫਰ ਕਰਨ ਸਬੰਧੀ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ।
               ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ਼੍ਰੀਮਤੀ ਨਵਨੀਤ ਕੌਰ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਹਰਦੀਪ ਭਾਂਵਰਾ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਅਰਵਿੰਦ ਸਰੋਚ, ਜਿਲ੍ਹਾ ਭਲਾਈ ਅਫ਼ਸਰ ਸ੍ਰੀਮਤੀ ਕਮਲਜੀਤ ਕੌਰ ਰਾਜੂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ, ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਸਟੇਟ ਬੈਂਕ ਏ. ਟੀ. ਐੱਮ. ਦਾ ਉਦਘਾਟਨ

ਤਲਵਾੜਾ, 14 ਅਪ੍ਰੈਲ: ਭਾਰਤੀ ਸਟੇਟ ਬੈਂਕ ਦੀ ਤਲਵਾੜਾ ਸ਼ਾਖਾ ਵਿਚ ਨਵੇਂ ਏ. ਟੀ. ਐਮ. ਦਾ ਉਦਘਾਟਨ ਚੀਫ਼ ਇੰਜੀਨੀਅਰ ਬਿਆਸ ਡੈਮ ਤਰਲੋਚਨ ਸਿੰਘ ਵੱਲੋਂ ਕੀਤਾ ਗਿਆ।
ਬੈਂਕ ਦੇ ਚੀਫ਼ ਮੈਨੇਜਰ ਨਾਗੇਸ਼ ਆਰ. ਕੇਲਕਰ ਨੇ ਦੱਸਿਆ ਕਿ ਇਸ ਏ. ਟੀ. ਐਮ. ਬੂਥ ਵਿੱਚ ਹਾਈਟੈਕ ਡੈਬਿਟ ਅਤੇ ਕਰੈਡਿਟ ਮਸ਼ੀਨਾਂ ਲਗਾਈਆਂ ਗਈਆਂ ਹਨ ਜਿਸ ਨਾਲ ਬੈਂਕ ਦੇ ਗ੍ਰਾਹਕਾਂ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ. ਕੇ. ਸ਼ਰਮਾ ਐੱਸ. ਈ. ਹੈੱਡਕੁਆਟਰ, ਇੰਜ. ਸੁਰੇਸ਼ ਮਾਨ, ਸਤਨਾਮ ਸਿੰਘ, ਮਨਦੀਪ ਸੋਖੀ, ਆਰ. ਸੀ. ਚੌਧਰੀ, ਏ. ਪੀ. ਐੱਸ ਉੱਭੀ ਆਦਿ ਸਮੇਤ ਵੱਡੀ ਗਿਣਤੀ ਅਧਿਕਾਰੀ ਤੇ ਹੋਰ ਪਤਵੰਤੇ ਹਾਜਰ ਸਨ।

ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ: ਵਿਧਾਇਕ ਅਰੋੜਾ

ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਦਾਣਾ ਮੰਡੀ ਵਿਖੇ ਕਰਵਾਈ ਕਣਕ ਖਰੀਦ ਦੀ ਸ਼ੁਰੂਆਤ

ਹੁਸ਼ਿਆਰਪੁਰ, 13 ਅਪ੍ਰੈਲ: ਵਿਧਾਇਕ ਹਲਕਾ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਕਣਕ ਦੇ ਖਰੀਦ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਮੰਡੀ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਬੰਧਾਂ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ ਅਤੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜ਼ੋਰਵਰ ਵੀ ਉਨ੍ਹਾਂ ਦੇ ਨਾਲ ਸਨ।

                  ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆਂ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇੱਕ ਯੋਜਨਾਬੱਧ ਤਰੀਕੇ ਨਾਲ ਕਣਕ ਦੀ ਖਰੀਦ ਤੋਂ ਲੈ ਕੇ ਲਿਫਟਿੰਗ ਤੱਕ ਸਾਰੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕੀ ਅਤੇ ਪੱਕੀ ਕਣਕ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਨਮੀ ਦੀ ਵਧੇਰੇ ਮਾਤਰਾ ਹੋਣ ਕਾਰਨ, ਕਣਕ ਦੇ ਸੁੱਕਣ ਲਈ ਮੰਡੀਆਂ ਵਿੱਚ ਉਡੀਕ ਨਾ ਕਰਨੀ ਪਵੇ। ਇਸ ਦੌਰਾਨ ਉਨ੍ਹਾਂ ਨੇ ਮੰਡੀ ਵਿੱਚ ਕਣਕ ਲੈ ਕੇ ਆਏ ਜਿੰਮੀਦਾਰਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਵਿਸ਼ਵਾਸ਼ ਦੁਆਇਆ ਕਿ ਮੰਡੀ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

                  ਇਸ ਮੌਕੇ 'ਤੇ ਜ਼ਿਲ੍ਹਾ ਮੰਡੀ ਅਫ਼ਸਰ ਰਾਜ ਕੁਮਾਰ ਬਸਰਾ, ਸਕੱਤਰ ਮਾਰਕੀਟ ਕਮੇਟੀ ਪ੍ਰਵੀਨ ਕੁਮਾਰ ਖੁੱਲਰ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੁਧੀਰ ਸੂਦ, ਰਜਿੰਦਰ ਸਿੰਘ ਕੇਸਰ, ਨਰਿੰਦਰ ਮੋਹਨ, ਮਹਿੰਦਰ ਸਿੰਘ, ਤਰਸੇਮ ਮੋਦਗਿਲ, ਅਨੰਦ ਬਾਂਸਲ, ਪੰਡਤ ਓਂਕਾਰ ਨਾਥ, ਬਲਬੀਰ ਸਿੰਘ, ਮਨਮੋਹਨ ਸਿੰਘ ਕਪੂਰ, ਕੌਂਸਲਰ ਕੁਲਵਿੰਦਰ ਸਿੰਘ ਹੁੰਦਲ ਅਤੇ ਸਰਬਜੀਤ ਸਿੰਘ ਧੂਤ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)