ਆਊਟਡੋਰ ਸਟੇਡੀਅਮ ਵਿੱਚ ਬਣੇਗਾ ਵਰਲਡ ਕਲਾਸ ਸਵੀਮਿੰਗ ਪੂਲ: ਡੀ ਸੀ

ਹੁਸ਼ਿਆਰਪੁਰ, 30 ਸਤੰਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਤਹਿਤ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਪੇਂਡੂ ਟੂਰਨਾਮੈਂਟ ਦੇ ਆਖਰੀ ਦਿਨ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਊਟਡੋਰ ਸਟੇਡੀਅਮ ਵਿਖੇ ਨਗਰ ਨਿਗਮ ਵੱਲੋਂ ਯੂ.ਐਸ.ਆਈ.ਐਸ. ਦੇ ਤਹਿਤ ਸੰਥੈਟਿਕ ਐਥਲੈਟਿਕ ਟਰੈਕ ਬਣਾਉਣ ਦੇ ਲਈ ਮਤਾ ਪਾਸ ਹੋ ਚੁਕਿਆ ਹੈ ਅਤੇ ਜਲਦ ਹੀ ਇਥੇ ਅਧੁਨਿਕ ਕਿਸਮ ਦਾ ਸੰਥੈਟਿਕ ਐਥਲੈਟਿਕ ਟਰੈਕ ਬਣਾਇਆ ਜਾਵੇਗਾ। ਉਨ੍ਹਾਂ ਨੇ ਆਊਟਡੋਰ ਸਟੇਡੀਅਮ ਵਿਖੇ ਵਰਲਡ ਕਲਾਸ ਲੈਵਲ ਦਾ ਸਵੀਮਿੰਗ ਪੂਲ ਅਤੇ ਮਲਟੀਪਰਪਜ਼ ਹਾਲ ਬਣਾਏ ਜਾਣ ਦੀ ਵੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਡਾਂ ਦਾ ਜੀਵਨ ਵਿੱਚ ਖਾਸ ਮਹੱਤਵ ਹੈ। ਇਸ ਦੇ ਨਾਲ ਸਰੀਰ ਤੇ ਮਨ ਤੰਦਰੁਸਤ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਵਿੱਚ ਵੀ ਖੇਡ ਸਹੂਲਤਾਂ ਮੁਹੱਈਆ ਕਰਾਉਣ ਦੇ ਲਈ ਯਤਨ ਕੀਤੇ ਜਾ ਰਹੇ ਹਨ।  
       
                  ਇਸ ਦੌਰਾਨ ਜ਼ਿਲ੍ਹਾ ਖੇਡ ਅਫਸਰ ਸ੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਬਾਸਕਿਟ ਬਾਲ, ਕਬੱਡੀ, ਖੋ-ਖੋ, ਹਾਕੀ, ਵਾਲੀਬਾਲ, ਹੈਂਡਬਾਲ, ਐਥਲੈਟਿਕਸ, ਕੁਸ਼ਤੀ ਅਤੇ ਫੁੱਟਬਾਲ ਦੇ ਫਾਇਨਲ ਮੁਕਾਬਲੇ ਕਰਵਾਏ ਗਏ ਹਨ।  ਬਾਸਕਿਟ ਬਾਲ ਲੜਕੀਆਂ ਅਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਟਾਂਡਾ, ਵਾਲੀਬਾਲ (ਲੜਕੇ) ਮੁਕਾਬਲੇ ਵਿੱਚ ਹੁਸ਼ਿਆਰਪੁਰ-1, ਵਾਲੀਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਅੱਤੋਵਾਲ ਹੁਸ਼ਿਆਰਪੁਰ-2,  ਕੁਸ਼ਤੀ ਲੜਕੇ ਦੇ ਮੁਕਾਬਲਿਆਂ ਵਿੱਚ ਬਲਾਕ ਹੁਸ਼ਿਆਰਪੁਰ-1, ਹੈਂਡਬਾਲ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਵਿੱਚ ਸਤਿ ਸਾਹਿਬ ਸਪੋਰਟਸ ਕਲੱਬ ਮੇਘੋਵਾਲ, ਕਬੱਡੀ ਲੜਕੀਆਂ ਵਿੱਚ ਗੜ੍ਹਦੀਵਾਲਾ-ਭੂੰਗਾ, ਕਬੱਡੀ ਲੜਕਿਆਂ ਵਿੱਚ ਦਸੂਹਾ, ਖੋ-ਖੋ ਲੜਕੀਆਂ ਤੇ ਲੜਕੇ ਤਲਵਾੜਾ ਨੇ ਬਾਜੀ ਮਾਰੀ। ਇਸੇ ਤਰ੍ਹਾਂ ਕੁਸ਼ਤੀ 42 ਕਿਲੋ ਵਰਗ ਵਿੱਚ ਪਰਵਿੰਦਰ ਸਿੰਘ, 45 ਕਿਲੋ ਵਰਗ ਵਿੱਚ ਲਾਲ ਹੂਸੈਨ, 49 ਕਿਲੋ ਵਰਗ ਵਿੱਚ ਮੁਹੰਮਦ ਰਫੀ, 53 ਕਿਲੋ ਵਰਗ ਵਿੱਚ ਵਰਕਤ ਅਲੀ, 58 ਕਿਲੋ ਵਿੱਚ ਅਜੇ ਕੁਮਾਰ, 63 ਕਿਲੋ ਵਿੱਚ ਸੁਭਨੀਤ, 76 ਕਿਲੋ ਵਿੱਚ ਸਰਬਜੀਤ ਸਿੰਘ, 125 ਕਿਲੋ ਵਰਗ ਵਿੱਚ ਪਰਮਵੀਰ ਸਿੰਘ ਨੇ ਬਾਜੀ ਮਾਰੀ।
                  ਇਸ ਮੌਕੇ 'ਤੇ ਜੂਡੋ ਕੋਚ ਸੁਰਿੰਦਰ ਸਿੰਘ ਸੋਢੀ, ਖੋ ਖੋ ਕੋਚ ਮੈਡਮ ਬਲਵਿੰਦਰ ਕੌਰ, ਸਕੱਤਰ ਜਿਲ੍ਹਾ ਜੂਡੋ ਐਸੋਸੀਏਸ਼ਨ ਹਰਕ੍ਰਿਤ ਸਿੰਘ, ਸਾਬਕਾ ਕੋਚ ਪਾਲ ਸਿੰਘ, ਸਕੱਤਰ ਖੋ ਖੋ ਐਸੋਸੀਏਸ਼ਨ ਸਰਦਾਰੀ ਲਾਲ, ਵਾਲੀਬਾਲ ਕੋਚ ਚੰਚਲ ਸਿੰਘ, ਬਾਕਸਿੰਗ ਦੇ ਕੋਚ ਹਰਜੰਤ ਸਿੰਘ, ਕੋਚ ਸ਼ਾਮ ਲਾਲ ਸਮੇਤ ਭਾਰੀ ਸੰਖਿਆ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

ਤਲਵਾੜਾ ਵਿੱਚ ਹੋਇਆ ਗੁਰਮਤਿ ਚੇਤਨਾ ਸਮਾਗਮ

ਤਲਵਾੜਾ, 28 ਸਤੰਬਰ: ਇੱਥੇ ਸਿੱਖ ਵੈੱਲਫ਼ੇਅਰ ਸੁਸਾਇਟੀ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤਲਵਾੜਾ ਵਿਖੇ ਸਿੱਖ ਵੈੱਲਫੇਅਰ ਸੁਸਾਇਟੀ ਤਲਵਾੜਾ ਦੇ ਸਹਿਯੋਗ ਨਾਲ ਗੁਰਮਤਿ ਚੇਤਨਾ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਭਾਈ ਘਰਜੋਤ ਸਿੰਘ ਅਤੇ ਭਾਈ ਸਤਿੰਦਰ ਸਿੰਘ ਦੇ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ। ਸਿੱਖ ਵੈੱਲਫੇਅਰ ਸੁਸਾਇਟੀ ਦੇ ਆਗੂ ਜਸਵੀਰ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਕੀਰਤਨ ਦਰਬਾਰ ਹੁਸ਼ਿਆਰਪੁਰ ਵਿਖੇ ਸੰਤ ਅਨੂਪ ਸਿੰਘ ਊਨਾ ਵਾਲੇ ਤੇ ਅਜਵਿੰਦਰ ਸਿੰਘ ਦੀ ਅਗਵਾਈ ਹੇਠ 10 ਅਕਤੂਬਰ ਨੂੰ ਹੋਵੇਗਾ ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨਗੇ। ਇਸ ਮੌਕੇ ਗੁਰਚਰਨ ਸਿੰਘ ਜੌਹਰ ਪ੍ਰਧਾਨ, ਅਮਰਪਾਲ ਸਿੰਘ ਜੌਹਰ, ਰਘਬੀਰ ਸਿੰਘ, ਮਨਪ੍ਰੀਤ ਸਿੰਘ ਬੱਬਾ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ ਤਲਵਾੜਾ, ਰਮਨਦੀਪ ਸਿੰਘ, ਰੂਪ ਸਿੰਘ ਰੰਧਾਵਾ, ਏ. ਪੀ. ਐੱਸ. ਉੱਭੀ, ਸਤਨਾਮ ਸਿੰਘ, ਗੁਰਿੰਦਰ ਸਿੰਘ, ਸਰਬਜੀਤ ਸਿੰਘ ਘੁੰਮਣ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਸ਼ਹੀਦੇ ਆਜ਼ਮ ਦਾ ਜਨਮ ਦਿਹਾੜਾ ਮਨਾਇਆ

ਤਲਵਾੜਾ, 28  ਸਤੰਬਰ: ਸ਼ਮੀ : ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਵੱਲੋਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 108ਵਾਂ ਜਨਮ ਦਿਹਾੜਾ ਸਥਾਨਕ ਸਬਜ਼ੀ ਮੰਡੀ ਚੌਂਕ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ।
ਇਸ ਮੌਕੇ ਯੁਗਰਾਜ ਸਿੰਘ, ਰਾਜੀਵ ਸ਼ਰਮਾ, ਪ੍ਰਿੰ.ਕਰਤਾਰ ਸਿੰਘ ਪਲਿਆਲ, ਦੀਪਕ ਠਾਕੁਰ, ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਗਿਆਨ ਸਿੰਘ ਗੁਪਤਾ, ਕਾ.ਸੁਖਦੇਵ, ਸ਼ਿਵ ਕੁਮਾਰ, ਸ਼ਸ਼ੀਕਾਂਤ ,ਬਲਵੰਤ ਨਾਰੰਗਪੁਰ, ਚੌਧਰੀ ਰਾਮ ਭਜਨ ਆਦਿ ਬੁਲਾਰਿਆਂ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿੰਦਿਆਂ ਮੌਜੂਦਾਂ ਹਾਲਾਤਾਂ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਸਤਪ੍ਰਕਾਸ਼ ਨੇ ਦੱਸਿਆ ਕਿ ਮਹਾਨ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿੱਚ ਚੌਥਾ ਸਾਲਾਨਾ ਨਾਟਕ ਮੇਲਾ ਕਮੇਟੀ ਵੱਲੋਂ 10 ਅਕਤੂਬਰ ਨੂੰ ਸਥਾਨਕ ਖੋਖਾ ਮਾਰਕਿਟ ਵਿਖੇ ਸ਼ਾਮ 6.30 ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਪ੍ਰਸਿੱਧ ਨਾਟਕ ਮੰਡਲੀ ਨੌਰਾ ਰਿਚਰਡਜ਼ ਕਲੱਬ ਦੀਨਾਨਗਰ ਅਤੇ ਇਨਕਲਾਬੀ ਲੋਕ ਗਾਇਕ ਨਵਦੀਪ ਧਨੌਲਾ ਤੇ ਟੀਮ ਵੱਲੋਂ ਸ਼ਹੀਦਾਂ ਦੀ ਸੋਚ 'ਤੇ ਆਧਾਰਿਤ ਨਾਟਕ ਮੇਲਾ ਤੇ ਕੌਰੀਓਗ਼੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ, ਸੁਨੀਲ ਧਰਮਪੁਰ, ਕਿਰਨ ਜੀਤ ਕੌਰ, ਉੱਤਮ ਸਿੰਘ ਬੰਸੀਆ, ਦੇਸ ਰਾਜ, ਗੁਰਨਾਮ ਟੋਹਲੂ, ਬਲਵਿੰਦਰ ਬਿੱਟੂ, ਸੁਰਿੰਦਰ ਰੌਲ਼ੀ, ਕੁਲਵੰਤ ਰਜਵਾਲ, ਰਾਮ ਲਾਲ, ਪੰਕਜ ਕਮਾਹੀ ਦੇਵੀ, ਨਰੇਸ਼ ਮਿੱਡਾ,ਗੁਰਦੀਪ ਦੌਸੜਕਾ, ਮੁਲਖਰਾਜ ਹਾਜੀਪੁਰ ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਆਗੂਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਮੈਗਾ ਕੈਂਪ ਦੌਰਾਨ 250 ਲਾਭਪਾਤਰੀਆਂ ਨੂੰ ਕਰਜਾ ਮਨਜ਼ੂਰੀ ਪੱਤਰ ਵੰਡੇ

ਹੁਸ਼ਿਆਰਪੁਰ, 28 ਸਤੰਬਰ:ਵਿੱਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਦਰਾ ਕਰਜੇ ਦਾ ਮੈਗਾ ਕੈਂਪ ਸ਼ਿਰਾਜ ਪੈਲਸ ਵਿਖੇ ਲਗਾਇਆ ਗਿਆ।
ਕੈਂਪ ਦੀ ਪ੍ਰਧਾਨਗੀ ਨਾਬਾਰਡ ਦੇ ਮੁੱਖ ਮਹਾਂਪ੍ਰਬੰਧਕ ਡਾ. ਪੀ.ਐਮ.ਘੋਲੇ ਨੇ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਪ੍ਰਮੁੱਖ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਕਰਜਾ ਯੋਜਨਾ ਦੇ ਤਹਿਤ ਬਹੁਤ ਹੀ ਆਸਾਨ ਕਿਸ਼ਤਾਂ ਵਿੱਚ ਆਮ ਲੋਕਾਂ ਨੂੰ ਕਰਜੇ  ਮੁਹੱਈਆ ਕਰਵਾਏ ਜਾਂਦੇ ਹਨ।  ਬਾਲ ਸਕੀਮ ਤਹਿਤ ਲਾਭਪਾਤਰੀ  ਬੈਂਕ ਤੋਂ 50 ਹਜ਼ਾਰ ਰੁਪਏ ਦਾ ਕਰਜਾ ਲੈ ਸਕਦੇ ਹਨ। ਕਿਸ਼ੋਰ ਸਕੀਮ ਤਹਿਤ ਲਾਭਪਾਤਰੀ 5 ਲੱਖ ਅਤੇ ਤਰੂਣ ਸਕੀਮ ਤਹਿਤ ਲਾਭਪਾਤਰੀ 10 ਲੱਖ ਰੁਪਏ ਤੱਕ ਦਾ ਕਰਜਾ ਲੈ ਸਕਦੇ ਹਨ। ਇਸ ਦੌਰਾਨ ਡਾ. ਪੀ ਐਮ ਘੋਲੇ ਅਤੇ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਅਰੁਣ ਸ਼ਰਮਾ ਨੇ ਪ੍ਰਧਾਨ ਮੰਤਰੀ ਮੁਦਰਾ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ 2937 ਲਾਭਪਾਤਰੀਆਂ ਨੂੰ 9.78 ਕਰੋੜ ਰੁਪਏ ਦੇ ਕਰਜੇ ਮਨਜ਼ੂਰ ਕੀਤੇ ਗਏ ਅਤੇ ਮੁੱਖ ਮਹਿਮਾਨ ਦੁਆਰਾ 250 ਲਾਭਪਾਤਰੀਆਂ ਨੂੰ ਕਰਜਾ ਮਨਜ਼ੂਰੀ ਪੱਤਰ ਵੰਡੇ ਗਏ। ਇਸ ਮੌਕੇ 'ਤੇ ਜੌਨਲ ਮੈਨੇਜਰ ਆਰ ਐਸ ਬਜਾਜ, ਐਲ ਡੀ ਐਮ ਆਰ ਸੀ ਸ਼ਰਮਾ, ਰਿਜੀਨਲ ਮੈਨੇਜਰ ਜਸਬੀਰ ਸਿੰਘ, ਡੀ ਡੀ ਐਮ ਇੰਦਰਜੀਤ ਕੌਰ, ਐਸ ਕੇ ਸੂਦ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਬੈਂਕਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਆਦਮਵਾਲ ਵਿਖੇ ਕੈਂਪ ਲਗਾ ਕੇ ਖੰਨਾ ਨੇ ਕਰਵਾਈ 800 ਮਰੀਜ਼ਾਂ ਦੀ ਜਾਂਚ

ਹੁਸ਼ਿਆਰਪੁਰ, 27 ਸਤੰਬਰ -ਸਿਹਤ ਵਿਭਾਗ ਅਤੇ ਰਿਆਤ ਬਾਹਰਾ ਡੈਂਟਲ ਕਾਲਜ ਦੁਆਰਾ ਸਾਂਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਅਪਣਾਏ ਗਏ ਪਿੰਡ ਆਦਮਵਾਲ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੰਦਿਤਾ ਮਿਤਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਮੈਡੀਕਲ ਕੈਂਪ 'ਚ ਪਹੁੰਚਣ 'ਤੇ ਸ੍ਰੀ ਅਵਿਨਾਸ਼ ਰਾਏ ਖੰਨਾ, ਸ੍ਰੀ ਸੰਜੀਵ ਤਲਵਾੜ, ਸਿਵਲ ਸਰਜਨ ਸੰਜੀਵ ਬਬੂਟਾ ਅਤੇ ਡਾ: ਅਜੇ ਬੱਗਾ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਖੰਨਾ ਨੇ ਕਿਹਾ ਕਿ ਸਾਂਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਅਪਣਾਏ ਗਏ ਪਿੰਡ ਆਦਮਵਾਲ ਦੇ ਵਸਨੀਕਾਂ ਲਈ ਇਹ ਵਿਸ਼ੇਸ਼ ਤੌਰ 'ਤੇ ਮੈਡੀਕਲ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਪਿੰਡ ਦੇ ਲੋਕਾਂ ਦੀ ਦੰਦਾਂ ਦੀ ਜਾਂਚ, ਸ਼ੂਗਰ, ਹਾਈ ਬੀ.ਪੀ, ਪੀ.ਬੀ, ਛਾਤੀ ਦੇ ਰੋਗ, ਦਿਲ ਅਤੇ ਹੋਰ ਬਿਮਾਰੀਆਂ ਦੇ ਮਾਹਿਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਇਹ ਪਿੰਡ ਪੂਰਨ ਤੌਰ 'ਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਮੁਕਤ ਪਿੰਡ ਹੈ। ਉਨ੍ਹਾਂ ਦੀ ਇਹ ਹਮੇਸ਼ਾ ਕੋਸ਼ਿਸ਼ ਹੈ ਕਿ ਇਹ ਪਿੰਡ ਦਿਲ ਦੀਆਂ ਬਿਮਾਰੀਆਂ,ਸ਼ੂਗਰ, ਡਿਪਰੈਸ਼ਨ ਅਤੇ ਹੋਰ ਬਿਮਾਰੀਆਂ ਤੋਂ ਮੁਕਤ ਰਹੇ। ਇਸ ਲਈ ਸਮੇਂ-ਸਮੇਂ 'ਤੇ ਪਿੰਡ ਵਿਚ ਕੈਂਪ ਲਗਾਏ ਜਾਂਦੇ ਹਨ। ਅੱਜ ਦੀ ਦੌੜ ਭੱਜ ਵਾਲੀ ਜਿੰਦਗੀ ਵਿਚ ਨਾ ਚਾਹੁੰਦੇ ਹੋਏ ਵੀ ਕਈ ਤਰ੍ਹਾਂ ਦੀਆਂ ਦਿਮਾਗੀ ਪ੍ਰੇਸ਼ਾਨੀਆਂ ਦਾ ਲੋਕ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਵਿਸ਼ੇਸ਼ ਤੌਰ 'ਤੇ ਦਿਮਾਗ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਅਤੇ ਕੌਂਸਲਰਾਂ ਵੱਲੋਂ ਪਿੰਡ ਵਾਸੀਆਂ ਨੂੰ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਨੇ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਵੀ ਲੋਕਾਂ ਨੂੰ ਜਾਗਰੂਕ ਹੋਣ ਲਈ ਅਪੀਲ ਕੀਤੀ ਅਤੇ ਡਾਕਟਰਾਂ ਨੇ ਵੀ ਇਨ੍ਹਾਂ ਨਾਮੁਰਾਦ ਬਿਮਾਰੀਆਂ ਦੀ ਜਾਂਚ ਕਰਦਿਆਂ ਹੋਇਆ ਲੋਕਾਂ ਨੂੰ ਇਨ੍ਹਾਂ ਨਾਮੁਰਾਦ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਰਜਿਸਟਰ ਕੀਤੇ ਗਏ ਕਰੀਬ 800 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਵੀ ਮਾਹਿਰ ਡਾਕਟਰਾਂ ਦੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਮੁਫ਼ਤ ਕਰਨ ਲਈ ਕਿਹਾ। ਇਸ ਮੌਕੇ ਰਿਆਤ ਬਾਹਰਾ ਗਰੁੱਪ ਇੰਸਟੀਚਿਊਟ ਹੁਸ਼ਿਆਰਪੁਰ ਦੇ ਡਾਇਰੈਕਟਰ ਰਿਟਾ: ਜਨਰਲ ਪਰਮਜੀਤ ਸਿੰਘ, ਡਾ: ਜਗਜੀਤ ਧਾਲੀਵਾਲ, ਡਾ: ਤਰੁਣ ਕਾਲਰਾ, ਡਾ: ਜਤਿੰਦਰ, ਡਾ: ਨਰਿੰਦਰ, ਡਾ: ਸੁਭਾਸ਼ ਭਾਰਦਵਾਜ, ਡਾ: ਗੌਰਵ, ਡਾ: ਨਰੇਸ ਸਿੰਗਲਾ, ਡਾ: ਮਨਿੰਦਰ, ਡਾ: ਰਜੇਸ਼ ਟੰਡਨ, ਡਾ: ਸੰਦੀਪ ਗੁਪਤਾ, ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਉਮੇਸ਼ ਜੈਨ, ਤਰਸੇਮ ਗੁਪਤਾ, ਪਰਮਿੰਦਰ ਸਿੰਘ ਬਾਠ, ਸਰਪੰਚ ਸਤਪਾਲ ਸਿੰਘ ਸੱਤੀ, ਜਸਵਿੰੰਦਰਪਾਲ ਸਿੰਘ, ਡਾ: ਰਮਨ ਘਈ ਆਦਿ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।

ਖਟਕੜਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਜੀ ਦਾ ਮਨਾਇਆ ਜਾਵੇਗਾ ਜਨਮ ਦਿਵਸ: ਸ੍ਰ: ਠੰਡਲ

ਹੁਸ਼ਿਆਰਪੁਰ, 26 ਸਤੰਬਰ: ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਖਟਕੜਕਲਾਂ ਵਿਖੇ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਦੇ ਮੰਤਰੀਆਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਮੰਤਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹੁੰਮ-ਹੂਮਾ ਕੇ ਪਹੁੰਚਣ।

ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਸੰਜੇ ਕੁਮਾਰ ਨੇ ਕੀਤੀ ਬੈਠਕ

ਹੁਸ਼ਿਆਰਪੁਰ, 25 ਸਤੰਬਰ:  ਪੰਜਾਬ ਸਰਕਾਰ ਵੱਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਸਬੰਧੀ ਜ਼ਿਲ੍ਹੇ ਵਿੱਚ ਲਾਏ ਗਏ ਨੋਡਲ ਅਫ਼ਸਰ ਮੁੱਖ ਸਕੱਤਰ (ਜੇਲ੍ਹਾਂ) ਸ੍ਰੀ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਖਰੀਦ ਪ੍ਰਬੰਧਾਂ ਸਬੰਧੀ ਬੈਠਕ ਹੋਈ।
ਬੈਠਕ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸ੍ਰੀ ਸੰਜੇ ਕੁਮਾਰ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੰਡੀਆਂ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

                  ਬੈਠਕ ਦੌਰਾਨ ਨੋਡਲ ਅਫ਼ਸਰ ਸ੍ਰੀ ਸੰਜੇ ਕੁਮਾਰ ਨੇ ਪੈਡੀ ਪ੍ਰੋਕਿਉਰਮੈਂਟ, ਢੋਆ-ਢੁਆਈ, ਸਟੋਰੇਜ, ਗੱਠਾਂ ਦੀ ਉਪਲਬੱਧਤਾ ਅਤੇ ਅਦਾਇਗੀ ਸਬੰਧੀ ਆੜ੍ਹਤੀਆਂ, ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਅਧਿਕਾਰੀ/ਕਰਮਚਾਰੀ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ 1 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਪੇਸ਼ ਨਾ ਆਵੇ, ਇਸ ਦੇ ਲਈ ਸਰਕਾਰ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਢੋਆ-ਢੁਆਈ ਅਤੇ ਸਟੋਰੇਜ਼ ਲਈ ਗੋਦਾਮਾਂ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਐਸ ਡੀ ਐਮਜ਼ ਨੂੰ ਦਿਸ਼ਾ -ਨਿਰਦੇਸ਼ ਦਿੱਤੇ ਕਿ ਉਹ ਮੰਡੀਆਂ ਵਿੱਚ ਸਫ਼ਾਈ ਵਿਵਸਥਾ ਦਾ ਪੂਰਾ ਧਿਆਨ ਰੱਖਣ ਅਤੇ ਬਰਸਾਤ ਹੋਣ ਦੀ ਸਥਿਤੀ ਵਿੱਚ ਤਰਪਾਲਾਂ ਆਦਿ ਦਾ ਵੱਖਰੇ ਤੌਰ 'ਤੇ ਇੰਤਜਾਮ ਕਰਾਉਣ। ਉਨ੍ਹਾਂ ਨੇ ਆੜਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਅਤੇ ਸਾਫ਼ ਝੋਨਾ ਲੈ ਕੇ ਆਉਣ ਲਈ ਵੀ ਅਪੀਲ ਕੀਤੀ ਅਤੇ ਰਾਤ ਸਮੇਂ ਕੰਬਾਇਨਾਂ ਰਾਹੀਂ ਝੋਨਾ ਨਾ ਕੱਟਣ ਲਈ ਕਿਹਾ ਤਾਂ ਜੋ ਨਮੀ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ।   ਇਸ ਦੌਰਾਨ ਮੁੱਖ ਸਕੱਤਰ ਸ੍ਰੀ ਕੁਮਾਰ ਨੇ ਖਰੀਦ ਏਜੰਸੀਆਂ ਨੂੰ ਮੰਡੀਆਂ ਨਾਲ ਜੋੜੇ ਗਏ ਸ਼ੈਲਰਾਂ ਵਿੱਚ ਜਗ੍ਹਾ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਕਿਹਾ। ਖਰੀਦ ਏਜੰਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਜ਼ਿਲ੍ਹੇ ਦਾ ਪਿਛਲੇ ਸੀਜ਼ਨ ਦਾ 100 ਫ਼ੀਸਦੀ ਚੌਲ ਕੇਂਦਰੀ ਪੂਲ ਵਿੱਚ ਜਾ ਚੁੱਕਾ ਹੈ।

                   ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੀਫ਼ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਲਈ 62 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਕਰੀਬ  2 ਲੱਖ 92 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀ ਬੋਰਡ ਅਧਿਕਾਰੀਆਂ ਨੂੰ ਮੰਡੀਆਂ ਦੀ ਸਫ਼ਾਈ, ਲਾਈਟਾਂ ਅਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਮੁਕੰਮਲ ਕਰਨ ਲਈ ਆਖਿਆ ਗਿਆ ਹੈ।   ਉਨ੍ਹਾਂ ਪ੍ਰਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਕਿ ਪਿਛਲੇ ਦਿਨੀਂ  ਆੜ੍ਹਤੀਆਂ, ਟ੍ਰਾਂਸਪੋਰਟ ਤੇ ਲੇਬਰ ਠੇਕੇਦਾਰਾਂ ਅਤੇ ਖਰੀਦ ਏਜੰਸੀਆਂ ਨਾਲ ਕੀਤੀ ਮੀਟਿੰਗ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਆਦਿ ਦੇ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ।

                   ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਜਨੀਸ਼ ਕੌਰ ਨੇ ਦੱਸਿਆ ਕਿ ਟ੍ਰਾਂਸਪੋਰਟ ਅਤੇ ਲੇਬਰ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਜ਼ਿਲ੍ਹੇ ਕੋਲ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ ਮੌਜੂਦ ਹੈ।  ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ ਡੀ ਐਮ ਹੁਸ਼ਿਆਰਪੁਰ ਅਨੰਦ ਸਾਗਰ ਸ਼ਰਮਾ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਐਸ ਡੀ ਐਮ ਗੜ੍ਹਸ਼ੰਕਰ ਅਮਰਜੀਤ ਸਿੰਘ, ਐਸ ਡੀ ਐਮ ਮੁਕੇਰੀਆਂ ਹਰਚਰਨ ਸਿੰਘ ਅਤੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ ਸਮੇਤ ਸਬੰਧਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਪੰਜਾਬ ਦੀਆਂ ਨਹਿਰਾਂ ਦਾ ਜਲਦ ਹੋਵੇਗਾ ਨਵੀਨੀਕਰਨ : ਸ੍ਰ: ਢੀਂਡਸਾ


  • ਰਾਜ ਸਭਾ ਮੈਂਬਰ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਕੀਤਾ ਏ ਟੀ ਐਮ ਦਾ ਉਦਘਾਟਨ
ਗੜ੍ਹਦੀਵਾਲਾ, 25 ਸਤੰਬਰ: ਸਾਬਕਾ ਕੇਂਦਰੀ ਮੰਤਰੀ,  ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਐਮ ਪੀ ਰਾਜ ਸਭਾ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ: ਹੁਸ਼ਿਆਰਪੁਰ ਦੀ ਗੜ੍ਹਦੀਵਾਲਾ ਵਿਖੇ ਆਧੁਨਿਕ ਬੈਂਕ ਅਤੇ ਨਵੇਂ ਏ.ਟੀ.ਐਮ. ਦਾ ਉਦਘਾਟਨ ਕੀਤਾ।  ਬੈਂਕ ਵਿਖੇ ਪਹੁੰਚਣ 'ਤੇ ਜ਼ਿਲ੍ਹਾ ਸ੍ਰੋਮਣੀ ਅਕਾਲੀ ਦਲ ਅਤੇ ਹਲਕਾ ਵਿਧਾਇਕ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁਲੇਵਾਲਰਾਠਾਂ, ਚੇਅਰਮੈਨ ਕੋਅਪਰੇਟਿਵ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ, ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਅਤੇ ਐਗਜੈਕਟਿਵ ਡਾਇਰੈਕਟਰ ਕੋ-ਅਪਰੇਟਿਵ ਬੈਂਕ ਸ੍ਰ: ਅਵਤਾਰ ਸਿੰਘ ਜੌਹਲ, ਐਗਜੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ, ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਅਤੇ  ਜ਼ਿਲ੍ਹਾ ਮੈਨੇਜਰ ਮੋਹਨ ਲਾਲ ਨੇ ਸਵਾਗਤ ਕੀਤਾ।

                  ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਸਿੰਚਾਈ ਦੀ ਸਹੂਲਤ ਦੇਣ ਲਈ ਪੂਰੇ ਪੰਜਾਬ ਵਿੱਚ ਨਹਿਰਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਦੇ ਨਾਲ 25 ਤੋਂ 30 ਪ੍ਰਤੀਸ਼ਤ ਵਾਧੂ ਪਾਣੀ ਨਹਿਰਾਂ ਦੁਆਰਾ ਕਿਸਾਨਾਂ ਦੇ ਖੇਤਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਆਮਦ ਨੂੰ ਲੈ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤਾ ਜਾਵੇਗਾ।
                  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਲੈਵਲ 'ਤੇ ਵੀ ਖੇਡ ਐਸੋਸੀਏਸ਼ਨਾਂ ਨੂੰ ਲੱਖਾਂ ਰੁਪਏ ਦੀ ਸਹਾਇਤਾ ਖਿਡਾਰੀਆਂ ਲਈ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੈਸ਼ਨਲ ਤੇ ਇੰਟਰ ਨੈਸ਼ਨਲ ਪੱਧਰ 'ਤੇ ਖੇਡਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਤੋਂ ਇਲਾਵਾ ਹਰ ਪ੍ਰਕਾਰ ਦੀ ਸਹਾਇਤਾ ਉਪਲਬੱਧ ਕਰਵਾਈ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਪੰਜਾਬ ਵੱਲੋਂ ਖੇਡ ਕੇ ਖਿਡਾਰੀ ਰਾਜ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਨੇ ਕੋ-ਅਪਰੇਟਿਵ ਬੈਂਕ ਦੀ ਕੀਤੀ ਗਈ ਰੈਵੋਨੇਸ਼ਨ, ਕੰਪਿਊਟਰੀਕਰਨ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਦੇ ਲਈ ਸਾਰੇ ਅਹੁੱਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮੇਂ ਦੇ ਅਨੁਸਾਰ ਇਸ ਤਰ੍ਹਾਂ ਦੇ ਆਧੁਨਿਕ ਬੈਂਕਾਂ ਦੀ ਬਹੁਤ ਲੋੜ ਹੈ। ਉਨ੍ਹਾਂ ਨੇ ਇਸ ਕੋ-ਅਪਰੇਟਿਵ ਬੈਂਕ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜੇ ਅਤੇ ਹੋਰ ਭਲਾਈ ਸਕੀਮਾਂ ਦੀ ਸਰਾਹਨਾ ਕੀਤੀ।

                  ਵਿਧਾਇਕ ਹਲਕਾ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੁਆਰਾ ਹਰ ਵਰਗ ਨੂੰ ਸਹਾਇਤਾ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਕਿਸਾਨਾਂ ਦੀ ਸਹਾਇਤਾ ਲਈ ਬੈਂਕ ਵੱਲੋਂ ਸਮੇਂ-ਸਮੇਂ ਸਿਰ ਟਰੇਨਿੰਗ ਕੈਂਪ ਅਤੇ ਖੇਤੀਬਾੜੀ ਦੇ ਔਜਾਰ ਖਰੀਦਣ ਲਈ ਸਸਤੀਆਂ ਦਰਾਂ 'ਤੇ ਲੋਨ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਕੋਆਪਰੇਟਿਵ ਬੈਂਕ ਗੜ੍ਹਦੀਵਾਲਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਅਪੀਲ ਕੀਤੀ। 
                  ਚੇਅਰਮੈਨ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ ਨੇ ਕਿਹਾ ਕਿ ਇਸ ਬੈਂਕ ਦੀ10 ਮੈਂਬਰਾਂ ਨੇ ਮਿਲ ਕੇ 3750 ਰੁਪਏ ਨਾਲ ਸ਼ੁਰੂਆਤ ਕੀਤੀ ਸੀ ਜਦ ਕਿ ਅੱਜ ਇਸ ਬੈਂਕ ਦੇ 796 ਸਹਿਕਾਰੀ ਸਭਾਵਾਂ ਦੇ ਮੈਂਬਰ ਹਨ ਅਤੇ ਮੈਂਬਰਾਂ ਦੀ ਹਿੱਸਾ ਪੂੰਜੀ 1287 ਕਰੋੜ ਰੁਪਏ ਹੋ ਗਈ ਹੈ। ਅੱਜ ਇਹ ਬੈਂਕ ਜ਼ਿਲ੍ਹੇ ਵਿੱਚ 66 ਬਰਾਂਚਾਂ ਨਾਲ ਲੋਕਾਂ ਦੀ ਸੇਵਾ ਕਰ ਰਹੀ ਹੈ। ਇਸ ਦੌਰਾਨ ਮਾਰਕੀਟ ਕਮੇਟੀ ਚੇਅਰਮੈਨ ਅਵਤਾਰ ਸਿੰਘ ਜੌਹਲ ਨੇ ਵੀ ਸੈਂਟਰਲ ਕੋਅਪਰੇਟਿਵ ਬੈਂਕ ਗੜ੍ਹਦੀਵਾਲਾ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਪੰਜਾਬ ਦੀ ਪਹਿਲੀ ਅਜਿਹੀ ਬੈਂਕ ਹੈ ਜਿਸ ਦੀ ਆਪਣੀ ਵੈਬ ਸਾਈਟ ਹੈ। ਸ੍ਰ: ਜੌਹਲ ਨੇ ਪਿੰਡ ਨੌਸ਼ਹਿਰਾ ਵਿਖੇ ਨਵੀਂ ਖੋਲ੍ਹੀ ਗਈ ਲੱਕੜ ਮੰਡੀ ਵਿੱਚ ਜਿੰਮੀਦਾਰਾਂ ਨੂੰ ਲੱਕੜ ਵੇਚਣ ਲਈ ਪ੍ਰੇਰਿਤ ਕੀਤਾ ਤਾਂ ਜੋ ਆੜਤੀਆਂ ਦੀ ਲੁੱਟ ਖਸੁੱਟ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੈਂਕ ਵੱਲੋਂ 796 ਕਰੋੜ ਰੁਪਏ ਦਾ ਕਰਜਾ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ।                 ਉਦਘਾਟਨੀ ਸਮਾਗਮ ਨੂੰ ਜ਼ਿਲ੍ਹਾ ਮੈਨੇਜਰ ਮੋਹਨ ਲਾਲ, ਹਲਕਾ ਇੰਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ, ਹੈਲਥ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਜਸਜੀਤ ਸਿੰਘ ਥਿਆੜਾ, ਐਸ ਜੀ ਪੀ ਸੀ ਮੈਂਬਰ ਹਰਜਿੰਦਰ ਸਿੰਘ ਧਾਮੀ, ਡੀ ਡੀ ਐਮ ਨਾਬਾਰਡ ਇੰਦਰਜੀਤ ਕੌਰ, ਡਿਪਟੀ ਰਜਿਸਟਰਾਰ ਸੰਤੋਖ ਪਾਲ, ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਹੈਪਕੋ ਆਰਗੇਨਾਈਜੇਸਨ ਦੀ ਓਪਨਿੰਗ ਵੀ ਕੀਤੀ ਗਈ ਅਤੇ ਕਿਸਾਨਾਂ ਨੂੰ ਇਸ ਦਾ ਮੈਂਬਰ ਬਣਨ ਲਈ ਕਿਹਾ ਗਿਆ। ਮੰਚ ਸੰਚਾਲਨ ਐਗਜੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ ਨੇ ਕੀਤਾ।  ਇਸ ਮੌਕੇ 'ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾਂ, ਡਾਇਰੈਕਟਰ ਕੋਅਪਰੇਟਿਵ ਅਵਤਾਰ ਸਿੰਘ ਬਾਹੋਵਾਲ, ਅਮਰਜੀਤ ਸਿੰਘ ਪੁਰਖੋਵਾਲ, ਕੁਲਵਿੰਦਰ ਸਿੰਘ ਬਾਹਦ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਕਾਰਜਸਾਧਕ ਅਫ਼ਸਰ ਸੁਰਜੀਤ ਰਾਮ , ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰਿੰਸੀ: ਸਤਵਿੰਦਰ ਸਿੰਘ, ਜਸਵਿੰਦਰ ਸਿੰਘ ਮਣਕੂ, ਸਹਾਇਕ ਰਜਿਸਟਰਾਰ ਦਸੂਹਾ ਬਲਰਾਮ ਦਾਸ, ਆਡਿਟ ਅਫ਼ਸਰ ਡੀ ਪੀ ਸ਼ਾਰਦਾ, ਸੀਨੀਅਰ ਐਡੀਟਰ ਜੋਗਿੰਦਰ ਪਾਲ, ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਹੁਸਿਆਰਪੁਰ ਪ੍ਰੇਮ ਸਿੰਘ, ਕੌਂਸਲਰ ਮਨਜੀਤ ਸਿੰਘ ਰੋਬੀ, ਡਾਇਰੇਕਟਰ ਕਰਿਭਕੋ ਜਗਤਾਰ ਸਿੰਘ, ਬਿਕਰਮਜੀਤ ਸਿੰਘ, ਹਰਕੰਵਲ ਸਿੰਘ ਸਹੋਤਾ, ਮੈਨੇਜਰ ਸ਼ਿਵ ਦੇਵ ਸਿੰਘ, ਅਮਰਜੀਤ ਸਿੰਘ ਸੋਢੀ, ਸਿਕੰਦਰ ਸਿੰਘ ਹੁੱਕੜਾਂ, ਫਕੀਰ ਸਿੰਘ ਸਹੋਤਾ, ਸੇਵਾ ਸਿੰਘ ਸਰਪੰਚ ਡੱਫਰ, ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਬਲਬੀਰ ਸਿੰਘ, ਗੁਰਮੇਲ ਸਿੰਘ, ਸੁਖਜੀਤ ਸਿੰਘ ਧੂਤ, ਜਗੀਰ ਸਿੰਘ ਸਰਾਂ, ਸੁਰਜੀਤ ਸਿੰਘ, ਜਥੇਦਾਰ ਕਰਨੈਲ ਸਿੰਘ, ਕੌਸਲਰ ਸੰਤੋਖ ਸਿੰਘ, ਰੂਪ ਲਾਲ ਥਾਪਰ, ਨਰਿੰਦਰ ਸਿੰਘ, ਹਰਪਿੰਦਰ ਸਿੰਘ ਗਿੱਲ ਵੀ ਮੌਜੂਦ ਸਨ।

ਨਿਰੰਕਾਰੀ ਮਿਸ਼ਨ ਵੱਲੋਂ ਕਰਵਾਇਆ ਵਿਸ਼ਾਲ ਸੰਤ ਸਮਾਗਮ


ਤਲਵਾੜਾ, 25 ਸਤੰਬਰ: ਇੱਥੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਗਿਆ
ਜਿਸ ਵਿਚ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਨੇ ਹਜ਼ਾਰਾਂ ਦੀ ਸੰਖਿਆ ਵਿਚ ਇਕੱਤਰ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ ਅਤੇ ਪ੍ਰਵਚਨਾਂ ਰਾਹੀਂ ਚੰਗੇਰੀ ਜੀਵਨ ਜਾਚ ਦਾ ਉਪਦੇਸ਼ ਦਿੱਤਾ। ਨਿਰੰਕਾਰੀ ਮਿਸ਼ਨ ਨਾਲ ਜੁੜੇ ਸ਼ਰਧਾਲੂਆਂ ਵੱਲੋਂ ਤਲਵਾੜਾ ਦੇ ਸਭ ਤੋਂ ਵੱਡੇ ਮੈਦਾਨ ਨਰਸਰੀ ਗਰਾਉਂਡ ਵਿਚ ਵਿਸ਼ਾਲ ਪੰਡਾਲ ਲਗਾਇਆ ਗਿਆ ਜਿਸ ਵਿਚ ਪੰਜਾਬ ਤੋਂ ਇਲਾਵਾ ਪੂਰੇ ਉੱਤਰੀ ਭਾਰਤ ਤੋਂ ਲੋਕ ਹੁੰਮ ਹੁੰਮਾ ਪਹੁੰਚੇ। ਇਸ ਮੌਕੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਆਵਾਜਾਈ, ਸੁਰੱਖਿਆ ਤੇ ਪਾਰਕਿੰਗ ਦਾ ਵਧੀਆ ਬੰਦੋਬਸਤ ਕੀਤਾ ਗਿਆ ਸੀ ਅਤੇ ਪੂਰਾ ਦਿਨ ਸ਼ਹਿਰ ਵਿਚ ਰੌਣਕ ਸਿਖਰਾਂ ਤੇ ਰਹੀ। ਇਹ ਵੀ ਜਿਕਰਯੋਗ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਸਵਾਗਤ ਲਈ ਸ਼ਰਧਾਲੂਆਂ ਵੱਲੋਂ ਨਰਸਰੀ ਗਰਾਉਂਡ ਦੇ ਅੰਦਰ, ਆਲੇ ਦੁਆਲੇ ਅਤੇ ਮੁੱਖ ਸੜਕਾਂ ਉੱਤੇ ਉਮਦਾ ਸਾਫ਼ ਸਫ਼ਾਈ ਕੀਤੀ ਗਈ ਅਤੇ ਸਮਾਗਮ ਦੇ ਮਗਰੋਂ ਵੀ ਬਾਕਾਇਦਾ ਜੋਸ਼ੋ ਖਰੋਸ਼ ਨਾਲ ਸਾਫ਼ ਸਫ਼ਾਈ ਕੀਤੀ ਗਈ।

ਮਾਸਟਰ ਕੇਡਰ ਯੂਨੀਅਨ ਬਲਾਕ ਹਾਜੀਪੁਰ ਦੇ ਅਹੁਦੇਦਾਰਾਂ ਦੀ ਚੋਣ

ਤਲਵਾੜਾ, 25 ਸਤੰਬਰ : ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਬਲਾਕ ਹਾਜੀਪੁਰ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਕਮੇਟੀ ਮੈਂਬਰ ਕਰਨੈਲ ਸਿੰਘ ਕੋਟਲੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੀਟਿੰਗ ਵਿਚ ਬਲਾਕ ਹਾਜੀਪੁਰ ਯੂਨਿਟ ਭੰਗ ਕਰਕੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਅਰੁਣ ਕੁਮਾਰ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਮੀਤ ਪ੍ਰਧਾਨ ਅਜੀਤ ਸਿੰਘ, ਸਕੱਤਰ ਪਰਵੀਨ ਕੁਮਾਰ, ਜਗਜੀਤ ਸਿੰਘ, ਖਜਾਨਚੀ ਸੁਰਿੰਦਰ ਕੁਮਾਰ, ਸਹਿ ਖਜਾਨਚੀ ਰਾਜੀਵ ਕੁਮਾਰ, ਪ੍ਰੈੱਸ ਸਕੱਤਰ ਸੁਰੇਸ ਕੁਮਾਰ, ਸਹਿ ਸਕੱਤਰ ਰਾਜੇਸ਼ ਕੁਮਾਰ, ਸੀਨੀਅਰ ਸਲਾਹਕਾਰ ਰਾਧੇ ਸ਼ਾਮ, ਵਿਪਨ ਕੁਮਾਰ, ਅਮਨਦੀਪ, ਉਮੇਸ਼ ਦੱਤ ਸ਼ਰਮਾ ਨੂੰ ਬਣਾਇਆ ਗਿਆ। ਇਸ ਮੌਕੇ ਹਰਭਜਨ ਸਿੰਘ ਨੇ ਹਾਜੀਪੁਰ ਯੂਨਿਟ ਦੇ ਸਾਬਕਾ ਪ੍ਰਧਾਨ ਗੁਰਦਰਸ਼ਨ ਸਿੰਘ ਨੂੰ ਜਿਲ੍ਹਾ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਮਰਜੀਤ ਸਿੰਘ ਬਲਾਕ ਪ੍ਰਧਾਨ ਤਲਵਾੜਾ, ਜਤਿੰਦਰ ਕੰਵਰ, ਰਾਜਿੰਦਰ ਸਿੰਘ, ਰਾਕੇਸ਼ ਕੁਮਾਰ, ਜਗਜੀਤ ਸਿੰਘ, ਰਮਨ ਕੁਮਾਰ ਚੌਧਰੀ, ਬਲਜੀਤ ਸਿੰਘ, ਵਿਜੇ ਸ਼ਰਮਾ, ਰਾਜੀਵ ਕੁਮਾਰ, ਕੁਲਵੰਤ ਸਿੰਘ, ਸੁਭਾਸ਼ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜਰ ਸਨ।
ਇਸ ਦੌਰਾਨ ਨਵ ਨਿਯੁਕਤ ਪ੍ਰਧਾਨ ਅਰੁਣ ਕੁਮਾਰ ਨੇ ਕਿਹਾ ਕਿ ਉਹ ਜਥੇਬੰਦੀ ਨੂੰ ਮਜਬੂਤੀ ਪ੍ਰਦਾਨ ਕਰਨ ਦੇ ਨਾਲ ਮਾਸਟਰ ਕਾਡਰ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਣ ਲਈ ਆਪਣੀ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਪੂਰੀ ਤਰਾਂ ਤਤਪਰ ਰਹਿਣਗੇ।

ਮਾਸਟਰ ਕਾਡਰ ਯੂਨੀਅਨ ਬਲਾਕ ਤਲਵਾੜਾ ਦੇ ਅਹੁਦੇਦਾਰਾਂ ਦੀ ਚੋਣ ਹੋਈ

ਤਲਵਾੜਾ, 22 ਸਤੰਬਰ : ਅੱਜ ਇੱਥੇ ਮਾਸਟਰ ਕਾਡਰ ਯੂਨੀਅਨ ਦੀ ਬਲਾਕ ਤਲਵਾੜਾ ਇਕਾਈ ਦੀ ਇਹ ਜਰੂਰੀ ਮੀਟਿੰਗ ਹੋਈ ਜਿਸ ਵਿਚ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ, ਸੂਬਾ ਕਮੇਟੀ ਮੈਂਬਰ ਕਰਨੈਲ ਸਿੰਘ ਕੋਟਲੀ ਅਤੇ ਜਿਲ੍ਹਾ ਪ੍ਰਧਾਨ ਸੁਖਦੇਵ ਕਾਜਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਜਥੇਬੰਦਕ ਢਾਂਚਾ ਮਜਬੂਤ ਕਰਨ ਦੇ ਮੰਤਵ ਨਾਲ ਬਲਾਕ ਤਲਵਾੜਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਸਮਰਜੀਤ ਸਿੰਘ ਸ਼ਮੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਦਵਿੰਦਰ ਸਿੰਘ ਜਨਰਲ ਸਕੱਤਰ, ਜਤਿੰਦਰ ਕੰਵਰ ਵਿੱਤ ਸਕੱਤਰ, ਅਨਿਲ ਠਾਕੁਰ ਮੀਤ ਪ੍ਰਧਾਨ, ਸੰਦੀਪ ਕਪਿਲ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਸਹਾਇਕ ਵਿੱਤ ਸਕੱਤਰ, ਸੰਜੀਵ ਠਾਕੁਰ ਸਹਾਇਕ ਸਕੱਤਰ, ਕਮਲ ਦੇਵ ਮੁੱਖ ਸਲਾਹਕਾਰ, ਅਨੂਪ ਸ਼ਰਮਾ ਸਹਾਇਕ ਸਕੱਤਰ, ਬਿਕਰਮ ਕਟੋਚ ਪ੍ਰੈੱਸ ਸਕੱਤਰ, ਜੀਤ ਸਿੰਘ ਰਾਮਗੜ੍ਹ ਸੰਯੁਕਤ ਸਕੱਤਰ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਪਰਵੀਨ ਕੁਮਾਰ, ਸ਼ਾਮ ਲਾਲ, ਵਿਕਾਸ ਮਹਾਜਨ, ਦੀਪਕ ਸ਼ਰਮਾ, ਹਿਤੇਸ਼ ਸ਼ਰਮਾ, ਰਾਜੇਸ਼ ਕੁਮਾਰ, ਪਵਨ ਕੁਮਾਰ, ਸੁਰੇਸ਼ ਭਾਟੀਆ, ਸੁਰਿੰਦਰ ਕੁਮਾਰ, ਸੁਭਾਸ਼ ਗੋਲਡੀ ਆਦਿ ਅਧਿਆਪਕ ਆਗੂ ਹਾਜਰ ਸਨ।

ਓਜ਼ੋਨ ਸਬੰਧੀ ਲੱਗੀ ਜਾਗਰੂਕਤਾ ਵਕਰਸ਼ਾਪ

ਤਲਵਾੜਾ, 18 ਸਤੰਬਰ:  ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਵਿਖੇ ਪ੍ਰਿੰਸੀਪਲ ਦੇਵਿੰਦਰ ਸਿੰਘ ਦੀ ਅਗਵਾਈ ਹੇਠ ਅੰਤਰ ਰਾਸ਼ਟਰੀ ਓਜ਼ੋਨ ਸੁਰੱਖਿਆ ਦਿਵਸ

ਮਨਾਇਆ ਗਿਆ ਜਿਸ ਵਿਚ ਜੁਪਿੰਦਰ ਕੁਮਾਰ ਲੈਕਚਰਾਰ ਫਿਜੀਕਸ ਨੇ ਵਿਦਿਆਰਥੀਆਂ ਨੂੰ ਓਜ਼ੋਨ ਗੈਸ ਦੀ ਪਰਤ ਦਾ ਮਹੱਤਵ ਅਤੇ ਇਸ ਦੀ ਸੰਭਾਲ ਬਾਰੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ। ਸ਼੍ਰੀਮਤੀ ਰਮਨ ਨੇ ਵੀ ਇਸ ਮੌਕੇ ਅਹਿਮ ਨੁਕਤੇ ਸਾਂਝੇ ਕੀਤੇ ਅਤੇ ਪ੍ਰੋਗਰਾਮ ਦਾ ਸੰਚਾਲਨ ਮਨਮੋਹਨ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਜਤਿੰਦਰਜੀਤ ਸਿੰਘ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਤਲਵਾੜਾ, 13 ਸਤੰਬਰ: ਅੱਜ ਇੱਥੇ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ ਦੋ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਦੇ ਦੀਵਾਨ ਵਿਚ ਭਾਈ ਬਲਵਿੰਦਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ। ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਜੌਹਰ ਤੋਂ ਇਲਾਵਾ ਇਸ ਮੌਕੇ ਸੁਰਿੰਦਰ ਸਿੰਘ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਦੇਵਿੰਦਰਪਾਲ ਸਿੰਘ ਸੇਠੀ, ਅਮਰਪਾਲ ਸਿੰਘ ਜੌਹਰ, ਲਖਵਿੰਦਰ ਸਿੰਘ, ਏ. ਪੀ. ਐੱਸ. ਉੱਭੀ, ਹਰਜੀਤ ਸਿੰਘ, ਪ੍ਰੋ. ਡੀ. ਐੱਸ. ਮੱਲੀ ਅਤੇ ਕਈ ਹੋਰ ਪਤਵੰਤੇ ਹਾਜਰ ਸਨ।

ਪੰਜਾਬ ਪੈਨਸ਼ਨਰਜ ਦੀ ਮੀਟਿੰਗ ਹੋਈ

ਤਲਵਾੜਾ, 13 ਸਤੰਬਰ:  ਇੱਥੇ ਪੰਜਾਬ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਤਹਿਸੀਲ ਪੱਧਰੀ ਇਕੱਤਰਤਾ ਗਿਆਨ ਸਿੰਘ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੈਨਸ਼ਨ ਭੋਗੀ ਕਰਮਚਾਰੀਆਂ ਦੀ ਸਮੱਸਿਆਵਾਂ ਤੇ ਚਰਚਾ ਕੀਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ 17 ਮਹੀਨੇ ਦਾ ਮਹਿੰਗਾਈ ਭੱਤੇ ਦਾ ਬਕਾਇਆ, ਪੰਜਾਹ ਫੀਸਦੀ ਮਹਿੰਗਾਈ ਭੱਤਾ ਬੇਸਿਕ ਪੈਨਸ਼ਨ ਵਿਚ ਸ਼ਾਮਿਲ ਕਰਨਾ, ਪੱਚੀ ਸਾਲ ਦੀ ਸੇਵਾ ਦਾ ਲਾਭ, ਛੇਵੇਂ ਤਨਖ਼ਾਹ ਕਮਿਸ਼ਨ ਦਾ ਗਠਨ ਕਰਨਾ, ਮੈਡੀਕਲ ਭੱਤੇ ਵਿਚ ਵਾਧਾ ਆਦਿ ਮੰਗਾਂ ਪ੍ਰਤੀ ਸਰਕਾਰ ਦੀ ਉਦਾਸੀਨਤਾ ਤੇ ਬੇਚੈਨੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਵਿੱਢੇ ਸੰਘਰਸ਼ ਦੇ ਪਹਿਲੇ ਪੜਾਅ ਤਹਿਤ 5 ਅਕਤੂਬਰ ਨੂੰ ਜਿਲ੍ਹਾ ਪੱਧਰ ਤੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇ. ਐਸ. ਪਲਿਆਲ, ਚੌਧਰੀ ਬੰਸੀ ਲਾਲ, ਕੇਸਰ ਸਿੰਘ ਬੰਸੀਆ, ਯੁਗਰਾਜ ਸਿੰਘ, ਵਿਜੇ ਕ੍ਰਿਸ਼ਨ, ਤਿਲਕ ਰਾਜ, ਉੱਤਮ ਸਿੰਘ, ਸੁਖਦੇਵ ਸਿੰਘ ਆਦਿ ਸਮੇਤ ਕਈ ਹੋਰ ਸਰਗਰਮ ਆਗੂ ਹਾਜਰ ਸਨ।

ਸ਼ਾਹ ਨਹਿਰ ਦੀ ਤਰਸਯੋਗ ਹਾਲਤ ਨਾਲ ਲੋਕਾਂ ਵਿਚ ਬੇਚੈਨੀ

ਤਲਵਾੜਾ, 13 ਸਤੰਬਰ: ਪੌਂਗ ਡੈਮ ਦੀ ਉਸਾਰੀ ਤੋਂ ਬਾਦ ਵਿਸ਼ਾਲ ਸਿੰਚਾਈ ਪ੍ਰਾਜੈਕਟ ਤਹਿਤ ਸ਼ਾਹ ਨਹਿਰ ਦਾ ਨਿਰਮਾਣ ਅੱਸੀਵਿਆਂ ਵਿਚ ਕੀਤਾ ਗਿਆ ਅਤੇ ਇਸ ਉੱਪਰ 207 ਮੈਗਾਵਾਟ ਸਮਰੱਥਾ ਵਾਲੇ ਚਾਰ ਪਾਵਰ ਹਾਊਸ ਸਥਾਪਿਤ ਕੀਤੇ ਗਏ।
3404 ਏਕੜ ਵਿਚ ਫੈਲੀ ਮਸਨੂਈ ਝੀਲ ਵਿਚੋਂ ਨਿਕਲੀ 37 ਕਿਲੋਮੀਟਰ ਲੰਮੀ ਇਸ ਨਹਿਰ ਵਿਚੋ ਹਾਲ ਹੀ ਵਿਚ ਹਿਮਾਚਲ ਦੀ ਲਿਫ਼ਟ ਸਕੀਮ ਵਾਲੀ ਨਹਿਰ ਤੋਂ ਇਲਾਵਾ ਅਨੇਕਾਂ ਛੋਟੀਆਂ ਨਹਿਰਾਂ ਨਿਕਦੀਆਂ ਹਨ ਜੋ ਪੰਜਾਬ ਵਿਚ ਹਰਿਆਲੀ ਤੇ ਖ਼ੁਸ਼ਹਾਲੀ ਦੀ ਜੀਵਨ ਰੇਖਾ ਬਣਦੀਆਂ ਹਨ। ਪਰੰਤੂ ਇਸ ਵੇਲੇ ਬੈਰਾਜ ਹੈੱਡਵਰਕਸ ਤੋਂ ਹੀ ਇਸ ਨਹਿਰ ਦੀ ਬਦਹਾਲੀ ਦੀ ਤਸਵੀਰ ਲੋਕਾਂ ਲਈ ਬੇਚੈਨੀ ਦਾ ਕਾਰਨ ਬਣ ਰਹੀ ਹੈ। ਨਹਿਰ ਤੇ ਬਣੇ ਪਹਿਲੇ ਪੁਲ ਦੀ ਹਾਲਤ ਜ਼ਰਜ਼ਰ ਹੈ ਤੇ ਇਸ ਵਿਚ ਸੁਰੱਖਿਆ ਲਈ ਬਣੀਆਂ ਸੀਮਿੰਟਡ ਰੇਲਿੰਗ ਹੀ ਗਾਇਬ ਹੋ ਰਹੀ ਹੈ ਜਿਸ ਨਾਲ ਮਨੁੱਖ ਤੇ ਪਸ਼ੂਆਂ ਲਈ ਇਸ ਪੁਲ ਬੇਹੱਦ ਘਾਤਕ ਬਣ ਗਿਆ ਹੈ। ਇਸੇ ਪੁਲ ਦੇ ਹੇਠਾਂ ਨਹਿਰ ਦਾ ਇੱਕ ਕਿਨਾਰਾ ਵੀ ਪੂਰੀ ਤਰਾਂ ਨਸ਼ਟ ਹੋ ਗਿਆ ਹੈ ਜਿਸ ਨੂੰ ਰੇਤ ਆਦਿ ਦੀਆਂ ਬੋਰੀਆਂ ਲਗਾਈਆਂ ਗਈਆਂ ਹਨ।
ਪੂਰੀ ਨਹਿਰ ਵਿਚ ਸਲੈਬਾਂ ਥਾਂ ਥਾਂ ਤੋਂ ਧਸ ਚੁੱਕੀਆਂ ਹਨ। ਸੂਤਰਾਂ ਅਨੁਸਾਰ ਨਹਿਰ ਦੀ ਡਾਵਾਂਡੋਲ ਹਾਲਤ ਦੇ ਚਲਦਿਆਂ ਇਸ ਨੂੰ ਇਸ ਦੀ ਪੂਰੀ ਸਮਰੱਥਾ ਯਾਨੀ 11500 ਕਿਉਸਿਕ ਤੇ ਚਲਾਉਣ ਦਾ ਜੋਖ਼ਿਮ ਨਹੀਂ ਲਿਆ ਜਾ ਰਿਹਾ। ਬੈਰਾਜ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮਚਾਰੀਆਂ ਲਈ ਬਣੇ ਕੈਬਿਨ ਤੇ ਸਟੋਰ ਢਹਿ ਢੇਰੀ ਹੋ ਕੇ ਖੰਡਰ ਬਣ ਰਹੇ ਹਨ ਤੇ ਇਹ ਖ਼ੁਦ ਸੁਰੱਖਿਆ ਕਰਮਚਾਰੀਆਂ ਦੀ ਸੁਰੱਖਿਆ ਤੇ ਵੀ ਪ੍ਰਸ਼ਨ ਚਿੰਨ੍ਹ ਬਣ ਚੁੱਕੇ ਹਨ। ਬੈਰਾਜ ਪੁਲ ਤੇ ਲੁੱਕ ਬਜਰੀ ਦੀ ਲੇਅਰ, ਲਾਈਟਾਂ, ਗੇਟਾਂ ਨੂੰ ਰੰਗ ਰੋਗਨ ਆਦਿ ਪੂਰੀ ਤਰਾਂ ਨਦਾਰਦ ਹਨ ਅਤੇ ਤਲਵਾੜਾ ਤੋਂ ਸ਼ਾਹ ਨਹਿਰ ਬੈਰਾਜ ਤੱਕ ਜਾਂਦੀ ਸੜਕ ਆਪਣੀ ਬਦਹਾਲੀ, ਪੁਨਰ-ਨਿਰਮਾਣ ਜਾ ਮੁਰੰਮਤ ਦੀ ਅਣਹੋਂਦ ਸਦਕਾ ਹੁਣ ਤੱਕ ਅਨੇਕਾਂ ਕੀਮਤੀ ਜਾਨਾਂ ਲੈ ਚੁੱਕੀ ਹੈ। ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਸ਼ਾਹ ਨਹਿਰ ਪ੍ਰਾਜੈਕਟ ਦੀ ਸਾਰ ਲਈ ਜਾਵੇ ਅਤੇ ਬੈਰਾਜ, ਨਹਿਰ ਤੇ ਸੜਕ ਦੀ ਲੁੜੀਂਦੀ ਮੁਰੰਮਤ ਪਹਿਲ ਦੇ ਆਧਾਰ ਤੇ ਕਰਵਾਈ ਜਾਵੇ।

ਮਾਨਵਵਾਦੀ ਚੇਤਨਾ ਟਰੱਸਟ ਦੀ ਬੈਠਕ ਹੋਈ

ਤਲਵਾੜਾ, 8 ਸਤੰਬਰ:  ਅੱਜ ਇੱਥੇ ਮਾਨਵਵਾਦੀ ਚੇਤਨਾ ਟਰੱਸਟ ਦੀ ਵਿਸ਼ੇਸ਼ ਇਕੱਤਰਤਾ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿਚ ਟਰੱਸਟ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੀ ਨੇ ਦੱਸਿਆ ਕਿ ਸਮਾਜਿਕ ਚੇਤਨਾ ਦੇ ਮੰਤਵ ਨਾਲ ਟਰੱਸਟ ਵੱਲੋਂ ਨਰੋਈ ਪੱਤਰਕਾਰੀ ਤੇ ਸਾਹਿਤ ਨੂੰ ਉਤਸ਼ਾਹਿਤ ਤੇ ਪ੍ਰਫੁੱਲਿਤ ਕੀਤਾ ਜਾਵੇਗਾ ਅਤੇ ਛੇਤੀ ਹੀ ਇੱਕ ਉੱਚ ਪੱਧਰੀ ਸੈਮੀਨਾਰ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਪਲੇਠੇ ਸਮਾਗਮ ਵਿਚ ਸਾਹਿਤ ਅਤੇ ਪੱਤਰਕਾਰੀ ਵਿਚ ਯੋਗਦਾਨ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਸਾਹਿਤ ਦੇ ਪਿੜ ਵਿੱਚੋਂ ਇਸ ਅਵਾਰਡ ਲਈ ਉੱਘੇ ਪੰਜਾਬੀ ਗ਼ਜ਼ਲਗੋ ਜਨਾਬ ਅਮਰੀਕ ਡੋਗਰਾ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਸਾਹਿਤਕ ਅਖ਼ਬਾਰ ਦੀਆਂ ਤਿਆਰੀਆਂ ਵੀ ਜਾਰੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਨਵਤੇਜ ਗੜ੍ਹਦੀਵਾਲਾ, ਅਮਰੀਕ ਡੋਗਰਾ, ਜਸਵੀਰ ਬੋਦਲ, ਸਮਰਜੀਤ ਸਿੰਘ ਸ਼ਮੀ ਨੇ ਵਿਚਾਰ ਸਾਂਝੇ ਕੀਤੇ।

ਜੋਨਲ ਕ੍ਰਿਕੇਟ ਮੁਕਾਬਲੇ ਵਿਚ ਚੰਗੜਵਾਂ ਸਕੂਲ ਜੇਤੂ

ਤਲਵਾੜਾ, 8 ਸਤੰਬਰ: ਪੰਜਾਬ ਸਕੂਲ ਖੇਡਾਂ ਦੇ ਜੋਨ ਤਲਵਾੜਾ ਕ੍ਰਿਕੇਟ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਚੰਗੜਵਾਂ ਦੀ ਟੀਮ ਪਹਿਲੇ ਸਥਾਨ ਤੇ ਰਹੀ।
ਸਕੂਲ ਦੇ ਹੈੱਡਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਅੰਡਰ 17 ਕ੍ਰਿਕੇਟ ਟੀਮ ਨੇ ਜੋਨਲ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੀ ਟੀਮ ਰਨਰ ਅੱਪ ਰਹੀ। ਉਨ੍ਹਾਂ ਦੱਸਿਆ ਕਿ ਅੰਡਰ 14 ਸਾਲ ਲੜਕੇ ਦੀ ਟੀਮ ਨੇ ਮੁਕਾਬਲੇ ਵਿਚ ਰਨਰ ਅੱਪ ਰਹੀ ਜਦਕਿ ਸ. ਮ. ਹ. ਸਕੂਲ ਤਲਵਾੜਾ ਦੀ ਟੀਮ ਜੇਤੂ ਰਹੀ। ਉਨ੍ਹਾਂ ਦੱਸਿਆ ਕਿ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਡੀ. ਪੀ. ਹਰਪਾਲ ਸਿੰਘ ਅਤੇ ਮਿਹਨਤੀ ਵਿਦਿਆਰਥੀਆਂ ਨੂੰ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਠਾਕੁਰ, ਸੁਰਿੰਦਰ, ਪ੍ਰਧਾਨ ਸਿੰਘ, ਰਾਧਾ ਠਾਕੁਰ ਸਮੇਤ ਸਕੂਲ ਦੇ ਸਮੂਹ ਅਧਿਆਪਕ ਹਾਜਰ ਸਨ।

ਵਿਗਿਆਨ ਮੁਕਾਬਲਿਆਂ ਵਿਚ ਸਰਕਾਰੀ ਮਾਡਲ ਸਕੂਲ ਦੀ ਝੰਡੀ

ਤਲਵਾੜਾ, 4 ਸਤੰਬਰ: ਤਹਿਸੀਲ ਪੱਧਰੀ ਵਿਗਿਆਨ ਮੁਕਾਬਲੇ ਵਿਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜੇਤੂ ਟੀਮਾਂ ਨੂੰ ਸਕੂਲ ਮੁਖੀ ਰਾਜ ਕੁਮਾਰ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਗਿਆ।
ਹੈੱਡਮਾਸਟਰ ਰਾਜ ਕੁਮਾਰ ਨੇ ਦੱਸਿਆ ਕਿ ਰਾਮਪਾਲ ਸਿੰਘ ਜਿਲ੍ਹਾ ਸਿੱਖਿਆ ਅਸਫ਼ਰ ਸੈਕੰਡਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰ. ਕੁਲਤਰਨ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਦੀ ਅਗਵਾਈ ਹੇਠ ਹੋਏ ਤਹਿਸੀਲ ਪੱਧਰੀ ਵਿਗਿਆਨ ਡਰਾਮੇ ਵਿਚ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਨਸ਼ਿਆਂ ਦੇ ਵਿਰੁੱਧ ਲੋਕ ਨਾਚ ਗਿੱਧੇ ਵਿਚ ਵੀ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਇਹ ਜੇਤੂ ਟੀਮਾਂ ਹੁਸ਼ਿਆਰਪੁਰ ਵਿਖੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਰੋਲ ਪਲੇਅ, ਵਿਗਿਆਨ ਡਰਾਮਾ ਤੇ ਲੋਕ ਨਾਚ ਦੀ ਤਿਆਰੀ ਲਈ ਰਵੀ ਸ਼ਾਰਦਾ, ਹਰਮੀਤ ਕੌਰ, ਸੁਸ਼ਮਾ ਕੁਮਾਰੀ, ਸਮਰਜੀਤ ਸਿੰਘ, ਭੁਪਿੰਦਰ ਸਿੰਘ, ਯੋਗੇਸ਼ਵਰ ਸਲਾਰੀਆ, ਮਹਿੰਦਰ ਕੌਰ, ਨਵਕਿਰਨ, ਕਿਰਨ ਬਾਲਾ ਆਦਿ ਅਧਿਆਪਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਹਿੰਦਰ ਸਿੰਘ, ਬਿਆਸ ਦੇਵ, ਵਰਿੰਦਰ, ਰਾਕੇਸ਼ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)