ਖਣਿਜਾਂ ਦੀ ਨਜਾਇਜ਼ ਖੁਦਾਈ ਵਿਰੁੱਧ ਸਖਤੀ ਕੀਤੀ ਜਾਵੇਗੀ: ਡੀ. ਸੀ.

ਹੁਸ਼ਿਆਰਪੁਰ, 30 ਅਗਸਤ:  ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਖੱਡਾਂ ਵਿੱਚੋਂ ਮਾਈਨਰ ਮਿਨਰਲ ਦੀ ਨਿਕਾਸੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ  ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਵਿੱਚ ਅਣ-ਅਧਿਕਾਰਤ ਤੌਰ ਤੇ ਖੱਡਾ ਦੀ ਖੁਦਾਈ ਸਬੰਧੀ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ।  ਉਨ੍ਹਾਂ ਦੱਸਿਆ ਕਿ ਮਾਨਯੋਗ ਹਾਈ ਕੋਰਟ ਨੇ 17 ਅਗਸਤ 2012 ਨੂੰ ਹੁਕਮ ਜਾਰੀ ਕੀਤੇ ਹਨ ਕਿ 5 ਹੈਕਟੇਅਰ ਤੋਂ ਘੱਟ ਰਕਬੇ ਦੀਆਂ ਠੇਕੇ ਤੇ ਚੱਲ ਰਹੀਆਂ ਖਾਨਾ ਵਾਸਤੇ ਵੀ ਵਾਤਾਵਰਣ ਅਤੇ ਜੰਗਲਾਤ ਮੰਤਰਾਲਿਆ ਭਾਰਤ ਸਰਕਾਰ ਪਾਸੋਂ ਵਾਤਾਵਰਣ ਕਲੀਅਰੈਂਸ ਲੈਣੀ ਜ਼ਰੂਰੀ ਹੈ। ਜ਼ਿਲ੍ਹੇ ਦੀਆਂ 10 ਖਾਣਾਂ ਜਿਨ੍ਹਾਂ ਦਾ ਰਕਬਾ 5 ਹੈਕਟੇਅਰ ਤੋਂ ਘੱਟ ਸੀ, ਨੂੰ ਜੁਲਾਈ 2011 ਤੋਂ 30 ਜੂਨ 2014 ਤੱਕ ਠੇਕੇ ਤੇ ਚੜਾਇਆ ਗਿਆ ਸੀ, ਇਨ੍ਹਾਂ ਕੋਲ ਕਲੀਅਰੈਂਸ ਨਾ ਹੋਣ ਕਰਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੇਤਾ ਅਤੇ ਗਰੈਵਲ ਦੀ ਨਿਕਾਸੀ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਉਦਯੋਗ ਵਿਭਾਗ ਦੇ ਮਾਈਨਿੰਗ ਅਧਿਕਾਰੀ ਵੱਲੋਂ ਖੱਡਾ ਦੇ ਸਬੰਧਤ ਠੇਕੇਦਾਰਾਂ ਨੂੰ ਮਾਈਨਰ ਮਿਨਰਲ ਦੀ ਨਿਕਾਸੀ ਬੰਦ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।  ਉਨ੍ਹਾਂ ਮੀਟਿੰਗ ਵਿੱਚ ਹਾਜਰ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
        ਇਸ ਮੌਕੇ ਤੇ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਬਲਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਮਾਈਨਰ ਮਿਨਰਲ ਦੀ ਨਿਕਾਸੀ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਹੁਣ ਤੱਕ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਵੱਖ-ਵੱਖ ਥਾਵਾਂ ਦੇ ਛਾਪੇ ਮਾਰੇ ਗਏ ਹਨ ਅਤੇ 18 ਐਫ.ਆਈ.ਆਰ. ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਵਾਈਆਂ ਗਈਆਂ ਹਨ।
        ਮੀਟਿੰਗ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।

ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜ਼ਾ ’ ਰਿਲੀਜ਼

ਹੁਸ਼ਿਆਰਪੁਰ,  25 ਅਗਸਤ :  ਸੱਜਰੀ ਸਵੇਰ ਲਿਖਾਰੀ ਸਭਾ ਹੁਸ਼ਿਆਰਪੁਰ ਵਲੋ ਸੁਰ ਸੰਗਮ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਸਹਿਯੋਗ ਨਾਲ  ਸਥਾਨਿਕ ਇੱਕ ਨਿੱਜੀ ਰੈਸਟੋਰੈਟ ਵਿੱਚ ਪੰਜਾਬੀ ਲੇਖਕ ਪਰਵਾਸੀ ਪੰਜਾਬੀ ਲੇਖਕ ਅਤੇ ਪੰਜਾਬੀ ਦੀ ਰੋਜਾਨਾ ਅਖਬਾਰ ‘ਦਾ ਟਾਈਮਜ਼ ਆਫ ਪੰਜਾਬ’ ਦੇ ਮੁੱਖ ਸੰਪਾਦਕ ਸ਼ਰਨਜੀਤ ਸਿੰਘ ਬੈਸ ਦੀ ਪੁਸਤਕ ‘ਸਤਨਾਜਾ‘ ਰਿਲੀਜ ਕੀਤੀ ਗਈ।  ਸਭਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਸੰਧੂ , ਪ੍ਰਧਾਨ ਸ਼ਿਵ ਕੁਮਾਰ ਬਾਵਾ ਅਤੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਦੀ ਅਗਵਾਈ ਵਿੱਚ ਕਰਵਾਏ ਗਏ ਪੁਸਤਕ ਰਿਲੀਜ ਸਮਾਗਮ ਨੂੰ ਸੰਬੋਧਨ ਕਰਦਿਆਂ ਉਘੇ ਕਹਾਣੀਕਾਰ ਪ੍ਰੀਤ ਨੀਤਪੁਰ ਨੇ ਆਖਿਆ ਕਿ ਸ਼ਰਨਜੀਤ ਸਿੰਘ ਬੈਸ ਦੀ ਦੂਸਰੀ ਪੁਸਤਕ ਪੜ੍ਹਕੇ ਉਸ ਅੰਦਰ ਪੰਜਾਬ ਵਿੱਚ ਵਾਪਰਦੀਆਂ ਰੋਜਾਨਾਂ ਘਟਨਾਵਾਂ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਤੜਪ ਹੈ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਲੇਖਕ ਪੰਜਾਬ ਤੋ ਦੂਰ ਅਮਰੀਕਾ ਵਿੱਚ ਵਸਕੇ ਵੀ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਸਤਨਾਜਾ ਵਿੱਚ ਛਾਪੇ ਗਏ ਸਾਰੇ ਲੇਖ ਪੜ੍ਹਕੇ ਪਤਾ ਲੱਗਦਾ ਹੈ ਕਿ ਲੇਖਕ ਪੱਤਰਕਾਰੀ ਵਰਗੇ ਨਿਰਪੱਖ ਕਾਰਜ ਨਾਲ ਵੀ ਆਪਣੀਆਂ ਲਿਖਤਾ ਵਿੱਚ ਨਿਰਪੱਖਤਾ, ਡੂੰਘਾ ਅਤੇ ਨਿਰਪੱਖਤਾ ਨਾਲ ਜੁੜਿਆ ਹੋਇਆ ਹੈ।
                    ਇਸ ਮੌਕੇ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਬਾਵਾ ਨੇ ਆਖਿਆ ਕਿ ਸ਼ਰਨਜੀਤ ਬੈਸ ਵਲੋ ਇਸ ਪੁਸਤਕ ਤੋ ਪਹਿਲਾਂ ਪੰਜਾਬੀ ਦੇ ਉਘੇ ਗਾਇਕਾਂ ਬਾਰੇ ਪੁਸਤਕ ‘ਫਨਕਾਰ ਪੰਜ ਆਬ ਦੇ’ ਛਾਪਕੇ ਆਪਣੀ ਲੇਖਣੀ ਦੀ ਧਾਂਕ ਦੇਸ਼ਾਂ ਵਿਦੇਸ਼ਾਂ ਵਿੱਚ ਬਣਾ ਲਈ ਸੀ । ਉਸ ਪੁਸਤਕ ਨੂੰ ਪਾਠਕਾਂ ਵਲੋ ਭਰਵਾਂ ਹੂੰਗਾਰਾ ਮਿਲਿਆ ਸੀ ਤੇ ਹੁਣ ਉਸਦੀ ਦੂਸਰੀ ਪੁਸਤਕ ਸਤਨਾਜਾ ਹਰਇੱਕ ਪੰਜਾਬੀ ਲਈ ਸਾਂਭਣ ਵਾਲਾ ਖਜ਼ਾਨਾ ਹੈ। ਪੁਸਤਕ ਵਿੱਚ ਸ਼ਾਮਿਲ ਲੇਖ ਵੱਡਮੁੱਲੇ ਹਨ।  ਵਾਰਤਕ ਅਤੇ ਸ਼ਾਇਰੀ ਦਾ  ਸਾਂਝਾ ਸੁਮੇਲ ਹਨ।
                    ਬਾਲ ਰਸਾਲੇ ਨਿੱਕੀਆਂ ਕਰੂੰਬਲਾਂ  ਦੇ ਸੰਪਾਦਕ ਬਲਜਿੰਦਰ ਮਾਨ ਨੇ ਆਖਿਆ ਕਿ ਬੈਸ ਪੰਜਾਬੀ ਦਾ ਜਿਥੇ ਵਧੀਆ ਪੱਤਰਕਾਰ ਹੈ ਉਥੇ ਵਧੀਆ ਲੇਖਕ ਹੋਣ ਦੇ ਨਾਲ ਨਾਲ ਮਿਲਣਸਾਰ ਇਨਸਾਨ ਹੈ। ਉਹ ਛੋਟੀ ਜਿਹੀ ਉਮਰ ਵਿੱਚ ਵਿਦੇਸ਼ ਚਲਾ ਗਿਆ ਜਿਥੇ ਜਾਕੇ ਉਸਨੇ ਆਪਣੇ ਇੱਧਰ ਰਹਿੰਦੇ ਬਾਵਾ ਵਰਗੇ ਦੋਸਤਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਉਹਨਾਂ ਨਾਲੋ ਵੀ ਆਪਣੀਆਂ ਲਿਖਤਾਂ ਨਾਲ ਨਿਵੇਕਲੀ ਪਹਿਚਾਣ ਬਣਾ ਲਈ ਹੈ। ਉਹ ਜਿਥੇ ਅਮਰੀਕਾ ਵਰਗੇ ਦੇਸ਼ ਵਿੱਚ ਰਹਿਕੇ ਉਥੇ ਸਭ ਤੋ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਪੇਪਰ ‘ ਦਾ ਟਾਈਮਜ਼ ਆਫ ਪੰਜਾਬ’ ਨਿਰੰਤਰ ਕੱਢ ਰਿਹਾ ਹੈ ਉਥੇ ਉਸਨੇ ਪੰਜਾਬੀ ਸਾਹਿਤ ਨੂੰ ਦੋ ਸਾਂਭਣਯੋਗ ਪੁਸਤਕਾਂ ਦੇ ਕੇ ਪੰਜਾਬੀ ਭਾਸ਼ਾ , ਸਾਹਿਤ ਅਤੇ ਪੱਤਰਕਾਰੀ ਵਿੱਚ ਨਿਵੇਕਲੀ ਪਹਿਚਾਣ ਬਣਾਈ ਹੈ। ਲੋਕ ਕਵੀ ਪਰਮਜੀਤ ਪੰਮੀ ਅਤੇ ਬੱਗਾ ਸਿੰਘ ਚਿੱਤਰਕਾਰ ਹੁਰਾਂ ਆਖਿਆ ਕਿ ਬੈਸ ਪਿਛਲੇ ਕਈ ਵਰ੍ਰਿਆਂ ਤੋ ਵਿਦੇਸ਼ ਵਿੱਚ ਰਹਿ ਰਿਹਾ ਹੈ ਤੇ ਉਹ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਪੂਰਾ ਵਫਾਦਾਰ ਹੈ। ਇਸ ਮੌਕੇ ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜਾ ’ ਰਿਲੀਜ ਕੀਤੀ ਗਈ। ਲੋਕ ਕਵੀ ਪਰਮਜੀਤ ਪੰਮੀ ਖੁਸ਼ਹਾਲਪੁਰ ਨੇ ਆਪਣੇ ਤਰੰਨਮ ਵਿੱਚ ਗੀਤ ਪੇਸ਼ ਕਰਕੇ ਮਹਿਫਲ ਵਿੱਚ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਮੌਕੇ ਹਾਜ਼ਰ ਸ਼ਾਇਰਾਂ ਅਤੇ ਪੱਤਰਕਾਰਾਂ ਨੂੰ ਸਤਨਾਜ ਪੁਸਤਕ ਭੇਟਾ ਕਰਕੇ ਸਭਾ ਵਲੋ ਸਨਮਾਨਿਆਂ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਕੁਲਵਿੰਦਰ ਕੌਰ ਆਰਟਿਸਟ, ਐਡਵੋਕੇਟ ਰਮੇਸ਼ ਅਜ਼ਾਦ ਬਡੇਸਰੋ, ਬੱਗਾ ਸਿੰਘ ਆਰਟਿਸਟ, ਬਲਜਿੰਦਰ ਮਾਨ, ਗੁਰਦੇਵ ਸਿੰਘ ਚੱਕ ਕਟਾਰੂ, ਸਰਵਣ ਰਾਮ ਭਾਟੀਆ, ਹਰਵਿੰਦਰ ਸਿੰਘ ਕਲੇਵਾਲ ਭਗਤਾਂ, ਜਗਤਾਰ ਸਿੰਘ ਬਾਹੋਵਾਲ, ਹਰਵਿੰਦਰ ਸਿੰਘ ਕਾਂਟੀ, ਸਟੇਟ ਐਵਾਰਡੀ ਅਧਿਆਪਕ ਅਵਤਾਰ ਸਿੰਘ ਲੰਗੇਰੀ , ਐਡਵੋਕੇਟ ਸਤਨਾਮ ਸਿੰਘ ਬੀੜਾ, ਨਿਰਮਲ ਸਿੰਘ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜਿੰਮੀ ਹੁਸ਼ਿਆਰਪੁਰੀ ਅਤੇ ਗਾਇਕ ਜਿੰਦਰ ਪੈਟਰ ਅਤੇ ਸਰਬਜੋਤ ਸਾਬ੍ਹੀ ਹਾਜ਼ਰ ਸਨ।

ਰੈਸ਼ਨੇਲਾਈਜ਼ੇਸ਼ਨ ਨੀਤੀ ਵਿਰੁੱਧ ਅਧਿਆਪਕਾਂ ਵਿਚ ਰੋਸ

ਤਲਵਾੜਾ,24 ਅਗਸਤ : ਪੰਜਾਬ ਸਿੱਖਿਆ ਵਿਭਾਗ ਵੱਲੋਂ ਪਿੱਛਲੇ ਦਿਨੀਂ ਲਾਗੂ ਕੀਤੀ ਨਵੀਂ ਰੈਸ਼ਨੇਲਾਈਜ਼ੇਸ਼ਨ ਨੀਤੀ ਦੇ ਵਿਰੋਧ ਵਿੱਚ ਅੱਜ ਸਥਾਨਕ ਪਬਲਿਕ ਹਾਈ ਸਕੂਲ ਤਲਵਾੜਾ ਵਿਖੇ ਬੀ. ਐਡ.ਅਧਿਆਪਕ ਫ਼ਰੰਟ ਪੰਜਾਬ ਇਕਾਈ ਤਲਵਾੜਾ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਕਮੇਟੀ ਮੈਂਬਰ ਵਰਿੰਦਰ ਵਿੱਕੀ ਦੀ ਅਗਵਾਈ ਹੇਠ  ਹੋਈ । ਜਿਸ ਵਿੱਚ ਇਕਾਈ ਤਲਵਾੜਾ ਦੇ ਸਮੂਹ ਅਧਿਆਪਕਾਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਇਆਂ ਸੂਬਾਈ ਆਗੂ ਵਰਿੰਦਰ ਵਿੱਕੀ ਨੇ ਕਿਹਾ ਕਿ ਸਰਕਾਰ ਸਿੱਖਿਆ ਵਿਭਾਗ ਵਿੱਚ ਨਿੱਤ ਨਵੇਂ ਤਜ਼ੁਰਬੇ ਕਰ ਜਿੱਥੇ ਅਧਿਆਪਕਾਂ  ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਹੀ ਹੈ । ਉੱਥੇ ਨਾਲ ਹੀ ਸਕੂਲੀ ਬੱਚਿਆਂ ਨੂੰ ਵੀ ਵਿੱਦਿਆ ਵਿਹੁਣੇ ਕਰ  ਰਹੀ ਹੈ। ਪਹਿਲਾਂ ਜਿੱਥੇ 61 ਵਿਦਿਆਰਥੀਆਂ ਤੇ ਤਿੰਨ ਅਧਿਆਪਕ ਸਨ ਹੁੱਣ ਉੱਥੇ 68 ਵਿਦਿਆਰਥੀਆਂ ਤੇ ਤੀਜਾ  ਅਧਿਆਪਕ ਦੇ ਕੇ ਜਿੱਥੇ ਸਰਕਾਰ ਨੇ ਆਪਣਾ ਸਿੱਖਿਆ ਮਾਰੂ ਰਵੱਇਆ ਜ਼ਾਹਿਰ ਕੀਤਾ ਹੈ, ਨਾਲ ਹੀ ਸਿੱਖਿਆ ਅਧਿਕਾਰ ਐਕਟ ਦੀਆਂ ਧੱਜੀਆਂ ਉਡਾਈਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਇਸ ਐਕਟ ਤਹਿਤ 30 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਲਾਜ਼ਮੀ ਹੈ। ਇਸ ਮੌਕੇ ਤੇ ਉਚੇਚੇ ਤੌਰਤੇ ਮੀਟਿੰਗ ‘ਚ ਪਹੁੰਚੇ ਸੂਬਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਨੂੰ ਨਿੱਜੀ ਹੱਥਾਂ ‘ਚ ਦੇਣ ਦੇ ਮਨੋਰਥ ਸਦਕਾ ਅਧਿਆਪਕਾਂ ਨੂੰ ਸਕੂਲਾਂ ਚੋਂ ਬਾਹਰ ਕੱਢ ਰਹੀ ਹੈ। ਜਦਕਿ ਕੋਠਾਰੀ ਕਮਿਸ਼ਨ ਦੇ ਅਨੁਸਾਰ ਇੱਕ ਜਮਾਤ ਲਈ ਇੱਕ ਅਧਿਆਪਕ ਜਰੂਰੀ ਚਾਹੀਦਾ ਹੈ। ਪਰ ਇਸ ਰੈਸ਼ਨੇਲਾਈਜੇਸ਼ਨ ਦੀ ਨਵੀਂ ਨੀਤੀ ਨਾਲ ਪ੍ਰਾਇਮਰੀ ਤੇ ਸੈਕੰਡਰੀ ਵਿਭਾਗ ਵਿੱਚ ਲੱਗਭਗ 24 ਹਜ਼ਾਰ ਅਧਿਆਪਕ ਸਰਪਲੱਸ ਹੋਣਗੇ । ਜਿਸ ਨਾਲ ਰੁਜ਼ਗਾਰ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ  ਦੀਆਂ ਆਸਾਂ ਨੂੰ ਵੀ ਬੂਰ ਨਹੀਂ ਪਵੇਗਾ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਵੀਂ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਇੱਕ ਮੰਚ ਤੇ ਇੱਕਠੇ ਹੋ ਸਰਕਾਰ ਦੇ ਇਸ ਨਾਦਰਸ਼ਾਹੀ ਫ਼ੁਰਮਾਨ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਤੇ ਸ਼ਸ਼ੀਕਾਂਤ , ਅਮਰਿੰਦਰ ਢਿੱਲੋਂ,ਯਾਦਵਿੰਦਰ, ਸੱਤਪ੍ਰਕਾਸ਼, ਸੁਰਿੰਦਰ ਸਿੰਗਲਾ, ਨਰੇਸ਼ ਮਿੱਡਾ, ਰਘੁਵੀਰ ਸਿੰਘ ਧਰਵਾਲ, ਜਗਦੀਪ ਸਿੰਘ ਧਰਵਾਲ, ਪ੍ਰਵੀਨ ਰਜਵਾਲ, ਗੁਰਦੀਪ ਕੁਮਾਰ ਨਾਜ਼ੀ, ਗੁਰਪਾਲ ਸਿੰਘ ਹੈਪਾ ਆਦਿ ਅਧਿਆਪਕ ਹਾਜ਼ਰ ਸਨ।

ਪੰਜਾਬ ਵਿਚ 40 ਕਰੋੜ ਪੌਦੇ ਲਾਉਣ ਦਾ ਟੀਚਾ : ਜਿਆਣੀ

ਹੁਸ਼ਿਆਰਪੁਰ, 24 ਅਗਸਤ: ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਮਨੋਰਥ ਨਾਲ ਅਗਲੇ 8 ਸਾਲਾਂ ਵਿੱਚ ਸੂਬੇ ਵਿੱਚ 40 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਸਰਕਾਰ ਵੱਲੋਂ ਗਰੀਨਿੰਗ ਪੰਜਾਬ ਫੰਡ ਦੀ ਵਿਵਸਥਾ ਕੀਤੀ ਗਈ ਹੈ। ਇਹ ਜਾਣਕਾਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਗਰੀਨਿੰਗ ਪੰਜਾਬ ਮਿਸ਼ਨ ਤਹਿਤ ਦਾਣਾ ਮੰਡੀ ਸੈਲਾਖੁਰਾਦ ਵਿਖੇ ਪਿੰਡਾਂ ਅਤੇ ਕਸਬਿਆਂ ਦੀਆਂ ਖਾਲੀ ਥਾਵਾਂ ਤੇ ਪੌਦੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ, ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ,ਕਾਲਜ, ਹਸਪਤਾਲ, ਸਰਕਾਰੀ ਦਫ਼ਤਰ, ਕੰਪਲੈਕਸ ਰਿਹਾਇਸ਼ੀ, ਕਲੌਨੀਆਂ, ਗੁਰਦੁਆਰਾ, ਮੰਦਰ, ਮਸਜਿਦ, ਧਾਰਮਿਕ ਡੇਰਿਆਂ ਦੀਆਂ ਜਮੀਨਾਂ, ਪਿੰਡਾਂ ਵਿੱਚ ਪੰਚਾਇਤੀ ਸਾਂਝੇ ਰਕਬਿਆਂ, ਫਿਰਨੀਆਂ, ਸ਼ਮਸ਼ਾਨਘਾਟ, ਹੱਡਾ ਰੋੜੀਆਂ, ਜਿੰਮੀਦਾਰਾਂ ਦੇ ਖੇਤ, ਪ੍ਰਾਇਵੇਟ ਮਾਲਕਾਂ ਦੇ ਘਰਾਂ ਦੇ ਵਿਹੜਿਆ, ਹਵੇਲੀਆਂ ਆਦਿ ਸਾਰੀਆਂ, ਉਪਲਬੱਧ ਥਾਵਾਂ ਵਿੱਚ ਪੰਜਾਬ ਨੂੰ ਹਰਾ-ਭਰਾ ਕਰਨ ਲਈ ਪਲਾਂਟੇਸ਼ਨ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ।
        ਵਣ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਇਸ ਮੁਹਿੰਮ ਦੀ ਸਖਤ ਲੋੜ ਹੈ ਕਿਉਂਕਿ ਭਾਰੀ ਵਾਹਨਾਂ ਅਤੇ ਸਨਅੱਤੀਕਰਨ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਵਿੱਚ ਪਹੁੰਚ ਗਿਆ ਹੈ।  ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਮਿੱਟੀ ਵੀ ਪ੍ਰਦੂਸ਼ਤ ਹੋ ਗਈ ਹੈ।  ਸੇਮ ਅਤੇ ਵੱਧ ਰਹੇ ਸ਼ੋਰੇ ਕਾਰਨ ਵੀ ਪੰਜਾਬ ਵਿੱਚ ਪ੍ਰਦੂਸ਼ਿਤ ਵਾਤਾਵਰਣ ਦੀ ਸਮੱਸਿਆ ਵਧੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਘਟਾਉਣ ਅਤੇ ਮੌਸਮ ਵਿੱਚ ਸਥਿਰਤਾ ਲਈ ਦਰਖੱਤ ਅਤੇ ਜੰਗਲ ਅਹਿਮ ਰੋਲ ਨਿਭਾ ਸਕਦੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੰਗਲਾਂ ਹੇਠਲਾ ਰਕਬਾ ਰਕਬਾ ਸਿਰਫ਼ 7 ਪ੍ਰਤੀਸ਼ਤ ਰਹਿ ਜਾਣਾ ਇੱਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਜੰਗਲਾਤਾਂ ਦਾ ਰਕਬਾ ਵਧਾ ਕੇ 15 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ।  ਅੱਜ ਦੀ ਮੁਹਿੰਮ ਵਿੱਚ ਵਣ ਮੰਤਰੀ ਪੰਜਾਬ ਵੱਲੋਂ ਸੈਲਾ ਖੁਰਦ ਵਿਖੇ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਦਾਣਾ ਮੰਡੀ, ਸਰਕਾਰੀ ਸਕੂਲ, ਵਾਟਰ ਵਰਕਸ, ਟੋਭਾ, ਸ਼ਮਸ਼ਾਨਘਾਟ, ਆਦਿ ਥਾਵਾਂ ਤੇ 7000 ਤੋਂ ਵੱਧ ਪੌਦੇ ਲਗਾਏ ਗਏ। ਇਸ ਮੁਹਿੰਮ ਤਹਿਤ ਕੁਆਟਮ ਪੇਪਰ ਸੈਲਾ ਖੁਰਦ ਦੀ ਮੈਨੇਜਮੈਂਟ ਵੱਲੋਂ 14500 ਤੋਂ ਵੱਧ ਪੌਦੇ ਲਗਾਏ ਗਏ। ਇਸ ਮੌਕੇ ਤੇ ਜੰਗਲਾਤ ਵਿਭਾਗ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
        ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮਾਜ ਦੇ ਹਰੇਕ ਵਿਅਕਤੀ ਨੂੰ ਉਸ ਦੀ ਜਿੰਮੇਵਾਰੀ ਦਾ ਅਹਿਸਾਸ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਹਰੇਕ ਵਿਅਕਤੀ ਰੁੱਖ ਲਗਾਉਣਾ ਆਪਣੀ ਨੈਤਿਕ ਜਿੰਮੇਵਾਰੀ ਸਮਝੇ ਅਤੇ ਰੁੱਖ ਲਗਾਉਣ ਨੂੰ ਬੱਚੇ ਦੇ ਜਨਮ ਨਾਲ ਇੱਕ ਸਮਾਜਿਕ ਰਸਮ ਵਜੋਂ ਨਿਭਾਉਣ ਦੀ ਰੀਤ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਉਜਵੱਲ ਭਵਿੱਖ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਇਸ ਮੁਹਿੰਮ ਦੀ ਅਗਵਾਈ ਕਰਨ ਲਈ ਕਿਹਾ।  ਡਿਪਟੀ ਕਮਿਸ਼ਨਰ ਨੇ ਇਹ ਵੀ ਭਰੋਸਾ ਦਿੱਤਾ ਕਿ ਹਰਿਆਵਲ ਮੁਹਿੰਮ ਤਹਿਤ ਲਗਾਏ ਗੲ ਪੌਦਿਆਂ ਦੀ ਸਾਂਭ-ਸੰਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
        ਸ੍ਰੀ ਜਤਿੰਦਰ ਸ਼ਰਮਾ ਮੁੱਖ ਵਣ ਪਾਲ ਰੇਂਜ, ਸ੍ਰੀ ਡੀ ਵੀ ਰਤਨਾ ਕੁਮਾਰ ਵਣ ਪਾਲ ਸ਼ਿਵਾਲਿਕ ਸਰਕਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡਾਂ ਦੇ ਪੰਚਾਂ-ਸਰਪੰਚਾਂ, ਪਤਵੰਤੇ ਸੱਜਣਾਂ, ਸੈਲਫ ਹੈਲਪ ਗਰੁੱਪ, ਐਕਸ ਸਰਵਿਸਮੈਨ, ਰੋਟਰੀ ਕਲੱਬਾਂ ਅਤੇ ਕਿਸਾਨ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਦੇ ਮੁੱਖੀਆਂ ਦੀ ਮੱਦਦ ਨਾਲ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਪੌਦੇ ਲਗਾਉਣ ਦੀ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨਗੇ । ਇਸ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ ਵਿੱਚ ਬੋਹੜ, ਨਿੰਮ ਅਤੇ ਪਿੱਪਲ ਦੀਆਂ ਤ੍ਰਿਵੇਣੀਆਂ ਲਗਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ। ਇਹ ਮੁਹਿੰਮ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿੱਚ ਵਣ ਰਕਬੇ ਨੁੰ ਵਧਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ ਅਤੇ ਕੁਦਰਤੀ ਵਾਤਾਵਰਣ ਦੇ ਸੰਤੁਲਨ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ।
        ਇਸ ਮੌਕੇ ਤੇ ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਵਣ ਮੰਡਲ ਅਫ਼ਸਰ ਗੜ੍ਹਸੰਕਰ ਸੁਰਜੀਤ ਸਿੰਘ ਗਿੱਲ, ਵਣ ਮੰਡਲ ਹੁਸਿਆਰਪੁਰ ਦੇਵ ਰਾਜ,  ਵਣ ਮੰਡਲ ਅਫ਼ਸਰ ਜੰਗਲੀ ਜੀਵ ਸਤਨਾਮ, ਕੁਲਬੀਰ ਸਿੰਘ ਭੂਲੇਵਾਲ ਰਾਠਾਂ, ਗਿਆਨ ਸਿੰਘ ਮਾਨ, ਅਵਤਾਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਮਾਨ ਨੇ ਬਾਖੂਬੀ ਨਿਭਾਈ।

ਹੋਣਹਾਰ ਵਿਦਿਆਰਥੀ ਸਨਮਾਨਿਤ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਹਿ ਵਿੱਦਿਅਕ ਮੁਕਾਬਲੇ ਵਿਚ ਸ਼ਬਦ ਅਤੇ ਲੋਕ ਗੀਤ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਹੈਡਮਾਸਟਰ ਰਜਿੰਦਰ ਪ੍ਰਸ਼ਾਦ ਸ਼ਰਮਾ ਤੇ ਅਧਿਆਪਕ।

ਅਪੰਗ ਵਿਅਕਤੀਆਂ ਦੀ ਸ਼ਨਾਖ਼ਤ ਲਈ ਵਿਸ਼ੇਸ਼ ਕੈਂਪ ਲਗਾਇਆ

ਹੁਸ਼ਿਆਰਪੁਰ, 23 ਅਗਸਤ:  ਸਰੀਰਕ ਤੌਰ ਤੇ ਅਪੰਗ ਵਿਅਕਤੀ ਸਮਾਜ ਦਾ ਇੱਕ ਅਹਿਮ ਅੰਗ ਹਨ ਅਤੇ ਇਨ੍ਹਾ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੂਰ-ਦੁਰੇਡੇ ਪਿੰਡਾਂ ਦੇ ਅਜਿਹੇ ਲੋਕਾਂ ਨੂੰ ਜਾਗਰੂਕ ਕਰਾਉਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰ: ਦੀਪਇੰਦਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਪੰਡਤ ਦੀਨ ਦਿਆਲ ਉਪਾਧਿਆਏ ਸਮਾਜਿਕ ਨਿਆਏ ਅਤੇ ਇੰਪਾਵਰਮੈਂਟ ਮੰਤਰਾਲਿਆ ਭਾਰਤ ਸਰਕਾਰ ਦੇ ਸਹਿਯੋਗ ਨਾਲ ਅੱਜ ਪੰਡਤ ਜਗਤ ਰਾਮ ਪੌਲੀਟੈਕਨਿਕ ਕਾਲਜ ਵਿਖੇ ਅਪੰਗ ਵਿਅਕਤੀਆਂ ਲਈ ਲਗਾਏ ਗਏ ਇੱਕ ਵਿਸੇਸ਼ ਸ਼ਨਾਖਤੀ ਕੈਂਪ ਦਾ ਉਦਘਾਟਨ ਕਰਨ ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਭੁਪਿੰਦਰ ਜੀਤ ਸਿੰਘ, ਪ੍ਰਿੰਸੀਪਲ ਜਗਤ ਰਾਮ ਪੌਲੀਟੈਕਨਿਕ ਕਾਲਜ ਰਚਨਾ ਕੌਰ, ਪ੍ਰੋ: ਬਹਾਦਰ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
        ਇਸ ਮੌਕੇ ਤੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਹੋਰ ਸਰੀਰਕ ਲੋੜਾਂ ਬਾਰੇ ਬਨਾਵਟੀ ਅੰਗ ਦੇਣ ਸਬੰਧੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ ਅਤੇ ਸਮੇਂ-ਸਮੇਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਅੰਗਹੀਣ ਅਤੇ ਅਪੰਗ ਵਿਅਕਤੀਆਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਪੋਲੀਓ ਰੋਗੀਆਂ ਨੂੰ ਮੁਫ਼ਤ ਕੈਲੀਪਰ, ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ, ਟਰਾਈ-ਸਾਈਕਲ, ਵੀਲ ਚੇਅਰਜ਼ ਦੇਣ ਹਿੱਤ ਸਰੀਰਕ ਅੰਗਾਂ ਦਾ ਮਾਪ ਅਤੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਅੰਗਹੀਣ ਸਰਟੀਫਿਕੇਟ ਅਤੇ ਬਸ ਪਾਸ ਵੀ ਜਾਰੀ ਕੀਤੇ ਗਏ ਹਨ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸ਼ਨਾਖਤੀ ਕੈਂਪ ਵਿੱਚ 17 ਵਿਅਕਤੀਆਂ ਨੂੰ ਟਰਾਈ ਸਾਈਕਲ ਦੇਣ ਸਬੰਧੀ ਸ਼ਨਾਖਤ ਕੀਤੀ ਗਈ, 14 ਵਿਅਕਤੀਆਂ ਨੂੰ ਵੀਲ੍ਹ ਚੇਅਰਜ ਦੇਣ, 35 ਅੰਗਹੀਣਾਂ ਨੂੰ ਬਨਾਵਟੀ ਅੰਗ ਲਗਾਉਣ ਸਬੰਧੀ, 6 ਵਿਅਕਤੀਆਂ ਕਰਚਿਜ਼, 22 ਅੰਗਹੀਣਾਂ ਦੇ ਪੈਨਸ਼ਨ ਕੇਸ, 36 ਅੰਗਹੀਣਤਾ ਸਰਟੀਫਿਕੇਟ, 16 ਵਿਅਕਤੀਆਂ ਦੇ ਨਾਮ ਰੋਜ਼ਗਾਰ ਲਈ ਦਰਜ ਕਰਨ, 43 ਵਿਅਕਤੀਆਂ ਦੇ ਬਸ ਅਤੇ ਰੇਲਵੇ ਪਾਸ, 5 ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਲਗਾਉਣ ਸਬੰਧੀ ਸ਼ਨਾਖਤ ਕੀਤੀ ਗਈ। ਇਸ ਤੋਂ ਇਲਾਵਾ ਰੋਜ਼ਗਾਰ ਵਿਭਾਗ ਵੱਲੋਂ ਲਗਾਈ ਗਈ ਗਾਈਡੈਂਸ ਪ੍ਰਦਰਸ਼ਨੀ ਵਿੱਚ 42 ਅੰਗਹੀਣਾਂ ਨੂੰ ਵੋਕੇਸ਼ਨਲ ਗਾਈਡੈਂਸ ਅਤੇ 16 ਨੂੰ ਰਜਿਸਟਰੇਸ਼ਨ ਸਬੰਧੀ ਸਲਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦਾ ਸ਼ਨਾਖਤੀ ਕੈਂਪ 24 ਅਗਸਤ 2012 ਨੂੰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ ਵਿਖੇ ਵੀ ਲਗਾਇਆ ਜਾ ਰਿਹਾ ਹੈ।
        ਅੱਜ ਦੇ ਸ਼ਨਾਖਤੀ ਕੈਂਪ ਵਿੱਚ ਅਰਥੋ ਸਰਜਨ, ਮੈਡੀਕਲ ਸਪੈਸ਼ਲਿਸਟ, ਅੱਖਾਂ, ਕੰਨ ਅਤੇ ਨੱਕ, ਬਨਾਵਟੀ ਅੰਗਾਂ ਨੁੰ ਤਿਆਰ ਕਰਨ ਲਈ ਵਿਸ਼ੇਸ਼ ਮਾਹਿਰਾਂ ਵੱਲੋਂ ਸ਼ਨਾਖਤ ਕੀਤੀ ਗਈ।

ਸਾਰੇ ਬਾਲਗ ਵੋਟਰਾਂ ਦੇ ਫੋਟੋ ਸ਼ਨਾਖ਼ਤੀ ਕਾਰਡ ਬਣਾਏ ਜਾਣ : ਕੁਸਮਜੀਤ ਸਿੱਧੂ

ਹੁਸ਼ਿਆਰਪੁਰ, 23 ਅਗਸਤ: ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ  ਕੁਸਮਜੀਤ ਸਿੱਧੂ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਕਰਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ, ਡਿਪਟੀ ਕਮਿਸ਼ਨਰ ਨਵਾਂਸ਼ਹਿਰ ਤਨੂ ਕਸ਼ਅਪ, ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਅਤੇ ਦੋਵਾਂ ਜ਼ਿਲ੍ਹਿਆਂ ਦੇ ਸਮੂਹ  ਚੋਣ ਰਜਿਸਟਰੇਸ਼ਨ ਅਫ਼ਸਰ ਅਤੇ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
        ਮੁੱਖ ਚੋਣ ਅਧਿਕਾਰੀ ਮੈਡਮ ਸਿੱਧੂ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਬਾਲਗਾਂ ਦੇ ਫੋਟੋ ਸ਼ਨਾਖਤੀ ਕਾਰਡ 100 ਫੀਸਦੀ ਬਣਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਯੋਗਤਾ ਮਿਤੀ 1-1-2013 ਦੇ ਆਧਾਰ ਤੇ ਸਮੂਹ ਬਾਲਗਾਂ ਦੀਆਂ ਵੋਟਾਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ  18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ/ਵਿਦਿਆਰਥਣਾਂ ਦੀਆਂ ਨਵੀਆਂ ਵੋਟਾਂ ਬਣਾਉਣ ਲਈ ਸਕੂਲਾਂ ਅਤੇ ਕਾਲਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਚੋਣ ਪ੍ਰਕ੍ਰਿਆ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲ ਸਕੇ। ਮੈਡਮ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਜ਼ਦੂਰਾਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਲਈ ਉਨ੍ਹਾਂ ਦੇ ਘਰਾਂ ਦੀ ਥਾਂ ਕੰਮਾਂ ਵਾਲੇ ਸਥਾਨਾਂ ਤੇ ਪਹੁੰਚ ਕਰਨ। ਇਸੇ ਤਰਾਂ ਫੌਜ ਅਤੇ ਪੁਲਿਸ ਕਰਮਚਾਰੀਆਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਵੀ ਜ਼ਿਲ੍ਹੇ ਦੇ ਸਬੰਧਤ ਅਧਿਕਾਰੀ ਤੋਂ ਸੂਚੀਆਂ ਮੰਗਵਾ ਕੇ ਪੂਰੀ ਕੀਤੀ ਜਾਵੇ ਅਤੇ ਜੋ ਫੌਜੀ ਨੌਕਰੀ ਪੂਰੀ ਕਰਕੇ ਆ ਗਏ ਹਨ, ਉਨ੍ਹਾਂ ਦੀਆਂ ਵੋਟਾਂ ਉਨ੍ਹਾਂ ਦੀਆਂ ਰਿਹਾਇਸ਼ੀ ਥਾਵਾਂ ਤੇ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਵੋਟ ਦੇ ਯੋਗ ਪ੍ਰਵਾਸੀ ਭਾਰਤੀਆਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਲਈ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਕਰਕੇ ਅਸਥਾਈ ਤੌਰ ਤੇ ਬਾਹਰ ਰਹਿੰਦੇ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਜੋ ਉਹ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਮੇਂ ਵਿੱਚ ਐਪਿਕ ਕਾਰਡ ਬਣਾਉਣ ਦੇ ਕੰਮ ਨੂੰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਵੋਟਰ ਸੂਚੀਆਂ ਮੁਤਾਬਕ ਸ਼ਨਾਖਤੀ ਕਾਰਡਾਂ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਨਵੇਂ ਰਜਿਸਟਰਡ ਹੋਣ ਵਾਲੇ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਤਿਆਰ ਹੋ ਸਕਣ।
        ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਮੁੱਖ ਚੋਣ ਅਫ਼ਸਰ ਨੂੰ ਭਰੋਸਾ ਦੁਆਇਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਲਈ ਸਕੂਲਾਂ- ਕਾਲਜਾਂ ਵਿੱਚ ਪਹੁੰਚ ਕਰਕੇ 18 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਬਾਲਗ ਵੋਟਰਾਂ ਦੀ ਰਜਿਸਟਰੇਸ਼ਨ ਲਈ ਅਦਾਰਿਆਂ ਦੇ ਮੁੱਖੀਆਂ ਰਾਹੀਂ ਸਾਰੀ ਪ੍ਰਕ੍ਰਿਆ ਮੁਕੰਮਲ ਕੀਤੀ ਜਾਵੇਗੀ।  ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ 99.95 ਪ੍ਰਤੀਸ਼ਤ ਵੋਟਰ ਸ਼ਨਾਖਤੀ ਕਾਰਡਾਂ ਅਤੇ 99.92 ਪ੍ਰਤੀਸ਼ਤ ਫੋਟੋ ਵਾਲੀਆਂ ਵੋਟਰ ਸੂਚੀਆਂ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ 100 ਪ੍ਰਤੀਸ਼ਤ ਟੀਚਾ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਕੁਲ 10,65,112 ਵੋਟਰ ਹਨ ਜਿਨ੍ਹਾਂ ਵਿੱਚ 5,46,632 ਪੁਰਸ਼ ਅਤੇ 5,18,480 ਮਹਿਲਾ ਵੋਟਰ ਹਨ।  ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿੱਚ ਵੋਟਰ ਸ਼ਨਾਖਤੀ ਕਾਰਡਾਂ ਦਾ 100 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਜਦਕਿ ਮੁਕੇਰੀਆਂ ਵਿਧਾਨ ਸਭਾ ਹਲਕੇ ਵਿੱਚ 99.93 ਪ੍ਰਤੀਸ਼ਤ, ਦਸੂਹਾ ਵਿੱਚ 99.97, ਉੜਮੁੜ ਵਿੱਚ 99.93, ਸ਼ਾਮਚੁਰਾਸੀ ਵਿੱਚ 99.91, ਹੁਸ਼ਿਆਰਪੁਰ ਵਿੱਚ 99.96 ਅਤੇ ਚੱਬੇਵਾਲ ਵਿੱਚ 99.98 ਪ੍ਰਤੀਸ਼ਤ ਵੋਟਰ ਸ਼ਨਾਖਤੀ ਕਾਰਡ ਬਣਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ।

ਕੌਮੀ ਸਿਹਤ ਬੀਮਾ ਯੋਜਨਾ ਤਹਿਤ 8736 ਪਰਿਵਾਰ ਕਵਰ : ਡੀ ਸੀ

ਹੁਸ਼ਿਆਰਪੁਰ, 23 ਅਗਸਤ: ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ (ਐਨ.ਆਰ.ਐਚ.ਐਮ.) ਦਾ ਮੁੱਖ ਉਦੇਸ਼ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘਟਾਉਣਾ ਅਤੇ ਸੰਸਥਾਗਤ ਜਣੇਪੇ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਹੈ ਤਾਂ ਜੋ ਸੁਰੱਖਿਅਤ ਜਣੇਪਾ ਹੋ ਸਕੇ। ਉਨ੍ਹਾਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਨਨੀ ਸੁਰੱਖਿਆ ਯੋਜਨਾ, ਮਾਤਾ ਕੁਸ਼ੱਲਿਆ ਯੋਜਨਾ ਅਤੇ 108 ਡਾਇਲ ਬਾਰੇ ਵਿਸਥਾਰਪੂਰਵਕ ਸਮੀਖਿਆ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਰਭਵਤੀ ਔਰਤਾਂ ਦਾ ਵੱਧ ਤੋਂ ਵੱਧ ਸੁਰੱਖਿਅਤ ਜਣੇਪਾ ਸਰਕਾਰੀ ਸੰਸਥਾਵਾਂ ਵਿੱਚ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਸਰਕਾਰ ਵੱਲੋਂ ਮਿਥੇ ਗਏ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।
        ਸਿਵਲ ਸਰਜਨ ਡਾ. ਤੇਜਿੰਦਰ ਸਿੰਘ ਨੇ ਮੀਟਿੰਗ ਵਿੱਚ ਰੂਰਲ ਹੈਲਥ ਮਿਸ਼ਨ ਅਧੀਨ ਚਲ ਰਹੇ ਹੋਰ ਕੌਮੀ ਸਿਹਤ ਪ੍ਰੋਗਰਾਮਾਂ ਅਧੀਨ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ, ਏ ਐਨ ਸੀ ਚੈਕਅਪ, ਮੋਬਾਇਲ ਮੈਡੀਕਲ ਯੂਨਿਟ, 108 ਡਾਇਲ, ਆਇਰਨ ਫੋਲਿਕ ਐਸਿਡ, ਵਿਲੇਜ ਹੈਲਥ ਐਂਡ ਸੈਨੀਟੇਸ਼ਨ ਕਮੇਟੀਆਂ, ਅਨਟਾਈਡ ਫੰਡਾਂ, ਪ੍ਰੀਵਾਰ ਨਿਯੋਜਨ ਦੇ ਪ੍ਰਾਪਤ ਟੀਚਿਆ, ਬਰਸਾਤਾਂ ਦੇ ਮੌਸਮ ਵਿੱਚ ਬੀਮਾਰੀਆਂ ਤੋਂ ਬਚਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ, ਪੀ ਐਨ ਡੀ ਟੀ ਐਕਟ ਅਤੇ ਨਸ਼ਿਆਂ ਵਿਰੁੱਧ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
        ਡਿਪਟੀ ਮੈਡੀਕਲ ਕਮਿਸ਼ਨਰ ਡਾ. ਦੇਸ ਰਾਜ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਿਅਕਤੀਆਂ ਲਈ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਅਧੀਨ 20 ਅਗਸਤ ਤੱਕ 5195 ਕਾਰਡ ਬਣਾਏ ਜਾ ਚੁੱਕੇ ਹਨ ਜਿਸ ਅਧੀਨ 8736 ਪ੍ਰੀਵਾਰ ਕਵਰ ਕੀਤੇ ਗਏ ਹਨ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 59 ਪ੍ਰਤੀਸ਼ਤ ਕਵਰੇਜ ਕਰ ਲਈ ਗਈ ਅਤੇ 31 ਅਗਸਤ ਤੱਕ ਪੂਰਾ ਜ਼ਿਲ੍ਹਾ ਕਵਰ ਕਰ ਲਿਆ ਜਾਵੇਗਾ।
       ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ. ਚੁੰਨੀ ਲਾਲ ਕਾਜਲ, ਜ਼ਿਲ੍ਹਾ ਸਿਹਤ ਅਫ਼ਸਰ ਡਾ ਸੁਰਿੰਦਰ ਸਿੰਘ ਮਲਿਕ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ, ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਕੌਰ, ਡੀ ਪੀ ਐਮ ਸ੍ਰੀ ਮੁਹੰਮਦ ਆਸਿਫ਼, ਸ੍ਰੀਮਤੀ ਅਨੁਰਾਧਾ ਠਾਕਰ, ਸ੍ਰੀਮਤੀ ਰਮਨਦੀਪ ਕੌਰ, ਜ਼ਿਲ੍ਹਾ ਭਰ ਤੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਰੂਰਲ ਹੈਲਥ ਮਿਸ਼ਨ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਜਨਤਕ ਥਾਵਾਂ ਤੰਬਾਕੂਨੋਸ਼ੀ ਕਰਨ ਵਿਰੁੱਧ 374 ਚਲਾਨ ਕੱਟੇ

ਹੁਸ਼ਿਆਰਪੁਰ, 22 ਅਗਸਤ:  ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਤੰਬਾਕੂ ਕੰਟਰੋਲ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਤੰਬਾਕੂ ਕੰਟਰੋਲ ਐਕਟ ਅਧੀਨ ਜੁਲਾਈ ਮਹੀਨੇ ਦੌਰਾਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁੱਧ 243 ਚਲਾਨ ਕੱਟੇ ਗਏ ਜਿਨ੍ਹਾਂ ਤੋਂ ਕੁਲ 5360/- ਰੁਪਏ ਇਕੱਠੇ ਕੀਤੇ ਗਏ। ਇਸੇ ਤਰਾਂ ਅਗਸਤ ਮਹੀਨੇ ਵਿੱਚ ਹੁਣ ਤੱਕ 131 ਚਲਾਨ ਕੱਟੇ ਗਏ ਜਿਨ੍ਹਾਂ ਤੋਂ 2690/- ਰੁਪਏ ਦੀ ਰਾਸ਼ੀ ਇਕੱਤਰ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਐਸ ਡੀ ਐਮਜ਼ ਨੂੰ  ਚਲਾਨ ਬੁੱਕਾਂ ਰਲੀਜ਼ ਕੀਤੀਆਂ ਜਾਣ ਤਾਂ ਕਿ ਉਹ ਆਪਣੇ ਪੱਧਰ ਤੇ ਚਲਾਨ ਕੱਟ ਸਕਣ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਰਾਹੁਲ ਚਾਬਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਮਲਿਕ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਣ ਕੌਰ ਤੋਂ ਇਲਾਵਾ ਤੰਬਾਕੂ ਕੰਟਰੋਲ ਸੁਸਾਇਟੀ ਦੇ ਮੈਂਬਰ ਮੌਜੂਦ ਸਨ।

ਪੈਰਾ ਲੀਗਲ ਵਲੰਟੀਅਰਾਂ ਨੂੰ ਕਾਨੂੰਨੀ ਸਕੀਮਾਂ ਤੋਂ ਜਾਣੂ ਕਰਾਇਆ

ਹੁਸ਼ਿਆਰਪੁਰ, 21 ਅਗਸਤ: ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲੀਗਲ ਵਲੰਟੀਅਰਾਂ ਲਈ ਤਿੰਨ ਦਿਨਾਂ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਕੀਤਾ ਗਿਆ। ਇਸ ਦੇ ਪਹਿਲੇ ਦਿਨ ਦੇ ਟਰੇਨਿੰਗ ਸੈਸ਼ਨ ਵਿੱਚ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲੀਗਲ ਵਲੰਟੀਅਰਾਂ ਨੂੰ ਟਰੇਨਿੰਗ ਦਿੱਤੀ ਅਤੇ ਉਨ੍ਹਾਂ ਨੂੰ ਕਾਨੂੰਨੀ ਹੱਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਟਰੇਨਿੰਗ ਦੌਰਾਨ ਪੈਰਾ ਲੀਗਲ ਵਲੰਟੀਅਰਾਂ ਨੂੰ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 22 ਜੋ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀਜ਼ ਨਿਯਮਾਂਵਲੀ 1986 ਦੇ ਨਿਯਮ 22 ਨਾਲ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਬਿਆਨ ਹਲਫੀ ਸਹਿਤ ਦਰਖਾਸਤ ਫਾਰਮ ਭਰ ਕੇ ਕਾਨੂੰਨੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
        ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਹੁਸ਼ਿਆਰਪੁਰ ਨੇ ਪੈਰਾ ਲੀਗਲ ਵਲੰਟੀਅਰਾਂ  ਨੂੰ ਅਥਾਰਟੀ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਕੋਈ ਵੀ ਨਾਗਰਿਕ ਜਿਵੇਂ ਕੋਈ ਔਰਤ, ਅਪੰਗ, ਗਰੀਬ ਮਾਨਸਿਕ ਰੋਗੀ, ਹਿਰਾਸਤ, ਬੇਗਾਰ ਦਾ ਮਾਰਿਆ, ਹੜ੍ਹ ਜਾਂ ਮੁਸੀਬਤ ਦਾ ਮਾਰਿਆ ਹੋਵੇ, ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ ਜਾਂ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 1,00,000/- ਰੁਪਏ ਤੋਂ ਘੱਟ ਹੋਵੇ, ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।
        ਸ੍ਰੀ ਅਰਵਿੰਦ ਰਾਣਾ ਰਿਟੇਨਰ ਐਡਵੋਕੇਟ ਨੇ ਪੈਰਾ ਲੀਗਲ ਵਲੰਟੀਅਰਾਂ ਨੂੰ ਕਾਨੂੰਨਾਂ ਬਾਰੇ ਜਾਗਰੂਕ ਕੀਤਾ। ਸ੍ਰੀਮਤੀ ਸ਼ੋਭਾ ਸ਼ਰਮਾ ਐਡਵੋਕੇਟ ਨੇ ਵੀ ਐਚ.ਐਮ.ਏ. ਕੇਸ ਤੇ 498 ਦੇ ਕੇਸ ਅਤੇ 125 ਸੀ ਆਰ ਪੀ ਸੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੈਡਮ ਬੰਦਨਾ ਰਾਣਾ ਐਡਵੋਕੇਟ ਨੇ ਕੰਜਿਊਮਰ ਕੋਰਟਾਂ ਵਿੱਚ ਲੱਗਣ ਬਾਰੇ ਕੇਸਾਂ ਬਾਰੇ ਦੱਸਿਆ ਅਤੇ ਸ੍ਰੀ ਰਜਨੀਸ਼ ਕੌਸ਼ਲ ਰਿਟੇਨਰ ਐਡਵੋਕੇਟ ਵੱਲੋਂ ਵੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ।  ਪੈਰਾ ਲੀਗਲ ਵਲੰਟੀਅਰਾਂ ਨੂੰ ਪਿੰਡਾਂ ਵਿੱਚ  ਘਰ-ਘਰ ਤੱਕ ਕਾਨੂੰਨੀ ਸੇਵਾਵਾਂ ਪਹੁੰਚਾਉਣ ਲਈ ਪ੍ਰੇਰਨਾ ਦਿੱਤੀ ਗਈ ਤਾਂ ਜੋ ਲੋੜਵੰਦ ਵਿਅਕਤੀ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਲਾਭ ਲੈ ਸਕਣ। ਇਸ ਮੌਕੇ ਤੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਅੱਜ ਦੇ ਇਸ ਟਰੇਨਿੰਗ ਸੈਸ਼ਨ ਵਿੱਚ ਵੱਡੀ ਗਿਣਤੀ ਵਿੱਚ ਪੈਰਾ ਲੀਗਲ ਵਲੰਟੀਅਰਾਂ ਨੇ ਭਾਗ ਲਿਆ।

ਡਿਪਟੀ ਕਮਿਸ਼ਨਰ ਵੱਲੋਂ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ

ਹੁਸ਼ਿਆਰਪੁਰ, 21 ਅਗਸਤ: ਵੱਖ-ਵੱਖ ਵਿਭਾਗਾਂ ਦੇ ਨਿਰਧਾਰਤ ਕੰਮਾਂ ਦਾ ਜਾਇਜ਼ਾ ਲੈਣ,  ਸਮਾਜ ਭਲਾਈ ਅਤੇ ਵਿਕਾਸ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦੇ ਕੰਮਾਂ ਦਾ ਮੁਲਾਂਕਣ ਕਰਨ ਲਈ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਾਸਿਕ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਸਮੂਹ ਅਧਿਕਾਰੀਆਂ ਨੂੰ ਚਲ ਰਹੇ ਪ੍ਰੋਜੈਕਟਾਂ ਨੂੰ ਸਮਾਂਬਧ ਅਤੇ ਮਿਆਰੀ ਪੱਧਰ ਤੇ ਮੁਕੰਮਲ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜਾਰੀ ਕੀਤੀ ਗਈ ਰਾਸ਼ੀ ਨੂੰ ਖਰਚ ਕਰਕੇ ਤੁਰੰਤ ਵਰਤੋਂ ਸਰਟੀਫਿਕੇਟ ਦੇਣ।          
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਵਿੱਤੀ ਸਾਲ ਦੌਰਾਨ ਜ਼ਿਲ੍ਹੇ ਨੂੰ 18 ਕਰੋੜ 53 ਲੱਖ 90 ਹਜ਼ਾਰ ਰੁਪਏ ਦੀ ਗਰਾਂਟ ਵੱਖ-ਵੱਖ ਕੰਮਾਂ ਲਈ ਪ੍ਰਾਪਤ ਹੋਈ ਹੈ ਜਿਸ ਵਿੱਚੋਂ 11 ਕਰੋੜ 76 ਲੱਖ 53 ਹਜ਼ਾਰ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਬਕਾਇਆ ਰਾਸ਼ੀ ਨਿਰਧਾਰਤ ਮੱਦਾਂ ਦੇ ਖਰਚ ਲਈ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਿਡ ਡੇਅ ਮੀਲ ਸਕੀਮ ਤਹਿਤ ਜ਼ਿਲ੍ਹੇ ਦੇ ਸਕੂਲਾਂ ਵਿੱਚ ਅਨਾਜ ਦੀ ਕੋਈ ਘਾਟ ਨਹੀਂ ਹੈ।  ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਲਈ ਐਫ.ਸੀ.ਆਈ. ਪਾਸੋਂ ਲੋੜੀਂਦਾ ਅਨਾਜ ਦੀ ਪੰਹੁਚ ਸਕੂਲਾਂ ਵਿੱਚ ਕਰ ਦਿੱਤੀ ਗਈ ਹੈ।  ਮਹੀਨਾ ਅਗਸਤ ਤੱਕ ਕੂਕਿੰਗ ਕਾਸਟ ਦੀ ਕੁਲ ਰਾਸ਼ੀ 4 ਕਰੋੜ 50 ਲੱਖ 84 ਹਜ਼ਾਰ ਰੁਪਏ ਪ੍ਰਾਪਤ ਹੋਈ ਸੀ ਜਿਸ ਵਿੱਚ 2 ਕਰੋੜ 18 ਲੱਖ ਰੁਪਏ ਦੀ ਰਾਸ਼ੀ ਪ੍ਰਾਇਮਰੀ ਸਕੂਲਾਂ ਲਈ ਅਤੇ 2 ਕਰੋੜ 32 ਲੱਖ 84 ਹਜ਼ਾਰ ਰੁਪਏ ਦੀ ਰਾਸ਼ੀ ਅਪਰ ਪ੍ਰਾਇਮਰੀ ਸਕੂਲਾਂ ਲਈ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ।  ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 1690 ਕਿਚਨ ਸ਼ੈਡਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਕੂੰਟਾਂ ਵਿੱਚ ਅਧੂਰੇ ਕਿਚਨ ਸ਼ੈਡ ਦੇ ਕੰਮ ਨੂੰ ਜਲਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਬੱਚਿਆਂ ਦੇ ਮੈਡੀਕਲ ਚੈਕਅਪ ਸਬੰਧੀ ਡਾਕਟਰਾਂ ਵੱਲੋਂ ਕੀਤੀ ਗਈ ਸਿਹਤ ਜਾਂਚ ਦੇ ਕਾਰਡ ਮੁਕੰਮਲ ਅਤੇ ਸਮੇਂ-ਸਮੇਂ ਤੇ ਜਾਂਚ ਕਰਨ ਲਈ ਕਿਹਾ।
          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ 323 ਸਕੂਲਾਂ ਵਿੱਚ 20017 ਵਿਦਿਆਰਥੀਆਂ ਦਾ ਚੈਕਅਪ ਕੀਤਾ ਗਿਆ। ਸਰਵ ਸਿੱਖਿਆ ਅਭਿਆਨ ਸਬੰਧੀ ਪ੍ਰਾਪਤ ਗਰਾਂਟਾਂ ਦਾ ਲੇਖਾ-ਜੋਖਾ ਅਤੇ ਐਸ ਸੀ ਐਸ ਟੀ ਅਧੀਨ ਐਸ ਸੀ ਬੱਚਿਆਂ ਨੂੰ ਮਾਰਸ਼ਲ ਆਰਟ ਸਿਖਾਉਣ ਲਈ ਐਕਪੋਜ਼ਲ ਵਿਜ਼ਿਟ ਕਰਾਉਣ ਲਈ ਪ੍ਰਾਪਤ 9 ਲੱਖ 74 ਹਜ਼ਾਰ ਰੁਪਏ ਦੀ ਗਰਾਂਟ ਦੀ ਉਚਿਤ ਵਰਤੋਂ ਅਤੇ ਐਸ.ਸੀ. / ਐਸ.ਟੀ. ਲੜਕੇ, ਬੀ.ਪੀ.ਐਲ. ਲੜਕੇ ਅਤੇ ਸਾਰੀਆਂ ਲੜਕੀਆਂ ਨੂੰ ਵਰਦੀਆਂ ਖਰੀਦਣ ਲਈ 3 ਕਰੋੜ 94 ਲੱਖ 50 ਹਜ਼ਾਰ ਰੁਪਏ ਦੀ ਗਰਾਟ ਸਰਵ ਸਿੱਖਿਆ ਅਭਿਆਨ ਦੇ ਨਿਯਮਾਂ ਅਨੁਸਾਰ ਖਰਚ ਕਰਨ ਲਈ ਕਿਹਾ। ਸਰਵ ਸਿੱਖਿਆ ਸਕੀਮ ਤਹਿਤ ਜ਼ਿਲ੍ਹੇ ਵਿੱਚ ਨਵੇਂ ਸਕੂਲ / ਬਰਾਂਚ ਸਕੂਲ ਇਮਾਰਤ, ਲੜਕੀਆਂ ਲਈ ਪਖਾਨੈ, ਸਕੂਲਾਂ ਦੀ ਚਾਰਦੀਵਾਰੀ, ਐਡੀਸ਼ਨਲ ਕਲਾਸ ਰੂਮ ਪ੍ਰਾਇਮਰੀ, ਮੇਜਰ ਰਿਪੇਅਰ ਅਪਰ ਪ੍ਰਾਇਮਰੀ, ਫਰਨੀਚਰ, ਰੈਂਪਸ ਆਦਿ ਦੇ ਕੰਮਾਂ ਨੂੰ ਵੀ ਰੀਵੀਊ ਕੀਤਾ ਗਿਆ। ਖੇਤੀਬਾੜੀ ਵਿਭਾਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਘੱਟ ਬਾਰਸ਼ ਦੇ ਬਾਵਜੂਦ ਵੀ ਜ਼ਿਲ੍ਹਾ ਵਿੱਚ ਝੋਨੇ ਦੀ ਫ਼ਸਲ ਦੀ ਪੈਦਾਵਾਰ ਚੰਗੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਆਲੂ ਦੀ ਬਿਜਾਈ ਲਈ ਲੋੜੀਂਦੀਆਂ ਯੂਰੀਆਂ ਅਤੇ ਡੀ ਏ ਪੀ ਖਾਦਾਂ ਦਾ ਲੋੜੀਂਦਾ ਭੰਡਾਰ ਮੌਜੂਦ ਹੈ ਅਤੇ ਕਿਸਾਨਾਂ ਨੂੰ ਖਾਦਾਂ ਦੀ ਕਿਸੇ ਕਿਸਮ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਡੀ ਏ ਪੀ ਖਾਦ ਦੀ ਖਰੀਦ ਸਮੇਂ ਬੋਰੇ ਉਪਰ ਲਿਖੀ ਐਮ ਆਰ ਪੀ ਕੀਮਤ ਹੀ ਅਦਾ ਕੀਤੀ ਜਾਵੇ।
        ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਰੈਵਨਿਊ ਰਿਕਵਰੀ ਦੇ ਟੀਚੇ ਮੁਕੰਮਲ ਕਰਨ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਜਾਰੀ ਕੀਤੇ ਗਏ ਕਰਜ਼ਿਆਂ ਦੀ ਵਸੂਲੀ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਨਜਾਇਜ਼ ਕਬਜਿਆਂ ਅਤੇ ਧਾਰਮਿਕ ਸਥਾਨਾਂ ਦੇ ਕਬਜਿਆਂ ਨੂੰ ਤੁਰੰਤ ਹਟਾਉਣ ਅਤੇ ਹੁਣ ਤੱਕ ਕੀਤੀ ਗਈ ਕਾਰਗੁਜਾਰੀ ਦਾ ਜਾਇਜ਼ਾ ਲੈਂਦਿਆਂ ¦ਬਿਤ ਮਸਲਿਆਂ ਨੂੰ ਨਿਪਟਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਜਾਇਜ਼ ਕਬਜਿਆਂ ਸਬੰਧੀ ਚਲ ਰਹੇ ਮੁਕਦਮਿਆਂ ਦੀ ਪੂਰੀ ਪੈਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਮੁਕੱਦਮਿਆਂ ਦਾ ਫੈਸਲਾ ਹੋ ਜਾਂਦਾ ਹੈ , ਉਨ੍ਹਾਂ ਥਾਵਾਂ ਤੇ ਤੁਰੰਤ ਕਬਜਾ ਲੈਣ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ। ਆਮ ਜਨਤਾ ਦੀ ਸਹੂਲਤ ਲਈ ਅਤੇ ਕਿਸਾਨਾਂ ਨੂੰ ਮੁਕਦਮੇਬਾਜ਼ੀ ਤੋਂ ਬਚਾਉਣ ਲਈ ਜਮੀਨਾਂ ਦੀ ਖਾਨਗੀ ਵੰਡ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਇਸ ਦੇ ਲਾਹੇਵੰਦ ਪਹਿਲੂਆਂ ਤੋਂ ਜਿੰਮੀਦਾਰਾਂ ਨੂੰ ਜਾਣੂ ਕਰਾਉਣ ਲਈ ਹਲਕਾ ਮਾਲ ਅਧਿਕਾਰੀ ਵਿਸ਼ੇਸ਼ ਮੀਟਿੰਗਾਂ ਆਯੋਜਤ ਕਰਨ।  ਉਨ੍ਹਾਂ ਨੇ ਮਾਲ ਰਿਕਾਰਡ ਦੇ ਕੰਪਿਊਟਰਰਾਈਜੇਸ਼ਨ ਵੱਲ ਵੀ ਵਿਸ਼ੇਸ਼ ਤਵੱਜੋਂ ਦੇਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਅਤੇ ਜਾਇਦਾਦਾਂ ਸਬੰਧੀ ਕੇਸਾਂ ਨੂੰ ਸਮਾਂਬੱਧ ਅਤੇ ਪਹਿਲ ਦੇ ਆਧਾਰ ਤੇ ਕਰਨ ਦੇ ਆਦੇਸ਼ ਦਿੱਤੇ। 
        ਇਨ੍ਹਾਂ ਮੀਟਿੰਗਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਵਤਾਰ ਸਿੰਘ ਭੁੱਲਰ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਜ਼ਿਲ੍ਹਾ ਮਾਲ ਅਫ਼ਸਰ ਹਰਦੀਪ ਸਿੰਘ ਧਾਲੀਵਾਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਪੀ. ਵੀ. ਸੀ. ਪਾਈਪ ਕੁਨੈਕਸ਼ਨ ਤੇ ਪਾਬੰਦੀ

ਹੁਸ਼ਿਆਰਪੁਰ, 21 ਅਗਸਤ: ਵਰਖਾ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਨਾਲ ਭਿਆਨਕ ਬਿਮਾਰੀਆਂ ਫੈਲਣ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ  ਧਾਰਾ 144 ਅਧੀਨ ਪੀ.ਵੀ.ਸੀ. ਪਾਈਪਾਂ ਰਾਹੀਂ ਕੁਨੈਕਸ਼ਨ ਜੋੜਨ ਅਤੇ ਨਜਾਇਜ਼ ਕੁਨੈਕਸ਼ਨ ਲਗਾਉਣ ਤੇ ਪਾਬੰਦੀ ਲਗਾਈ ਹੈ। ਇਸ ਸਬੰਧ ਵਿੱਚ ਜੀ.ਆਈ. ਪਾਈਪਾਂ ਹੀ ਵਰਤਣ ਅਤੇ ਮੇਨ ਲਾਈਨ ਤੋਂ ਜਦੋਂ ਵੀ ਕਿਸੇ ਵਿਅਕਤੀ ਨੇ ਆਪਣੇ ਘਰ ਨੂੰ ਸਪਲਾਈ ਲੈਣੀ ਹੈ ਤਾਂ ਇਹ ਕੰਮ ਮਿਉਂਸਪਲ ਕਮੇਟੀ ਜਾਂ ਪੰਜਾਬ ਸੀਵਰੇਜ਼ ਬੋਰਡ ਦੇ ਸਬੰਧਤ ਐਸ.ਡੀ.ਓ. ਜਾਂ ਜੇ. ਈ. ਜਾਂ ਕਿਸੇ ਪੇਂਡੂ ਖੇਤਰ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ. ਜਾਂ ਜੇ.ਈ. ਜਾਂ ਕਿਸੇ ਹੋਰ ਅਧਿਕਾਰਤ ਮੁਲਾਜ਼ਮ ਦੀ ਹਾਜ਼ਰੀ ਵਿੱਚ ਹੀ ਕਰਵਾਇਆ ਜਾਵੇ ਤਾਂ ਜੋ ਬਾਅਦ ਵਿੱਚ ਕਿਸੇ ਤਰਾਂ ਦੀ ਲੀਕੇਜ਼ ਨਾ ਹੋਵੇ।
        ਇਹ ਹੁਕਮ 16 ਅਕਤੂਬਰ 2012 ਤੱਕ ਲਾਗੂ ਰਹੇਗਾ।

ਸਾਵਣ ਕਵੀ ਦਰਬਾਰ ਮੌਕੇ ਲੱਗੀ ਸ਼ਾਇਰਾਨਾ ਮਹਿਫ਼ਿਲ

ਤਲਵਾੜਾ, 17 ਅਗਸਤ: ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਕਰਵਾਏ ਸਾਵਣ ਕਵੀ ਦਰਬਾਰ ਮੌਕੇ ਹਾਜਰ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਜਨਾਬ ਨਰੇਸ਼ ਗੁਮਨਾਮ ਵੱਲੋਂ ਪੇਸ਼ ਸ਼ੇਅਰ ‘ਕਿਸ ਹਦ ਤਕ ਹੈ ਬਦਲ ਗਿਆ ਦੇਖਨਾ ਜ਼ਮਾਨੇ ਕਾ ਚਲਨ ਹੈ, ਜੁਬਾਂ ਪੇ ਉਲਫ਼ਤ ਬਗਲ ਮੇਂ ਹੋਤੀ ਹੈ ਖੰਜਰ ਸਾਵਨ ਮੇਂ’ ਨੂੰ ਭਰਪੂਰ ਦਾਦ ਮਿਲੀ। ਡਾ. ਸੁਰਿੰਦਰ ਮੰਡ ਵੱਲੋਂ ‘ਕਾਲੇ ਬੱਦਲ’, ‘ਕਿਤਾਬਾਂ’ ਅਤੇ ‘ਝੁੱਡੂ ਸਿੰਘ’ ਰਚਨਾਵਾਂ ਪੇਸ਼ ਕਰਕੇ ਖ਼ੂਬ ਵਾਹਵਾਹੀ ਲੁੱਟੀ। ਪ੍ਰੋ. ਗੁਰਚਰਨ ਸਿੰਘ ਤਲਵਾੜਾ ਵੱਲੋਂ ਸਾਵਣ ਦੇ ਮਹੱਤਵ ਅਤੇ ਇਸ ਨਾਲ ਜੁੜੇ ਰਹੱਸਵਾਦ ਤੇ ਚਾਨਣਾ ਪਾਇਆ। ਕੇ. ਕੇ. ਰਾਣਾ ਨੇ ‘ਸਾਵਣ ਆਇਆ’ ਅਤੇ ‘ਆਜ ਆਏਂਗੇ ਵੋ’ ਨਾਲ ਭਰਪੂਰ ਦਾਦ ਲਈ। ਹਰਸ਼ਵਿੰਦਰ ਕੌਰ ਦੀ ਰਚਨਾ ‘ਵੇਖੋ ਕੈਸਾ ਵਕਤ ਹੈ ਆਇਆ’ ਅਤੇ ‘ਪੁੱਤਾਂ ਦੀ ਕੀਮਤ’ ਨੂੰ ਕਾਫ਼ੀ ਪਸੰਦ ਕੀਤਾ ਗਿਆ।  ਰਵਿੰਦਰ ਰਵੀ ਦੀਆਂ ਰਚਨਾਵਾਂ ‘ਸੱਜਣਾਂ ਤੇਰੇ ਬਿਨਾਂ’ ਅਤੇ ‘ਪਰਦੇ’ ਨੇ ਖ਼ੂਬ ਸਮਾਂ ਬੰਨਿ•ਆ।  ਡਾ. ਅਮਰਜੀਤ ‘ਅਨੀਸ’ ਨੇ ‘ਸੀਨੇ ਅੱਗ ਲਾਈ ਹੋਈ ਆ’, ‘ ਤਲਵਾੜਾ ’ ਅਤੇ ਹਾਸ ਵਿਅੰਗ ਨਾਲ ਭਰਪੂਰ ਟੋਟਕੇ ਸੁਣਾ ਕੇ ਪੂਰੀ ਮਹਿਫ਼ਿਲ ਲੁੱਟ ਲਈ। ਐ¤ਸ. ਐ¤ਸ. ਸ਼ਮੀ ਵੱਲੋਂ ‘ਤਕਦੀਰ’ ਅਤੇ ‘ਵਾਢੀਆਂ ਦੀ ਰੁੱਤ ਵਿਚ ਵਰ•ਦਾ ਬੱਦਲ ਜਿਵੇਂ, ਸਿੱਖ ਲਿਆ ਢੰਗ ਤੂੰ ਵੀ ਸਾਨੂੰ ਤੜਫ਼ਾਣ ਦਾ’ ਨੂੰ ਖ਼ੂਬ ਵਾਹਵਾਹੀ ਮਿਲੀ। ਪ੍ਰਿੰਸ ਦੇ ਕਲਾਮ ਨੂੰ ਖ਼ੂਬ ਪਸੰਦ ਕੀਤਾ ਗਿਆ। ਉੱਥੇ ਮਾਸਟਰ ਮਦਨ ਲਾਲ ਵੱਲੋਂ ਵੰਝਲੀ ਤੇ ਪੇਸ਼ ਧੁਨਾਂ ਨਾਲ ਪੂਰਾ ਮਾਹੌਲ ਸੁਰਮਈ ਕਰ ਦਿੱਤਾ। ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਨੂੰ ਸਾਰਥਿਕ ਦੱਸਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਸਾਹਿਤਕ ਮਾਹੌਲ ਸਿਰਜਣਾ ਸਮੇਂ ਦੀ ਲੋੜ ਹੈ। ਹੋਰਨਾਂ ਤੋਂ ਇਸ ਮੌਕੇ ਪਰਤਾਪ ਸਿੰਘ, ਜਗਰੂਪ ਸਿੰਘ ਸੇਠ ਮੈਡੀਕਲ, ਸਵਰਨ ਸ਼ਰਮਾ, ਐ¤ਚ. ਐ¤ਸ. ਮਿੱਠੂ ਆਦਿ ਸਮੇਤ ਮੰਚ ਦੇ ਕਈ ਹੋਰ ਸਰਗਰਮ ਮੈਂਬਰ ਹਾਜਰ ਸਨ।

ਡਾ. ਰੰਧਾਵਾ ਵੱਲੋਂ ਸੈਨੇਟ ਚੋਣਾਂ ਦੇ ਮੱਦੇਨਜ਼ਰ ਤਲਵਾੜਾ ਵਿਖੇ ਚੋਣ ਪ੍ਰਚਾਰ

ਤਲਵਾੜਾ,17 ਅਗਸਤ : 23 ਸਤੰਬਰ ਨੂੰ ਹੋਣ ਜਾ ਰਹੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਗ੍ਰੈਜੂਏਟ ਹਲਕੇ ਦੀਆਂ ਸੈਨੇਟ ਚੋਣਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਮੌਜ਼ੂਦਾ ਸੈਨੇਟ ਮੈਂਬਰ ਜੋ ਕਿ ਸਟੂਡੈਂਟ ਆਰਗਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (ਸੋਪੂ) ਦੇ ਸੰਸਥਾਪਕ ਪ੍ਰਧਾਨ ਤੇ ਇਸ ਸਮੇਂ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਬਤੌਰ ਵਕੀਲ ਸੇਵਾ ਨਿਭਾ ਰਹੇ ਡਾ.ਦਿਆਲ ਪ੍ਰਤਾਪ ਸਿੰਘ ਰੰਧਾਵਾ ਵੱਲੋਂ ਅੱਜ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਇਆਂ, ਇੱਥੋਂ ਦੇ ਮੁਹੱਲਾ ਦੋਸੜਕਾ ਵਿਖੇ ਸਥਿਤ ਲਜ਼ੀਜ਼ ਰੇਸਤਰਾਂ ਵਿਖੇ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਿਗਰੀ ਧਾਰਕ ਵੋਟਰਾਂ ਨਾਲ ਮੀਟਿੰਗ ਕਰ ਆਪਣੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਰੰਧਾਵਾ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਇਆਂ ਦੱਸਿਆ ਕਿ ਭਾਰਤ ‘ਚ ਇੱਕ ਮਾਤਰ ਪੰਜਾਬ ਯੂਨੀਵਰਸਿਟੀ  ਚੰਡੀਗੜ੍ਹ ਹੀ ਇੱਕ ਅਜਿਹੀ ਵੱਕਾਰੀ ਸੰਸਥਾ ਹੈ । ਜਿਸਦੀ ਸੈਨੇਟ ਦੀ ਚੋਣ  ਲੋਕਤਾਂਤਰਿਕ ਢੰਗ ਨਾਲ ਹੁੰਦੀ ਹੈ ਤੇ ਇਹ ਬਿਲਕੁੱਲ ਦੇਸ਼ ਦੀ ਪਾਰਲੀਮੈਂਟ ਵਾਂਗ ਕੰਮ ਕਰਦੀ ਹੈ। ਪਰ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਚੋਣਾਂ ‘ਚ ਜ਼ਿਆਦਾਤਰ ਉਹ ਲੋਕ ਹੀ ਚੁਣ ਕੇ ਆਉਂਦੇ ਹਨ । ਜਿਨ੍ਹਾਂ ਦਾ ਸਿੱਖਿਆ ਦੀਆਂ ਨੀਤੀਆਂ ਜਾਂ ਸਿੱਖਿਆ ਨਾਲ ਦੂਰ-ਦੂਰ ਦਾ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸੌਪੂ ਦੇ ਗਠਨ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ‘ਚ ਸ਼ਹਿਰੀਆਂ ਦਾ ਦਬਦਬਾ ਸੀ। ਪਰ ਸੌਪੂ ਦੇ ਗਠਨ ਤੋਂ ਬਾਅਦ ਅੱਜ ਪੰਜਾਬ ਯੂਨੀਵਰਸਿਟੀ ‘ਚ ਪੇਂਡੂ ਵਿਦਿਆਰਥੀਆਂ ਦਾ ਪੂਰਾ ਦਬਦਬਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਚੋਣ ਲੜਨ ਦਾ ਇੱਕੋ ਹੀ ਮਕਸਦ ਹੈ ਤੇ ਉਹ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਸਬੰਧਤ ਕਾਲਜਾਂ ‘ਚ ਪੜ੍ਹਦੇ ਵਿਦਿਆਰਥੀਆਂ,ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਦੀਆਂ ਜ਼ਾਇਜ਼ ਮੰਗਾਂ ਤੇ ਪੈਰਾ ਦੇਣਾ ਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ। ਇਸ ਮੌਕੇ ਵਿਸ਼ਾਲ ਡੋਗਰਾ, ਪਰਮਜੀਤ ਬਾੜੀ, ਗੁਰਦੀਪ ਦੋਸੜਕਾ, ਰਾਕੇਸ਼ ਬਰਿੰਗਲੀ, ਜਗਦੀਪ ਧਾਰ, ਵਰਿੰਦਰ ਕੁਮਾਰ, ਯਾਦਵਿੰਦਰ, ਪਰਮਿੰਦਰ ਸਿੰਘ, ਰਾਜਕੁਮਾਰ, ਚੰਦਨ ਲਾਲ, ਰਾਕੇਸ਼ ਕੁਮਾਰ, ਸ਼ਾਮ ਲਾਲ, ਕੇਸ਼ਵ ਕੁਮਾਰ, ਸ਼ਿਵ ਕੁਮਾਰ,  ਵਿਕਰਮ ਜੀਤ ਸਿੰਘ ਬਾਜਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪੰਜਾਬ ਯੂਨੀਵਰਸਿਟੀ ਦੇ ਵੋਟਰ ਹਾਜ਼ਰ ਸਨ।

ਆਜਾਦੀ ਦਿਵਸ ਤੇ ਤਲਵਾੜਾ ਵਿਚ ਰੌਣਕਾਂ

Nursery Ground
GHS Fatehpur
ਤਲਵਾੜਾ, 15 ਅਗਸਤ : ਦੇਸ਼ ਦਾ ਆਜ਼ਾਦੀ ਦਿਵਸ ਮੌਕੇ ਇੱਥੇ ਬੀ. ਬੀ. ਐਮ. ਬੀ. ਤਲਵਾੜਾ ਦੇ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਵੱਲੋਂ ਨਰਸਰੀ ਮੈਦਾਨ ਵਿਖੇ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਸੈਕਟਰ 1, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਬੀ ਬੀ ਐਮ ਬੀ ਡੀ ਏ ਵੀ ਪਬਲਿਕ ਸਕੂਲ ਸੈਕਟਰ 2, ਸ਼ਿਵਾਲਿਕ ਪਬਲਿਕ ਸਕੂਲ, ਸ਼੍ਰੀ ਗੁਰ ਹਰਕ੍ਰਿਸ਼ਨ ਪਬਲਿਕ ਸਕੂਲ, ਵਸ਼ਿਸ਼ਟ ਭਾਰਤੀ ਸਕੂਲ ਆਦਿ ਦੇ ਵਿਦਿਆਰਥੀਆਂ ਵੱਲੋਂ ਤਿਰੰਗੇ ਨੂੰ ਸਲਾਮੀ ਦੇਣ ਉਪਰੰਤ ਦੇਸ਼ ਭਗਤੀ ਦੇ ਗੀਤਾਂ ਨਾਲ ਭਰਪੂਰ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਅਮਰਜੀਤ ਅਨੀਸ, ਹਰਸ਼ਵਿੰਦਰ ਕੌਰ, ਅਭਿਸ਼ਾ ਭੰਡਾਰੀ, ਰੀਨਾ ਵੱਲੋਂ ਪੇਸ਼ ਰਚਨਾਵਾਂ ਤੋਂ ਇਲਾਵਾ ਸ. ਕੰ. ਸ. ਸਕੂਲ ਸੈਕਟਰ 3 ਦੀਆਂ ਲੜਕੀਆਂ ਵੱਲੋਂ ਪੇਸ਼ ਗਿੱਧੇ ਅਤੇ ਮੰਚ ਸੰਚਾਲਕ ਸ਼੍ਰੀ ਸੁਰੇਸ਼ ਮਾਨ ਦੀ ਪੇਸ਼ਕਾਰੀ ਦਾ ਹਾਜਰ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।
ਸਰਕਾਰੀ ਹਾਈ ਸਕੂਲ ਫਤਿਹਪੁਰ ਚ ਵੀ ਲਹਿਰਾਇਆ ਤਿਰੰਗਾਇਸੇ ਤਰਾਂ ਸਰਕਾਰੀ ਹਾਈ ਸਕੂਲ ਫ਼ਤਿਹਪੁਰ ਵਿਖੇ ਵੀ ਆਜ਼ਾਦੀ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿੱਥੇ ਤਿਰੰਗਾ ਲਹਿਰਾਉਣ ਦੀ ਰਸਮ ਕੈਪਟਨ ਮਦਨ ਸਿੰਘ ਨੇ ਕੀਤੀ ਅਤੇ ਸ਼੍ਰੀ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬਤੌਰ ਵਿਸ਼ੇਸ ਮਹਿਮਾਨ ਸ਼ਾਮਿਲ ਹੋਏ। ਸਕੂਲ ਦੇ ਬੱਚਿਆਂ ਨੇ ਦਿਲਕਸ਼ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿਚ ਕੰਨਿਆ ਭਰੂਣ ਹੱਤਿਆ ਵਿਰੁੱਧ ਨਾਟਕ ਅਤੇ ਲੋਕ ਨਾਚ ਗਿੱਧੇ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਕੂਲ ਮੁਖੀ ਅਨੂਪ ਕੁਮਾਰ, ਧਿਆਨ ਸਿੰਘ, ਮਨੋਜ ਕੁਮਾਰ, ਸੁਖਵਿੰਦਰ ਕੌਰ, ਸਰਪੰਚ ਮਲਕੀਤ ਸਿੰਘ, ਸਵਿਤਾ, ਸ਼ਮਿੰਦਰ ਸਿੰਘ, ਜੀਵਨ ਆਸ਼ਾ, ਭੁਪਿੰਦਰ ਕੌਰ, ਰੇਖਾ, ਕੁਸਮ ਲਤਾ, ਅਮਰੀਕ, ਹਰਮਨਜੀਤ, ਰਿਟਾ. ਮੁੱਖ ਅਧਿਆਪਕ ਉੱਤਮ ਸਿੰਘ, ਨਰਿੰਦਰ ਸਿੰਘ, ਬਲਵੰਤ ਸਿੰਘ, ਰਾਜ ਕੁਮਾਰੀ ਆਦਿ ਹਾਜਰ ਸਨ।

ਪੰਜਾਬੀਆਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ : ਢੀਂਡਸਾ

ਹੁਸ਼ਿਆਰਪੁਰ, 15 ਅਗਸਤ: ਭਾਰਤ ਦੀ ਆਜ਼ਾਦੀ ਦੀ 65ਵੀਂ ਵਰ੍ਹੇਗੰਢ ਦਾ ਸਮਾਗਮ ਅੱਜ ਪੁਲਿਸ ਗਰਾਉਂਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।  ਸ੍ਰ: ਪਰਮਿੰਦਰ ਸਿੰਘ ਢੀਂਡਸਾ, ਵਿੱਤ ਤੇ ਯੋਜਨਾ, ਸੰਸਥਾਈ ਵਿੱਤ, ਬੈਕਿੰਗ ਅਤੇ ਪ੍ਰੋਗਰਾਮ ਅਮਲ ਮੰਤਰੀ ਪੰਜਾਬ ਮੁੱਖ ਮਮਿਹਾਨ ਵਜੋਂ ਸ਼ਾਮਲ ਹੋਏ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਿਰੀਖਣ ਕੀਤਾ।  ਮਾਰਚ ਪਾਸਟ ਵਿੱਚ ਬੀ ਐਸ ਐਫ, ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਸਾਬਕਾ ਫੌਜੀਆਂ, ਗਰਲ ਗਾਈਡਜ਼ ਅਤੇ ਸਕਾਊਟਸ ਦੀਆਂ ਟੁਕੜੀਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਮਾਸ ਪੀ ਟੀ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਨਹਿਰੂ ਯੁਵਕ ਕੇਂਦਰ ਅਤੇ ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। 
        ਸ੍ਰ: ਢੀਂਡਸਾ ਨੇ ਆਪਣੇ ਸੰਬੋਧਨ ਵਿੱਚ ਆਜ਼ਾਦੀ ਦਿਵਸ ਦੀ ਮੁਬਾਰਕਵਾਦ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਅਤੇ ਹੋਰ ਕਈ ਤਰਾਂ ਦੇ ਤਸੀਹੇ ਝੱਲਣ ਵਾਲੇ ਆਜ਼ਾਦੀ ਪ੍ਰਵਾਨਿਆਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਜਿਸ ਸਦਕਾ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆਂ ਹੈ। ਉਨ੍ਹਾਂ ਨੇ ਲੋਕਾਂ ਨੂੰ ਕੌਮੀ ਏਕਤਾ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਦੇਸ਼ ਪ੍ਰੇਮ ਦਾ ਜ਼ਜ਼ਬਾ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਆਪਣੀ ਸਮੂਚੀ ਕਾਰਗੁਜਾਰੀ ਉਤੇ ਝਾਤ ਮਾਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।
          ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪ੍ਰਸ਼ਾਸ਼ਨ ਨੂੰ ਜ਼ਿੰਮੇਵਾਰ ਅਤੇ ਜਵਾਬਦੇਹ ਬਣਾਉਣ ਲਈ ਸੇਵਾ ਦਾ ਅਧਿਕਾਰ ਕਾਨੂੰਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਦਿਹਾਤੀ ਵਿਕਾਸ ਦੇ ਚਾਲੂ ਮਾਲੀ ਸਾਲ ਦੌਰਾਨ ਪੇਂਡੂ ਵਿਕਾਸ ਲਈ 837 ਕਰੋੜ ਰੁਪਏ ਦਾ ਯੋਜਨਾ ਖਰਚ ਮਖਸੂਸ ਕੀਤਾ ਗਿਆ ਹੈ।  ਸਹਿਕਾਰਤਾ ਲਹਿਰ ਮਜਬੂਤ ਕਰਨ ਦੀ ਨੀਤੀ ਤਹਿਤ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਖੇਤੀ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ।  ਹਰੇਕ ਤਹਿਸੀਲ ਦੇ ਸਬ-ਤਹਿਸੀਲ ਵਿੱਚ 155 ਫਰਦ ਕੇਂਦਰ ਸਥਾਪਿਤ ਕੀਤੇ ਗਏ ਹਨ।  ਪੰਜਾਬ ਦੇ 12322 ਪਿੰਡਾਂ ਵਿੱਚੋ 11800 ਪਿੰਡਾਂ ਦੇ ਰਿਕਾਰਡ ਨੂੰ ਕੰਪਿਊਰੀਕ੍ਰਿਤ ਕੀਤਾ ਗਿਆ ਹੈ। ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚਾਲੂ ਮਾਲੀ ਦੌਰਾਨ 4039 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਕਸਬਿਆਂ ਅੰਦਰ 100 ਫੀਸਦੀ ਜਲ ਸਪਲਾਈ, ਸੀਵਰੇਜ਼, ਜਲ ਸ਼ੁੱਧੀਕਰਨ ਪਲਾਂਟ ਅਤੇ ਹੋਰ ਸਿਹਤ ਸੇਵਾਵਾਂ ਲਈ 8635 ਕਰੋੜ ਰੁਪਏ ਦੀ ਯੋਜਨਾ ਉਲੀਕੀ ਗਈ ਹੈ । ਸਰਕਾਰ ਵੱਲੋਂ 51049 ਕਰੋੜ ਰੁਪਏ ਸਨਅੱਤੀ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਵਿੱਚੋਂ 9674 ਕਰੋੜ ਰੁਪਏ ਦਾ ਨਿਵੇਸ਼ਾ ਪਹਿਲਾਂ ਹੀ ਹੋ ਚੁੱਕਾ ਹੈ।  ਸੜਕੀ ਬੁਨਿਆਦੀ ਢਾਂਚੇ ਤੇ 13000 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ। ਰਾਜ ਦੀਆਂ 400 ਕਿਲੋਮੀਟਰ ¦ਬੀਆਂ ਸੜਕਾਂ ਦਾ 350 ਕਰੋੜ ਰੁਪਏ ਦੀ ਰਕਮ ਨਾਲ ਨਵੀਨੀਕਰਨ ਕੀਤਾ ਜਾਵੇਗਾ। ਸਿੱਖਿਆ ਦਾ ਮਿਆਰ ਉਚਾ ਚੁਕਣ ਲਈ ਅਤੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੱਹਈਆ ਕਰਨ ਲਈ ਬਜ਼ਟ ਵਿੱਚ 5782 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
        ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ।  ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਹੁਸ਼ਿਆਰਪੁਰ ਦੇ ਕੰਢੀ ਖੇਤਰ ਵਿੱਚ ਫ਼ਲਾਂ ਦੀ ਪੈਦਾਵਾਰ ਨੂੰ ਧਿਆਨ ਰੱਖਦਿਆਂ ਹੋਇਆਂ ਐਗਰੋ ਪ੍ਰੋਸੈਸਿੰਗ ਯੂਨਿਟਾਂ ਨੂੰ 50 ਪ੍ਰਤੀਸ਼ਤ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਜ਼ਿਲ•ੇ ਵਿੱਚ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਵੈ ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਦਾ ਮੰਡੀਕਰਨ ਕਰਨ ਲਈ ਦੇਸ਼ ਦੀਆਂ ਪ੍ਰਸਿੱਧ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ ਅਤੇ ਇਸ ਖੇਤਰ ਵਿਚ ਲੋਕਾਂ ਦਾ ਆਰਥਿਕ ਪੱਧਰ ਉਚਾ ਚੁਕਣ ਲਈ ਰੋਜ਼ਗਾਰ ਦੀਆਂ ਹੋਰ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ।
          ਉਨ•ਾਂ ਦੱਸਿਆ ਕਿ ਜ਼ਿਲ•ਾ ਹੁਸ਼ਿਆਰਪੁਰ ਪਿਛਲੇ ਸਾਲ ਦੌਰਾਨ ਮਨਰੇਗਾ ਸਕੀਮ ਲਈ 1878.75 ਲੱਖ ਰੁਪਏ ਦੀ ਰਾਸ਼ੀ ਵਿੱਚੋਂ 1444.24 ਲੱਖ ਰੁਪਏ ਖਰਚ ਕਰਕੇ ਪੂਰੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਰਿਹਾ ਹੈ। ਜ਼ਿਲ•ੇ ਵਿੱਚ ਸਾਲ 2012-13 ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਗਰਾਮ ਪੰਚਾਇਤਾਂ ਨੂੰ 510.63 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।  ਜ਼ਿਲ•ੇ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਅਤੇ ਨਿਆਸਰਿਤ ਔਰਤਾਂ, ਆਸ਼ਰਿਤ ਬੱਚਿਆਂ ਤੇ ਅਪੰਗ ਵਿਅਕਤੀਆਂ ਦੇ 93883 ਲਾਭਪਾਤਰੀਆਂ ਨੂੰ 7 ਕਰੋੜ 27 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।  ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਹਰਿਆਵਲ ਪੰਜਾਬ ਲਹਿਰ ਤਹਿਤ ਪੰਜਾਬ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਕਰਨ ਦੀ ਸਕੀਮ ਤਹਿਤ ਪਿੰਡਾਂ ਅਤੇ ਹੋਰ ਸ਼ਾਮਲਾਟ ਜਮੀਨਾਂ, ਸੜਕਾਂ ਦੇ ਕਿਨਾਰਿਆਂ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਖਾਲੀ ਸਥਾਨਾਂ ਵਿੱਚ ਬੋਹੜ, ਪਿੱਪਲ ਤੇ ਨਿੰਮ ਦੀਆਂ ਤ੍ਰਿਵੇਣੀਆਂ ਦੇ ਬੂਟੇ ਲਗਾਏ ਜਾ ਰਹੇ ਹਨ। ਇਸ ਲਹਿਰ ਤਹਿਤ ਚਾਲੂ ਮਾਲੀ ਸਾਲ ਦੌਰਾਨ ਜ਼ਿਲ•ਾ ਹੁਸ਼ਿਆਰਪੁਰ ਿਵਿੱਚ 713 ਹੈਕਟੇਅਰ ਰਕਬੇ ਵਿੱਚ 5 ਲੱਖ ਪੌਦੇ ਲਗਾਏ ਜਾਣਗੇ।
        ਇਸ ਮੌਕੇ ਤੇ ਸ੍ਰ: ਢੀਂਡਸਾ ਨੇ ਆਜ਼ਾਦੀ ਦਿਵਸ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਸਭਿਆਚਾਰਕ ਟੁਕੜੀਆਂ ਨੂੰ ਅਤੇ ਜੇ ਐਸ ਐਸ ਆਸ਼ਾ ਕਿਰਨ ਸਪੈਸ਼ਲ ਸਕੂਲ, ਜਹਾਨਖੇਲਾਂ ਦੇ ਮੰਦ ਬੁੱਧੀ ਬੱਚਿਆਂ ਲਈ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਦੌਰਾਨ ਜ਼ਿਲ•ੇ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜਾਰੀ ਦਿਖਾਉਣ ਵਾਲੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।  ਮਾਰਚ ਪਾਸਟ, ਮਾਸ ਪੀ ਟੀ ਸੋਅ, ਝਾਕੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਪਹਿਲਾਂ ਦੂਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਤੇ ਸ੍ਰ: ਢੀਂਡਸਾ ਨੇ ਗਰੀਬ ਤੇ ਲੋੜਵੰਦ ਔਰਤਾਂ ਨੂੰ 20 ਸਿਲਾਈ ਮਸ਼ੀਨਾਂ, 10 ਟਰਾਈ-ਸਾਈਕਲ ਅਤੇ 5 ਵੀਅਲ ਚੇਅਰਾਂ ਵੀ ਵੰਡੀਆਂ ਗਈਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ, ਆਈ ਜੀ ਜ¦ਧਰ ਰੇਂਜ ਗੁਰਪ੍ਰੀਤ ਦਿਓ, ਐਸ ਐਸ ਪੀ ਬੀ ਐਸ ਸਿੱਧੂ, ਹੋਰ ਅਧਿਕਾਰੀ ਅਤੇ ਰਾਜਨੀਤਿਕ ਆਗੂ  ਹਾਜ਼ਰ ਸਨ।

ਜਨੌੜੀ ਵਿਚ ਬਣੇਗਾ 66 ਕੇਵੀ ਸਬ ਸਟੇਸ਼ਨ : ਜੋਸ਼

ਹੁਸ਼ਿਆਰਪੁਰ, 4 ਅਗਸਤ: ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਪਿੰਡ ਜਨੌੜੀ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ 5 ਕਰੋੜ ਰੁਪਏ ਦੀ ਲਾਗਤ ਨਾਲ ਜਨੌੜੀ ਵਿਖੇ 66 ਕੇ.ਵੀ. ਸਬ-ਸਟੇਸ਼ਨ ਬਣਾਇਆ ਜਾ ਰਿਹਾ ਹੈ । ਇਹ ਜਾਣਕਾਰੀ ਮੁੱਖ ਪਾਰਲੀਮਾਨੀ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਜਨੌੜੀ ਦੀ ਛੁਮੇੜੀ ਪੱਤੀ ਦੇ ਕਿਸਾਨਾਂ ਨੂੰ ਸਿੰਚਾਈ ਸਹੂਲਤਾਂ ਦੇਣ ਲਈ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਵੱਲੋਂ 25.67 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਡੂੰਘੇ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ।
        ਇਸ ਮੌਕੇ ਤੇ ਬੀਬੀ ਜੋਸ਼ ਨੇ  ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੰਢੀ ਖੇਤਰ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਨੂੰ ਪਾਣੀ ਲਗਾਉਣ ਲਈ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਕੰਢੀ ਖੇਤਰ ਵਿੱਚ ਸਿੰਚਾਈ ਦੇ ਡੂੰਘੇ ਟਿਊੁਬਵੈਲ ਲਗਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਖੇਤੀ ਲਈ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਟਿਊਬਵੈਲ ਦੇ ਨਾਲ 230 ਏਕੜ ਰਕਬੇ ਨੂੰ ਸਿੰਚਾਈ ਕਰਨ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਲਗਭਗ 70 ਕਿਸਾਨਾਂ ਨੂੰ ਆਪਣੀਆਂ ਖੇਤੀਯੋਗ ਜਮੀਨਾਂ ਨੂੰ ਪਾਣੀ ਉਪਲਬੱਧ ਹੋਵੇਗਾ। ਉਨ੍ਹਾਂ ਨੇ ਪਿੰਡ ਦੇ ਵਸਨੀਕ ਦਲਜੀਤ ਸਿੰਘ ਵੱਲੋਂ ਇਸ ਟਿਊਬਵੈਲ ਨੂੰ ਲਗਾਉਣ ਲਈ 16 ਮਰਲੇ ਜਮੀਨ ਦਾਨ ਦੇਣ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਹੀ ਕਰਵਾਇਆ ਜਾਵੇਗਾ। ਇਸ ਮੌਕੇ ਤੇ ਬੀਬੀ ਜੋਸ਼ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ 5.50 ਲੱਖ ਰੁਪਏ ਦੇ ਚੈਕ ਵਿਕਾਸ ਕਾਰਜਾਂ ਲਈ ਵੰਡੇ।
        ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਤਰਲੋਕ ਕੁਮਾਰ ਕੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਚਾਈ ਸਹੂਲਤਾਂ ਦੇਣ ਲਈ 183. 25 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ ਅਤੇ ਇਸ ਵਿੱਚ 40 ਹਾਰਸ ਪਾਵਰ ਦਾ ਮੋਟਰ ਪੰਪ ਲਗਾਇਆ ਗਿਆ ਹੈ ਜਿਸ ਨਾਲ 3405 ਮੀਟਰ ਪਾਈਪ ਲਾਈਨ ਵਿਛਾਈ ਗਈ ਹੈ ਜਿਸ ਵਿੱਚ 3370 ਮੀਟਰ ਆਰ ਸੀ ਸੀ ਪਾਈਪ ਅਤੇ 35 ਮੀਟਰ ਪੀ ਵੀ ਸੀ ਪਾਈਪ ਲਾਈਨ ਹੈ। ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਾਸਟਰ ਕਿਸ਼ਨ ਸਿੰਘ ਨੀਲਾ ਨਲੋਆ, ਸਰਪੰਚ ਬਾੜੀ ਖੱਡ ਕਿਸ਼ਨ ਲਾਲ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।
        ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਐਸ ਡੀ ਓ ਨਰਿੰਦਰ ਸਿੰਘ ਸੈਣੀ, ਸਹਾਇਕ ਇੰਜੀਨੀਅਰ ਜਸਵਿੰਦਰਪਾਲ ਸਿੰਘ, ਸਹਾਇਕ ਇੰਜੀ: ਸਤੀਸ਼ ਪਰਮਾਰ, ਪੰਜਾਬ ਪਾਵਰ ਕਾਰਪੋਰੇਸ਼ਨ ਦੇ ਵਧੀਕ ਨਿਗਰਾਨ ਇੰਜੀ: ਪਰਵਿੰਦਰ ਸਿੰਘ ਖਾਂਭਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੰਗਤ ਰਾਜ, ਪ੍ਰਿੰਕੀ ਸ਼ਰਮਾ, ਪੰਚ ਜੱਗਾ ਸਿੰਘ, ਰਵਿੰਦਰ ਫੌਜੀ, ਪ੍ਰਧਾਨ ਯੂਥ ਵਿੰਗ ਪਿਆਰੇ ਲਾਲ, ਸਰਪੰਚ ਮੁਹੱਲਾ ਟਾਹਲੀਵਾਲ ਜੱਗਾ ਸਿੰਘ, ਸਾਬਕਾ ਸਰਪੰਚ ਬਖਸ਼ੀ ਰਾਮ, ਸਰਪੰਚ ਟੱਪਾ ਰਾਜ ਰਾਣੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਫੈਂਸੀ ਨੰਬਰਾਂ ਨਾਲ ਹੋਈ ਸਵਾ ਦੋ ਲੱਖ ਰੁਪਏ ਦੀ ਆਮਦਨ : ਗਿੱਲ

ਹੁਸ਼ਿਆਰਪੁਰ, 3 ਅਗਸਤ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਪੀ ਬੀ 07- ਏ ਜੀ ਦੇ ਬਾਕੀ ਰਹਿੰਦੇ ਫੈਂਸੀ ਨੰਬਰਾਂ ਦੀ ਕਰਵਾਈ ਗਈ ਬੋਲੀ ਵਿੱਚੋਂ ਸਰਕਾਰ ਨੂੰ 2,22,500/- ਰੁਪਏ ਦੀ ਆਮਦਨ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬੋਲੀ ਦੀ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਅੱਜ ਦੀ ਬੋਲੀ ਮੌਕੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਤਹਿਸੀਲਦਾਰ ਹਰਮਿੰਦਰ ਸਿੰਘ, ਮੋਟਰ ਵਹੀਕਲ ਇੰਸਪੈਕਟਰ ਰਣਬੀਰ ਸਿੰਘ ਕਲਸੀ, ਲਹਿੰਬਰ ਰਾਮ, ਹਰਮੇਸ਼ ਸਿੰਘ, ਜੇ ਕੇ ਅਗਨੀਹੋਤਰੀ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬੋਲੀਕਾਰ ਹਾਜ਼ਰ ਸਨ।
        ਸ੍ਰੀ ਪੀ ਐਸ ਗਿੱਲ ਨੇ ਦੱਸਿਆ ਕਿ ਅੱਜ ਦੀ ਬੋਲੀ ਵਿੱਚ ਪੀ ਬੀ 07- ਏ ਜੀ ਦਾ 0050 ਨੰਬਰ 20,000/- ਵਿੱਚ ਰਜਨੀ ਕੋਹਲੀ ਹੁਸ਼ਿਆਰਪੁਰ ਨੇ ਖਰੀਦ ਕੀਤਾ । ਇਸੇ ਤਰਾਂ ਪੀ ਬੀ 07-ਏ ਜੀ 4545 ਨੰਬਰ 10,000/- ਰੁਪਏ ਵਿੱਚ ਦਲਜੀਤ ਸਿੰਘ ਜੰਡਾ ਨੇ, 5656 ਨੰਬਰ ਜਲੰਧਰ ਦੇ ਹਰਮਨਜੀਤ ਸਿੰਘ ਨੇ 85,00/- ਰੁਪਏ ਵਿੱਚ, 0099 ਨੰਬਰ ਅਮਰਜੀਤ ਕੌਰ ਲੁਧਿਆਣਾ ਨੇ  8,000/- ਰੁਪਏ ਵਿੱਚ ਖਰੀਦੇ ਹਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)