ਤਲਵਾੜਾ ਵਿੱਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਤਲਵਾੜਾ, 31 ਅਗਸਤ:  ਇੱਥੇ ਸੈਕਟਰ 1 ਦੇ ਨਿਵਾਸੀ ਨੌਜਵਾਨ ਲੜਕੇ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਲਕੀਤ ਸਿੰਘ ਪੁੱਤਰ ਜਗਦੀਸ਼ ਸਿੰਘ ਕੌਮ ਜੋਗੀ (ਨਾਥ) ਉਮਰ 26 ਸਾਲ ਤਲਵਾੜਾ ਦੇ ਨਾਲ ਲਗਦੇ ਸੰਸਾਰਪੁਰ ਟੈਰਸ ਵਿਖੇ ਇੱਕ ਫੈਕਟਰੀ ਵਿਚ ਬਤੌਰ ਹੈਲਪਰ ਕੰਮ ਕਰਦਾ ਸੀ। ਉਸਦੇ ਪਰਿਵਾਰਕ ਸੂਤਰਾਂ ਅਨੁਸਾਰ ਉਹ ਸ਼ਾਦੀਸ਼ੁਦਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਫੈਕਟਰੀ ਮਾਲਕਾਂ ਦੇ ਵਤੀਰੇ ਤੋਂ ਪ੍ਰੇਸ਼ਾਨ ਸੀ, ਜੋਕਿ ਉਸ ਉੱਤੇ ਕਥਿਤ ਤੌਰ ਤੇ ਚੋਰੀ ਦਾ ਇਲਜਾਮ ਲਗਾ ਰਹੇ ਹਨ। ਮਲਕੀਤ ਦੀ ਮਾਤਾ ਕਾਛਲਾ ਦੇਵੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ 30 ਅਗਸਤ ਨੂੰ ਰਾਜਿੰਦਰ ਡੋਗਰਾ ਨੇ ਟੈਰੇਸ ਫੈਕਟਰੀ ਬੁਲਾਇਆ ਅਤੇ ਉਹ ਆਪਣੇ ਪਤੀ ਜਗਦੀਸ਼ ਸਿੰਘ, ਨੂੰਹ ਮੋਨਿਕਾ ਦੇਵੀ ਤੇ ਪੁੱਤਰ ਮਲਕੀਤ ਸਮੇਤ ਪੁੱਜੇ ਤਾਂ ਉੱਥੇ ਪਹਿਲਾਂ ਹੀ ਫੈਕਟਰੀ ਮਾਲਕ ਧਰਮਿੰਦਰ, ਉਮੇਸ਼ ਰਿੰਕੂ ਮੌਜੂਦ ਸਨ ਅਤੇ ਉਨ੍ਹਾਂ ਨੇ ਮੇਰੇ ਲੜਕੇ ਨੂੰ ਕਥਿਤ ਤੌਰ ਤੇ ਬਹੁਤ ਡਰਾਇਆ ਧਮਕਾਇਆ ਤੇ ਕਿਹਾ ਕਿ ਚੋਰੀ ਮਲਕੀਤ ਨੇ ਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਆਪਣੇ ਘਰ ਆਏ ਤਾਂ ਦੁਪਿਹਰ ਕਰੀਬ 2.30 ਵਜੇ ਕੋਈ ਜਹਿਰੀਲੀ ਚੀਜ਼ ਖਾ ਲਈ ਅਤੇ ਉਲਟੀਆਂ ਕਰਨ ਲੱਗਾ। ਬੀ. ਬੀ. ਐਮ. ਬੀ. ਹਸਪਤਾਲ ਤੋਂ ਉਸਨੂੰ ਜਲੰਧਰ ਰੈਫ਼ਰ ਕੀਤਾ ਗਿਆ ਅਤੇ ਇਲਾਜ ਦੇ ਦੌਰਾਨ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਗ੍ਰਿਫ਼ਤਾਰੀ ਤੱਕ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਨਾਂਹ ਕਰ ਦਿੱਤੀ। ਪੁਲਿਸ ਨੇ ਇਸ ਸਬੰਧੀ ਆਈ. ਪੀ. ਸੀ. ਦੀ ਧਾਰਾ 306/34 ਤਹਿਤ ਮੁਕੱਦਮਾ ਨੰਬਰ 90 ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।

ਤਲਵਾੜਾ ਜਨਮ ਅਸ਼ਟਮੀ ਮੇਲੇ ਲਈ ਲੱਗੇ ਝੂਲੇ


  • ਮਹਿਕਮੇ ਨੇ ਝੂਲਾ ਫੀਸ ਤਾਂ ਲਈ ਪਰ ਸਹੂਲਤਾਂ ਨਦਾਰਦ !
  • ਸਵੱਛ ਭਾਰਤ ਦਾ ਨਾਹਰਾ ਹੋਇਆ ਹਵਾ, ਖੁੱਲ੍ਹੇ ਵਿਚ ਜਾਂਦੇ ਹਨ ਜੰਗਲ ਪਾਣੀ
ਤਲਵਾੜਾ, 30 ਅਗਸਤ:  ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਓਹਾਰ ਦੇ ਮੌਕੇ ਲੱਗਣ ਵਾਲੇ ਮੇਲੇ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਅਤੇ ਲਕਸ਼ਮੀ ਨਰਾਇਣ ਮੰਦਿਰ ਦੇ ਸਾਹਮਣੇ ਖਾਲੀ ਮੈਦਾਨ ਵਿਚ ਝੂਲੇ ਲਗਾਏ ਜਾ ਰਹੇ ਹਨ।
ਇਸ ਖ਼ੂਬਸੂਰਤ ਆਲਮ ਦਾ ਇੱਕ ਹਨ੍ਹੇਰਾ ਪਹਿਲੂ ਇਹ ਹੈ ਕਿ ਬੀ. ਬੀ. ਐਮ. ਬੀ. ਪ੍ਰਸ਼ਾਸ਼ਨ ਵੱਲੋਂ ਝੂਲਾ ਠੇਕੇਦਾਰ ਤੋਂ ਕਰੀਬ 60 ਹਜਾਰ ਰੁਪਏ ਰੋਜਾਨਾ ਮੈਦਾਨ ਦੀ ਵਰਤੋਂ ਲਈ ਵਸੂਲੇ ਜਾ ਰਹੇ ਹਨ ਪ੍ਰੰਤੂ ਝੂਲਿਆਂ ਦੇ ਕੰਮ ਕਰਦੇ ਮਜਦੂਰਾਂ ਦੀ ਸਹੂਲਤ ਦੇ ਨਾਮ ਤੇ ਸਿਰਫ਼ ਇੱਕ ਪਾਣੀ ਦਾ ਟੈਂਕਰ ਖੜ੍ਹਾ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਮੌਤ ਦਾ ਖ਼ੂਹ, ਚੰਡੋਲ, ਕੋਲੰਬਸ, ਕੈਟਰਪਿੱਲਰ, ਸੈਲੰਬੋ, ਚਾਂਦ-ਤਾਰਾ, ਮਿੱਕੀ ਮਾਊਸ ਤੇ ਕਈ ਹੋਰ ਤਰਾਂ ਦੇ ਝੂਲੇ ਲਗਾਏ ਜਾ ਰਹੇ ਹਨ ਜੋ ਆਮ ਲੋਕਾਂ ਲਈ ਵੱਡੀ ਖਿੱਚ ਦਾ ਕੇਂਦਰ ਬਣਦੇ ਹਨ। ਇਨ੍ਹਾਂ ਝੂਲਿਆਂ ਦੇ ਕੰਮ ਕਰਨ ਵਾਲੇ ਗਰੀਬ ਮਜਦੂਰਾਂ ਦੇ ਜੰਗਲ-ਪਾਣੀ, ਰਹਿਣ ਸਹਿਣ ਲਈ ਪ੍ਰਸ਼ਾਸ਼ਨ ਵੱਲੋਂ ਕਿਸੇ ਤਰਾਂ ਦਾ ਇੰਤਜਾਮ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਇਹ ਲੋਕ ਜੋ ਆਪਣੇ ਪਰਿਵਾਰਾਂ ਸਮੇਤ ਕੰਮ ਕਰਦੇ ਹਨ, ਨਰਸਰੀ ਗਰਾਉਂਡ ਅਤੇ ਆਸ ਪਾਸ ਦੇ ਖਾਲੀ ਥਾਵਾਂ ਤੇ ਹੀ ਖੁੱਲ੍ਹੇ ਵਿਚ ਜੰਗਲ-ਪਾਣੀ ਜਾਣ ਲਈ ਮਜਬੂਰ ਹਨ। ਕੁਝ ਮਜਦੂਰਾਂ ਨੇ ਦੱਸਿਆ ਕਿ ਪ੍ਰਸ਼ਾਸ਼ਨ ਨੇ ਗਰਾਉਂਡ ਦੀ ਸਾਫ਼ ਸਫਾਈ ਦੇ ਨਾਮ ਤੇ ਮਹਿਜ਼ ਖਾਨਾਪੂਰਤੀ ਕਰਕੇ ਬੁੱਤਾ ਸਾਰ ਲਿਆ ਹੈ ਜਦਕਿ ਇਸ ਵੇਲੇ ਵੀ ਝੂਲਾ ਮੈਦਾਨ ਦੇ ਪਿਛਲੇ ਪਾਸੇ ਜਿੱਥੇ ਉਹ ਆਪਣੇ ਪਰਿਵਾਰਾਂ ਨਾਲ ਰਾਤ ਨੂੰ ਸੌਂਦੇ ਹਨ, ਵੱਡੀ ਪੱਧਰ ਤੇ ਚੁੜੇਲ ਬੂਟੀ ਤੇ ਕਾਂਗਰਸ ਘਾਹ ਸਫ਼ਾਈ ਦਾ ਮੂੰਹ ਚਿੜਾ ਰਿਹਾ ਹੈ। ਉੱਪਰੋਂ ਹੁੰਮਸ ਵਾਲੇ ਮੌਸਮ ਕਾਰਨ ਸੱਪਾਂ ਆਦਿ ਦਾ ਖ਼ਤਰਾ ਬਰਕਰਾਰ ਹੈ।  ਮੇਲੇ ਨੂੰ ਅਸਲ ਵਿਚ ਮੇਲੇ ਦੀ ਦਿੱਖ ਪ੍ਰਦਾਨ ਕਰਨ ਵਾਲੇ ਇਨ੍ਹਾਂ ਮਜਦੂਰਾਂ ਨੂੰ ਝੂਲਿਆਂ ਵਾਲੇ ਮੈਦਾਨ ਦੇ ਠੀਕ ਪਿੱਛੇ ਮੌਜੂਦ ਖਾਲੀ ਪਏ ਮਕਾਨ ਆਰਜ਼ੀ ਤੌਰ ਤੇ ਅਲਾਟ ਕੀਤੇ ਜਾਂਦੇ ਤਾਂ ਜਿੱਥੇ ਮਜਦੂਰਾਂ ਨੂੰ ਸੁਰੱਖਿਅਤ ਰੈਣ ਬਸੇਰਾ ਮਿਲਦਾ ਉੱਥੇ ਖੁੱਲ੍ਹੇ ਵਿਚ ਗੰਦਗੀ ਵੀ ਨਾ ਫ਼ੈਲਦੀ। ਇਸ ਸਬੰਧੀ ਚੀਫ਼ ਇੰਜੀਨੀਅਰ ਬਿਆਸ ਡੈਮ ਡੀ. ਆਰ. ਮੀਨਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਛੇਤੀ ਹੀ ਇੱਥੇ ਆਰਜੀ ਟਾਇਲਟ ਆਦਿ ਦਾ ਪ੍ਰਬੰਧ ਕਰਵਾਉਣਗੇ ਤੇ ਹੋਰ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਲਈ ਪਹਿਲਾਂ ਹੀ ਪਾਣੀ ਦੇ ਟੈਂਕਰ ਰਖਵਾ ਦਿੱਤੇ ਗਏ ਹਨ। ਲੋਕਾਂ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਚੀਫ਼ ਇੰਜੀਨੀਅਰ ਬਿਆਸ ਡੈਮ ਬੀ. ਬੀ. ਐਮ. ਬੀ. ਤੋਂ ਪੁਰਜੋਰ ਮੰਗ ਹੈ ਸਿਹਤ ਤੇ ਸਫ਼ਾਈ ਨੂੰ ਮੁੱਖ ਰੱਖਦੇ ਹੋਏ ਮੇਲੇ ਵਾਲੀ ਥਾਂ ਤੇ ਮਜਦੂਰਾਂ ਅਤੇ ਮੇਲੇ ਵਿਚ ਪੁੱਜਣ ਵਾਲੇ ਹਜ਼ਾਰਾਂ ਮੇਲੀਆਂ ਤੇ ਸ਼ਰਧਾਲੂਆਂ ਲਈ ਬਾਕਾਇਦਾ ਪੀਣ ਵਾਲੇ ਪਾਣੀ ਅਤੇ ਸ਼ੌਚਾਲਿਆ ਆਦਿ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਆਪ ਤੋਂ ਲੋਕਾਂ ਦਾ ਹੋਇਆ ਮੋਹਭੰਗ: ਐਡਵੋਕੇਟ ਸਿੱਧੂ

ਤਲਵਾੜਾ, 30 ਅਗਸਤ: ਆਮ ਆਦਮੀ ਪਾਰਟੀ (ਆਪ) ਤੋਂ ਆਮ ਲੋਕਾਂ ਦਾ ਮੋਹਭੰਗ ਹੋ ਚੁੱਕਾ ਹੈ ਅਤੇ ਝਾੜੂ ਦਾ ਜਾਦੂ ਤੀਲਾ ਤੀਲਾ ਹੋ ਕੇ ਬਿਖਰ ਚੁੱਕਾ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਸਮਝ ਆ ਚੁੱਕੀ ਇਸ ਪਾਰਟੀ ਦੇ ਆਗੂਆਂ ਦਾ ਕੇਂਦਰਬਿੰਦੂ ਕੇਵਲ ਸੱਤਾ ਦੇ ਕਾਬਜ਼ ਹੋਣਾ ਹੈ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਕੋਈ ਵੀ ਸਿਆਸੀ ਜਮਾਤ ਸਮਾਜ ਦਾ ਭਲਾ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਸ਼ਹਿਰਾਂ ਤੋਂ ਲੈ ਕੇ ਪਿੰਡ ਪੱਧਰ ਤੱਕ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਜੋੜਿਆ ਗਿਆ ਹੈ ਅਤੇ ਸੂਬੇ ਨੂੰ ਹਰ ਖੇਤਰ ਵਿਚ ਮੋਹਰੀ ਬਣਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸੀਨੀਅਰ ਅਕਾਲੀ ਆਗੂ, ਬਲਵਿੰਦਰ ਸਿੰਘ ਸਿੱਧੂ, ਸੁਰਿੰਦਰ ਸਿੰਘ ਤਲਵਾੜਾ, ਲਵਇੰਦਰ ਸਿੰਘ, ਰਾਜ ਕੁਮਾਰ ਬਿੱਟੂ ਸਮੇਤ ਕਈ ਹੋਰ ਸਰਗਰਮ ਅਕਾਲੀ ਕਾਰਕੁਨ ਹਾਜਰ ਸਨ।

ਤਲਵਾੜਾ ਬਲਾਕ ਦਾ ਪਿੰਡ ਨਾਰੰਗਪੁਰ ਆਦਰਸ਼ ਗ੍ਰਾਮ ਯੋਜਨਾ ਵਿਚ ਹੋਇਆ ਸ਼ਾਮਿਲ


  • ਪਿੰਡਾਂ ਦਾ ਚਹੁੰਮੁਖੀ ਵਿਕਾਸ ਕੀਤਾ ਜਾਵੇਗਾ: ਖੰਨਾ
ਤਲਵਾੜਾ, 29 ਅਗਸਤ: ਬਲਾਕ ਤਲਵਾੜਾ ਵਿਚ ਪੈਂਦੇ ਪਿੰਡ ਨਾਰੰਗਪੁਰ ਨੂੰ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਸ਼ਾਮਿਲ ਕੀਤਾ ਗਿਆ।
ਇਹ ਪ੍ਰਗਟਾਵਾ ਪਿੰਡ ਵਿਚ ਹੋਏ ਜਨਤਕ ਸਮਾਗਮ ਮੌਕੇ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਪਿੰਡਾਂ ਦਾ ਚਹੁਮੁਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਨਾਰੰਗਪੁਰ ਦੇ ਆਦਰਸ਼ ਗਰਾਮ ਬਣਨ ਨਾਲ ਇਸ ਪਿੰਡ ਨੂੰ ਵਿਸ਼ੇਸ਼ ਤੌਰ ਯੋਜਨਾ ਤਹਿਤ ਮਿਲਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਹੂਲਤਾਂ ਵਿਚ ਸਵੱਛ ਭਾਰਤ, ਡਿਜੀਟਲ ਇੰਡੀਆ, ਸਕਿੱਲ ਇੰਡੀਆ, ਬੇਟੀ ਬਚਾਓ, ਪ੍ਰਧਾਨ ਮੰਤਰੀ ਬੀਮਾ ਯੋਜਨਾ ਸਮੇਤ ਵਿਆਪਕ ਪੱਧਰ ਤੇ ਵਿਕਾਸ ਮੁਖੀ ਪ੍ਰਾਜੈਕਟ ਸ਼ਾਮਿਲ ਹਨ। ਇਸ ਮੌਕੇ ਉਨ੍ਹਾਂ ਪੰਚਾਇਤ ਨੂੰ 2 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ। ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਸਮੁੱਚੇ ਹਲਕੇ ਵਿਚ ਵੱਡੇ ਪੱਧਰ ਤੇ ਵਿਕਾਸ ਪ੍ਰਾਜੈਕਟ ਚਲਾਏ ਜਾ ਰਹੇ ਹਨ ਅਤੇ ਸਿੱਖਿਅਤ ਨੌਜਵਾਨਾਂ ਦੇ ਲਈ ਰੁਜਗਾਰ ਦੇ ਰਾਹ ਖੋਲ੍ਹੇ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਪਿੰਡ ਨੂੰ ਆਦਰਸ਼ ਗਰਾਮ ਬਣਾਉਣ ਲਈ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਹਰਸਿਮਰਤ ਸਿੰਘ ਸਾਹੀ ਪ੍ਰਧਾਨ ਨਗਰ ਕੌਂਸਲ ਦਸੂਹਾ, ਡਾ. ਸੁਭਾਸ਼ ਚੰਦ, ਨਰੇਸ਼ ਠਾਕੁਰ, ਦਲਜੀਤ ਸਿੰਘ ਜੀਤੂ, ਜਨਕ ਸਿੰਘ ਰਾਣਾ, ਸੁਰਜੀਤ ਸਿੰਘ ਪੰਚ, ਰੋਸ਼ਨ ਲਾਲ, ਗੁਰਧਿਆਨ, ਜੈਪਾਲ, ਪਵਨ ਕੁਮਾਰ, ਬਲਵੰਤ ਸਿੰਘ, ਕਰਨੈਲ ਸਿੰਘ, ਹਰਬੰਸ ਲਾਲ, ਥੁੜੀਆ ਰਾਮ, ਸੀਤਾ ਦੇਵੀ, ਸ਼ਸ਼ੀ ਕਾਂਤਾ, ਝੰਡਾ ਰਾਮ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ: ਧਰੁਵ ਦਾਹੀਆ

ਤਲਵਾੜਾ, 20 ਅਗਸਤ: ਏ. ਐੱਸ. ਪੀ. ਦਸੂਹਾ ਧਰੁਵ ਦਾਹੀਆ ਨੂੰ ਇੱਥੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਮਾਹੌਲ ਵਿਚ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇੱਕ ਜਿੰਮੇਵਾਰ ਨਾਗਰਿਕ ਹੁੰਦੇ ਹੋਏ ਆਪਣੀ ਤੇ ਸਮਾਜ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਦੇਣਾ ਚਾਹੀਦਾ ਹੈ। ਸਭਾ ਵੱਲੋਂ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਅਸ਼ਵਨੀ ਚੱਡਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਯੁੱਧਵੀਰ ਸਿੰਘ ਤੋਂ ਇਲਾਵਾ ਸੰਸਾਰ ਚੰਦ, ਰਾਮ ਮੱਲ, ਗੁਰਦਿਆਲ ਸਿੰਘ, ਭਾਈ ਸੁਖਵਿੰਦਰ ਸਿੰਘ, ਹਰਭਜਨ ਹੀਰ, ਕਸ਼ਮੀਰ ਕੌਰ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਫੋਟੋਗਰਾਫ਼ਰ ਦਿਵਸ ਮੌਕੇ ਵੰਡੀ ਬੱਚਿਆਂ ਨੂੰ ਲਿਖਣ ਸਮੱਗਰੀ

ਤਲਵਾੜਾ, 20 ਅਗਸਤ:  ਅੱਜ ਇੱਥੇ ਤਲਵਾੜਾ ਫੋਟੋਗਰਾਫ਼ਰ ਐਸੋਸੀਏਸ਼ਨ ਵੱਲੋਂ ਵਿਸ਼ਵ ਫੋਟੋਗਰਾਫ਼ਰ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਜਥੇਬੰਦੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣਾ ਤਲਵਾੜਾ ਵਿਖੇ ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਵੰਡੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਕਾ, ਪ੍ਰਧਾਨ ਕੁਲਵੀਰ ਸਿੰਘ ਤੋਂ ਇਲਾਵਾ ਰਾਜ ਕੁਮਾਰ, ਮਹਿੰਦਰ ਸਿੰਘ, ਕੁਲਦੀਪ ਸਿੰਘ, ਅਨਿਲ ਕੁਮਾਰ ਆਦਿ ਸਮੇਤ ਕਈ ਹੋਰ ਮੈਂਬਰ ਅਤੇ ਪਤਵੰਤੇ ਹਾਜਰ ਸਨ।

ਪੁਸਤਕ ਪ੍ਰਦਰਸ਼ਨੀ ਨੂੰ ਮਿਲਿਆ ਭਰਪੂਰ ਹੁੰਗਾਰਾ

ਤਲਵਾੜਾ, 20 ਅਗਸਤ:  ਅੱਜ ਇੱਥੇ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਵੱਲੋਂ ਸਰਕਾਰੀ ਕਾਲਜ ਤਲਵਾੜਾ ਵਿਖੇ ਪੰਜਾਬੀ ਸਾਹਿਤ ਤੇ ਕਲਾ ਮੰਚ ਦੇ ਸਹਿਯੋਗ ਨਾਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਪੁਸਤਕ ਪ੍ਰੇਮੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।

ਬੁੱਕ ਵੈਨ ਵਿੱਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀਆਂ ਵੱਖ ਵੱਖ ਵਿਸ਼ਿਆਂ ਤੇ ਅਧਾਰਿਤ 25 ਹਜਾਰ ਦੇ ਕਰੀਬ ਪੁਸਤਕਾਂ ਸ਼ਾਮਿਲ ਸਨ ਅਤੇ ਟਰੱਸਟ ਵੱਲੋਂ ਵੀਹ ਫੀਸਦੀ ਰਿਆਇਤ ਵੀ ਦਿੱਤੀ ਗਈ।
ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਸਤਕ ਸੱਭਿਆਚਾਰ ਨੂੰ ਅਜੋਕੇ ਸਮੇਂ ਵਿਚ ਪ੍ਰਫੁੱਲਿਤ ਕਰਨ ਦੀ ਲੋੜ ਹੈ ਅਤੇ ਅਜਿਹੇ ਪੁਸਤਕ ਮੇਲੇ ਪਾਠਕਾਂ ਦਾ ਦਾਇਰਾ ਹੋਰ ਵਸੀਹ ਕਰਨ ਵਿਚ ਬੇਹੱਦ ਸਹਾਇਕ ਹੁੰਦੇ ਹਨ। ਇਸ ਮੌਕੇ ਮੰਚ ਦੇ ਮੀਤ ਪ੍ਰਧਾਨ ਡਾ. ਅਮਰਜੀਤ ਅਨੀਸ, ਸਕੱਤਰ ਸਮਰਜੀਤ ਸਿੰਘ ਸ਼ਮੀ ਤੋਂ ਇਲਾਵਾ ਕਾਲਜ ਦੇ ਮੁਖੀ ਪ੍ਰੋ. ਰਾਮ ਤੀਰਥ ਸਿੰਘ, ਪ੍ਰੋ. ਗੁਰਜਿੰਦਰ ਸਿੰਘ, ਡਾ. ਵਿਸ਼ਾਲ ਧਰਵਾਲ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠ, ਰੋਹਤਾਸ ਰਾਣਾ, ਅਨੁਰਾਧਾ ਕਾਫਿਰ, ਪ੍ਰੋ. ਸੁਰਜੀਤ ਸਿੰਘ, ਹਰਜਿੰਦਰ ਕੌਰ ਹੈਰੀ, ਹਰਸ਼ਵਿੰਦਰ ਕੌਰ, ਪ੍ਰੋ. ਨੀਲਮ, ਰਾਜਿੰਦਰ ਮਹਿਤਾ, ਸ਼ਿਵ ਕੁਮਾਰ, ਨੈਸ਼ਨਲ ਬੁੱਕ ਟਰੱਸਟ ਦੇ ਨੁਮਾਇੰਦੇ ਰਾਜਪਾਲ ਸਿੰਘ, ਜਗਦੀਸ਼ ਰਾਵਤ ਤੇ ਗਿਆਨੇਂਦਰ ਕੁਮਾਰ ਹਾਜਰ ਸਨ।

ਖੇਡਾਂ ਤੇ ਵਿਗਿਆਨ ਗੋਸ਼ਟੀ ਵਿਚ ਸਰਕਾਰੀ ਮਾਡਲ ਹਾਈ ਸਕੂਲ ਦੀ ਝੰਡੀ

ਤਲਵਾੜਾ, 20 ਅਗਸਤ:  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਖੇਡ ਅਤੇ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ।
ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਮਪਾਲ ਸਿੰਘ ਦੀ ਅਗਵਾਈ ਹੇਠ ਹੋਏ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸਕੂਲ ਦੀ ਲਾਅਨ ਟੈਨਿਸ ਟੀਮ ਵਿਚ ਅੰਡਰ 17 ਲੜਕੇ ਨੇ ਪਹਿਲਾ ਸਥਾਨ ਅਤੇ ਅੰਡਰ 17 ਲੜਕੀਆਂ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਅੰਡਰ 14 ਲੜਕੇ ਵਰਗ ਵਿਚ ਦੂਜਾ ਅਤੇ ਲੜਕੀਆਂ ਅੰਡਰ 14 ਨੇ ਵੀ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਟੇਬਲ ਟੈਨਿਸ ਅੰਡਰ 17 ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਲੜਕਿਆਂ ਦੀ ਟੀਮ ਜਿਲ੍ਹੇ ਵਿਚ ਦੂਜੇ ਸਥਾਨ ਤੇ ਰਹੀ। ਅੰਡਰ 14 ਲੜਕਿਆਂ ਦੀ ਟੀਮ ਨੇ ਵੀ ਤੀਜਾ ਸਥਾਨ ਹਾਸਿਲ ਕੀਤਾ। ਕਿਰਨ ਬਾਲਾ ਡੀ. ਪੀ. ਈ. ਅਤੇ ਬਲਵਿੰਦਰ ਸਿੰਘ ਪੀ. ਟੀ. ਆਈ. ਦੀ ਅਗਵਾਈ ਸੂਬਾ ਪੱਧਰੀ ਮੁਕਾਬਲੇ ਲਈ 7 ਵਿਦਿਆਰਥੀ ਚੁਣੇ ਗਏ ਜਿਨ੍ਹਾਂ ਵਿਚ ਟੇਬਲ ਟੈਨਿਸ ਲਈ ਰਾਘਵ ਸ਼ਰਮਾ, ਅਰਜੁਨ, ਦਿਸ਼ਾਂਤ ਚੌਧਰੀ, ਸ਼ਿਖਾ ਚੌਧਰੀ, ਬੰਦਨਾ ਅਤੇ ਲਾਅਨ ਟੈਨਿਸ ਲਈ ਸਿਰਜਨਾ ਤੇ ਰੀਨਾ ਰਾਏ ਸ਼ਾਮਿਲ ਹਨ। 
ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਵਿਗਿਆਨ ਗੋਸ਼ਟੀ ਵਿਚ ਸਾਇੰਸ ਮਿਸਟ੍ਰੈਸ ਹਰਮੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣ ਭੱਵਿਆ ਨੇ ਦੂਜਾ ਸਥਾਨ ਹਾਸਿਲ ਕੀਤਾ। ਸਕੂਲ ਮੁਖੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਕਾਰਗੁਜਾਰੀ ਲਈ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਸ਼ਾਰਦਾ, ਯੋਗੇਸ਼ਵਰ ਸਲਾਰੀਆ, ਸ਼ੁਸ਼ਮਾ ਕੁਮਾਰੀ, ਨਵਕਿਰਨ, ਮਹਿੰਦਰ ਸਿੰਘ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜਰ ਸਨ।

ਸਰਕਾਰੀ ਕੰਨਿਆ ਸਕੂਲ ਨੂੰ ਮਿਲਿਆ ਸਰਵੋਤਮ ਸਕੂਲ ਦਾ ਅਵਾਰਡ


  • ਪ੍ਰਿੰ. ਸੁਰੇਸ਼ ਕੁਮਾਰੀ ਬਣੇ ਸਰਵੋਤਮ ਪ੍ਰਿੰਸੀਪਲ
ਤਲਵਾੜਾ, 18 ਅਗਸਤ: ਸ਼ਮੀ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਤਿੰਨ ਤਲਵਾੜਾ ਨੂੰ ਜਿਲ੍ਹੇ ਦਾ ਸਰਵੋਤਮ ਸਕੂਲ ਦਾ ਅਵਾਰਡ ਮਿਲਣ ਨਾਲ ਵਿੱਦਿਅਕ ਹਲਕਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਵਾਰ ਬੇਹਤਰੀਨ ਕਾਰਗੁਜਾਰੀ ਤੇ ਸ਼ਾਨਦਾਰ ਪ੍ਰਾਪਤੀਆਂ ਲਈ ਸਕੂਲ ਨੂੰ ਇਹ ਅਵਾਰਡ ਹੁਸ਼ਿਆਰਪੁਰ ਵਿਖੇ ਸੁਤੰਤਰਤਾ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ ਪੰਜਾਬ ਵੱਲੋਂ ਪ੍ਰਦਾਨ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਰੇਸ਼ ਕੁਮਾਰੀ ਨੂੰ ਸ਼ਾਨਦਾਰ ਅਗਵਾਈ ਲਈ ਸਰਵੋਤਮ ਪ੍ਰਿੰਸੀਪਲ ਦਾ ਅਵਾਰਡ ਵੀ ਦਿੱਤਾ ਗਿਆ। ਇਸ ਮੌਕੇ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਆਗੂਆਂ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫ਼ਸਰ ਰਾਮਪਾਲ ਸੈਣੀ, ਲੈਕਚਰਾਰ ਅਨਿਲ ਕੁਮਾਰ, ਰਮਿੰਦਰ ਕੌਰ, ਜਤਿੰਦਰ ਕੰਵਰ, ਉਮੇਸ਼ ਕੁਮਾਰ, ਗੁਰਦੀਪ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਨਗਰ ਪੰਚਾਇਤ ਤਲਵਾੜਾ ਦੇ ਮੁਲਾਜਮ ਹੋਣਗੇ ਪੱਕੇ: ਨਰੇਸ਼ ਠਾਕੁਰ

ਤਲਵਾੜਾ, 18 ਅਗਸਤ:  ਨਗਰ ਪੰਚਾਇਤ ਤਲਵਾੜਾ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਇਸ ਮੰਤਵ ਲਈ ਲੁੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਮੈਂਬਰ ਨਗਰ ਪੰਚਾਇਤ ਤਲਵਾੜਾ ਤੇ ਸੀਨੀਅਰ ਭਾਜਪਾ ਆਗੂ ਸ਼੍ਰੀਮਤੀ ਨਰੇਸ਼ ਠਾਕੁਰ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਸਬੰਧੀ ਬਾਕਾਇਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਲਵਾੜਾ ਦੀ ਸੁੰਦਰਤਾ ਅਤੇ ਲੋਕਾਂ ਦੀ ਸਹੂਲਤ ਲਈ ਕਮੇਟੀ ਵੱਲੋਂ ਥਾਂ ਥਾਂ ਤੇ ਸੀਮਿੰਟ ਦੇ ਬੈਂਚ ਰਖਾਏ ਗਏ ਹਨ ਅਤੇ ਵਾਰਡ ਨੰਬਰ 13 ਵਿਚ ਵੀ ਸ਼੍ਰੀ ਗੁਰੂ ਰਵਿਦਾਸ ਮੰਦਰ, ਆਈ. ਟੀ. ਆਈ. ਚੌਂਕ ਤੇ ਪਾਰਕ ਕੋਲ ਅਜਿਹੇ ਬੈਂਚ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਵੱਲੋਂ ਦੌਲਤਪੁਰ ਚੌਂਕ ਤੋਂ ਸੈਕਟਰ ਚਾਰ ਬੈਰੀਅਰ ਤੱਕ ਮੁੱਖ ਸੜਕ ਉੱਤੇ ਸਟਰੀਟ ਲਾਈਟਾਂ ਦਾ ਕੰਮ ਜਾਰੀ ਹੈ ਅਤੇ ਸ਼ਹਿਰ ਅੰਦਰ ਵੀ ਗਲੀਆਂ ਨਾਲੀਆਂ ਤੇ ਰੌਸ਼ਨੀ ਲਈ ਵਿਆਪਕ ਉੱਦਮ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸ. ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਮਹਿੰਦਰ ਸਿੰਘ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਪ੍ਰਿੰ. ਬਿਕਰਮ ਸਿੰਘ ਨੇ ਲਹਿਰਾਇਆ ਦਾਤਾਰਪੁਰ ਵਿਚ ਤਿਰੰਗਾ

ਤਲਵਾੜਾ, 16 ਅਗਸਤ:  ਬਲਾਕ ਤਲਵਾੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਵਿਖੇ ਪ੍ਰਿੰਸੀਪਲ ਬਿਕਰਮ ਸਿੰਘ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਉਨ੍ਹਾਂ ਜਸਮਾਨ ਸਿੰਘ ਪ੍ਰੋਗਰਾਮ ਅਧਿਕਾਰੀ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਵੱਲੋਂ ਕੀਤੇ ਮਾਰਚ ਪਾਸਟ ਤੋਂ ਸਲਾਮੀ ਲਈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਹਰਦਿਆਲ ਸਿੰਘ, ਕਮਲਾ ਦੇਵੀ, ਮਨੋਜ ਕੁਮਾਰ, ਸੁਸ਼ਮਾ ਦੇਵੀ, ਅਜੀਤ ਸਿੰਘ, ਸੁਰੇਸ਼ ਭਾਟੀਆ, ਰਾਧੇ ਸ਼ਾਮ ਪ੍ਰਧਾਨ ਜੀ. ਟੀ. ਯੂ. ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਨਗਰ ਪੰਚਾਇਤ ਤਲਵਾੜਾ ਨੇ ਮਨਾਇਆ ਆਜ਼ਾਦੀ ਦਿਵਸ

ਤਲਵਾੜਾ, 16 ਅਗਸਤ:  ਨਗਰ ਪੰਚਾਇਤ ਤਲਵਾੜਾ ਵੱਲੋਂ ਦੇਸ਼ ਦਾ 69ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ ਨੇ ਕੌਮੀ ਝੰਡਾ ਲਹਿਰਾਇਆ।
ਤਲਵਾੜਾ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਇਸ ਸਮਾਗਮ ਵਿਚ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਗਰ ਪੰਚਾਇਤ ਦੇ ਉਪ ਪ੍ਰਧਾਨ ਅਮਰਪਾਲ ਸਿੰਘ ਜੌਹਰ, ਮੰਡਲ ਪ੍ਰਧਾਨ ਅਸ਼ੋਕ ਸੱਭਰਵਾਲ, ਕਾਰਜਸਾਧਕ ਅਫ਼ਸਰ ਹਰਦੇਵ ਸਿੰਘ, ਦਵਿੰਦਰ ਸੇਠੀ, ਚੌਧਰੀ ਦਿਆਲ ਸਿੰਘ, ਵਾਰਡ ਮੈਂਬਰ ਪਰਮਿੰਦਰ ਸਿੰਘ ਟੀਨੂੰ, ਨਰੇਸ਼ ਠਾਕੁਰ, ਅਮਨਦੀਪ ਹੈਪੀ, ਜੋਗਿੰਦਰਪਾਲ ਛਿੰਦਾ, ਨੰਦ ਕਿਸ਼ੋਰ ਪੁਰੀ ਆਦਿ ਸਮੇਤ ਸਮੂਹ ਵਾਰਡ ਮੈਂਬਰ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਬਰਿੰਗਲੀ ਵਿਚ ਅਰੁਣ ਡੋਗਰਾ ਨੇ ਫਹਿਰਾਇਆ ਤਿਰੰਗਾ

ਤਲਵਾੜਾ, 16 ਅਗਸਤ: ਦੇਸ਼ ਦਾ ਆਜ਼ਾਦੀ ਦਿਵਸ ਪਲਬਿਕ ਹਾਈ ਸਕੂਲ ਬਰਿੰਗਲੀ ਵਿਖੇ ਮਨਾਇਆ ਗਿਆ ਜਿੱਥੇ ਅਰੁਣ ਡੋਗਰਾ ਕਾਂਗਰਸ ਦੇ ਹਲਕਾ ਇੰਚਾਰਜ ਦਸੂਹਾ ਨੇ ਤਿਰੰਗਾ ਲਹਿਰਾਇਆ।
ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਧਰਮ ਸਿੰਘ, ਬਾਲ ਕਿਸ਼ਨ ਮਹਿਤਾ, ਸਾਬੀ ਟੇਰਕਿਆਣਾ, ਜੋਗਿੰਦਰਪਾਲ ਛਿੰਦਾ, ਰਾਮ ਪਰਸ਼ਾਦ ਸ਼ਰਮਾ, ਵਿਜੇ ਸ਼ਰਮਾ ਐਮ. ਡੀ., ਸੀਨੀਅਰ ਅਕਾਲੀ ਆਗੂ ਜੋਗਿੰਦਰ ਸਿੰਘ ਮਿਨਹਾਸ, ਅਜੇ ਕੰਵਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਤਲਵਾੜਾ ਵਿਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

ਤਲਵਾੜਾ, 16  ਅਗਸਤ: ਦੇਸ਼ ਦਾ 69ਵਾਂ ਸੁਤੰਤਰਤਾ ਦਿਹਾੜਾ ਤਲਵਾੜਾ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਨਰਸਰੀ ਗਰਾਉਂਡ ਵਿਚ ਚੀਫ਼ ਇੰਜੀਨੀਅਰ ਬਿਆਸ ਡੈਮ ਬੀ. ਬੀ. ਐਮ. ਬੀ. ਸ਼੍ਰੀ ਡੀ. ਆਰ. ਮੀਣਾ ਨੇ ਕੌਮੀ ਝੰਡਾ ਲਹਿਰਾਇਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1, ਬੀ. ਬੀ. ਐਮ. ਬੀ. ਡੀ. ਏ. ਵੀ ਸਕੂਲ, ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ, ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ, ਵਸ਼ਿਸ਼ਟ ਭਾਰਤੀ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸਮੂਹ ਗੀਤ, ਸ਼ਬਦ, ਕਵਿਤਾ, ਕੋਰੀਓਗਰਾਫ਼ੀ ਆਦਿ ਪੇਸ਼ ਕਰਕੇ ਹੁੰਮਸ ਭਰੇ ਦਿਨ ਨੂੰ ਵੀ ਖ਼ੂਬਸੂਰਤ ਬਣਾ ਦਿੱਤਾ। ਉੱਘੇ ਕਵੀ ਡਾ. ਅਮਰਜੀਤ ਅਨੀਸ, ਹਰਸ਼ਵਿੰਦਰ ਕੌਰ ਵੱਲੋਂ ਪੇਸ਼ ਰਚਨਾਵਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਚੀਫ਼ ਇੰਜੀਨੀਅਰ ਵੱਲੋਂ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ, ਮੁਲਾਜਮਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਸੁਰੇਸ਼ ਮਾਨ ਅਤੇ ਗੀਤਾਂਜਲੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜ. ਹਰਜੀਤ ਸਿੰਘ, ਇੰਜ. ਸ਼ਿਵਚਰਨ ਰੇਗਰ, ਇੰਜ. ਕੇ. ਕੇ. ਕਾਲੜਾ, ਅਜੀਤ ਕੁਮਾਰ, ਜੇ. ਬੀ. ਵਰਮਾ, ਧਰਮਿੰਦਰ ਵੜੈਚ, ਡਾ. ਰਸ਼ਮੀ ਚੱਡਾ, ਰਾਜ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮੌਕੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਲਹਿਰਾਇਆ ਝੰਡਾ

ਹੁਸ਼ਿਆਰਪੁਰ, 15 ਅਗਸਤ: ਪੰਜਾਬ ਸਰਕਾਰ ਵੱਲੋਂ ਨਵੀਂ ਸਨਅੱਤੀ ਨੀਤੀ ਦੇ ਤਹਿਤ ਰਾਜ ਵਿੱਚ ਨਵੇਂ ਉਦਯੋਗ ਲਗਾਉਣ ਲਈ ਉਦਯੋਗਪਤੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਿੰਗਲ ਰੂਮ ਸਰਵਿਸਜ਼ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਸੁਵਿਧਾ ਤਹਿਤ ਉਦਯੋਗ ਲਗਾਉਣ ਲਈ ਸਾਰੇ ਵਿਭਾਗਾਂ ਤੋਂ ਐਨ.ਓ.ਸੀ. ਲੈਣ ਵਾਸਤੇ ਇੱਕ ਅਧਿਕਾਰੀ ਨੂੰ ਸਾਰੀਆਂ ਪਾਵਰਾਂ ਦੇ ਕੇ ਸਰਟੀਫਿਕੇਟ ਲੈਣ ਨੂੰ ਸੁਖਾਲਾ ਬਣਾਇਆ ਗਿਅ ਹੈ।

                  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਤੇ ਕਮਰਸ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਤੇ ਸੰਸਦੀ ਮਾਮਲੇ ਮੰਤਰੀ ਪੰਜਾਬ ਨੇ ਪੁਲਿਸ ਗਰਾਉਂਡ ਵਿਖੇ 69ਵੇਂ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਕੀਤਾ। ਇਸ ਮੌਕੇ  ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਅਤੇ ਐਸ ਐਸ ਪੀ ਧਨਪ੍ਰੀਤ ਕੌਰ ਉਨ੍ਹਾਂ ਦੇ ਨਾਲ ਸਨ।   
                  ਆਜਾਦੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਮੁੱਖ ਮਹਿਮਾਨ  ਸ੍ਰੀ ਮਦਨ ਮੋਹਨ ਮਿੱਤਲ ਨੇ ਆਜ਼ਾਦੀ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਜੰਗੇ ਆਜ਼ਾਦੀ ਵਿੱਚ ਸ਼ਹੀਦ ਹੋਣ ਵਾਲੇ ਯੋਧਿਆਂ ਵਿੱਚ 80 ਫੀਸਦੀ ਤੋਂ ਵੱਧ ਪੰਜਾਬੀ ਹੀ ਸਨ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਉਨ੍ਹਾਂ ਗੱਦਰੀ ਬਾਬਿਆਂ ਨੂੰ ਕੌਣ ਭੁਲਾ ਸਕਦਾ ਹੈ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਆਜ਼ਾਦੀ ਸੰਗਰਾਮ ਨੂੰ ਲਾਮਬੰਧ ਕਰਕੇ ਅੰਗਰੇਜ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। 
                  ਦੀਨਾਨਗਰ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਕਾਇਮ ਹੈ।  ਲੋਕਤੰਤਰ ਨੂੰ ਮਜ਼ਬੂਤ ਰੱਖਣ ਲਈ ਵਿਚਾਰ-ਵਟਾਂਦਰਾ ਕਰਕੇ ਦੇਸ਼ ਦੀ ਉਨਤੀ ਵੱਲ ਕਦਮ ਚੁਕਣੇ ਚਾਹੀਦੇ ਹਨ। ਇਹ ਤਾਂ ਹੀ ਹੋ ਸਕਦਾ ਹੈ ਜੇ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲ ਸਕੇ।  

                  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਹਰ ਤਰ੍ਹਾਂ ਦੀਆਂ ਸੇਵਾਵਾਂ ਮੌਜੂਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵਿਜ਼ਨ ਮੇਕ ਇਨ ਇੰਡੀਆ ਦੇ ਤਹਿਤ ਛੋਟੇ ਅਤੇ ਵੱਡੇ ਸਕੇਲ ਤੇ ਉਦਯੋਗ ਲਗਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਇਨ੍ਹਾਂ ਉਦਯੋਗ ਰਾਹੀਂ ਰੋਜ਼ਗਾਰ ਮਿਲ ਰਿਹਾ ਹੈ। ਤਕਨੀਕੀ ਸਿੱਖਿਆ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਗਏ ਹਨ। ਹਰ ਸਾਲ 50000 ਤੋਂ ਜ਼ਿਆਦਾ ਵਿਦਿਆਰਥੀ ਤਕਨੀਕੀ ਸਿੱਖਿਆ ਲੈ ਕੇ ਦੇਸ਼ ਦੀ ਉਨਤੀ ਵਿੱਚ ਯੋਗਦਾਨ ਪਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਸਵੈਰੋਜ਼ਗਾਰ ਅਤੇ ਕੁਝ ਸਿਖਿਆਰਥੀ ਉਚ ਪੱਧਰੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਰਹੇ ਹਨ। ਲੋਕਾਂ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਹਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।  ਕੇਂਦਰ ਸਰਕਾਰ ਵੱਲੋਂ ਵੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ ਲੋਕਾਂ ਨੂੰ ਪੂਰਾ ਲਾਭ ਮਿਲਿਆ ਹੈ।
                  ਆਜ਼ਾਦੀ ਦਿਵਸ ਦੇ ਮੌਕੇ ਤੇ ਪੀ.ਆਰ.ਟੀ.ਸੀ. ਜਹਾਨਖੇਲਾਂ, ਬੀ.ਐਸ.ਐਫ. ਖੜ੍ਹਕਾਂ, ਪੰਜਾਬ ਪੁਲਿਸ, ਮਹਿਲਾ ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. ਕੈਡਿਟ 12 ਪੰਜਾਬ ਬਟਾਲੀਅਨ,  ਗਰਲਜ਼ ਗਾਈਡਜ਼, ਸਕਾਊਟਸ ਅਤੇ ਬੈਂਡ ਦੀਆਂ  ਟੁਕੜੀਆਂ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ  ਕੈਬਨਿਟ ਮੰਤਰੀ ਪੰਜਾਬ ਸ੍ਰੀ ਮਿੱਤਲ ਨੇ ਸਲਾਮੀ ਲਈ । ਸਮੂਚੀ ਪ੍ਰੇਡ ਦੀ ਅਗਵਾਈ ਡੀ ਐਸ ਪੀ ਕਰਨਵੀਰ ਸਿੰਘ ਨੇ ਕੀਤੀ। ਇਸ ਤੋਂ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਾਸ ਪੀ ਟੀ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਮਿੱਤਲ ਵੱਲੋਂ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਰੈਡ ਕਰਾਸ ਵੱਲੋਂ ਲੋੜਵੰਦਾਂ ਨੂੰ  14 ਟਰਾਈ-ਸਾਈਕਲ ਅਤੇ   2 ਵੀਲ੍ਹ ਚੇਅਰਾਂ ਦਿੱਤੀਆਂ ਗਈਆਂ।  ਇਸ ਦੌਰਾਨ ਸ੍ਰੀ ਮਿੱਤਲ ਵੱਲੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਾਂਝ ਕੇਂਦਰ ਹੁਸ਼ਿਆਰਪੁਰ ਅਤੇ  ਦੂਜਾ ਸਥਾਨ ਹਾਸਲ ਕਰਨ ਵਾਲੀ ਜੰਗਲਾਤ ਵਿਭਾਗ ਦੀ ਝਾਕੀ ਨੂੰ ਇਨਾਮ ਵੰਡੇ ਗਏ। ਮਾਰਚ ਪਾਸਟ ਵਿੱਚ ਬੀ.ਐਸ.ਐਫ. ਖੜਕਾਂ ਨੇ ਪਹਿਲਾ ਤੇ ਪੀ ਆਰ ਟੀ ਸੀ ਜਹਾਨਖੇਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਟਾਇਨੀ ਟੌਟਜ਼ ਕਿੰਡਰ ਗਾਰਡਨ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਾ ਨੇ ਦੂਜਾ ਸਥਾਨ  ਹਾਸਲ ਕੀਤਾ। ਇਸ ਦੌਰਾਨ ਜੇ ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਦੇਸ਼ ਭਗਤੀ ਦੇ ਗੀਤ 'ਕ੍ਰਾਂਤੀ '---- ਦੀ ਵੀ ਸਾਰਿਆਂ ਨੇ ਪ੍ਰਸੰਸਾ ਕੀਤੀ। ਸਮਾਗਮ ਦੌਰਾਨ ਸਕੂਲਾਂ ਦੇ ਬੱਚਿਆਂ ਦੁਆਰਾ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਗਿਆ।  ਇਸ ਦੌਰਾਨ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਕਾਰੀਆਂ / ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ।
                  ਇਸ ਮੌਕੇ ਤੇ  ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਵਿਧਾਇਕ ਹਲਕਾ ਗੜ੍ਹਸੰਕਰ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸੁਨੀਲ ਕੁਮਾਰ ਅਰੋੜਾ, ਮੇਅਰ ਨਗਰ ਨਿਗਮ ਸ਼ਿਵ ਸੂਦ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਵਧੀਕ ਡਿਪਟੀ ਕਮਿਸ਼ਨਰ (ਜ)ਰਾਹੁਲ ਚਾਬਾ, , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜ਼ਿਲਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐਸ ਡੀ ਐਮ ਅਨੰਦ ਸਾਗਰ ਸ਼ਰਮਾ, ਤਹਿਸੀਲਦਾਰ ਬਲਜਿੰਦਰ ਸਿੰਘ, ਪ੍ਰਧਾਨ ਸ਼੍ਰੋਮਣੀ ਅਕਾਲੀ (ਇਸਤਰੀ ਵਿੰਗ) ਸੁਖਦੇਵ ਕੌਰ ਸੱਲ੍ਹਾ, ਸਾਬਕਾ ਐਮ ਪੀ ਕਮਲ ਚੌਧਰੀ, ਭਾਜਪਾ ਆਗੂ ਜਗਤਾਰ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਸਾਬਕਾ ਮੰਤਰੀ ਅਰੁਨੇਸ਼ ਸ਼ਾਕਰ, ਐਸ ਜੀ ਪੀ ਸੀ ਮੈਂਬਰ ਤਾਰਾ ਸਿੰਘ ਸੱਲ੍ਹਾਂ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜਦੀਵਾਲਾ, ਲਵਵਿੰਦਰ ਸਿੰਘ ਲੱਖੀ, ਸਾਬਕਾ ਐਮ ਪੀ ਵਰਿੰਦਰ ਸਿੰਘ ਬਾਜਵਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਵਾਹਰ ਲਾਲ ਖੁਰਾਨਾ, ਉਪ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ,  ਅਤੇ ਹੋਰ ਇਲਾਕੇ ਦੀਆਂ ਸ਼ਖਸ਼ੀਅਤਾਂ ਹਾਜ਼ਰ ਸਨ।

ਆਰਟੀਲਰੀ ਸੈਂਟਰ ਨਾਸਿਕ ਰੋਡ ਕੈਂਪ ਵਿਖੇ ਭਰਤੀ ਰੈਲੀ 24 ਤੋਂ 26 ਅਗਸਤ ਤੱਕ: ਮੇਜਰ ਯਸ਼ਪਾਲ ਸਿੰਘ

ਹੁਸ਼ਿਆਰਪੁਰ, 14 ਅਗਸਤ:ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਸ੍ਰੀ ਯਸ਼ਪਾਲ ਸਿੰਘ ਨੇ ਦੱਸਿਆ ਕਿ ਆਰਟੀਲਰੀ ਸੈਂਟਰ ਨਾਸਿਕ ਰੋਡ ਕੈਂਪ ਵਿਖੇ 24 ਅਗਸਤ ਤੋਂ 26 ਅਗਸਤ 2015 ਤੱਕ ਸੋਲਜਰ ਐਸ.ਐਸ. ਜੀ.ਡੀ., ਸੋਲਜਰ ਜੀ.ਡੀ. ਅਤੇ ਸੋਲਜਰ ਟਰੇਡਮੈਨ ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਭਰਤੀ ਲਈ ਸੋਲਜਰ (ਟੈਕਨੀਕਲ), ਸੋਲਜਰ (ਟਰੇਡਮੈਨ), ਸੋਲਜਰ (ਕਲਰਕ/ਐਸ.ਕੇ.ਟੀ.) ਲਈ ਉਮਰ ਸਾਢੇ 17 ਸਾਲ ਤੋਂ 23 ਸਾਲ ਜਦ ਕਿ ਸੋਲਜਰ (ਜੀ.ਡੀ.) ਲਈ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ ਰੱਖੀ ਗਈ ਹੈ। ਸੋਲਜਰ ਟੈਕਨੀਕਲ, ਸੋਲਜਰ ਜੀ.ਡੀ. ਅਤੇ ਸੋਲਜਰ ਟਰੇਡਮੈਨ ਲਈ ਕੱਦ 170 ਸੈਟੀਂਮੀਟਰ, ਸੋਲਜਰ ਕਲਰਕ / ਐਸ.ਕੇ.ਟੀ. ਲਈ ਕੱਦ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ ਜਦ ਕਿ ਛਾਤੀ 77 ਇੰਚ ਅਤੇ ਭਾਰ 50 ਕਿਲੋਗ੍ਰਾਮ ਹੋਵੇ। ਸੋਲਜਰ ਟੈਕਨੀਕਲ ਸੋਲਜਰ ਕਲਰਕ ਲਈ 12ਵੀਂ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 40 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਹਨ। ਸੋਲਜਰ ਟਰੇਡਮੈਨ ਅਤੇ ਸੋਲਜਰ ਜੀ.ਡੀ. ਲਈ 10ਵੀਂ 45ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 33 ਪ੍ਰਤੀਸ਼ਤ ਨੰਬਰ ਹੋਣੇ ਜ਼ਰੂਰੀ ਹਨ।

15 ਅਗਸਤ ਨੂੰ ਹਥਿਆਰ ਜਾਂ ਵਿਸਫੋਟਕ ਸਮੱਗਰੀ ਲੈ ਕੇ ਚੱਲਣ 'ਤੇ ਪਾਬੰਦੀ ਦੇ ਹੁਕਮ

ਹੁਸ਼ਿਆਰਪੁਰ, 14 ਅਗਸਤ: ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਵਿੱਚ 15 ਅਗਸਤ 2015 ਨੂੰ ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦਾ ਅਸਲਾ, ਹਥਿਆਰ, ਵਿਸਫੋਟਕ ਸਮੱਗਰੀ, ਕਿਰਪਾਣ, ਕਿਰਚਾ, ਭਾਲੇ, ਟੋਕੇ, ਚਾਕੂ ਆਦਿ, ਜਿਸ ਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੋਵੇ, ਆਪਣੇ ਨਾਲ ਨਹੀਂ ਚੁੱਕ ਸਕੇਗਾ ਅਤੇ ਇਸ ਦਿਨ ਲਈ ਉਕਤ ਹਥਿਆਰ ਦੇ (Carry) ਕਰਨ ਦੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੂਰਨ ਪਾਬੰਦੀ ਲਗਾ ਦਿੱਤੀ ਹੈ।

ਹੋਣਹਾਰ ਵਿਦਿਆਰਥਣ ਨੂੰ ਕੀਤਾ ਸਨਮਾਨਿਤ

ਤਲਵਾੜਾ, 12 ਅਗਸਤ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਕਰਵਾਏ ਗਏ ਸਹਿ-ਵਿੱਦਿਅਕ ਮੁਕਾਬਲਿਆਂ
ਵਿਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੀ ਵਿਦਿਆਰਥਣ ਸ਼ਵੇਤਾ ਚੌਧਰੀ ਨੇ ਕਵਿਤਾ ਉਚਾਰਨ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਮੁਖੀ ਰਾਜ ਕੁਮਾਰ ਨੇ ਸ਼ਵੇਤਾ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਸ਼ਵੇਤਾ ਹੁਣ ਸੂਬਾ ਪੱਧਰੀ ਮੁਕਾਬਲੇ ਵਿਚ ਭਾਗ ਲਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ, ਮਹਿੰਦਰ ਸਿੰਘ, ਮਹਿੰਦਰ ਕੌਰ, ਯੋਗੇਸ਼ਵਰ ਸਲਾਰੀਆ, ਸਮਰਜੀਤ ਸਿੰਘ ਆਦਿ ਹਾਜਰ ਸਨ।

ਨਹਿਰ ਵਿੱਚ ਡੁੱਬਣ ਨਾਲ ਲੁਧਿਆਣਾ ਦੇ ਨੌਜਵਾਨ ਦੀ ਮੌਤ

ਤਲਵਾੜਾ, 1 ਅਗਸਤ: ਅੱਜ ਇੱਥੇ ਕੰਢੀ ਨਹਿਰ ਵਿੱਚ ਡਿੱਗ ਜਾਣ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਹਰਦੀਪ ਸਿੰਘ ਉਮਰ 20 ਸਾਲ ਪੁੱਤਰ ਕੁਲਦੀਪ ਸਿੰਘ ਵਾਸੀ ਪੱਤੀ ਬੁਰਾ ਦਾਖਾ ਜਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਹਰਦੀਪ ਸਿੰਘ ਪੰਜਾਬ ਇਰੀਗੇਸ਼ਨ ਫਾਰਮ ਸਲੂਸ਼ਨਜ਼ ਮੁੱਲਾਂਪੁਰ ਦਾਖਾ ਵਿੱਚ ਬਤੌਰ ਟਰੇਨਿੰਗ ਕਰਨ ਬਾਅਦ ਕਰੀਬ 15 ਦਿਨ ਪਹਿਲਾਂ ਪਿੰਡ ਜੁਗਿਆਲ ਥਾਣਾ ਤਲਵਾੜਾ ਵਿਖੇ ਆਇਆ ਸੀ ਅਤੇ ਮਾਡਲ ਟਾਉਨ ਤਲਵਾੜਾ ਵਿਖੇ ਰਹਿ ਰਿਹਾ ਸੀ। ਅੱਜ ਸਵੇਰੇ ਕਰੀਬ 8.30 ਵਜੇ ਜਦੋਂ ਨਹਿਰ ਦੇ ਕਿਨਾਰੇ ਸੜਕ ਰਾਹੀਂ ਹਰਦੀਪ ਸਿੰਘ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਫਤਿਹਪੁਰ ਕੋਲ ਅਚਾਨਕ ਉਸ ਦੇ ਅੱਗੇ ਕੋਈ ਅਵਾਰਾ ਪਸ਼ੂ ਆ ਗਿਆ ਅਤੇ ਉਸ ਦੇ ਮੋਟਰ ਸਾਈਕਲ ਪੀ ਬੀ ਡੀ ਐੱਚ 3280 ਦਾ ਸੰਤੁਲਨ ਵਿਗੜਨ ਨਾਲ ਤਿਲਕ ਕੇ ਨਹਿਰ ਵਿਚ ਜਾ ਡਿੱਗਿਆ। ਬਾਦ ਵਿਚ ਉਸਨੂੰ ਲਾਸ਼ ਨੂੰ ਕੰਢੀ ਨਹਿਰ ਦੇ ਕਰਮਚਾਰੀਆਂ ਨੇ ਬੜੀ ਜੱਦੋਜਹਿਦ ਨਾਲ ਬਾਹਰ ਕੱਢਿਆ। ਲਾਸ਼ ਦਾ ਪੋਸਟ ਪਾਰਟਮ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਖੇ ਡਾ. ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)