ਲਓ ਜੀ, ਆ ਹੀ ਗਏ ਝੂਲੇ !

ਤਲਵਾੜਾ, 28 ਅਗਸਤ : ਭਗਵਾਨ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਸਾਰੇ ਤਲਵਾੜਾ ਵਾਸੀਆਂ ਨੂੰ ਸਾਰਾ ਸਾਲ ਇੰਤਜਾਰ ਰਹਿੰਦਾ ਹੈ। ਜਨਮ ਅਸ਼ਟਮੀ ਮੌਕੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸੈਕਟਰ 2 ਦੇ ਸਾਹਮਣੇ ਵਾਲੇ ਛੋਟੇ ਜਿਹੇ ਮੈਦਾਨ ਤੇ ਹਰ ਸਾਲ ਵੱਡਾ ਮੇਲਾ ਲਗਦਾ ਹੈ ਜਿਸ ਵਿਚ ਲੱਗਣ ਵਾਲੇ ਝੂਲੇ, ਸਰਕਸ, ਖੇਡ ਤਮਾਸ਼ੇ, ਨਿੱਕੀਆਂ ਵੱਡੀਆਂ ਦੁਕਾਨਾਂ, ਬਜਾਰ, ਰੌਸ਼ਨੀਆਂ ਅਤੇ ਮੰਦਰ ਦੀ ਸਜਾਵਟ ਕਰੀਬ ਪੰਦਰਾਂ ਵੀਹ ਦਿਨਾਂ ਤੱਕ ਲਗਾਤਾਰ ਰੌਣਕ ਲਾਈ ਰੱਖਦੇ ਹਨ। ਆਮ ਤੌਰ ਤੇ ਚੰਗੜਵਾਂ ਦੇ ਨਾਗ ਦੇਵਤਾ ਮੇਲੇ ਤੇ ਲੱਗਦੇ ਝੂਲੇ ਇੱਥੇ ਲਗ ਜਾਂਦੇ ਹਨ ਪਰੰਤੂ ਇਸ ਵਾਰ ਉਸ ਮੇਲੇ ਤੋਂ ਕਈ ਦਿਨ ਬਾਅਦ ਵੀ ਝੂਲਿਆਂ ਦਾ ਨਾਮੋਨਿਸ਼ਾਨ ਨਜ਼ਰ ਨਹੀਂ ਆਇਆ ਤਾਂ ਜਾਪਿਆ ਸ਼ਾਇਦ ਐਤਕੀਂ ਇਹ ਮੇਲਾ ਝੂਲਿਆਂ ਤੋਂ ਬਿਨਾਂ ਸਾਉਣ ਦੀ ਉਸ ਬੱਦਲੀ ਵਾਂਗ ਲੰਘ ਜਾਵੇਗਾ ਜੋ ਬਰਸਾਤ ਨਹੀਂ ਕਰਦੀ। ਪਰ ਅੱਜ ਜਦੋਂ ਟਰੱਕਾਂ ਵਿਚ ਝੂਲਿਆਂ ਵਾਲੇ ਪੁੱਜੇ ਤਾਂ ਲੋਕਾਂ ਤੇ ਚਿਹਰੇ ਤੇ ਰੌਣਕ ਆ ਗਈ। ਹੁਣ ਲਗਦਾ ਹੈ ਕਿ ਐਤਕੀਂ ਵੀ ਜਨਮ ਅਸ਼ਟਮੀ ਦਾ ਮੇਲਾ ਹਮੇਸ਼ਾ ਵਾਂਗ ਜੋਰਦਾਰ ਰਹੇਗਾ।

ਨੇਤਰਦਾਨ ਲਈ ਪੰਜਾਬ ਵਿਚ 73 ਕੇਂਦਰ ਖੋਲ੍ਹੇ ਜਾਣਗੇ : ਸੂਦ

ਹੁਸ਼ਿਆਰਪੁਰ, 28 ਅਗਸਤ:  ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਨੇਤਰਦਾਨ ਕਰਨ ਲਈ 73 ਨੇਤਰਦਾਨ ਸੈਂਟਰ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਗਿਆ ਹੈ।  ਇਹ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ ਹੁਸ਼ਿਆਰਪੁਰ ਵਿਖੇ  ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋਂ ਮੈਡੀਕਲ ਸਿੱਖਿਆ ਤੇ ਖੋਜ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਸਹਿਯੋਗ ਨਾਲ ਰਾਜ ਪੱਧਰੀ 25ਵੇਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ  ਦੇ ਸਬੰਧ ਵਿੱਚ ਕਰਵਾਏ ਸਮਾਗਮ  ਨੂੰ ਸੰਬੋਧਨ ਕਰਦਿਆਂ ਕੀਤਾ।
        ਸ਼੍ਰੀ ਸੂਦ ਨੇ ਕਿਹਾ ਕਿ  ਪੰਜਾਬ ਵਿੱਚ ਨੇਤਰਦਾਨ ਦੀ ਬਹੁਤ ਲੋੜ ਹੈ ਅਤੇ  ਪੰਜਾਬ ਵਿੱਚੋਂ  ਅੰਨੇਪਨ ਨੂੰ ਦੂਰ ਕਰਨ ਲਈ ਨੇਤਰਦਾਨ  ਨੂੰ ਲਹਿਰ ਬਣਾਉਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ  ਨੇਤਰਦਾਨ ਕਰਨਾ ਹਰ ਆਦਮੀ ਦੇ ਜੀਵਨ ਦਾ ਹਿੱਸਾ ਬਣਨਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਮਰਨ ਉਪਰੰਤ ਨੇਤਰਦਾਨ ਕਰਨ ਨਾਲ ਜਿਥੇ ਲੋੜਵੰਦ ਵਿਅਕਤੀ ਨੂੰ  ਜੀਵਨ ਵਿੱਚ ਰੌਸ਼ਨੀ ਮਿਲਦੀ ਹੈ, ਉਥੇ ਨੇਤਰਦਾਨ ਕਰਨ ਵਾਲੇ ਵਿਅਕਤੀ ਦੀ ਸੇਵਾ ਵੀ ਯਾਦ  ਰਹਿੰਦੀ ਹੈ।  ਉਹਨਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਹੁਣ ਤੱਕ 526 ਵਿਅਕਤੀਆਂ ਨੂੰ ਦਾਨ ਕੀਤੀਆਂ ਅੱਖਾਂ ਲਗਾ ਕੇ ਰੌਸ਼ਨੀ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ 70,000 ਵਿਅਕਤੀਆਂ ਵੱਲੋਂ  ਮਰਨ ਉਪਰੰਤ ਨੇਤਰਦਾਨ ਕਰਨ ਦੇ ਪ੍ਰਣ ਪੱਤਰ ਭਰੇ ਗਏ ਹਨ।  ਉਹਨਾਂ ਨੇ ਬਾਕੀ ਜ਼ਿਲ੍ਹਿਆਂ ਦੀਆਂ ਨੇਤਰਦਾਨ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਹੁਸ਼ਿਆਰਪੁਰ ਨੇਤਰਦਾਨ ਸੰਸਥਾ ਤੋਂ ਪ੍ਰੇਰਨਾ ਲੈ ਕੇ ਇਸ ਵੱਡਮੁਲੇ ਸਮਾਜ ਸੇਵੀ ਕੰਮ ਵਿੱਚ ਆਪਣਾ ਯੋਗਦਾਨ ਪਾਉਣ।
        ਸ਼੍ਰੀ ਸੂਦ ਨੇ ਦੱਸਿਆ ਕਿ ਰਾਜ ਅੰਦਰ ਨੇਤਰਦਾਨ ਨਾਲ ਸਬੰਧਤ ਸਵੈ ਸੇਵੀ ਸੰਸਥਾਵਾਂ  ਅਤੇ ਆਈ ਬੈਂਕਸ ਦੇ ਆਪਸੀ ਤਾਲਮੇਲ  ਲਈ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਹੈ ਜਿਸ ਦੇ ਮੁੱਖ ਪੈਟਰਨ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਹੋਣਗੇ ਅਤੇ  ਪੈਟਰਨ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ, ਸਕੱਤਰ  ਸਿਹਤ ਤੇ ਪ੍ਰੀਵਾਰ ਭਲਾਈ ਅਤੇ ਪ੍ਰਧਾਨ ਪੰਜਾਬ ਮੈਡੀਕਲ ਕੌਂਸਲ ਹੋਣਗੇ। ਉਹਨਾਂ ਦੱਸਿਆ ਕਿ ਪ੍ਰੋ: ਬਹਾਦਰ ਸਿੰਘ ਸੁਨੇਤ ਇਸ ਕੋਆਰਡੀਨੇਸ਼ਨ ਕਮੇਟੀ ਦੇ ਵਾਈਸ ਪ੍ਰਧਾਨ ਅਤੇ ਸ੍ਰ: ਜਸਬੀਰ ਸਿੰਘ  ਕੋਆਰਡੀਨੇਟਰ ਹੋਣਗੇ  ਅਤੇ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਸਿਵਲ ਸਰਜਨ, ਰਾਜ ਦੀਆਂ ਨੇਤਰਦਾਨ ਸੰਸਥਾਵਾਂ ਦੇ ਪ੍ਰਧਾਨ ਤੇ  ਜਨਰਲ ਸਕੱਤਰ ਮੈਂਬਰ ਹੋਣਗੇ।  ਸ਼੍ਰੀ ਸੂਦ ਨੇ ਕਿਹਾ ਕਿ ਜਿਹੜੀਆਂ ਨੇਤਰਦਾਨ ਸੰਸਥਾਵਾਂ  ਇਸ ਮਹਾਨ ਕਾਰਜ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ  ਤੇ ਆਉਣਗੀਆਂ, ਉਹਨਾਂ ਦੇ  ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੂੰ ਕਾਰਜਕਾਰੀ ਮੈਂਬਰ ਬਣਾਇਆ ਜਾਵੇਗਾ।
        ਸ਼੍ਰੀ ਸੂਦ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਨੇਤਰਦਾਨ ਐਸੋਸੀਏਸ਼ਨ ਕੋਆਰਡੀਨੇਸ਼ਨ ਕਮੇਟੀ ਦੀ ਇੱਕ ਵੈਬ ਸਾਈਟ ਵੀ ਸ਼ੁਰੂ ਕੀਤੀ ਜਾਵੇਗੀ    ਜਿਸ ਵਿੱਚ    ਅੱਖਾਂ ਦਾਨ    ਕਰਨ ਵਾਲੇ ਵਿਅਕਤੀਆਂ, ਅੱਖਾਂ ਪ੍ਰਾਪਤ ਕਰਨ ਵਾਲੇ ਵਿਅਕਤੀਆਂ, ਸਵੈਸੇਵੀ ਜਥੇਬੰਦੀਆਂ, ਆਈ ਬੈਂਕਸ ਅਤੇ ਡਾਕਟਰਾਂ ਦੇ ਨਾਵਾਂ ਤੇ  ਪਤਿਆਂ ਦੀ ਸੂਚੀ ਦਰਸਾਈ ਜਾਵੇਗੀ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਇਸ ਵੈਬ ਸਾਈਟ ਰਾਹੀਂ ਸਬੰਧਤ ਸੰਸਥਾਵਾਂ ਤੇ ਡਾਕਟਰਾਂ ਨਾਲ ਸੰਪਰਕ ਕਰ ਸਕੇ।  ਸ਼੍ਰੀ ਸੂਦ ਨੇ ਕਿਹਾ ਕਿ  ਨੇਤਰਦਾਨ ਐਸੋਸੀਏਸ਼ਨ ਨੂੰ ਇਸ ਮਹਾਨ ਕਾਰਜ ਲਈ  ਜਿੰਨੇ ਫੰਡਾਂ ਦੀ ਜ਼ਰੂਰਤ ਹੋਵੇਗੀ,  ਦਿੱਤੇ ਜਾਣਗੇ। ਉਹਨਾਂ ਨੇ ਇਸ ਮੌਕੇ ਤੇ ਇਸ ਸਾਲ  ਨੇਤਰਦਾਨ ਕਰਨ ਵਾਲੇ 55 ਵਿਅਕਤੀਆਂ ਵਿੱਚੋਂ 20 ਵਿਅਕਤੀਆਂ ਦੇ ਪ੍ਰੀਵਾਰਾਂ ਨੂੰ ਮੈਡਲ ਦੇ ਕੇ  ਅਤੇ ਵੱਖ-ਵੱਖ ਜ਼ਿਲਿ•ਆਂ ਵਿੱਚੋਂ ਆਏ ਮਹਿਮਾਨਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ।
        ਸ੍ਰ: ਸੀਤਲ ਸਿੰਘ ਮੁੱਖ ਪਾਰਲੀਮਾਨੀ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅੰਨਾਪਨ ਸਾਰੇ ਸੰਸਾਰ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਦੂਰ ਕਰਨ ਲਈ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਹਨਾਂ ਨੇ ਇਸ ਮੌਕੇ ਇਸ ਸੰਸਥਾ ਨੂੰ 31 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
        ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।  ਉਹਨਾਂ ਕਿਹਾ ਕਿ ਇਹ ਸੰਸਥਾ ਅੰਨੇਪਨ ਨੂੰ ਦੂਰ ਕਰਨ ਲਈ ਮਾਰੂਥਲ ਵਿੱਚ ਪਾਣੀ ਦੇ ਸੋਮੇ ਵਾਂਗ ਕੰਮ ਕਰ ਰਹੀ ਹੈ।  ਉਹਨਾਂ ਕਿਹਾ ਕਿ ਹਰੇਕ ਵਿਅਕਤੀ ਜਿਓਦੇ ਜੀਅ ਤਾਂ ਦਾਨ ਕਰਦਾ ਹੈ ਪਰ ਮਰਨ ਉਪਰੰਤ ਵੀ ਜੇ ਦਾਨ ਕਰਨਾ ਹੈ ਤਾਂ ਉਹ ਆਪਣੀਆਂ ਅੱਖਾਂ ਦਾਨ ਕਰਕੇ ਕਰ ਸਕਦਾ ਹੈ। ਜਿਸ ਨਾਲ ਲੋੜਵੰਦ ਵਿਅਕਤੀ ਨੂੰ ਰੌਸ਼ਨੀ ਮਿਲ ਸਕਦੀ ਹੈ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਐਸ ਐਸ ਗਿੱਲ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ, ਪ੍ਰੋ: ਮਨਮੋਹਨ ਸਿੰਘ ਪ੍ਰਧਾਨ ਪੰਜਾਬ ਮੈਡੀਕਲ ਕੌਂਸਲ, ਡਾ. ਏ ਐਸ ਥਿੰਦ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿ ਅਤੇ  ਡਾ ਪੀ ਐਸ ਸੰਧੂ ਡੀਨ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਨਾ ਦਿੱਤੀ।  ਇਸ ਮੌਕੇ ਤੇ ਅੱਖਾਂ ਦਾ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ  502 ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ ਅਤੇ ਸ਼੍ਰੀ ਤੀਕਸ਼ਨ ਸੂਦ  ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਦੇ ਵੱਡੇ ਭਰਾ  ਪ੍ਰਭਜੋਤ ਸੂਦ ਅਤੇ ਭਰਜਾਈ ਤ੍ਰਿਪਤਾ ਸੂਦ ਸਮੇਤ 45 ਵਿਅਕਤੀਆਂ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਦੇ ਪ੍ਰਣ ਪੱਤਰ ਭਰੇ।  ਸਟੇਜ ਦੀ ਕਾਰਵਾਈ ਸ਼੍ਰੀ ਕਮਲਜੀਤ ਸੇਤੀਆ ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ ਨੇ ਬਾਖੂਬੀ ਨਿਭਾਈ।  ਪ੍ਰੋ: ਬਹਾਦਰ ਸਿੰਘ ਪ੍ਰਧਾਨ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ  ਨੂੰ ਜੀ ਆਇਆਂ ਕਿਹਾ ਅਤੇ ਸੰਸਥਾ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
          ਹੋਰਨਾਂ ਤੋਂ ਇਲਾਵਾ ਸ਼੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਦੀ ਧਰਮਪਤਨੀ ਸ਼੍ਰੀਮਤੀ ਰਾਕੇਸ਼ ਸੂਦ,  ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ ਹੁਸ਼ਿਆਰਪੁਰ,  ਅਸ਼ਵਨੀ ਓਹਰੀ,  ਸੁਖਵਿੰਦਰ ਸਿੰਘ ਪਾਹੜਾ, ਹਰਭਜਨ ਸਿੰਘ ਬੇਦੀ ਗੁਰਦਾਸਪੁਰ, ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਅਤੇ  ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਬਹਾਦਰਪੁਰ ਵਿਚ ਸੂਦ ਨੇ ਰੱਖਿਆ ਸੀਵਰੇਜ ਦਾ ਨੀਂਹ ਪੱਥਰ

ਹੁਸ਼ਿਆਰਪੁਰ, 28 ਅਗਸਤ: ਪੰਜਾਬ ਸਰਕਾਰ ਵੱਲੋਂ ਟੋਟਲ ਸੈਨੀਟੇਸ਼ਨ ਸਕੀਮ ਅਧੀਨ ਹੁਸ਼ਿਆਰਪੁਰ ਸ਼ਹਿਰ ਵਿੱਚ ਸੀਵਰੇਜ਼ ਪਾਉਣ ਲਈ 106 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਬਹਾਦਰਪੁਰ  ਵਿਖੇ  ਬੈਕਵਰਡ ਰੀਜ਼ਨ ਗਰਾਂਟ ਫੰਡ ਸਕੀਮ (ਬੀ ਆਰ ਜੀ ਐਫ) ਅਧੀਨ 17 . 48 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ਼ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। 
           ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਉਹਨਾ ਹੋਰ ਦੱਸਿਆ ਕਿ  ਵਾਰਡ ਨੰ: 1 ਅਤੇ 3 ਦੇ ਮੁਹੱਲਾ ਨਰਾਇਣ ਨਗਰ, ਸੂਰਜ ਨਗਰ ਅਤੇ ਚਾਂਦ ਨਗਰ ਵਿੱਚ ਸੀਵਰੇਜ਼ ਸਿਸਟਮ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਲਈ ਇਨ•ਾਂ ਮੁਹੱਲਿਆਂ ਵਿੱਚ ਸੀਵਰੇਜ਼ ਸਿਸਟਮ ਪਾਉਣ ਲਈ ਇਹ ਸਕੀਮ  ਬਣਾਈ ਗਈ ਹੈ ਜਿਸ ਅਧੀਨ 87. 40 ਲੱਖ ਰੁਪਏ ਖਰਚ ਕਰਕੇ ਇਹਨਾਂ ਮੁਹੱਲਿਆਂ ਵਿੱਚ 2000 ਮੀਟਰ ਮੇਨ ਸੀਵਰ ਵਿਛਾਇਆ ਜਾਵੇਗਾ ਅਤੇ 1200 ਮੀਟਰ ਪਾਈਪ ਸੀਵਰ ਵਿਛਾਇਆ  ਜਾਵੇਗਾ। ਇਸ ਦੇ ਬਣਨ ਨਾਲ ਇਨਾਂ ਮੁਹੱਲਾ ਨਿਵਾਸੀਆਂ ਨੂੰ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਉਹਨਾਂ ਹੋਰ ਦੱਸਿਆ ਕਿ ਇਨ੍ਹਾਂ ਮੁਹੱਲਿਆਂ ਵਿੱਚ ਸੀਵਰੇਜ਼ ਪਾਉਣ ਤੋਂ ਬਾਅਦ ਨਵੀਆਂ ਸੜਕਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ।  ਉਹਨਾਂ ਕਿਹਾ ਕਿ ਗੌਤਮ ਨਗਰ ਵਿਖੇ ਬਣ ਰਹੇ ਕਮਿਉਨਿਟੀ ਸੈਂਟਰ ਦਾ ਨਿਰਮਾਣ  ਵੀ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਭੰਗੀ ਚੋਅ ਦੇ ਦੂਜੇ ਕਿਨਾਰੇ ਦੇ ਬੰਨ ਉਪਰ ਪੱਕੀ ਸੜਕ ਦਾ ਨਿਰਮਾਣ ਵੀ ਜਲਦੀ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਦੀ ਕਾਫ਼ੀ ਸਹੂਲਤ ਮਿਲੇਗੀ। 
        ਇਸ ਮੌਕੇ ਤੇ  ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ,  ਸਤਨਾਮ  ਸਿੰਘ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਂਈ ਤੇ ਸੀਵਰੇਜ਼ ਬੋਰਡ, ਪਰਮਜੀਤ ਸਿੰਘ ਐਸ ਡੀ ਓ, ਸੁਸ਼ੀਲ ਕੁਮਾਰ ਜੇ ਈ, ਰਮੇਸ਼ ਕੁਮਾਰ ਈ ਓ ਨਗਰ ਕੌਂਸਲ, ਸੁਸ਼ਮਾ ਸੇਤੀਆ ਐਮ ਸੀ, ਬ੍ਰਿਜ ਮੋਹਨ ਸ਼ਰਮਾ ਪ੍ਰਧਾਨ ਮੁਹੱਲਾ ਵੈਲਫੇਅਰ ਸੁਸਾਇਟੀ ਨਰਾਇਣ ਨਗਰ, ਜੀਵਨ ਜੋਤੀ ਕਾਲੀਆ, ਵਿਨੋਦ ਪਰਮਾਰ, ਅਸ਼ਵਨੀ ਓਹਰੀ, ਮਨੀਸ਼ ਚੱਢਾ, ਕੁਮਾਰ ਮਿਨਹਾਸ, ਧਰਮਵੀਰ ਤਰੇਹਨ,  ਗੁਰਜੀਤ ਸਿੰਘ, ਨਰਿੰਦਰ ਬੱਬੂ, ਅਸ਼ੋਕ ਸਕੁਮਾਰ ਐਮ ਸੀ, ਤਰਲੋਚਨ ਸਿੰਘ, ਦੁਰਗਾ ਸਿੰਘ,  ਆਸਾ ਅਰੋੜਾ, ਹੇਮ ਰਾਜ, ਕ੍ਰਿਸ਼ਨ ਲਾਲ ਕਤਨਾ ਅਤੇ ਹੋਰ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।

ਹਰ ਪੰਚਾਇਤ ਨੂੰ ਬੀਜ ਸੋਧਕ ਡਰੰਮ ਮੁਫਤ ਮਿਲੇਗਾ : ਠੰਡਲ

ਹੁਸ਼ਿਆਰਪੁਰ, 28 ਅਗਸਤ:  ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਹਰ ਪਿੰਡ ਦੀ ਪੰਚਾਇਤ ਨੂੰ ਬੀਜ ਸੋਧਕ ਡਰੱਮ ਮੁਫ਼ਤ ਦਿੱਤਾ ਜਾਵੇਗਾ।  ਪੰਜਾਬ ਵਿੱਚ ਇਸ ਸਕੀਮ ਅਧੀਨ ਪਹਿਲੀ ਖੇਪ ਵਿੱਚ 6154 ਬੀਜ ਸੋਧਕ ਡਰੱਮ ਦਿੱਤੇ ਜਾ ਰਹੇ ਹਨ ਜਿਨਾਂ ਉਪਰ 2 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਪਿੰਡ ਬਿਛੋਹੀ ਵਿਖੇ  ਸਰਵ ਸਿੱਖਿਆ  ਅਭਿਆਨ ਤਹਿਤ ਢਾਈ ਲੱਖ ਰੁਪਏ ਦੀ ਗਰਾਂਟ ਨਾਲ ਬਣੇ ਸਕੂਲ ਦੇ ਹਾਲ ਕਮਰੇ ਦਾ ਉਦਘਾਟਨ ਕਰਨ ਉਪਰੰਤ ਸਕੂਲ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਕਰਵਾਈ ਮੱਕੀ ਦੀ ਫ਼ਸਲ ਤੇ ਫੀਲਡ ਡੇਅ / ਕਿਸਾਨ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਦਿੱਤੀ। 
        ਸ੍ਰ: ਠੰਡਲ ਨੇ ਇਸ ਮੌਕੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਆਪਣੇ ਬੀਜ ਸੋਧਣ ਲਈ ਹਰ ਪੰਚਾਇਤ ਨੂੰ ਇੱਕ-ਇੱਕ ਡਰੱਮ ਮੁਫ਼ਤ ਦਿੱਤਾ ਜਾ ਰਿਹਾ ਹੈ। ਇਸ ਨਾਲ ਕਿਸਾਨ ਆਪਣੇ ਬੀਜਾਂ ਨੂੰ ਸੋਧ ਕੇ ਬੀਜ ਸਕਣਗੇ ਅਤੇ ਇਸ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਕਾਫ਼ੀ ਸੁਧਾਰ ਹੋਵੇਗਾ।  ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਪਿੰਡਾਂ ਵਿੱਚ ਸੁਸਾਇਟੀਆਂ ਬਣਾ ਕੇ ਖੇਤੀਬਾੜੀ ਦੇ ਸੰਦ ਖਰੀਦ ਕਰਨੇ ਚਾਹੀਦੇ ਹਨ ਤਾਂ ਜੋ ਛੋਟੇ ਕਿਸਾਨ ਇਹਨਾਂ ਸੁਸਾਇਟੀਆਂ ਰਾਹੀਂ ਇਂਹਨਾਂ ਸੰਦਾਂ ਨੂੰ ਕਿਰਾਏ ਤੇ ਲੈ ਕੇ ਆਪਣੀ ਖੇਤੀਬਾੜੀ ਕਰ ਸਕਣ। ਉਹਨਾਂ ਕਿਹਾ ਕਿ ਹਰ ਸੁਸਾਇਟੀ ਨੂੰ 10 ਲੱਖ ਰੁਪਏ ਦੇ ਖੇਤੀਬਾੜੀ ਸੰਦ ਖਰੀਦਣ ਤੇ 3 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਸ੍ਰ: ਠੰਡਲ ਨੇ ਕਿਹਾ ਕਿ ਪਿੰਡ ਬਿਛੋਹੀ ਦਾ ਵਿਕਾਸ ਪਹਿਲ ਦੇ ਆਧਾਰ ਕੀਤਾ ਜਾਵੇਗਾ ਅਤੇ ਇਸ ਪਿੰਡ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਜਾਣਗੇ।
        ਉਹਨਾਂ ਹੋਰ ਦੱਸਿਆ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਦਾਲਾਂ ਦੀ ਫ਼ਸਲ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਾਲਾਂ ਦੀ ਫ਼ਸਲ ਲਈ ਚੁਣਿਆ ਗਿਆ ਹੈ।  ਇਥੋਂ ਦੇ ਕਿਸਾਨਾਂ ਨੂੰ ਦਾਲਾਂ ਦੇ ਸੁਧਰੇ ਬੀਜ ਮਹਿਕਮੇ ਵੱਲੋਂ ਸਬਸਿਡੀ ਤੇ ਦਿੱਤੇ ਜਾਣਗੇ ਤਾਂ ਜੋ ਇਨ੍ਹਾਂ ਫ਼ਸਲਾਂ ਤੋਂ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ।  ਇਸ ਮੌਕੇ ਤੇ ਸ੍ਰ: ਠੰਡਲ ਨੇ ਕੰਢੀ ਏਰੀਏ ਦੀਆਂ 25 ਪੰਚਾਇਤਾਂ ਦੀਆਂ ਮੁਸ਼ਕਿਲਾਂ  ਸੁਣੀਆਂ ਅਤੇ ਉਹਨਾਂ ਦਾ ਮੌਕੇ ਤੇ ਹੀ ਹੱਲ ਕੀਤਾ।
        ਮੁੱਖ ਖੇਤੀਬਾੜੀ ਅਫ਼ਸਰ ਡਾ ਸਰਬਜੀਤ ਸਿੰਘ ਕੰਧਾਰੀ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤਾਂ ਨੂੰ ਦਿੱਤੇ ਗਏ ਬੀਜ ਸੋਧਕ ਡਰੱਮਾਂ ਨਾਲ  ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਲਗਭਗ 12. 5 ਕਰੋੜ ਰੁਪਏ ਦਾ ਫਾਇਦਾ ਹੋਵੇਗਾ।  ਇਸ ਮੌਕੇ ਤੇ ਡਾ. ਸੁਰਿੰਦਰ ਸਿੰਘ ਜ਼ਿਲ੍ਹਾ ਟਰੇਨਿੰਗ ਅਫ਼ਸਰ, ਡਾ. ਯਾਦਵਿੰਦਰ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਦੀਪਕ ਪੁਰੀ ਨੇ ਵੀ ਕਿਸਾਨਾਂ ਨੂੰ ਫ਼ਸਲਾਂ ਬੀਜਣ ਸਬੰਧੀ ਜਾਣਕਾਰੀ ਦਿੱਤੀ।
        ਬਿਛੋਹੀ ਸਕੂਲ ਦੇ ਹੈਡਮਾਸਟਰ ਸ਼੍ਰੀ ਮਦਨ ਵੀਰਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਸਕੂਲ ਦੀਆਂ ਗਤੀਵਿਧੀਆਂ ਅਤੇ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ।   ਭਾਜਪਾ ਆਗੂ  ਉਜਾਗਰ ਸਿੰਘ, ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ ਪਰਮਜੀਤ ਸਿੰਘ ਪੰਜੌੜ,  ਮੈਂਬਰ ਬਲਾਕ ਸੰਮਤੀ ਸੀਤਲ ਕੌਰ, ਸੰਮਤੀ ਮੈਂਬਰ  ਭਗਤ ਰਾਮ, ਸਤਨਾਮ ਸਿੰਘ ਨੰਗਲ ਖਿਲਾੜੀਆਂ ਅਤੇ ਸਰਦਾਰਾ ਸਿੰਘ ਜੰਡੋਲੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਤੇ  ਸਕੂਲ ਦੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਬਿਛੋਹੀ ਅਸ਼ਵਨੀ ਕੁਮਾਰ, ਵਾਈਸ ਚੇਅਰਮੈਨ ਬਲਾਕ ਸੰਮਤੀ ਕੁਲਦੀਪ ਰਾਣਾ, ਮੁੱਖ ਭੂਮੀ ਪਾਲ ਮੁਹਾਲੀ ਵਿਕਰਮ ਸਿੰਘ ਜੱਸੀ, ਭੁਮੀ ਰੱਖਿਆ ਅਫ਼ਸਰ ਡਾ ਜਗੀਰ ਸਿੰਘ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਦੇਵ ਕਰਨ ਸ਼ਰਮਾ, ਭੂਮੀ ਰੱਖਿਆ ਅਫ਼ਸਰ ਤਜਿੰਦਰ ਸਿੰਘ ਅਤੇ ਵਿਜੇ ਬੰਬੇਲੀ, ਬਾਗਬਾਨੀ ਅਫ਼ਸਰ ਦਿਨੇਸ਼ ਸ਼ਰਮਾ, ਬੀ ਡੀ ਪੀ ਓ ਮਾਹਿਲਪੁਰ ਸੁਖਦੇਵ ਸਿੰਘ, ਐਸ ਐਚ ਓ ਚੱਬੇਵਾਲ ਲਖਬੀਰ ਸਿੰਘ, ਓਂਕਾਰ ਬਾਲੀ, ਇੰਦਰਜੀਤ ਸਿੰਘ, ਗੋਪਾਲ ਸੂਦ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਠੰਡਲ ਵੱਲੋਂ ਹੜ੍ਹ ਰੋਕੂ ਬੰਨ੍ਹਾਂ ਦਾ ਜਾਇਜ਼ਾ

ਹੁਸ਼ਿਆਰਪੁਰ, 28 ਅਗਸਤ:  ਭੂਮੀ ਤੇ ਜਲ ਸੰਭਾਲ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਤੇ 2 ਕਰੋੜ ਰੁਪਏ ਖਰਚ ਕੀਤੇ ਜਾਣਗੇ।  ਜਿਸ ਵਿੱਚੋਂ ਹੁਸ਼ਿਆਰਪੁਰ ਬਲਾਕ 1 ਅਤੇ 2 ਵਿੱਚ 52 ਲੱਖ ਰੁਪਏ, ਤਲਵਾੜਾ ਬਲਾਕ ਵਿੱਚ 50 ਲੱਖ, ਮਾਹਿਲਪੁਰ ਅਤੇ ਗੜ੍ਹਸੰਕਰ ਵਿੱਚ 78 ਲੱਖ ਅਤੇ ਭੂੰਗਾ ਵਿੱਚ 20 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਗੱਲ ਦੀ ਜਾਣਕਾਰੀ  ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ  ਸ੍ਰ: ਸੋਹਨ ਸਿੰਘ ਠੰਡਲ ਨੇ ਪਿੰਡ ਬਿਛੋਹੀ ਦੇ ਨਜ਼ਦੀਕ ਮਾਤਾ ਦੇਵੀ ਖੱਡ ਵਿਖੇ ਭੂਮੀ ਤੇ ਜਲ ਸੰਭਾਲ ਵਿਭਾਗ ਹੁਸ਼ਿਆਰਪੁਰ ਵੱਲੋਂ 13 ਲੱਖ ਰੁਪਏ ਦੀ ਲਾਗਤ ਨਾਲ  ਖੱਡ ਦੇ ਕਿਨਾਰਿਆਂ ਬਣਾਏ  ਗਏ ਹੜ੍ਹ ਰੋਕੂ ਬੰਨਾਂ ਦਾ ਮੁਆਇਨਾ ਕਰਨ ਮੌਕੇ ਦਿੱਤੀ।  ਇਸ ਮੌਕੇ ਤੇ ਭੂਮੀ ਪਾਲ ਮੁਹਾਲੀ ਕੰਢੀ ਸਰਕਲ ਸ਼੍ਰੀ ਵਿਕਰਮ ਸਿੰਘ ਜੱਸੀ, ਮੰਡਲ ਭੂਮੀ ਰੱਖਿਆ ਅਫ਼ਸਰ ਸ਼੍ਰੀ ਜਗੀਰ ਸਿੰਘ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਸ਼੍ਰੀ ਦੇਵ ਕਰਨ ਸ਼ਰਮਾ, ਭੂਮੀ ਰੱਖਿਆ ਅਫ਼ਸਰ  ਮਾਹਿਲਪੁਰ ਤਜਿੰਦਰ  ਸਿੰਘ ਅਤੇ ਵਿਜੇ ਬੰਬਲੀ ਵੀ ਉਹਨਾਂ ਨਾਲ ਸਨ। 
        ਸ੍ਰ: ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਖੇਤ ਦਾ ਪਾਣੀ ਖੇਤ ਵਿੱਚ, ਪਿੰਡ ਦਾ ਪਾਣੀ ਪਿੰਡ ਵਿੱਚ, ਖੇਤ ਦੀ ਮਿੱਟੀ ਖੇਤ ਵਿੱਚ ਅਤੇ ਪਿੰਡ ਦੀ ਮਿੱਟੀ ਪਿੰਡ ਵਿੱਚ ਨੂੰ ਮੁੱਖ ਮੰਤਵ ਵਜੋਂ ਅਪਨਾ ਕੇ ਕੰਮ ਕਰ ਰਿਹਾ ਹੈ ਅਤੇ ਇਸ ਵਿਭਾਗ ਵੱਲੋਂ ਮਾਤਾ ਦੇਵੀ ਖੱਡ ਵਿੱਚ ਜੋ ਬੰਨ ਬਣਾਏ ਗਏ ਹਨ, ਉਸ  ਨਾਲ  ਬਰਸਾਤੀ ਪਾਣੀ ਵੱਲੋਂ ਕੀਤਾ ਜਾ ਰਿਹਾ ਭੂਮੀ ਕਟਾਵ ਰੋਕੇਗਾ ਅਤੇ  ਖੇਤਾਂ ਅਤੇ ਪਿੰਡ ਵਾਸੀਆਂ ਨੂੰ ਪਾਣੀ ਦੀ ਮਾਰ ਤੋਂ ਬਚਾਏਗਾ।  ਉਹਨਾਂ ਕਿਹਾ ਕਿ ਇਸ ਵਿਭਾਗ ਵੱਲੋਂ ਛੋਟੀਆਂ ਚੋਈਆਂ ਨੂੰ ਬੰਨ ਲਗਾ ਕੇ ਪਾਣੀ ਇਕੱਠਾ ਕੀਤਾ ਜਾਵੇਗਾ ਅਤੇ ਇਹ ਪਾਣੀ ਕਿਸਾਨਾਂ ਨੂੰ ਖੇਤੀ ਲਈ ਲਗਾਤਾਰ ਮੁਹੱਈਆ ਕੀਤਾ ਜਾਵੇਗਾ।  ਉਹਨਾਂ ਕਿਹਾ ਕਿ ਮੇਰਾ ਖੇਤੀਬਾੜੀ ਵਿਭਾਗ ਭਾਵੇਂ ਕਾਫੀ ਵੱਡਾ ਹੈ  ਪਰ ਇਹ ਵਿਭਾਗ ਛੋਟਾ ਹੋਣ ਦੇ ਬਾਵਜੂਦ ਵੀ ਭੂਮੀ ਅਤੇ ਜਲ ਸੰਭਾਲ ਲਈ ਬਹੁਤ ਮਹੱਤਵਪੂਰਨ ਕੰਮ ਕਰ ਰਿਹਾ ਹੈ।
        ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਸ੍ਰ: ਠੰਡਲ ਨੇ ਹੋਰ  ਦੱਸਿਆ ਕਿ ਬਾਗ ਲਗਾਉਣ ਲਈ ਪਹਿਲਾਂ ਇੱਕ ਹੈਕਟੇਅਰ ਰਕਬੇ ਵਿੱਚ 22,500 ਰੁਪਏ  ਸਬਸਿਡੀ ਦਿੱਤੀ ਜਾ ਰਹੀ ਸੀ, ਉਸ ਨੂੰ ਵਧਾ ਕੇ 30,000 ਰੁਪਏ ਆਮ ਬਾਗਾਂ ਲਈ ਅਤੇ 40,000 ਰੁਪਏ ਸੰਘਣੇ ਬਾਗਾਂ ਲਈ ਕਰ ਦਿੱਤੀ ਹੈ।  ਉਹਨਾਂ ਹੋਰ ਦੱਸਿਆ ਕਿ ਇੱਕ ਕਨਾਲ ਦਾ ਨੈਟ ਹਾਉਸ ਸਬਜ਼ੀ ਦੀ ਕਾਸ਼ਤ ਲਈ ਬਣਾਉਣ ਤੇ 40,000 ਰੁਪਏ ਸਬਸਿਡੀ ਦਿੱਤੀ ਜਾ ਰਹੀ  ਹੈ ਅਤੇ ਇੱਕ ਲਾਭਪਾਤਰੀ  2 ਹਾਉਸ ਨੈਟਾਂ ਦੀ ਸਬਸਿਡੀ ਲੈ ਸਕਦਾ ਹੈ।  ਉਹਨਾਂ ਹੋਰ ਦੱਸਿਆ ਕਿ ਵੱਡੇ ਬਾਗ ਲਗਾਉਣ ਲਈ ਨੈਸ਼ਨਲ ਹਾਰਟੀਕਲਚਰ ਬੋਰਡ ਵੱਲੋਂ 20 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਸ੍ਰ: ਠੰਡਲ ਨੇ ਬਾਗਬਾਨੀ ਵਿਭਾਗ ਵੱਲੋਂ ਦਿੱਤੀ ਗਈ ਸਬਸਿਡੀ ਨਾਲ ਲਗਾਏ ਗਏ ਬਾਗ ਵੀ ਦੇਖੇ।
        ਸ਼੍ਰੀ ਦਿਨੇਸ਼ ਸ਼ਰਮਾ ਬਾਗਬਾਨੀ ਅਫ਼ਸਰ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕੰਢੀ ਏਰੀਏ ਦੇ ਕਿਸਾਨਾਂ ਨੂੰ ਬਾਗ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਬਾਗ ਲਗਾਉਣ ਵਿੱਚ ਕਾਫ਼ੀ ਰੂਚੀ ਦਿਖਾਈ ਜਾ ਰਹੀ ਹੈ।

ਨੱਕੋ ਨੱਕ ਭਰੀ ਪੌਂਗ ਝੀਲ

Pong Dam Lake
ਤਲਵਾੜਾ, 27 ਅਗਸਤ : ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿਚ ਅੱਜ ਪਾਣੀ ਦਾ ਪੱਧਰ 1380 ਫੁੱਟ ਹੋ ਗਿਆ ਅਤੇ ਝੀਲ ਵਿਚ ਪਾਣੀ ਦਾ ਵਧਣਾ ਲਗਾਤਾਰ ਜਾਰੀ ਹੈ। ਸੂਤਰਾਂ ਅਨੁਸਾਰ ਝੀਲ ਵਿਚ 1390 ਫੁੱਟ ਤੱਕ ਪਾਣੀ ਡੱਕਿਆ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਸਪਿਲ-ਵੇ ਦੇ ਗੇਟ ਖੋਲ੍ਹਣੇ ਪੈਂਦੇ ਹਨ।

See Special Photo-shoot  on the Pong Dam's Maharana Partap Sagar Lake


ਜਮਾਂਦਰੂ ਕੱਟੇ ਬੁੱਲ ਅਤੇ ਤਾਲੁ ਦੇ ਆਪਰੇਸ਼ਨ ਲਈ ਮੁਫਤ ਕੈਂਪ 29 ਨੂੰ

ਤਲਵਾੜਾ, 27 ਅਗਸਤ: ਭਾਰਤ ਵਿਕਾਸ ਪਰਿਸ਼ਦ ਤਲਵਾੜਾ ਵੱਲੋਂ ਉਤਰੀ ਭਾਰਤ ਦੇ ਹੱਡੀਆਂ, ਜੋੜਾਂ ਅਤੇ ਪਲਾਸਟਿਕ ਸਰਜਰੀ ਦੇ ਇਲਾਜ ਵਿਚ ਨਵੀਨਤਮ ਤਕਨੀਕਾਂ ਲਈ ਲੈਂਸ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ 29 ਅਗਸਤ ਐਤਵਾਰ ਨੂੰ ਮੁਫਤ ਚੈਕਅੱਪ ਕੈਂਪ ਸਥਾਨਕ ਬੀ.ਬੀ.ਐਮ.ਬੀ. ਹਸਪਤਾਲ ਤਲਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਮੁੱਖ ਤੌਰ ਤੇ ਜਮਾਂਦਰੂ ਕੱਟੇ ਬੁੱਲ ਅਤੇ ਤਾਲੂ ਦੇ ਮਰੀਜਾਂ ਦੀ ਮੁਫ਼ਤ ਅਪਰੇਸ਼ਨ ਲਈ ਚੋਣ ਕੀਤੀ ਜਾਵੇਗੀ ਅਤੇ ਇਹਨਾਂ ਮਰੀਜਾਂ ਦੇ ਅਪਰੇਸ਼ਨ ਅਮਨਦੀਪ ਹਸਪਤਾਲ ਵਿਖੇ ਮੁਫ਼ਤ ਕੀਤੇ ਜਾਣਗੇ ਅਤੇ ਆਉਣ ਜਾਣ, ਰਹਿਣ ਸਹਿਣ ਦਾ ਪ੍ਰਬੰਧ ਵੀ ਹਸਪਤਾਲ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਹੱਡੀਆਂ, ਜੋੜਾਂ, ਜਮਾਂਦਰੂ ਵਿੰਗੇ ਟੇਡੇ ਅੰਗ, ਰੀੜ੍ਹ ਦੀ ਹੱਡੀ, ਸਿਰ ਦੀਆਂ ਸੱਟਾਂ, ਅਧਰੰਗ, ਰੀੜ੍ਹ ਦੀ ਹੱਡੀ ਦਾ ਫੋੜਾ, ਸਿਰ ਅਤੇ ਗਲੇ ਦਾ ਕੈਂਸਰ, ਕੰਨ, ਨੱਕ ਅਤੇ ਗਲ਼ੇ ਦੀਆਂ ਬਿਮਾਰੀਆਂ, ਸੜਨ ਤੋਂ ਬਾਅਦ ਵਿੰਗੇ ਹੋਏ ਹੱਥ, ਚਿਹਰੇ ਦਾ ਕਰੂਪ-ਪਣ, ਟੇਡਾ ਅਤੇ ਫੀਨਾ ਨੱਕ ਅਤੇ ਹੋਰ ਪਲਾਸਟਿਕ ਸਰਜਰੀ ਸੰਬੰਧੀ ਬਿਮਾਰੀਆਂ ਤੋਂ ਪੀੜਤ ਮਰੀਜਾਂ ਦਾ ਵੀ ਮੁਫਤ ਚੈਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਅਮਨੀਪ ਹਸਪਤਾਲ ਵਿਚ 120 ਬਿਸਤਰਿਆਂ ਦਾ ਹਸਪਤਾਲ ਹੈ ਜਿਸ ਵਿੱਚ ਹੱਡੀਆਂ ਜੋੜਾਂ ਪਲਾਸਟਿਕ ਸਰਜਰੀ ਅਤੇ ਨਿਊਰੋ ਸਰਜਰੀ ਸੰਬੰਧੀ ਅਤਿ ਆਧੁਨਿਕ ਇਲਾਜ ਇਕੋ ਛੱਤ ਥੱਲੇ ਉਪਲੱਬਧ ਹੈ। ਉਹਨਾਂ ਦੱਸਿਆ ਕਿ ਕੰਪਿਊਟਰ ਰਾਹੀਂ ਗੋਡੇ ਅਤੇ ਚੂਲੇ ਦੇ ਜੋੜ ਬਦਲਣ ਦੀ ਤਕਨੀਕ ਨੂੰ ਲਿਆਉਣ ਵਾਲਾ ਉੱਤਰੀ ਭਾਰਤ ਦਾ ਸਭ ਤੋਂ ਪਹਿਲਾ ਕੇਂਦਰ ਹੈ। ਜਿਸ ਰਾਂਹੀਂ ਉਹ ਹੁਣ ਤੱਕ 3000 ਤੋਂ ਉੱਪਰ ਗੋਡੇ ਅਤੇ ਚੂਲ਼ੇ ਦੇ ਜੋੜ ਬਦਲ ਚੁੱਕੇ ਹਨ। ਕੰਪਿਊਟਰ ਰਾਂਹੀਂ ਬਦਲੇ ਜੋੜਾ ਦੀ ਅਲਾਇਨਮੈਂਟ ਵਿਚ ਇੱਕ ਪ੍ਰਤੀਸ਼ਤ ਦੀ ਗਲਤੀ ਦੀ ਵੀ ਗੁੰਜਾਇਸ਼ ਨਹੀਂ ਹੁੰਦੀ। ਜਦ ਕਿ ਮਨੁੱਖੀ ਅੱਖ ਨਾਲ ਤਿੰਨ ਪ੍ਰਤੀਸ਼ਤ ਦੀ ਗਲਤੀ ਨੂੰ ਦੇਖਣਾ ਸੰਭਵ ਨਹੀਂ ਹੁੰਦਾ। ਇਸ ਲਈ ਕੰਪਿਊਟਰ ਨਾਲ ਬਦਲਿਆ ਜੋੜ ਸਹੀ ਫਿਟ ਹੋਣ ਕਰਕੇ ਬਹੁਤ ਲੰਮਾ ਸਮਾਂ ਚਲਦਾ ਹੈ। ਹਸਪਤਾਲ ਵਿਚ ਸਾਬਕਾ ਫੋਜੀਆਂ ਲਈ ਈ.ਸੀ.ਐਚ.ਐਸ. ਸਕੀਮ ਅਧੀਨ ਮੁਫਤ ਇਲਾਜ ਦੀ ਸਹੂਲਤ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਇੰਸ਼ੋਰੈਂਸ ਕੰਪਨੀਆਂ ਦੇ ਕਾਰਡ ਧਾਰਕ ਮਰੀਜਾਂ ਲਈ ਕੈਸ਼ਲੈਸ ਇਲਾਜ ਦੀ ਸਹੂਲਤ ਉਪਲੱਬਧ ਹੈ। ਉਹਨਾਂ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਇਸ ਕੈਂਪ ਵਿਚ ਪਹੁੰਚਣ ਅਤੇ ਸਿਹਤ ਸੇਵਾਵਾਂ ਦਾ ਲਾਹਾ ਲੈਣ। ਇਸ ਮੌਕੇ ਸ਼੍ਰੀ ਸੀ.ਕੇ.ਕੇ. ਸ਼ਰਮਾ ਸੈਕਟਰੀ ਭਾਰਤ ਵਿਕਾਸ ਪਰਿਸ਼ਦ, ਡਾ. ਕੇਵਲ ਕ੍ਰਿਸ਼ਨ, ਜੇ.ਬੀ. ਵਰਮਾ, ਹਰਜਿੰਦਰ ਸਿੰਘ ਗੋਰਾਇਆਂ ਮੈਨੇਜਰ ਅਮਨਦੀਪ ਹਸਪਤਾਲ, ਕੇ.ਕੇ. ਭਾਰਗਵ, ਪੀ.ਸੀ. ਰਣੋਤ ਮੁੱਖ ਤੌਰ ਤੇ ਸ਼ਾਮਲ ਹੋਏ।

ਰਾਜ ਦੇ ਪਸ਼ੂ ਹਸਪਤਾਲਾਂ ਤੇ 31 ਕਰੋੜ ਰੁਪਿਆ ਖਰਚਿਆ ਜਾ ਰਿਹਾ ਹੈ : ਰਣੀਕੇ

ਟਾਂਡਾ,  27 ਅਗਸਤ : ਪੰਜਾਬ ਸਰਕਾਰ ਵਲੋ ਰਾਜ ਦੇ ਸਮੂਹ ਪੁਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀੱਆਂ ਇਮਰਾਤਾਂ ਦੀ ਨਵ  ਉਸਾਰੀ , ਮੁਰੰਮਤ ਅਤੇ ਚਾਰ ਦੀਵਾਰੀਆਂ ਤੇ 31 ਕਰੋੜ ਰੁਪਏ ਚਾਲੂ ਵਿਤੀ ਸਾਲ ਦੋਰਾਨ ਖਰਚ ਕੀਤੇ ਜਾ ਰਹੇ ਹਨ ਇਹ ਪ੍ਰਗਟਾਵਾ ਸ. ਗੁਲਜਾਰ ਸਿੰਘ ਰਣੀਕੇ ਪਸੂ ਪਾਲਣ , ਮੱਛੀ ਪਾਲਣ, ਡੇਅਰੀ  ਵਿਕਾਸ ਅਤੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ੍ਰੇਣੀਆਂ ਦੇ ਭਲਾਈ ਮੰਤਰੀ ਨੇ ਟਾਂਡਾ ਵਿਖੇ ਗਰੇਟ ਪੰਜਾਬ  ਸੇਲੀਬਰੇਸ਼ਨ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।                          
              ਸ. ਰਣੀਕੇ ਨੇ ਦੱਸਿਆ ਕਿ ਪੁਸੂਆਂ ਦੀ ਸਿਹਤ ਸੰਭਾਲ ਲਈ ਆਧੁਨਿਕ ਸੇਵਾਵਾਂ ਮੁਹਈਆ ਕਰਨ ਲਈ ਪੁਸੂ ਹਸਪਤਾਲਾਂ ਵਿੱਚ 100 ਡਾਕਟਰਾਂ ਦੀ , 25 ਪੁਸੂ ਦੇ ਮਾਹਿਰ ਡਾਕਟਰਾਂ ਦੀ ਅਤੇ 400 ਵੈਟਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਉਹਨਾ ਦੱਸਿਆ ਕਿ ਦੂਰ ਦਰਾਡੇ ਦੇ ਪਿੰਡਾਂ ਵਿੱਚ ਪੁਸੂਆਂ ਦੀ ਸਹੂਲਤ ਲਈ 20 ਚਲਦੇ ਫਿਰਦੇ ਹਸਪਤਾਲ ਵੀ ਸੁਰੂ ਕੀਤੇ ਜਾ ਰਹੇ ਹਨ। ਇਹਨਾਂ ਚਲਦੇ ਫਿਰਦੇ ਹਸਪਤਾਲਾਂ ਵਿੱਚ ਡਾਕਟਰਾਂ ਤੋਂ ਇਲਾਵਾ ਵੈਟਨਰੀ ਇੰਸਪੈਕਟਰ ਅਤੇ ਪੂਰਾ ਸਾਜੋ ਸਮਾਨ ਮੁਹੱਈਆ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਹਨਾਂ ਜਿਲਿਆਂ ਵਿੱਚ ਪੋਲੀਕਲੀਨਿਕ ਨਹੀਂ ਹਨ ਉਥੇ ਪੋਲੀਕਲੀਨਿਕ  ਖੋਲੇ ਜਾਣਗੇ।

                        ਉਹਨਾਂ ਕਿਹਾ ਕਿ ਡੇਅਰੀ ਦੇ ਧੰਦੇ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵਲੋ ਘੱਟ ਵਿਆਜ ਤੇ ਕਰਜੇ ਦਿਤੇ ਜਾ ਰਹੇ ਹਨ  ਅਤੇ ਇਹਨਾਂ ਕਰਜਿਆਂ ਵਿੱਚ 50 ਪ੍ਰਤੀਸਤ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾ  ਕਿਹਾ ਕਿ ਸ, ਪ੍ਰਕਾਸ  ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ   ਪੰਜਾਬ  ਦੀ ਅਗਵਾਈ ਵਿੱਚ ਅਕਾਲੀ ਭਾਜਪਾ ਸਰਕਾਰ ਵਲੋ  ਅਨੁਸੂਚਿਤ ਜਾਤੀਆ ਤੇ ਪਛੜੀਆ ਸ੍ਰਣੀਆ ਦੀ ਭਲਾਈ ਲਈ ਵਿਸੇਸ ਸਕੀਮਾ ਚਾਲੂ ਕੀਤੀਆ ਗਈਆ ਹਨ ਉਹਨਾ ਦ¤ਸਿਆ ਕਿ ਇਹਨਾ  ਜਾਤੀਆ  ਦੇ ਪ੍ਰਈਮਰੀ ਸਕੂਲਾ ਵਿੱਚ ਪੜ ਰਹੇ ਬੱਚਿਆ ਨੂੰ ਮੁਫਤ ਕਿਤਾਬਾ , ਵਜੀਫੇ , ਵਰਦੀਆ , ਅਤੇ ਬਸਤੇ ਵਗੈਰਾ ਦੇਣ ਲਈ 159 ਕਰੋੜ ਰੁ ਖਰਚ ਕੀਤੇ ਜਾ ਰਿਹੇ ਹਨ ।

                                            ਸ੍ਰ. ਰਣੀਕੇ ਨੇ ਗਰੇਟ ਪੰਜਾਬ ਸੈਲੀਬਰੇਸਨ ਦੇ ਮਾਲਕ ਮਨਜੀਤ ਸਿੰਘ ਦਸੂਹਾ ਅਤੇ ਸੁਭਾਸ ਅਹੂਜਾ ਨੂੰ ਇਸ ਪਛੜੇ ਇਲਾਕੇ ਵਿੱਚ  ਇਹ ਸੈਲੀਬਰੇਸਨ ਬਣਾਉਣ ਤੇ ਵਧਾਈ ਦਿਦਿਆ ਕਿਹਾਕਿ ਪੰਜਾਬ ਦੇ ਮੁੱਖ ਮੰਤਰੀ ਸ, ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋ ਪ੍ਰਵਾਸੀ ਭਾਰਤੀਆ ਨੂੰ  ਪੰਜਾਬ ਵਿੱਚ ਉਦੋਗਿਕ  ਵਿਕਾਸ ਲਈ  ਨਿਵੇਸ ਕਰਨ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ ਉਹਨਾ ਕਿਹਾ ਕਿ ਜਿਥੇ ਉਦਯੋਗ ਦੇ ਵਿਕਾਸ ਨਾਲ  ਪ੍ਰਵਾਸੀ ਭਾਰਤੀਆ ਦਾ ਮੋਹ ਅਪਣੀ ਮਾਤ ਭੂਮੀ ਪੰਜਾਬ ਨਾਲ ਜੁੜੇਗਾ ਉਥੇ ਬੇਰੁਜਗਾਰ ਨੌਜਵਾਨਾ ਨੂੰ ਰੋਜਗਾਰ ਦੇ ਮੋਕੇ ਵੀ ਮਿਲਣਗੇ ।
                  ਇਸ ਮੋਕੇ ਤੇ ਹੋਰਨਾ ਤੋ ਇਲਾਵਾ ਬੀਬੀ ਮਹਿੰਦਰ ਕੋਰ ਜੋਸ ਮੁੱਖ ਸੰਸਦੀ ਸਕੱਤਰ ਸਿੱਖਿਆ ਵਿਭਾਗ ਪੰਜਾਬ , ਸ੍ਰੀ ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ , ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ , ਬੀਬੀ ਜਗੀਰ ਕੋਰ ਸਾਬਕਾ ਪ੍ਰਧਾਨ ਐਸ ਜੀ ਪੀ ਸੀ ,   ਸ੍ਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ , ਅਮਰਜੀਤ ਸਿੰਘ ਚੌਹਾਨ ਚੇਅਰਮੈਨ ਮਾਰਕੀਟ ਕਮੇਟੀ ਹੁਸਿਆਰਪੁਰ , ਬੀਬੀ ਸੁਖਦੇਵ ਕੋਰ ਸ¤ਲਾ ਜਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਹੁਸਿਆਰਪੁਰ , ਸਵਰਨ ਸਿੰਘ ਜੋਸ , ਪ੍ਰੀਤਮ ਸਿੰਘ ਨੌਰੰਗਪੁਰ ਨੇ ਆਪਣਾ ਵਿਚਾਰ ਪੇਸ ਕੀਤੇ । ਹੋਰਨਾ ਤੋ ਇਲਾਵਾ ਐਸ ਡੀ ਐਮ ਦਸੂਹਾ ਮੁਹੰਮਦ ਤਾਇਅਬ, ਜੁਵਾਹਰ ਖੁਰਾਨਾ ,ਜਪਦੀਪ ਸਿੰਘ, ਚਮਨ ਲਾਲ ਸਰਮਾ , ਦੇਸ ਰਾਜ ਡੋਗਰਾ  ਅਤੇ ਇਲਾਕੇ ਦੇ ਅਕਾਲੀ ਭਾਜਪਾ ਆਗੂ ਭਾਗੀ ਗਿਣਤੀ ਵਿੱਚ ਹਾਜਰ ਸਨ ।

ਹੁਣ ਪੁਲਿਸ ਦੇ ਸਹਿਯੋਗ ਨਾਲ ਲੱਗਣਗੇ ਪੌਦੇ !

ਹੁਸ਼ਿਆਰਪੁਰ, 27 ਅਗਸਤ: ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ  ਪ੍ਰਦੂਸ਼ਣ ਰਹਿਤ  ਬਣਾਉਣ ਲਈ ਵਣ ਵਿਭਾਗ ਹੁਸ਼ਿਆਰਪੁਰ ਵੱਲੋਂ  ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਥਾਨਿਕ ਪੁਲਿਸ ਲਾਇਨਜ਼  ਅਤੇ  ਪੁਲਿਸ ਥਾਣਿਆਂ ਵਿੱਚ 500 ਪੌਦੇ  ਲਗਾਏ ਜਾਣਗੇ।  ਇਹ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਪੁਲਿਸ ਵਿਭਾਗ ਹੁਸ਼ਿਆਰਪੁਰ ਵੱਲੋਂ ਸਥਾਨਿਕ ਪੁਲਿਸ ਲਾਇਨਜ਼  ਵਿਖੇ ਮਨਾਏ ਗਏ ਵਣ ਮਹਾਂਉਤਸਵ ਦਾ ਉਦਘਾਟਨ ਇੱਕ ਪੌਦਾ ਲਗਾ ਕੇ ਕਰਨ ਉਪਰੰਤ ਕੀਤਾ।  ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਅਤੇ  ਹੋਰ ਪੁਲਿਸ ਅਧਿਕਾਰੀ  ਇਸ ਮੌਕੇ ਤੇ ਉਹਨਾਂ ਨਾਲ ਸਨ।
        ਸ਼੍ਰੀ ਸੂਦ ਨੇ ਦੱਸਿਆ ਕਿ ਪਿਛਲੇ ਸਾਲ ਵੀ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਪੁਲਿਸ ਲਾਇਨਜ਼ ਵਿਖੇ 200 ਪੌਦੇ ਲਗਾਏ ਗਏ ਸਨ,  ਜੋ ਪੁਲਿਸ ਕਰਮਚਾਰੀਆਂ ਦੀ ਦੇਖ-ਰੇਖ ਹੇਠ ਲਗਭਗ ਸਾਰੇ ਹੀ ਵੱਧ ਫੁਲ ਰਹੇ ਹਨ।  ਉਹਨਾਂ ਦੱਸਿਆ ਕਿ  ਪੰਜਾਬ ਦੀਆਂ ਸੜਕਾਂ ਨੂੰ ਚਾਰ ਮਾਰਗੀ ਅਤੇ ਛੇ ਮਾਰਗੀ ਕਰਨ ਨਾਲ ਸੜਕਾਂ ਉਪਰ 8000 ਸਕੇਅਰ ਕਿਲੋਮੀਟਰ ਜੰਗਲਾਂ ਦਾ ਰਕਬਾ ਘਟਿਆ ਹੈ ਜਦਕਿ ਵਣ ਵਿਭਾਗ ਨੇ  ਸੜਕਾਂ ਉਪਰ 12000 ਸਕੇਅਰ ਕਿਲੋਮੀਟਰ ਰਕਬਾ ਜੰਗਲਾਂ ਹੇਠ ਲਿਆਂਦਾ ਹੈ ।  ਜਿਸ ਨਾਲ  ਰਾਜ ਵਿੱਚ ਸੜਕਾਂ ਉਪਰ 4000 ਸਕੇਅਰ  ਕਿਲੋਮੀਟਰ  ਜੰਗਲਾਂ ਦੇ ਰਕਬੇ ਵਿੱਚ ਵਾਧਾ ਹੋਇਆ ਹੈ।  ਉਹਨਾਂ ਦੱਸਿਆ ਕਿ ਇਸ ਸਾਲ ਰਾਜ ਅੰਦਰ ਸਕੂਲਾਂ / ਕਾਲਜਾਂ, ਪੰਚਾਇਤੀ ਸ਼ਾਮਲਾਟ ਜ਼ਮੀਨਾਂ, ਟਿਊਬਵੈਲਾਂ, ਸ਼ਮਸ਼ਾਨਘਾਟਾਂ, ਪਾਰਕਾਂ, ਦਫ਼ਤਰਾਂ ਦੀਆਂ ਖਾਲੀ ਥਾਵਾਂ ਅਤੇ ਹੋਰ ਜਨਤਕ ਥਾਵਾਂ ਤੇ 1 ਕਰੋੜ 30 ਲੱਖ ਪੌਦੇ ਲਗਾਏ ਜਾ ਰਹੇ ਹਨ।  ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਖੇਤਾਂ ਦੇ ਬੰਨਿਆਂ ਉਪਰ ਵੀ ਪੌਦੇ ਲਗਾਉਣ ਤਾਂ ਜੋ ਪੰਜਾਬ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।  ਉਹਨਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਜਿਹਨਾਂ ਦੀਆਂ ਜ਼ਮੀਨਾਂ ਪੰਜਾਬ ਵਿੱਚ ਹਨ ਅਤੇ  ਉਹ ਖੇਤੀ ਨਹੀਂ ਕਰਦੇ  ਹਨ, ਉਹਨਾਂ ਨੂੰ ਇਨ੍ਹਾਂ ਥਾਵਾਂ ਵਿੱਚ ਕਲੋਨਲ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।  ਉਹਨਾਂ ਇਸ ਮੌਕੇ ਤੇ ਪੁਲਿਸ ਕਰਮਚਾਰੀਆਂ ਨੂੰ ਥਾਣਿਆਂ ਵਿੱਚ ਪੌਦੇ ਲਗਾਉਣ ਲਈ ਵੰਡੇ।
        ਸਰਵਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਹੁਸ਼ਿਆਰਪੁਰ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ,  ਕਮਲਜੀਤ ਸੇਤੀਆ ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ, ਸੁਧੀਰ ਸੂਦ, ਸ਼ੀਲ ਸੂਦ,  ਸੁਖਵਿੰਦਰ ਸਿੰਘ ਐਸ ਪੀ,  ਸੁਦਰਸ਼ਨ ਕੁਮਾਰ ਐਸ ਪੀ, ਅਮਰੀਕ ਸਿੰਘ ਧਾਮੀ  ਡੀ ਐਸ ਪੀ, ਹਰਿੰਦਰਪਾਲ ਸਿੰਘ ਡੀ ਐਸ ਪੀ ਅਤੇ ਮਹਿੰਦਰ ਸਿੰਘ ਡੀ ਐਸ ਪੀ ਨੇ ਵੀ ਇਸ ਮੌਕੇ ਤੇ ਇੱਕ-ਇੱਕ ਪੌਦਾ ਲਗਾਇਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਓਂਕਾਰ ਸਿੰਘ ਸੰਧਰ ਡਿਪਟੀ ਵਣ ਮੰਡਲ ਅਫ਼ਸਰ,  ਕੁਲਰਾਜ ਸਿੰਘ ਰੇਂਜ ਅਫ਼ਸਰ, ਕੁਲਦੀਪ ਸਿੰਘ, ਰਣਜੀਤ ਸਿੰਘ ਰਾਣਾ ਉਪ ਵਣ ਰੇਂਜ ਅਫ਼ਸਰ, ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।

ਲੋਕ ਪ੍ਰਸ਼ਾਸ਼ਨ ਸੰਸਥਾਨ ਵੱਲੋਂ ਦੋ ਦਿਨਾਂ ਵਰਕਸ਼ਾਪ ਲਗਾਈ

 ਹੁਸ਼ਿਆਰਪੁਰ, 26 ਅਗਸਤ:  ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਵਿਖੇ ਦੋ ਦਿਨਾਂ ਵਰਕਸ਼ਾਪ ਲਗਾਈ ਗਈ।  ਵਰਕਸ਼ਾਪ ਦੇ ਸ਼ੁਰੂ ਵਿੱਚ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸ੍ਰ: ਸੁਰਜੀਤ ਸਿੰਘ ਵੱਲੋਂ ਹਾਜ਼ਰ ਹੋਏ ਪਾਰਟੀਸਪੈਂਟਸ ਨੂੰ ਜੀ ਆਇਆਂ ਕਿਹਾ  ਗਿਆ। ਇਸ ਵਰਕਸ਼ਾਪ ਵਿੱਚ ਦਫ਼ਤਰੀ ਕੰਮਕਾਜ ਦੀ ਵਿੱਧੀ, ਪੈਨਸ਼ਨ ਅਤੇ ਪੇ-ਫਿਕਸੇਸ਼ਨ, ਮੁਲਾਜ਼ਮਾਂ ਦੇ ਆਚਰਨ ਨਿਯਮਾਂ ਅਤੇ ਸਜ਼ਾ ਤੇ ਅਪੀਲ ਨਿਯਮ 1970 ਸਬੰਧੀ ਜਾਣਕਾਰੀ ਸ਼੍ਰੀ ਬਾਂਕੇ ਬਿਹਾਰੀ ਅੰਡਰ ਸੈਕਟਰੀ  (ਰਿਟਾ:) ਰਿਸੋਰਸ ਪਰਸਨ ਮੈਗਸੀਪਾ ਵੱਲੋਂ ਦਿੱਤੀ ਗਈ ਅਤੇ ਪਾਰਟੀਸਪੈਂਟਸ ਵੱਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਹੀ ਰੋਚਕ ਢੰਗ ਨਾਲ ਦਿੱਤੇ ਗਏ।
        ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸ੍ਰ: ਸੁਰਜੀਤ ਸਿੰਘ ਵੱਲੋਂ ਜ਼ਿਲ੍ਹਾ ਆਫਿਸ ਮੈਨੁਅਲ ਅਨੁਸਾਰ ਦਫ਼ਤਰੀ ਕੰਮਕਾਜ ਦੀ ਵਿਧੀ ਅਧੀਨ ਕੁਦਰਤੀ ਇਨਸਾਫ਼ ਦੇ ਅਸੂਲਾਂ ਨੂੰ ਲਾਗੂ ਕਰਨ ਸਬੰਧੀ ਅਤੇ ਪਾਲਣਾ ਕਰਨ ਸਬੰਧੀ ਜਾਣਕਾਰੀ ਬੜੇ ਦਿਲਚਸਪ ਅਤੇ ਤਸੱਲੀਬਖਸ਼ ਢੰਗ ਨਾਲ ਦਿੱਤੀ ਗਈ।
        ਇਸ ਵਰਕਸ਼ਾਪ ਵਿੱਚ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ  ਕੀਤੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਇੱਕ ਪ੍ਰਸ਼ਨ ਪੱਤਰ ਅੰਗਰੇਜ਼ੀ ਵਿੱਚ ਹੱਲ ਕਰਨ ਲਈ ਉਹਨਾਂ ਨੂੰ ਦਿੱਤਾ ਗਿਆ। ਇਸ ਪ੍ਰਸ਼ਨ ਪੱਤਰ ਦੀਆਂ ਉਤਰ ਕਾਪੀਆਂ ਦਾ ਮੁਲਾਂਕਣ ਸ਼੍ਰੀ ਬਾਂਕੇ ਬਿਹਾਰੀ ਰਿਸੋਰਸ ਪਰਸਨ ਵੱਲੋਂ ਉਤਰ ਪੁਸਤਕਾ ਦੀ ਮਾਰਕਿੰਗ ਕਰਕੇ ਕੀਤਾ ਗਿਆ।  ਉਤਰ ਪੁਸਤਕਾ ਵਿੱਚ ਹਾਜ਼ਰ  ਆਏ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਕੀਤੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਰਿਸੋਰਸ ਪਰਸਨ ਵੱਲੋਂ ਤਸੱਲੀ ਪ੍ਰਗਟਾਈ ਗਈ ਕਿ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਰਕਸ਼ਾਪ ਵਿੱਚ ਬਹੁਤ ਕੁਝ ਸਿੱਖਿਆ ਗਿਆ ਹੈ। ਇਸ ਵਰਕਸ਼ਾਪ ਵਿੱਚ ਆਏ ਪਾਰਟੀਸਪੈਂਟਸ ਵੱਲੋਂ ਜ਼ਿਲ੍ਹਾ ਸੈਂਟਰ ਵੱਲੋਂ ਉਪਰੋਕਤ ਵਿਸ਼ਿਆਂ ਤੇ ਵਰਕਸ਼ਾਪ ਲਗਾ ਕੇ ਭਰਪੂਰ ਜਾਣਕਾਰੀ ਦੇਣ ਸਬੰਧੀ ਧੰਨਵਾਦ ਕਰਦਿਆਂ ਵਿਚਾਰ ਪ੍ਰਗਟ ਕੀਤੇ  ਕਿ ਉਹਨਾਂ ਨੂੰ ਇਸ ਵਰਕਸ਼ਾਪ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਇਸ ਵਰਕਸ਼ਾਪ ਨੂੰ ਬੜਾ ਹੀ ਲਾਹੇਵੰਦ ਦੱਸਿਆ ਅਤੇ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਮਕਾਰ ਵਿੱਚ ਇਹੋ ਜਿਹੀਆਂ ਟਰੇਨਿੰਗਾਂ ਨਾਲ ਕਾਫ਼ੀ ਸੁਧਾਰ ਆਵੇਗਾ ਅਤੇ ਕੰਮਕਾਰ ਦੀ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਜੇਕਰ ਇਹੋ ਜਿਹੀਆਂ ਵਰਕਸ਼ਾਪਾਂ ਜ਼ਿਲ੍ਹਾ ਪੱਧਰ ਤੇ ਲੱਗਦੀਆਂ ਰਹਿਣ ਤਾਂ ਕਰਮਚਾਰੀਆਂ ਦੇ ਗਿਆਨ ਵਿੱਚ ਵਾਧਾ ਹੋਵੇਗਾ।
        ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ  ਕੋਆਰਡੀਨੇਟਰ ਨੇ ਆਏ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਜ ਦੀ ਵਰਕਸ਼ਾਪ ਰਿਸੋਰਸ ਪਰਸਨ/ਵਿਸ਼ਾ ਮਾਹਿਰ ਵੱਲੋਂ ਮਿਲੀ ਜਾਣਕਾਰੀ ਤੋਂ ਪ੍ਰੇਰਿਤ ਹੋ ਕੇ ਪਾਰਟੀਸਪੈਂਟਸ ਨੂੰ ਉਹਨਾਂ ਦੇ ਵਿਭਾਗਾਂ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸੁਚਾਰੂ ਢੰਗ ਅਤੇ ਪੂਰੀ ਪਾਰਦਰਸ਼ਤਾ ਨਾਲ ਕਰਨ ਲਈ ਪ੍ਰੇਰਿਆ।
        ਸ਼੍ਰੀ ਪ੍ਰੇਮ ਚੰਦ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵੱਲੋਂ ਜ਼ਿਲ੍ਹਾ ਸੈਂਟਰ ਸਬੰਧੀ ਪਾਰਟੀਸਪੈਂਟਸ ਨੂੰ ਜਾਣਕਾਰੀ ਦਿੱਤੀ ਗਈ।

ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਸਰਾਲਾ ਚੋਅ ਦੇ ਬੰਨ੍ਹ ਦਾ ਦੌਰਾ

ਹੁਸ਼ਿਆਰਪੁਰ, 25 ਅਗਸਤ:  ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਨਸਰਾਲਾ ਚੋਅ  (ਭੰਗੀ ਚੋਅ) ਦੇ ਬੰਨ੍ਹ ਦਾ ਦੌਰਾ ਕੀਤਾ ਅਤੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲਿਆ।  ਇਸ ਮੌਕੇ ਤੇ  ਸਰਵਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਆਰ ਐਸ ਸੈਣੀ ਐਕਸੀਅਨ ਡਰੇਨੇਜ਼ ਵਿਭਾਗ  ਸੁਖਵਿੰਦਰ ਸਿੰਘ ਕਲਸੀ ਐਸ ਡੀ ਓ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਉਹਨਾਂ ਨਾਲ ਸਨ।
        ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਸ਼ੇਰਪੁਰ ਬਾਤੀਆਂ, ਬਹਾਦੁਰਪੁਰ, ਬਸੀਗੁਲਾਮ ਹੁਸੈਨ ਅਤੇ ਥੱਥਲਾਂ ਆਦਿ ਵਿਖੇ ਭੰਗੀ ਚੋਅ ਵਿਚ ਆਏ ਬਰਸਾਤੀ ਪਾਣੀ ਨਾਲ ਹੜ੍ਹ ਰੋਕੂ ਕੰਮਾਂ ਦੇ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ ਅਤੇ  ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਕਿ ਉਹ ਤੁਰੰਤ ਇਹਨਾਂ ਕੰਮਾਂ ਦੀ  ਮੁਰੰਮਤ ਕਰਾਉਣ । ਉਹਨਾਂ ਨੇ  ਅਧਿਕਾਰੀਆਂ ਨੂੰ ਕਿਹਾ ਕਿ ਉਹ ਭੰਗੀ ਚੋਅ ਦੀਆਂ ਨਾਜਕ ਥਾਵਾਂ ਤੇ ਰੇਤ ਨਾਲ ਭਰੀਆਂ ਬੋਰੀਆਂ ਦੇ ਸਟੱਡ ਅਤੇ ਸਪੱਰ  ਵੀ ਜਲਦੀ ਬਣਾਉਣ ਤਾਂ ਜੋ ਚੋਅ ਵਿਚ ਆਉਣ ਵਾਲੇ ਬਰਸਾਤੀ ਪਾਣੀ ਨਾਲ ਹੁਸ਼ਿਆਰਪੁਰ ਸ਼ਹਿਰ ਦੇ ਨਿਵਾਸੀਆਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ।  ਉਹਨਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਬਰਸਾਤਾਂ ਦੌਰਾਨ ਆਉਣ ਵਾਲੇ ਸੰਭਾਵੀਂ ਹੜ੍ਹਾਂ ਨੂੰ ਰੋਕਣ ਲਈ  ਰੇਤ ਦੀਆਂ ਭਰੀਆਂ ਬੋਰੀਆਂ ਅਤੇ ਬਾਂਸਾਂ ਦਾ ਪ੍ਰਬੰਧ ਵੀ ਕਰਕੇ ਰੱਖਣ ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ । ਉਹਨਾ ਕਿਹਾ ਕਿ ਧੁੱਸੀ ਬੰਨ੍ਹਾਂ ਦੀਆਂ ਨਾਜ਼ਕ ਥਾਵਾਂ ਤੇ ਬਰਸਾਤ ਦੇ ਮੌਸਮ ਦੌਰਾਨ ਨਿਰੰਤਰ ਨਜ਼ਰ ਰੱਖੀ ਜਾਵੇ।
        ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਦਰਿਆ ਬਿਆਸ ਅਤੇ  ਵੱਖ-ਵੱਖ  ਚੋਆਂ ਤੇ ਬਣੇ ਧੁੱਸੀ ਬੰਨ੍ਹਾਂ ਤੇ ਠੀਕਰੀ ਪਹਿਰਾ ਲਗਾਉਣ  ਤਾਂ ਜੋ ਸੰਭਾਵੀਂ ਹੜ੍ਹਾਂ  ਸਬੰਧੀ ਸੂਚਨਾ ਸਮੇਂ ਸਿਰ ਅਤੇ ਪਹਿਲਾਂ ਮਿਲ ਸਕੇ। ਉਹਨਾਂ ਨੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਕੋਈ ਵੀ ਅਧਿਕਾਰੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਸਥਾਨ ਨਾ ਛੱਡੇ।

ਏ. ਡੀ. ਸੀ. ਵੱਲੋਂ ਸੁਵਿਧਾ ਕੇਂਦਰ ਦਾ ਦੌਰਾ

ਹੁਸ਼ਿਆਰਪੁਰ, 25 ਅਗਸਤ:  ਆਮ ਲੋਕਾਂ ਨੂੰ ਸਥਾਨਿਕ ਸੁਵਿਧਾ ਸੈਂਟਰ ਵਿਚ  ਬਿਜਲੀ ਦੇ ਬਿਲ, ਟੈਲੀਫੋਨ ਦੇ ਬਿਲ ਜਮਾਂ ਕਰਵਾਉਣ,  ਛੋਟੀਆਂ ਬੱਚਤਾਂ ਦੇ ਨਵੇਂ ਲਾਈਸੈਂਸ ਬਣਾਉਣ ਅਤੇ ਰੀਨੀਊ  ਕਰਵਾਉਣ ਦੀਆਂ ਸੇਵਾਵਾਂ ਵੀ ਜਲਦੀ ਸ਼ੁਰੂ ਕੀਤੀਆਂ  ਜਾ ਰਹੀਆਂ ਹਨ। ਇਹ ਜਾਣਕਾਰੀ  ਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ)  ਹੁਸ਼ਿਆਰਪੁਰ ਨੇ ਸਥਾਨਿਕ ਸੁਵਿਧਾ ਸੈਂਟਰ ਦਾ ਦੌਰਾ ਕਰਨ ਉਪਰੰਤ ਦਿੱਤੀ।
        ਵਧੀਕ ਡਿਪਟੀ ਕਮਿਸ਼ਨਰ (ਜ)  ਨੇ ਦਸਿਆ ਕਿ ਸੁਵਿਧਾ ਸੈਂਟਰ ਵਿਚ ਆਮ ਲੋਕਾਂ ਨੂੰ ਆਪਣੇ ਸਰਕਾਰੀ ਕੰਮ ਕਰਾਉਣ ਲਈ 27 ਤਰਾਂ ਦੀਆਂ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ ਜਿਹਨਾਂ ਵਿਚ ਅਸਲੇ ਦੇ ਲਾਈਸੈਂਸ ਬਣਾਉਣ , ਦਸਤਾਵੇਜ਼ਾਂ ਤੇ ਕਾਉਟਰ ਸਾਈਨ  ਕਰਵਾਉਣ, ਬਸ ਪਾਸ, ਡਿਪੈਨਂਡੈਂਟ ਸਰਟੀਫੀਕੇਟ, ਅਨ-ਮੈਰਿਡ ਸਰਟੀਫੀਕੇਟ ਜਾਰੀ ਕਰਨ, ਰਾਸ਼ਨ ਕਾਰਡ ਬਣਾਉਣ , ਜਨਮ ਸਬੰਧੀ ਲੇਟ ਰਜਿਸਟਰੇਸ਼ਨ, ਸ਼ਨਾਖਤੀ ਕਾਰਡ ਜਾਰੀ ਕਰਨ , ਪੁਰਾਣੀ ਰਜਿਸਟਰੀ ਦੀ ਕਾਪੀ, ਦਸਤਾਵੇਜ਼ਾਂ ਦੀ ਟਾਈਪ, ਆਰ ਟੀ ਆਈ ਐਕਟ ਸਬੰਧੀ ਬਿਨੈਪੱਤਰ, ਜਨਮ ਅਤੇ ਮੌਤ ਦੇ ਸਰਟੀਫੀਕੇਟ ਜਾਰੀ ਕਰਨ, ਹਲਫੀਆ ਬਿਆਨ, ਸ਼ਿਉਰਟੀ ਬਾਂਡ, ਪਾਸਪੋਰਟ ਬਣਾਉਣ ਸਬੰਧੀ ਅਰਜੀ ਦੇਣ ,ਇਤਰਾਜ਼ਹੀਣਤਾ ਸਰਟੀਫੀਕੇਟ ਜਾਰੀ ਕਰਨ, ਦਸਤਾਵੇਜ਼ਾਂ ਦੀ ਫੋਟੋਸਟੈਟ, ਦਸਤਾਵੇਜ਼ਾਂ ਨੂੰ ਤਸਦੀਕ ਕਰਨ, ਜ਼ਮੀਨ ਦੀ  ਨਿਸ਼ਾਨ ਦੇਹੀ, ਸ਼ਗਨ ਸਕੀਮ  ਅਤੇ ਵੱਖ-ਵੱਖ ਤਰਾਂ ਦੇ ਫਾਰਮ ਮੁਹਈਆ ਕਰਨ ਆਦਿ ਦੀਆਂ ਸੇਵਾਵਾਂ  ਸ਼ਾਮਲ  ਹਨ।  ਉਹਨਾਂ ਦਸਿਆ ਕਿ ਇਹਨਾਂ ਸੇਵਾਵਾਂ ਤੋਂ ਇਲਾਵਾ ਲੋਕਾਂ ਦੇ ਬੈਠਣ ਲਈ ਕੁਰਸੀਆਂ  ਅਤੇ ਪੀਣ ਵਾਲੇ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦਸਿਆ ਕਿ  ਲੋਕਾਂ ਦੇ ਕੰਮ ਹੋਣ ਉਪਰੰਤ ਉਹਨਾਂ ਨੂੰ ਟੈਲੀਫੋਨ ਰਾਹੀਂ ਅਤੇ ਐਸ ਐਮ ਐਸ ਰਾਹੀਂ ਵੀ ਸੂਚਿਤ ਕੀਤਾ ਜਾਂਦਾ ਹੈ।
        ਵਧੀਕ ਡਿਪਟੀ ਕਮਿਸ਼ਨਰ (ਜ)  ਨੇ ਸੁਵਿਧਾ ਸੈਂਟਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ  ਸੁਵਿਧਾ ਸੈਂਟਰ ਵਿਚ ਕੰਮ ਕਰਾਉਣ ਲਈ ਆਏ ਲੋਕਾਂ ਦਾ ਪੂਰਾ ਮਾਨ-ਸਤਕਾਰ ਕਰਨ ਅਤੇ ਸਮੇਂ ਸਿਰ ਉਹਨਾਂ ਦਾ ਕੰਮ ਕਰਕੇ ਦੇਣ।  ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਵਿਧਾ ਸੈਂਟਰ ਵਿਚ ਦਿਤੀਆਂ ਗਈਆਂ ਸੇਵਾਵਾਂ ਦਾ ਪੂਰਾ-ਪੂਰਾ ਲਾਭ ਉਠਾਉਣ ਅਤੇ ਆਪਣੇ ਕੰਮ ਨਿਸਚਿਤ ਸਮੇਂ ਵਿਚ ਕਰਾਉਣ ।

ਅਮਨ ਭੰਗ ਪਰ ਪੁਲਿਸ ਰਿਕਾਰਡ ਖਾਮੋਸ਼ !

ਤਲਵਾੜਾ, 23 ਅਗਸਤ: ਤਲਵਾੜਾ ਪੁਲਿਸ ਕੋਲ ਭਾਵੇਂ ਚੋਰੀ ਆਦਿ ਦੀਆਂ ਵਾਰਦਾਤਾਂ ਦੀਆਂ ਅਨੇਕਾਂ ਸ਼ਿਕਾਇਤਾਂ ਲੋਕਾਂ ਵੱਲੋਂ ਇਸ ਆਸ ਨਾਲ ਦਰਜ ਕਰਵਾਈਆਂ ਜਾਂਦੀਆਂ ਹਨ ਕਿ ਛੇਤੀ ਹੀ ਪੁਲਿਸ ਗੁਨਾਹਗਾਰਾਂ ਦੇ ਗਿਰੇਬਾਨ ਤੱਕ ਪੁੱਜ ਜਾਵੇਗੀ ਪਰੰਤੂ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਪੁਲਿਸ ਪੀੜਿਤ ਲੋਕਾਂ ਤੋਂ ਬੜੇ ਚਾਅ ਨਾਲ ਉਹਨਾਂ ਦੀ ਸ਼ਿਕਾਇਤ ਵਾਲਾ ਕਾਗਜ ਤਾਂ ਲੈ ਲੈਂਦੀ ਹੈ ਪਰ F. I . R. ਲਿਖਣ ਵਿਚ ਟਾਲਮਟੋਲ ਕਰਨ ਨੂੰ ਤਰਜੀਹ ਦਿੰਦੀ ਹੈ। ਬੀਤੇ ਦੋ ਮਹੀਨੇ ਅੰਦਰ ਤਲਵਾੜਾ ਥਾਣਾ ਦੇ ਖੇਤਰ ਅੰਦਰ ਦਰਜਨਾਂ ਚੋਰੀ ਦੀਆਂ ਘਟਨਾਵਾਂ ਹੋਈਆਂ ਪਰ ਐਫ ਆਈ ਆਰ ਇਕ ਵੀ ਦਰਜ ਨਹੀਂ ਹੋਈ। ਸ਼ਾਇਦ ਪੰਜਾਬ ਪੁਲਿਸ ਦਾ ਆਪਣੇ ਇਲਾਕੇ ਵਿਚ ਕ੍ਰਾਈਮ ਰੇਟ ਖਾਮੋਸ਼ ਦੱਸਣ ਦਾ ਇਹੀ ਇਕ ਮਾਤਰ ਤਰੀਕਾ ਬਚਿਆ ਹੈ। ਏਸ ਹਾਲਤ ਵਿਚ ਚੋਰਾਂ ਦਾ ਸ਼ਿਕਾਰ ਲੋਕ ਹੁਣ ਕਿਸ ਸੁਰੱਖਿਆ ਏਜੰਸੀ ਤੇ ਯਕੀਨ ਕਰਨ ਇਹ ਸੋਚਣ ਵਾਲੀ ਗੱਲ ਹੈ। ਇਸ ਸਬੰਧੀ ਜਿਲ੍ਹਾ ਪੁਲਿਸ ਕਪਤਾਨ ਸ਼੍ਰੀ ਰਕੇਸ਼ ਅਗਰਵਾਲ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਐਫ. ਆਈ. ਆਰ. ਦਰਜ ਕਰਨਾਂ ਅਤੇ ਜੁਰਮ ਦੀ ਰੋਕਥਾਮ ਕਰਨੀ ਪੁਲਿਸ ਦਾ ਫਰਜ ਹੈ ਅਤੇ ਉਹ ਯਕੀਨੀ ਬਣਾਉਣਗੇ ਕਿ ਹਰੇਕ ਨਾਗਰਿਕ ਨੂੰ ਇਨਸਾਫ ਮਿਲੇ। ਚੋਰੀ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਗੈਰ ਸਮਾਜੀ ਤੱਤਾਂ ਤੇ ਨਜ਼ਰ ਰੱਖ ਰਹੀ ਹੈ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਸਮਾਜਿਕ ਅਲਾਮਤਾਂ ਤੋਂ ਬਚਾਅ ਲਈ ਚੇਤਨਾ ਜਰੂਰੀ: ਅਗਰਵਾਲ

ਚਕੜਿਆਲ ਵਿਖੇ ਇੰਡੀਅਨ ਆਇਲ ਪੈਟਰੋਲ ਪੰਪ ਦਾ ਉਦਘਾਟਨ
ਤਲਵਾੜਾ, 21 ਅਗਸਤ: ਸਮਾਜ ਵਿਚ ਫੈਲੀਆਂ ਅਨੇਕਾਂ ਅਲਾਮਤਾਂ ਤੋਂ ਨਿਜਾਤ ਪਾਉਣ ਲਈ ਜਰੂਰੀ ਹੈ ਕਿ ਹਰ ਨਾਗਰਿਕ ਚੇਤੰਨ ਹੋਵੇ ਅਤੇ ਆਪਣੇ ਫਰਜ ਨੂੰ ਪਹਿਚਾਣਦੇ ਹੋਏ ਇਮਾਨਦਾਰੀ ਅਤੇ ਨੇਕਨੀਤੀ ਤੇ ਅਮਲ ਕਰਨਾ ਚਾਹੀਦਾ ਹੈ। ਇਹ ਵਿਚਾਰ ਅੱਜ ਇੱਥੇ ਸ਼੍ਰੀ ਰਾਕੇਸ਼ ਅਗਰਵਾਲ ਜਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਨੇ ਐ¤ਸ. ਡੀ. ਕਤਨੌਰੀਆ ਫਿ¦ਿਗ ਸਟੇਸ਼ਨ ਚੱਕੜਿਆਲ ਦਾ ਰਸਮੀ ਉਦਘਾਟਨ ਕਰਨ ਉਪਰੰਤ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸ. ਬੀ. ਐ¤ਸ. ਬੱਲੀ ਜਿਲ੍ਹਾ ਲੋਕ ਸੰਪਰਕ ਅਫਸਰ ਨਵਾਂਸ਼ਹਿਰ ਨੇ ਕਿਹਾ ਕਿ ਪੈਟਰੋਲੀਅਮ ਪਦਾਰਥ ਅਜੋਕੇ ਸਮੇਂ ਵਿਚ ਵਿਕਾਸ ਦਾ ਅਧਾਰ ਬਣ ਚੁੱਕੇ ਹਨ ਅਤੇ ਇਸ ਪੈਟਰੋਲ ਪੰਪ ਸ਼ੁਰੂ ਹੋਣ ਨਾਲ ਇਲਾਕੇ ਦੇ ਆਮ ਲੋਕਾਂ ਤੇ ਕਿਸਾਨਾਂ ਨੂੰ ਵੱਡੀ ਸਹੂਲਤ ਮਿਲ ਜਾਵੇਗੀ। ਸੀਨੀਅਰ ਪੱਤਰਕਾਰ ਸ਼੍ਰੀ ਸੁਦਰਸ਼ਨ ਕੁਮਾਰ ਨੇ ਵੀ ਇੰਡੀਅਨ ਆਇਲ ਦੇ ਇਤਿਹਾਸ ਤੇ ਚਾਨਣਾ ਪਾਇਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਜੇ ਵਿਸ਼ੇਸ਼ ਧਾਰਮਿਕ ਸਮਾਗਮ ਵਿਚ ਇੰਕਾ ਆਗੂ ਸ਼੍ਰੀ ਜਸਬੀਰ ਸਿੰਘ ਪਾਲ, ਸ਼੍ਰੀ ਰਾਮ ਪ੍ਰਸ਼ਾਦ ਸਰਪੰਚ ਤਲਵਾੜਾ, ਸ਼੍ਰੀ ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜੀਪੁਰ, ਹੈਡਮਾਸਟਰ ਰਾਮ ਪਾਲ, ਸੰਤ ਜਸਪਾਲ  ਸਿੰਘ ਓਡਰਾ, ਸੰਤ ਸੁਖਵਿੰਦਰ ਸਿੰਘ, ਕੰਵਰ ਰਤਨ ਚੰਦ, ਸ਼ਾਂਤੀ ਦੇਵੀ, ਨਵਸ਼ੇਰ ਸਿੰਘ ਕੌਮੀ ਹਾਕੀ ਖਿਡਾਰੀ, ਸ਼ਸ਼ੀ ਚੰਦਰ, ਹਰੀਸ਼ ਚੰਦਰ, ਪੂਨਮ, ਮੰਜੂ ਬਾਲਾ, ਦੇਵ ਰਾਜ,  ਅਸ਼ੋਕ ਕਾਲੀਆ, ਅਰਜਨ ਸਿੰਘ, ਹਜਾਰਾ ਸਿੰਘ, ਬੂਟਾ ਰਾਮ ਆਦਿ ਸਮੇਤ ਕਈ ਹੋਰ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।

ਤਲਵਾੜਾ ਰੇਂਜ ਪੁਹਾਰੀ ਜੰਗਲ ਨੂੰ ਪੱਧਰ ਕਰਨ ਤੇ ਕਾਰਵਾਈ ਜਾਰੀ

ਤਲਵਾੜਾ, 23 ਅਗਸਤ: ਇੱਥੇ ਬਹੁਚਰਚਿਤ ਪੁਹਾਰੀ ਵਣ ਕਾਂਡ ਦੇ ਕਥਿਤ ਪ੍ਰਮੁੱਖ ਦੋਸ਼ੀ ਦਲੀਪ ਸਿੰਘ ਵਾਸੀ ਬੇਗੋਵਾਲ ਜਿਲ੍ਹਾ ਕਪੂਰਥਲਾ ਵਿਰੁੱਧ ਲੁੜੀਂਦੀ ਜਾਂਚ ਮਗਰੋਂ ਵਣ ਵਿਭਾਗ ਵੱਲੋਂ ਕਾਨੂੰਨੀ ਚਾਰਾਜੋਈ ਲਈ ਕਮਰ ਕੱਸ ਲਈ ਗਈ ਹੈ। ਉਕਤ ਵਿਅਕਤੀ ਵੱਲੋਂ ਬੀਤੇ ਦਿਨ ਵਣ ਰੇਂਜ ਤਲਵਾੜਾ ਵਿਚ ਪੈਂਦੇ ਪਿੰਡ ਪੁਹਾਰੀ ਦੇ ਕਰੀਬ 23 ਏਕੜ ਵਣ ਖਰੀਦਣ ਉਪਰੰਤ ਇਹਨਾਂ ਵਣਾਂ ਨੂੰ ਭਾਰੀ ਮਸ਼ੀਨਰੀ ਦੀ ਵਰਤੋਂ ਨਾਲ ਤਹਿਸ ਨਹਿਸ ਕਰਕੇ ਪੱਧਰ ਕਰ ਦਿੱਤਾ ਗਿਆ ਜਿਸ ਨਾਲ ਜਿੱਥੇ ਸ਼ਿਵਾਲਿਕ ਦੀ ਕੀਮਤੀ ਵਣ ਸੰਪਤੀ ਅਤੇ ਜੰਗਲੀ ਜੀਵਾਂ ਨੂੰ ਵੱਡਾ ਨੁਕਸਾਨ ਪੁੱਜਾ ਤੇ ਤਿੰਨ ਕੁਦਰਤੀ ਬਰਸਾਤੀ ਚੋਆਂ ਵਿਚ ਭਰਤੀ ਪਾ ਕੇ ਉਹਨਾਂ ਦਾ ਕੁਦਰਤੀ ਵਹਿਣ ਬੰਦ ਕੀਤਾ, ਉੱਥੇ ਵਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਅੰਦਰ ਆ ਗਈ। ਇਸ ਸਬੰਧੀ 9 ਅਗਸਤ ਨੂੰ ਵਣਪਾਲ ਹਿੱਲਜ਼ ਸ੍ਰੀ ਜਤਿੰਦਰ ਕੁਮਾਰ ਸ਼ਰਮਾ ਆਈ. ਐਫ. ਐਸ. ਕੋਲ ਸ਼ਿਕਾਇਤ ਪੁੱਜਣ ਤੇ ਉਹਨਾਂ ਵਣਪਾਲ ਸ਼ਿਵਾਲਿਕ ਸਰਕਲ ਸ਼੍ਰੀ ਪਰਵੀਨ ਕੁਮਾਰ ਸ਼ਰਮਾ ਆਈ. ਐਫ. ਐਸ. ਦੀ ਅਗਵਾਈ ਵਿਚ ਉੱਚ ਪੱਧਰੀ ਜਾਂਚ ਟੀਮ ਬਣਾਈ ਗਈ ਜਿਹਨਾਂ ਮੌਕੇ ਤੇ ਨਿਰੀਖਣ ਕਰਨ ਉਪਰੰਤ ਰਿਪੋਰਟ ਤਿਆਰ ਕੀਤੀ ਜਿਸ ਦੇ ਅਧਾਰ ਤੇ  ਪੰਜਾਬ ਵਣ ਵਿਭਾਗ ਦਸੂਹਾ ਮੰਡਲ ਦੇ ਪੰਜ ਸੀਨੀਅਰ ਅਧਿਕਾਰੀ ਜਿਨ੍ਹਾਂ ਵਿਚ ਸ਼੍ਰੀ ਜਸਮੇਰ ਸਿੰਘ ਵਣ ਮੰਡਲ ਅਫਸਰ ਦਸੂਹਾ, ਸ਼੍ਰੀ ਗੁਰਸ਼ਰਨ ਸਿੰਘ ਉਪ ਵਣਮੰਡਲ ਅਫਸਰ, ਸ਼੍ਰੀ ਰਕੇਸ਼ ਚੰਦਰ ਡਿਪਟੀ ਰੇਂਜਰ, ਸ਼੍ਰੀ ਜੋਗਿੰਦਰਪਾਲ ਫਾਰੈਸਟਰ ਅਤੇ ਸ਼੍ਰੀ ਜੋਗਿੰਦਰਪਾਲ ਸਿੰਘ ਵਣ ਗਾਰਡ ਸ਼ਾਮਿਲ ਹਨ। ਵਿਰੁੱਧ ਭਾਰਤੀ ਵਣ ਐਕਟ 1927, ਪੰਜਾਬ ਭੂਮੀ ਸੁਰੱਖਿਆ ਐਕਟ 1900 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਆਪਣੀ ਨਿਭਾਉਣ ਪ੍ਰਤੀ ਘੋਰ ਲਾਪਰਵਾਹੀ ਵਰਤਣ ਕਾਰਨ ਤੁਰੰਤ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਆਰੰਭੀ ਗਈ ਹੈ। ਸ਼੍ਰੀ ਪਰਵੀਨ ਸ਼ਰਮਾ ਨੇ ਦੱਸਿਆ ਕਿ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਦਲੀਪ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਨਵ ਨਿਯੁਕਤ ਡੀ. ਐਫ. ਓ. ਦਸੂਹਾ ਸ. ਸਤਨਾਮ ਸਿੰਘ ਨੇ ਦੱਸਿਆ ਕਿ ਦਲੀਪ ਸਿੰਘ ਵਿਰੁੱਧ ਦਸਤਾਵੇਜ ਤਿਆਰ ਕਰ ਲਏ ਗਏ ਹਨ ਅਤੇ ਉਸ ਉੱਤੇ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਜਾਵੇਗਾ। ਇੱਥੇ ਇਹ ਵੀ ਜਿਕਰਯੋਗ ਕਿ ‘ਆਪੇ ਫਾਥੜੀਏ’ ਵਾਲੀ ਕਹਾਵਤ ਉਦੋਂ ਇਸ ਸਾਰੇ ਮਾਮਲੇ ਵਿਚ ਸੱਚ ਹੁੰਦੀ ਨਜ਼ਰ ਆਈ ਜਦੋਂ ਵਣ ਅਧਿਕਾਰੀਆਂ ਨੇ ਮਹਿਸੂਸ ਕੀਤਾ ਕਿ ਮਾਮਲਾ ਵਧ ਗਿਆ ਹੈ ਅਤੇ ਉਹਨਾਂ ਦਲੀਪ ਸਿੰਘ ਨੂੰ ਪੰਜਾਬ ਭੂਮੀ ਸੁਰੱਖਿਆ ਐਕਟ 1900 ਅਧੀਨ ਢਾਈ ਲੱਖ ਰੁਪਏ ਜੁਰਮਾਨਾ ਕਰ ਦਿੱਤਾ ਜਦਕਿ ਸੂਤਰਾਂ ਅਨੁਸਾਰ ਸਬੰਧਤ ਪਹਾੜੀ ਜੰਗਲ ਏਸ ਐਕਟ ਅਧੀਨ ਨਹੀਂ ਵਿਚਾਰਿਆ ਜਾ ਸਕਦਾ। ਇੰਜ ਜਿੱਥੇ ਉਕਤ ਅਧਿਕਾਰੀਆਂ ਨੂੰ ਤਲਵਾੜਾ ਰੇਂਜ ਦਾ ਪੁਹਾਰੀ ਜੰਗਲ ਪੱਧਰ ਕਰਨ ਦੇ ਮਾਮਲੇ ਵਿਚ ਕਥਿਤ ਲਾਪਰਵਾਹੀ ਤੇ ਕੁਤਾਹੀ ਵਰਤਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਜੁਰਮਾਨਾ ਵਸੂਲੀ ਮਾਮਲੇ ਵਿਚ ਵੀ ਜਵਾਬਦੇਹ ਹੋਣਾ ਪੈ ਰਿਹਾ ਹੈ। ਇਸ ਘਟਨਾ ਦੀ ਇਲਾਕੇ ਭਰ ਵਿਚ ਕਾਫੀ ਚਰਚਾ ਹੈ।

ਚੋਹਾਲ ਡੈਮ ਝੀਲ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇਗਾ: ਤੀਕਸ਼ਨ ਸੂਦ

ਹੁਸ਼ਿਆਰਪੁਰ, 22 ਅਗਸਤ: ਚੋਹਾਲ ਡੈਮ ਦੀ ਝੀਲ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਲਈ ਜੰਗਲਾਤ ਵਿਭਾਗ ਦੇ ਰੈਸਟ ਹਾਉਸ ਚੋਹਾਲ ਵਿਖੇ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਸਬੰਧਤ ਜ਼ਿਲ੍ਹਾ ਅਧਿਕਾਰੀਆਂ  ਅਤੇ ਰਾਜਨੀਤਿਕ ਨੇਤਾਵਾਂ ਨਾਲ ਮੀਟਿੰਗ ਹੋਈ। ਜਿਸ ਵਿੱਚ  ਡਿਪਟੀ ਕਮਿਸ਼ਨਰ ਸ਼੍ਰੀ ਧਰਮ ਦੱਤ ਤਰਨਾਚ, ਐਸ ਐਸ ਪੀ ਰਾਕੇਸ਼ ਅਗਰਵਾਲ,  ਐਸ ਡੀ ਐਮ ਕੈਪਟਨ ਕਰਨੈਲ ਸਿੰਘ, ਚੀਫ ਕੰਜਰਵੇਟਿਵ ਅਫ਼ਸਰ (ਹਿਲਜ਼) ਸ਼੍ਰੀ ਜਤਿੰਦਰ ਸ਼ਰਮਾ, ਵਣ ਮੰਡਲ ਅਫ਼ਸਰ ਦੇਵ ਰਾਜ ਸ਼ਰਮਾ, ਡਿਪਟੀ ਵਣ ਮੰਡਲ ਅਫ਼ਸਰ ਓਂਕਾਰ ਸਿੰਘ ਸੰਧਰ, ਕਾਰਜਕਾਰੀ ਇੰਜੀਨੀਅਰ ਇਰੀਗੇਸ਼ਨ ਰਾਮ ਰਤਨ, ਸਹਾਇਕ ਡਾਇਰੈਕਟਰ ਮੱਛੀ ਪਾਲਣ ਰਾਜ ਕੁਮਾਰ, ਸਹਾਇਕ ਇੰਜੀਨੀਅਰ ਜਨੌੜੀ ਡੈਮ ਉਸਾਰੀ ਮੰਡਲ ਗੁਰਮੀਤ ਸਿੰਘ ਤੱਖੀ,  ਰੇਂਜ ਅਫ਼ਸਰ ਕੁਲਰਾਜ ਸਿੰਘ, ਐਸ ਡੀ ਓ ਜਨੌੜੀ ਚੋਹਾਲ ਡੈਮ ਦੇਵ ਅਨੰਦ,  ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜ਼ਿਲ੍ਹਾ ਮੀਡੀਆ ਇੰਚਾਰਜ ਕਮਲਜੀਤ ਸੇਤੀਆ ਅਤੇ ਮੀਤ ਪ੍ਰਧਾਨ ਜ਼ਿਲ੍ਹਾ ਭਾਜਪਾ ਸੁਧੀਰ ਸੂਦ ਵੀ ਹਾਜ਼ਰ ਸਨ।
         ਇਸ ਮੌਕੇ ਤੇ ਸ਼੍ਰੀ ਤੀਕਸ਼ਨ ਸੂਦ ਨੇ  ਚੋਹਾਲ ਡੈਮ ਅਤੇ ਉਸ ਦੀ ਝੀਲ ਨੂੰ  ਜੰਗਲਾਤ ਵਿਭਾਗ ਵੱਲੋਂ ਸੈਰ ਸਪਾਟੇ ਵਜੋਂ ਵਿਕਸਿਤ ਕਰਨ  ਲਈ ਸਬੰਧਤ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ । ਉਹਨਾਂ ਦੱਸਿਆ ਕਿ ਇਸ ਡੈਮ ਦੀ ਝੀਲ ਦੇ ਕਿਨਾਰਿਆਂ ਤੇ  ਹਾਉਸ ਬੋਟ ਬਣਾਏ ਜਾਣਗੇ ਜਿਨ੍ਹਾਂ ਵਿੱਚ  ਆਧੁਨਿਕ ਕਿਸਮ ਦੇ ਕਮਰੇ ਅਤੇ  ਰਸੋਈ ਘਰ ਵੀ ਬਣਾਇਆ ਜਾਵੇਗਾ ਜਿਸ ਵਿੱਚ ਖਾਣ-ਪੀਣ ਦੀਆਂ ਹਰ ਤਰ੍ਹਾਂ ਦੀਆਂ ਚੀਜਾਂ ਉਪਲੱਬਧ ਕਰਾਈਆਂ ਜਾਣਗੀਆਂ। ਇਨ੍ਹਾਂ ਹਾਉਸ ਬੋਟਾਂ ਦਾ ਪ੍ਰਬੰਧ ਇਸ ਇਲਾਕੇ ਦੀਆਂ  ਸੰਯੁਕਤ ਜੰਗਲਾਤ ਮੈਨੇਜਮੈਟ ਕਮੇਟੀਆਂ (ਜੇ ਐਫ ਐਮ ਕਮੇਟੀਆਂ) ਵੱਲੋਂ ਕੀਤਾ ਜਾਵੇਗਾ।  ਇਨ੍ਹਾਂ ਹਾਉਸ ਬੋਟਾਂ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਹਾਉਸ ਬੋਟਾਂ ਦੇ ਬਣਨ ਨਾਲ ਜਿਥੇ ਇਸ ਕੰਢੀ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਉਥੇ ਸੈਰ ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ।  ਉਹਨਾਂ ਹੋਰ ਦੱਸਿਆ ਕਿ ਇਸ ਝੀਲ ਵਿੱਚ ਸੈਲਾਨੀਆਂ ਅਤੇ ਆਮ ਲੋਕਾਂ ਦੀ ਸੈਰ ਲਈ  ਛੋਟੀਆਂ ਕਿਸ਼ਤੀਆਂ ਵੀ ਚਲਾਈਆਂ ਜਾਣਗੀਆਂ ।  ਸ਼੍ਰੀ ਸੂਦ ਨੇ ਦੱਸਿਆ ਕਿ ਹਾਉਸ ਬੋਟਾਂ ਨੂੰ ਚਲਾਉਣ ਲਈ ਜੇ ਐਫ ਐਮ ਕਮੇਟੀਆਂ ਦੇ ਮੈਂਬਰਾਂ ਨੂੰ ਸੈਰ ਸਪਾਟੇ ਨਾਲ ਸਬੰਧਤ ਸੰਸਥਾਵਾਂ ਵਿੱਚ ਸਿਖਲਾਈ ਦੁਆਈ ਜਾਵੇਗੀ  ਜਿਸ ਨਾਲ ਉਹ ਇਨ੍ਹਾਂ ਹਾਉਸ ਬੋਟਾਂ ਨੂੰ ਸਫ਼ਲਤਾਪੂਰਵਕ ਚਲਾ ਸਕਣ ਅਤੇ ਸੈਰ ਸਪਾਟੇ ਸੰਬਧੀ ਮਾਹਿਰ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ।   ਸ਼੍ਰੀ ਸੂਦ ਨੇ ਕਿਹਾ ਕਿ ਇਸ ਡੈਮ ਦੇ ਸੈਰ ਸਪਾਟੇ ਵਜੋਂ ਵਿਕਸਿਤ ਹੋਣ ਨਾਲ ਜਿਥੇ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਆਉਣ ਸੈਲਾਨੀਆਂ ਲਈ  ਹੁਸ਼ਿਆਰਪੁਰ ਖਿੱਚ ਦਾ ਕਾਰਨ ਬਣੇਗਾ, ਉਥੇ ਇਸ ਇਲਾਕੇ ਦੇ ਲੋਕਾਂ ਲਈ ਆਮਦਨ ਦਾ ਸਾਧਨ ਵੀ ਬਣੇਗਾ।
        ਚੀਫ ਕੰਜ਼ਰਵੇਟਿਵ ਅਫ਼ਸਰ (ਹਿਲਜ਼) ਸ਼੍ਰੀ ਜਤਿੰਦਰ ਸ਼ਰਮਾ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਹਾਲ ਡੈਮ ਅਤੇ ਇਸ ਦੀ ਝੀਲ ਨੂੰ ਸੈਰ ਸਪਾਟੇ ਵਜੋਂ ਵਣ ਵਿਭਾਗ ਵੱਲੋਂ ਵਿਕਸਿਤ ਕਰਨ ਲਈ ਇੱਕ ਵਿਆਪਕ ਯੋਜਨਾ ਬਣਾਈ ਗਈ ਹੈ ਜਿਸ ਤੇ 43 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਅਤੇ ਇਹ ਯੋਜਨਾ ਸੈਰ ਸਪਾਟਾ ਵਿਭਾਗ ਨੂੰ ਬਣਾ ਕੇ ਭੇਜੀ ਗਈ ਹੈ।

ਮਲੇਰਕੋਟਲਾ ਫੈਕਟਰੀ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਸਹਾਇਤਾ ਦਾ ਐਲਾਨ

ਹੁਸ਼ਿਆਰਪੁਰ, 22 ਅਗਸਤ:  ਸ਼੍ਰੀ ਤੀਕਸ਼ਨ ਸੂਦ ਸੰਸਦੀ ਮਾਮਲੇ ਮੈਡੀਕਲ ਸਿਖਿਆ ਤੇ ਖੋਜ ,ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਵਲੋਂ ਬੀਤੇ ਦਿਨੀਂ ਮੈਸਰਜ਼ ਦੁਰਗਾ ਡੁਪਲੈਕਸ ਮਿਲਜ਼ ਪ੍ਰਾਈਵੇਟ ਲਿਮਿਟਡ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਵਿਚ ਇਕ ਡਰਾਇਰ ਦੇ ਫੱਟਣ ਕਾਰਨ ਵਾਪਰੇ ਹਾਦਸੇ ਵਿਚ ਮਾਰੇ ਗਏ ਪੰਜ ਕਿਰਤੀਆਂ ਦੇ  ਵਾਰਸਾਂ ਨੂੰ 40-40 ਹਜ਼ਾਰ ਰੁਪਏ ਪ੍ਰਤੀ ਮ੍ਰਿਤਕ ਕਿਰਤੀ ਬਤੌਰ ਐਕਸ-ਗਰੇਸ਼ੀਆ ਗਰਾਂਟ ਵਜੋਂ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਐਕਸ-ਗਰੇਸ਼ੀਆ ਭਲਾਈ ਸਕੀਮ ਅਧੀਨ ਤੁਰੰਤ ਦੇਣ ਦਾ ਐਲਾਨ ਕੀਤਾ । ਇਸ ਤੋਂ ਇਲਾਵਾ ਹਾਦਸੇ ਵਿਚ ਅੰਸ਼ਿਕ ਤੌਰ ਤੇ ਅਪੰਗ ਕਿਰਤੀ ਨੂੰ 20 ਹਜ਼ਾਰ ਰੁਪਏ ਦੀ ਰਕਮ ਵੀ ਐਕਸ-ਗਰੇਸ਼ੀਆ ਗਰਾਂਟ ਵਜੋਂ ਦੇਣ ਦਾ ਐਲਾਨ ਕੀਤਾ ਅਤੇ ਉਹਨਾਂ ਨੇ ਮ੍ਰਿਤਕ ਕਿਰਤੀਆਂ ਦੇ ਸਗੇ-ਸਬੰਧੀਆਂ ਨਾਲ ਅਫਸੋਸ ਅਤੇ ਜਖਮੀ ਕਿਰਤੀ ਨਾਲ  ਹਮਦਰਦੀ ਦਾ ਪ੍ਰਗਟਾਵਾ ਕੀਤਾ।
        ਸ਼੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਇਸ ਹਾਦਸੇ ਦੀ ਮੁਢਲੀ ਪੜਤਾਲ ਸੁਖਮਿੰਦਰ ਸਿੰਘ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਸੰਗਰੂਰ ਵਲੋਂ ਕੀਤੀ ਗਈ ਅਤੇ ਇਸ ਬਾਰੇ ਆਪਣੀ ਸਰਸਰੀ ਰਿਪੋਰਟ ਪੇਸ਼ ਕੀਤੀ। ਸ਼੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਵਿਭਾਗ ਦੇ ਅਫਸਰਾਂ ਦੀ ਇਕ ਪੜਤਾਲ ਕਮੇਟੀ ਬਣਾਈ ਗਈ ਹੈ ਜਿਸ ਵਿਚ ਸ਼੍ਰੀ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਲੁਧਿਆਣਾ, ਸ਼੍ਰੀ ਜਗਜੀਤ ਸਿੰਘ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ( ਕੈਮੀਕਲ ) ਐਸ ਏ ਐਸ ਨਗਰ ਮੋਹਾਲੀ ਅਤੇ ਸ਼੍ਰੀ ਸੁਖਮਿੰਦਰ ਸਿੰਘ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਸੰਗਰੂਰ ਨੂੰ ਇਸ ਹਾਦਸੇ ਦੇ ਕਾਰਣਾਂ ਦੀ ਪੜਤਾਲ ਕਰਨ ਲਈ ਆਦੇਸ਼ ਦਿਤੇ ਗਏ ਹਨ। ਪੜਤਾਲ ਉਪਰੰਤ ਪਾਈਆਂ ਗਈਆਂ ਉਲੰਘਣਾਵਾਂ ਲਈ ਫੈਕਟਰੀ ਪ੍ਰਬੰਧਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਰਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਫੈਕਟਰੀ ਪ੍ਰਬੰਧਕਾਂ ਵਲੋਂ ਸਵਾ ਦੋ-ਦੋ ਲੱਖ ( ਸਵਾ 2-2 ਲੱਖ ਰੁਪਏ )  ਰੁਪਏ ਦਾ ਮੁਆਵਜ਼ਾ ਹਰ ਇੱਕ ਮ੍ਰਿਤਕ ਕਿਰਤੀ ਦੇ ਵਾਰਸਾਂ ਨੂੰ ਤੁਰੰਤ ਸਹਾਇਤਾ ਵਜੋਂ ਦਿਤੇ ਜਾਣ ਦਾ ਐਲਾਨ ਕੀਤਾ ਗਿਆ ਅਤੇ ਮ੍ਰਿਤਕਾਂ ਦੇ ਸੰਸਕਾਰ ਲਈ ਖਰਚੇ ਵਜੋਂ 25-25 ਹਜ਼ਾਰ ਰੁਪਏ ਹਰ ਇਕ ਮ੍ਰਿਤਕ ਕਿਰਤੀ ਦੇ ਵਾਰਸ ਨੂੰ ਅਲਗ ਤੋਰ ਤੇ ਸਹਾਇਤਾ ਵਜੋਂ ਦੇ ਦਿਤੇ ਗਏ ਹਨ। ਜਖਮੀ ਕਿਰਤੀ ਦੇ  ਇਲਾਜ਼ ਤੇ ਸਾਰਾ ਖਰਚਾ ਫੈਕਟਰੀ ਪ੍ਰਬੰਧਕਾਂ ਵਲੋਂ ਹੀ ਕੀਤਾ ਜਾ ਰਿਹਾ ਹੈ।
        ਸ਼੍ਰੀ ਤੀਕਸ਼ਨ ਸੂਦ ਨੇ 13 ਅਗਸਤ 2010 ਨੂੰ ਮੈਸਰਜ਼ ੳਇਸਿਸ ਇੰਟਰਪ੍ਰਾਈਸਿਜ਼ ਪ੍ਰਾਈਵੇਟ ਲਿਮਿਟਡ ਮੰਡੀ ਗੋਬਿੰਦਗੜ੍ਹ ਵਿਖੇ ਵਾਪਰੇ ਹਾਦਸੇ ਵਿਚ ਜਖਮੀ ਹੋਏ ਕਿਰਤੀਆਂ ਵਿਚੋਂ ਮਰਨ ਵਾਲੇ ਦੋ ਕਿਰਤੀਆਂ ਦੇ ਵਾਰਸਾਂ ਨੂੰ 40-40 ਹਜ਼ਾਰ ਰੁਪਏ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਐਕਸ-ਗਰੇਸੀਆਂ ਸਕੀਮ ਅਧੀਨ ਐਕਸ-ਗਰੇਸ਼ੀਆਂ ਗਰਾਂਟ ਵਜੋਂ ਦੇਣ ਦਾ ਐਲਾਨ ਕੀਤਾ ਅਤੇ 6 ਹੋਰ ਜ਼ਖਮੀ ਕਿਰਤੀਆਂ ਨੂੰ 20-20 ਹਜ਼ਾਰ ਰੁਪਏ ਪ੍ਰਤੀ ਕਿਰਤੀ ਬਤੌਰ ਐਕਸ-ਗਰੇਸੀਆਂ ਗਰਾਂਟ ਵਜੋਂ ਦਿਤੇ ਜਾਣ ਦਾ ਐਲਾਨ ਕੀਤਾ।   ਸ਼੍ਰੀ ਸੂਦ ਨੇ ਦਸਿਆ  ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਅਖਤਿਆਰੀ ਫੰਡ ਵਿਚੋਂ ਮ੍ਰਿਤਕ ਕਿਰਤੀਆਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਵਿਤੀ ਸਹਾਇਤਾ ਵਜੋਂ ਦਿਵਾਉਣ ਲਈ ਸਿਫਾਰਸ਼ ਕੀਤੀ ਗਈ ਹੈ ਅਤੇ  ਫੈਕਟਰੀ ਦੇ ਪ੍ਰਬੰਧਕਾਂ ਵਲੋਂ ਮ੍ਰਿਤਕ ਕਿਰਤੀਆਂ ਦੇ ਵਾਰਸ਼ਾਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਦਿਤੀ ਗਈ ਹੈ। 
        ਸ਼੍ਰੀ ਤੀਕਸ਼ਨ ਸੂਦ ਨੇ ਹੋਰ ਦਸਿਆ ਕਿ  ਪੰਜਾਬ ਸਰਕਾਰ ਹਮੇਸ਼ਾਂ ਹੀ ਕਿਰਤੀਆਂ ਦੀ ਜਾਨ ਅਤੇ ਸੁਰੱਖਿਆ ਪ੍ਰਤੀ ਸੁਚੇਤ ਹੈ ਅਤੇ ਅਜਿਹੇ ਹਾਦਸੇ ਅੱਗੇ  ਤੋਂ ਨਾ ਵਾਪਰਨ ਇਸ ਲਈ ਫੇੈਕਟਰੀਆਂ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾਵੇਗੀ। ਉਹਨਾਂ ਨੇ  ਮ੍ਰਿਤਕ ਕਿਰਤੀਆਂ ਦੇ ਸਗੇ-ਸਬੰਧੀਆਂ ਨਾਲ ਅਫਸੋਸ ਅਤੇ ਜਖਮੀ ਕਿਰਤੀ ਨਾਲ  ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਮਾਮੂਲੀ ਤੌਰ ਤੇ ਜਖ਼ਮੀ ਕਿਰਤੀਆਂ ਦੇ ਇਲਾਜ਼ ਵਾਸਤੇ ਸਬੰਧਤ ਸਹਾਇਕ ਕ੍ਰਿਤ ਕਮਿਸ਼ਨਰ ਨੂੰ 5-5 ਹਜ਼ਾਰ ਰੁਪਏ ਪੰਜਾਬ ਲੇਬਰ ਵੈਲਫੇਅਰ ਬੋਰਡ ਵਿਚੋਂ ਦੇਣ ਦੇ ਨਿਰਦੇਸ਼ ਦਿਤੇ।

ਡਾ. ਸੁਰਿੰਦਰ ਮੰਡ ਪ੍ਰਧਾਨ ਬਣੇ

ਤਲਵਾੜਾ, 21 ਅਗਸਤ: ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ ਦੀ ਤਲਵਾੜਾ ਇਕਾਈ ਦੀ ਚੋਣ ਹੋਈ ਜਿਸ ਵਿਚ ਪ੍ਰੋ. ਸੁਰਿੰਦਰਪਾਲ ਸਿੰਘ ਮੰਡ ਪ੍ਰਧਾਨ ਚੁਣੇ ਗਏ ਅਤੇ ਪ੍ਰੋ. ਰਜੇਸ਼ ਡੋਗਰਾ ਨੂੰ ਸਕੱਤਰ ਅਤੇ ਪ੍ਰੋ. ਬਲਬੀਰ ਸਿੰਘ ਨੂੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਡਾ. ਹਰਸ਼ ਮਹਿਤਾ, ਦਲਬੀਰ ਸਿੰਘ ਮੱਲ੍ਹੀ, ਗੁਰਚਰਨ ਸਿੰਘ, ਤਿਲਕ ਵਰਮਾ, ਯਸ਼ ਸ਼ਾਰਦਾ ਸਮੇਤ ਹੋਰ ਅਧਿਆਪਕ ਹਾਜਰ ਸਨ।

ਹੁਸ਼ਿਆਰਪੁਰ ਸ਼ਹਿਰ ਦੇ ਨਵੇਂ ਮੁਹੱਲਿਆਂ ਦੇ ਸੀਵਰੇਜ ਲਈ ੧੦੨ ਕਰੋੜ ਦਾ ਪ੍ਰਾਜੈਕਟ ਤਿਆਰ : ਸੂਦ

ਹੁਸ਼ਿਆਰਪੁਰ, 21 ਅਗਸਤ:  ਹੁਸ਼ਿਆਰਪੁਰ ਸ਼ਹਿਰ ਦੇ ਨਵੇਂ ਬਣੇ ਮੁਹੱਲਿਆਂ ਵਿੱਚ ਸੀਵਰੇਜ਼ ਸਿਸਟਮ ਪਾਉਣ ਲਈ 102 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ।  ਇਸ ਗੱਲ ਦਾ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ  ਹੁਸ਼ਿਆਰਪੁਰ ਬਲਾਕ-1 ਬੀ ਵਿੱਚ ਪੈਂਦੇ ਮੁਹੱਲਾ ਸੁੰਦਰ ਨਗਰ ਦੇ ਸਰਕਾਰੀ ਐਲੀਮੈਂਟਰੀ ਸਕੂਲ   ਦੀ  ਚਾਰ-ਦੀਵਾਰੀ ਲਈ 2 ਲੱਖ 41 ਹਜ਼ਾਰ ਰੁਪਏ ਦਾ ਚੈਕ ਦੇਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੁੰ ਸੰਬੋਧਨ ਕਰਦੇ ਹੋਏ ਕੀਤਾ।  
        ਇਸ ਮੌਕੇ ਤੇ ਆਯੋਜਿਤ ਸਮਾਗਮ ਨੁੰ ਸੰਬੋਧਨ ਕਰਦਿਆਂ ਸ਼੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਸਿੱਖਿਆ  ਦੇ ਪੱਧਰ ਨੂੰ ਉਚਾ  ਚੁੱਕਣ ਅਤੇ ਸਿਹਤ  ਸਹੂਲਤਾਂ ਦੇਣ ਨੂੰ ਪਹਿਲ ਦਿੱਤੀ ਗਈ ਹੈ।  ਪਿਛਲੇ ਕਾਫ਼ੀ ਸਮੇਂ ਤੋਂ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਸੀ ਜੋ ਕਿ ਅਕਾਲੀ-ਭਾਜਪਾ ਸਰਕਾਰ ਨੇ ਹੀ ਦੂਰ ਕੀਤੀ ਹੈ ਅਤੇ ਇਸ ਸਮੇਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਰਿਹਾ ਹੈ।  ਇਸੇ ਤਰ•ਾਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵੀ ਪੰਜਾਬ ਸਰਕਾਰ  ਯਤਨਸ਼ੀਲ ਹੈ।  ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨੁੰ ਪੂਰਾ ਕੀਤਾ ਜਾ ਰਿਹਾ ਹੈ ਅਤੇ  ਗਰੀਬ ਲੋਕਾਂ ਦੀ ਭਲਾਈ ਲਈ  ਵਧੇਰੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।  ਉਹਨਾਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪ੍ਰੀਵਾਰਾਂ ਦਾ 30 ਰੁਪਏ ਵਿੱਚ  ਇੱਕ ਸਾਲ ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਦੇ ਪ੍ਰੀਵਾਰ ਦੇ 5 ਮੈਂਬਰਾਂ ਦਾ 30,000 ਰੁਪਏ ਤੱਕ ਮੁਫ਼ਤ ਇਲਾਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਸਮੇਂ ਬੱਚੇ ਦੀ ਮਾਂ ਨੂੰ 700 ਰੁਪਏ ਅਤੇ ਸ਼ਹਿਰੀ ਖੇਤਰ ਵਿੱਚ 500 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।  ਇਸ ਮੌਕੇ ਤੇ ਚੇਅਰਮੈਨ ਪਸਵਕ  ਮਨਜੀਤ ਸਿੰਘ ਅਤੇ ਹੈਡ ਟੀਚਰ ਜੀਵਨ ਲੱਤਾ ਅਤੇ ਇਲਾਕਾ ਨਿਵਾਸੀਆਂ ਨੇ ਮੰਤਰੀ ਜੀ ਨੂੰ ਸ਼ਾਲ ਦੇ ਕੇ ਉਹਨਾਂ ਦਾ ਸਨਮਾਨ ਕੀਤਾ।
        ਇਸ ਮੌਕੇ ਤੇ ਜ਼ਿਲ•ਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਮੀਡੀਆ ਇੰਚਾਰਜ ਜ਼ਿਲ•ਾ ਭਾਜਪਾ ਕਮਲਜੀਤ ਸੇਤੀਆ, ਮਾਸਟਰ ਚਰਨਜੀਤ ਸਿੰਘ  ਅਤੇ ਸ਼੍ਰੀ ਰਮਨ ਘਈ ਨੇ ਵੀ ਜ਼ਿਲ•ੇ ਵਿੱਚ ਹੋਏ ਵਿਕਾਸ ਕੰਮਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।  ਸਰਵ ਸਿੱਖਿਆ ਅਭਿਆਨ ਦੇ ਜ਼ਿਲ•ਾ ਪ੍ਰੋਗਰਾਮ ਕੋਆਰਡੀਨੇਟਰ  ਅਨੂਪ ਸਿੰਘ ਨੇ ਮੁੱਖ਼ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ  ਕੀਤਾ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਡਿਪਟੀ ਵਣ ਮੰਡਲ ਅਫ਼ਸਰ ਸ੍ਰ: ਓਂਕਾਰ ਸਿੰਘ, ਰੇਂਜ ਅਫ਼ਸਰ ਕੁਲਰਾਜ ਸਿੰਘ,   ਬੀ ਪੀ ਈ ਓ ਸਮਿਤਰ ਕੌਰ,  ਮਿਉਂਸਪਲ ਕੌਂਸਲਰ ਸ਼੍ਰੀਮਤੀ ਰੰਭਾ ਸੇਠੀ, ਬਲਵਿੰਦਰ ਬਿੰਦੀ ,  ਸੁਧੀਰ ਸੂਦ,  ਸੁਖਦੇਵ ਸਿੰਘ ਬਾਜਵਾ, ਅਨੰਦ ਵੀਰ ਸਿੰਘ, ਨਿਪੁੰਨ ਸ਼ਰਮਾ, ਗੁਰਮੇਲ ਰਾਮ ਝਿੰਮ, ਹੋਰ ਅਕਾਲੀ-ਭਾਜਪਾ  ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

ਬਡਲਾ ਦਾ ਸਰਕਾਰੀ ਹਸਪਤਾਲ ਅਪਗਰੇਡ ਕੀਤਾ ਜਾਵੇਗਾ : ਠੰਡਲ

ਹੁਸ਼ਿਆਰਪੁਰ, 21 ਅਗਸਤ:   ਪਿੰਡ ਬੱਡਲਾ ਦੇ ਸਰਕਾਰੀ ਹਸਪਤਾਲ  ਤੇ  ਸਾਢੇ 5 ਕਰੋੜ ਰੁਪਏ ਖਰਚ ਕਰਕੇ  ਇਸ ਨੂੰ  ਅਪਗਰੇਡ ਕੀਤਾ ਜਾਵੇਗਾ ਅਤੇ ਇਸ ਦਾ ਦਰਜ਼ਾ ਵਧਾ ਕੇ ਇਸ ਨੂੰ 25 ਬੈਡ ਦਾ ਬਣਾਇਆ ਜਾਵੇਗਾ। ਇਸ  ਗੱਲ ਦਾ ਪ੍ਰਗਟਾਵਾ ਸਰਦਾਰ ਸੋਹਣ ਸਿੰਘ ਠੰਡਲ ਮੁੱਖ਼ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਅੱਜ  ਨਵੀਂ ਬਣੀ ਪੰਚਾਇਤ ਪਿੰਡ ਬੱਡਲਾਂ ਖੁਰਦ ਵਿਖੇ  ਬੀ ਆਰ ਜੀ ਐਫ ਸਕੀਮ ਤਹਿਤ 1. 80 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। 
        ਇਸ ਮੌਕੇ ਤੇ ਬੋਲਦਿਆਂ ਸ੍ਰ: ਠੰਡਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਬਿਨਾਂ ਭੇਦ-ਭਾਵ ਦੇ ਗਰਾਂਟਾਂ ਦੇ ਰਹੀ ਹੈ । ਉਹਨਾਂ ਕਿਹਾ ਕਿ ਇਸ ਪਿੰਡ ਵਿੱਚ  ਪੰਚਾਇਤ ਘਰ ਦੇ ਬਣਨ ਨਾਲ ਪਿੰਡ ਵਾਸੀਆਂ ਨੂੰ ਸਾਂਝੇ ਸਮਾਗਮ ਕਰਨ ਅਤੇ ਮੀਟਿੰਗਾਂ ਕਰਨ ਦੀ ਸਹੂਲਤ ਮਿਲੇਗੀ ਅਤੇ ਪਿੰਡ ਦੇ ਛੋਟੇ-ਮੋਟੇ ਸਮਾਗਮ ਵੀ ਇਸ ਥਾਂ ਤੇ ਕੀਤੇ ਜਾ ਸਕਣਗੇ।  ਉਹਨਾਂ ਕਿਹਾ ਕਿ ਇਸ ਪੰਚਾਇਤ  ਨੂੰ ਪਿੰਡ ਦੇ ਰਹਿੰਦੇ  ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।  ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਬਣੀ ਪੰਚਾਇਤ ਨੂੰ ਵਿਕਾਸ ਕਾਰਜਾਂ ਵਿੱਚ ਪੂਰਾ-ਪੂਰਾ ਸਹਿਯੋਗ ਦੇਣ ।  ਸ੍ਰ: ਠੰਡਲ ਨੇ ਕਿਹਾ ਕਿ ਪਿੰਡ ਬੱਡਲਾ ਦੇ ਬਿਜਲੀ ਘਰ ਦਾ ਵੀ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਪਿੰਡ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।  ਉਹਨਾਂ  ਇਸ ਮੌਕੇ ਤੇ  1. 50 ਲੱਖ ਰੁਪਏ ਗਰੀਬ ਪ੍ਰੀਵਾਰਾਂ ਨੂੰ   ਪਖਾਨੇ ਬਣਾਉਣ ਲਈ ਦੇਣ ਦਾ ਐਲਾਨ ਕੀਤਾ।  ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪ੍ਰੀਵਾਰਾਂ ਨੂੰ ਮਕਾਨ ਬਣਾਉਣ ਲਈ ਦੂਜੀ ਕਿਸ਼ਤ ਵਜੋਂ 40 ਹਜ਼ਾਰ ਰੁਪਏ ਦੇ ਚੈਕ ਵੰਡੇ ਅਤੇ ਕਿਹਾ ਕਿ ਪਿੰਡ ਬਾੜੀਆਂ ਕਲਾਂ ਅਤੇ ਸਰਹਾਲਾ ਕਲਾਂ ਦੀਆਂ ਸਿਵਲ ਡਿਸਪੈਂਸਰੀਆਂ  ਨੂੰ 17-17 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਸ੍ਰ: ਠੰਡਲ ਨੇ ਇਸ ਮੌਕੇ ਤੇ ਪਿੰਡ ਬੱਡਲਾ ਖੁਰਦ ਦੀਆਂ ਗਲੀਆਂ-ਨਾਲੀਆਂ ਨੂੰ ਪੱਕਾ ਕਰਨ ਲਈ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।  ਇਸ ਮੌਕੇ ਤੇ ਸ੍ਰ: ਠੰਡਲ ਨੇ ਪਿੰਡ ਤਾਜੋਵਾਲ, ਬੱਡਲਾ ਖੁਰਦ, ਮੁਖਲਿਆਣਾ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੁਲਦੀਪ ਕੁਮਾਰ ਸਰਪੰਚ ਬੱਡਲਾ,  ਅਮ੍ਰਿਤਪਾਲ ੰਿਸਘ ਪੰਚਾਇਤ ਅਫ਼ਸਰ,  ਜਤਿੰਦਰ ਸਿੰਘ ਘੁੰਮਣ ਪ੍ਰਧਾਨ ਮਿਲਕ ਸੁਸਾਇਟੀ ਅਤੇ ਜੋਗਾ ਸਿੰਘ  ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।  ਐਸ ਐਚ ਓ ਮੇਹਟਿਆਣਾ ਦਲਜੀਤ ਸਿੰਘ ਖੱਖ,  ਸਰਪੰਚ ਮੁਖਲਿਆਣਾ ਮਹਿੰਦਰ ਸਿੰਘ, ਸਰਪੰਚ ਤਾਜੋਵਾਲ ਦਰਸ਼ਨ ਕੌਰ, ਪੰਚਾਇਤ ਸਕੱਤਰ ਮਨਜੀਤ ਸਿੰਘ, ਪੰਚ ਤਰਸੇਮ ਸਿੰਘ,  ਸਾਹਿਬ ਬਹਾਦਰ, ਸੰਤੋਖ ਸਿੰਘ, ਓਂਕਾਰ ਸਿੰਘ,  ਜਸਪਾਲ ਸਿੰਘ,  ਜਤਿੰਦਰ ਸਿੰਘ, ਸਵਰਨ ਸਿੰਘ , ਪਰਮਜੀਤ ਸਿੰਘ ਟੀਟੂ, ਸੁਖਵਿੰਦਰ ਸਿੰਘ, ਬਲਜੀਤ ਕੁਮਾਰ, ਸੁਰਜੀਤ ਸਿੰਘ ਸੁੱਖਾ, ਜਗਦੀਸ਼ ਸਿੰਘ, ਰਾਜ ਦੀਪ ਸਿੰਘ, ਮਲਕੀਤ ਸਿੰਘ ਅਤੇ ਹੋਰ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।  ਸਰਪੰਚ ਬੱਡਲਾ ਖੁਰਦ ਮੇਜਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਾਉਣ : ਭਾਟੀਆ

ਹੁਸ਼ਿਆਰਪੁਰ, 21 ਅਗਸਤ: ਮਿਸਟਰ ਜਸਟਿਸ ਮਹਿਤਾਬ ਸਿੰਘ ਗਿੱਲ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ਼੍ਰੀ ਜਸਪਾਲ ਸਿੰਘ ਭਾਟੀਆ ਦੀ ਦੇਖ-ਰੇਖ ਹੇਠ ਅੱਜ  ਤਿਮਾਹੀ ਲੋਕ ਅਦਾਲਤਾਂ ਲਗਾਈਆਂ ਗਈਆਂ। ਇਹ ਲੋਕ ਅਦਾਲਤਾਂ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਲਗਾਈਆਂ ਗਈਆਂ।
        ਇਸ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 8 ਬੈਂਚ, ਦਸੂਹਾ ਵਿਖੇ 2, ਗੜ•ਸ਼ੰਕਰ ਅਤੇ ਮੁਕੇਰੀਆਂ ਵਿਖੇ ਇੱਕ-ਇੱਕ ਬੈਂਚ ਬਣਾਇਆ ਗਿਆ।  ਇਨ੍ਹਾਂ ਬੈਂਚਾਂ ਵਿੱਚ ਸੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜਾਮੰਦੀ ਨਾਲ ਕੀਤਾ ਜਾ ਸਕੇ। ਇਸ ਲੋਕ ਅਦਾਲਤ ਵਿੱਚ ਸ਼੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਬਾਰ ਮੈਂਬਰਾਂ ਰਾਹੀਂ ਇਸ ਲੋਕ ਅਦਾਲਤ ਨੂੰ ਕਾਮਯਾਬ ਬਣਾਉਣ ਲਈ ਪੂਰਾ-ਪੂਰਾ ਸਹਿਯੋਗ  ਦਿੱਤਾ।
        ਇਸ ਲੋਕ ਅਦਾਲਤ ਵਿੱਚ ਵੱਖ-ਵੱਖ ਤਰ੍ਹਾਂ ਦੇ ਕੇਸ ਜਿਵੇਂ ਕਿ ਮੋਟਰ ਐਕਸੀਡੈਂਟ ਕਲੇਮ ਕੇਸ, ਹਿੰਦੂ ਮੈਰਿਜ ਐਕਟ ਦੇ ਕੇਸ, ਦਿਵਾਨੀ, ਦਾਅਵੇ, ਦਿਵਾਨੀ ਅਪੀਲਾਂ, ਸਮਝੌਤੇਯੋਗ ਫੌਜਦਾਰੀ ਕੇਸ, 125 ਸੀ ਆਰ ਪੀ ਸੀ ਧਾਰਾ ਤਹਿਤ ਖਰਚੇ ਦੇ ਕੇਸ, ਰੈਂਟ ਦੇ ਦਾਅਵੇ, ਇਜਰਾਵਾਂ, ਚੈਕਾਂ ਦੇ ਕੇਸ, ਧਾਰਾ 138 ਐਨ ਆਈ ਐਕਟ ਅਧੀਨ, ਇਸਤਗਾਸੇ ਆਦਿ ਕੇਸਾਂ ਨੂੰ ਆਪਸੀ ਰਜਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਗਿਆ।  ਅੱਜ ਦੀਆਂ ਲੋਕ ਅਦਾਲਤਾਂ ਵਿੱਚ ਕੁਲ 485 ਕੇਸਾਂ ਨੂੰ ਹੱਲ ਕਰਨ ਲਈ ਸੁਣਿਆ ਗਿਆ ਜਿਸ ਵਿੱਚੋਂ 281 ਕੇਸਾਂ ਦਾ ਨਿਪਟਾਰਾ ਰਜਾਮੰਦੀ ਰਾਹੀਂ ਕੀਤਾ ਗਿਆ। ਇਨ੍ਹਾਂ ਕੇਸਾਂ ਰਾਹੀਂ ਧਿਰਾਂ ਨੂੰ  ਇੱਕ ਕਰੋੜ 21 ਲੱਖ 20 ਹਜ਼ਾਰ 227 ਰੁਪਏ (1,21,20,227/- ਰੁ: ) ਬਤੌਰ ਕਲੇਮ / ਅਵਾਰਡ ਦੁਆਏ ਗਏ।
        ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਜਸਪਾਲ ਸਿੰਘ ਭਾਟੀਆ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਹ 150ਵੀਂ ਲੋਕ ਅਦਾਲਤ ਲਗਾਈ ਗਈ ਹੈ ਅਤੇ ਹੁਣ ਤੱਕ ਕੁਲ 43,782 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ ਜਿਸ ਰਾਹੀਂ ਕੁਲ ਰਕਮ 102 ਕਰੋੜ 3 ਲੱਖ 77 ਹਜ਼ਾਰ 227 ਰੁਪਏ  (102, 03, 77, 227/- ਰੁ:) ਬਤੌਰ ਕਲੇਮ / ਅਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ।   ਉਹਨਾਂ ਇਹ  ਵੀ ਦੱਸਿਆ ਕਿ ਜ਼ਿਲ੍ਰਾ ਹੁਸ਼ਿਆਰਪੁਰ ਵਿੱਚ ਕਰੀਬ 2882 ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਕਰੀਬ 206 ਕਾਨੂੰਨੀ ਸਾਖਰਤਾ ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ।
        ਸ਼੍ਰੀ ਜਸਪਾਲ ਸਿੰਘ ਭਾਟੀਆ ਜ਼ਿਲ੍ਰਾ ਤੇ ਸੈਸ਼ਨ ਜੱਜ ਨੇ ਅਪੀਲ ਕੀਤੀ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਇਸ ਦੇ ਫੈਸਲੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਾਅਤੇ ਇਸ ਦੇ ਫੈਸਲੇ ਨੂੰ ਦਿਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਅਤੇ ਇਸ ਨਾਲ ਆਪਸੀ ਪਿਆਰ ਵੱਧਦਾ ਹੈ।   ਉਹਨਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਾਉਣ ਲਈ ਉਹਨਾਂ ਪਾਸ ਜਾਂ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ-ਸਕੱਤਰ, ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ, ਵਧੀਕ ਸ਼ਿਵਲ ਜੱਜ  (ਸੀਨੀਅਰ ਡਵੀਜ਼ਨ)-ਸਹਿਤ-ਚੇਅਰਮੈਨ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ), ਹੁਸ਼ਿਆਰਪੁਰ ਨੂੰ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਬੈਨਰ ਲਗਾ ਕੇ  ਅਤੇ ਪ੍ਰਚਾਰ ਸਮੱਗਰੀ ਵੰਡ ਕੇ ਪ੍ਰਚਾਰ ਵੀ ਕੀਤਾ ਗਿਆ।

ਬੈਂਬੂ ਮਿਸ਼ਨ ਤਹਿਤ ਪੌਦੇ ਲਗਾਏ ਜਾਣਗੇ : ਸੂਦ

ਹੁਸ਼ਿਆਰਪੁਰ, 21 ਅਗਸਤ: ਹੁਸ਼ਿਆਰਪੁਰ ਦੇ ਕੰਢੀ ਏਰੀਏ ਵਿੱਚ ਬੈਂਬੂ ਮਿਸ਼ਨ ਤਹਿਤ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ ਜਿਨ੍ਹਾਂ ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਹਾਦਰਪੁਰ ਵਿਖੇ ਵਣ ਮਹਾਂਉਤਸਵ ਦੇ ਮੌਕੇ ਤੇ ਪੌਦੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕਰਨ ਮੌਕੇ ਕੀਤਾ।  ਇਸ ਮੌਕੇ ਤੇ ਉਹਨਾਂ ਨੇ ਇੱਕ ਪੌਦਾ ਲਗਾਉਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਸਾਰ ਭਰ ਵਿੱਚ ਗਲੋਬਲ ਵਾਰਮਿੰਗ  ਨੂੰ ਦੇਖਦੇ ਹੋਏ ਵਾਤਾਵਰਣ ਨੂੰ ਸੰਤੁਲਨ ਰੱਖਣ ਲਈ ਪੌਦੇ ਲਗਾਉਣੇ ਬਹੁਤ ਹੀ ਜ਼ਰੂਰੀ ਹਨ। ਇਸ ਲਈ ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਅਤੇ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਖਾਲੀ ਥਾਵਾਂ ਵਿੱਚ ਵੀ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਅਧਿਆਪਕ ਅਤੇ ਸਕੂਲ ਦਾ ਸਟਾਫ ਇਨ੍ਹਾਂ ਪੌਦਿਆਂ ਦੀ ਦੇਖ-ਭਾਲ ਨੂੰ ਯਕੀਨੀ ਬਣਾਉਣ।  ਸ਼੍ਰੀ ਸੂਦ ਨੇ ਕਿਹਾ ਕਿ ਬਹਾਦਰਪੁਰ ਸਕੂਲ ਦੀ ਗਰਾਉਂਡ ਨੂੰ ਪੱਕਾ ਕਰਨ ਲਈ ਫੰਡ ਜਲਦੀ ਹੀ ਮੁਹੱਈਆ ਕਰਵਾਏ ਜਾਣਗੇ।  ਇਸ ਮੌਕੇ ਤੇ ਸ਼੍ਰੀ ਸੂਦ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਹਾਦਰਪੁਰ ਦੀ ਚਾਰਦੀਵਾਰੀ ਲਈ 1. 78 ਲੱਖ ਰੁਪਏ ਅਤੇ ਜੈ ਸ਼ਕਤੀ ਸੇਵਾ ਦਲ ਨੂੰ ਅਤੇ ਮਹਾਂਵੀਰ ਯੂਥ ਕਲੱਬ ਨੂੰ 30-30 ਹਜ਼ਾਰ ਰੁਪਏ ਦੇ ਚੈਕ ਦਿੱਤੇ।
        ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਇੰਦਰਜੀਤ ਸਿੰਘ  ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ  ਨੂੰ ਜੀ ਆਇਆਂ ਆਖਿਆ । ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ ਅਤੇ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ  ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਰਮੇਸ਼ ਕੁਮਾਰ ਕਾਰਜਸਾਧਕ ਅਫ਼ਸਰ, ਮੋਹਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ), ਰਮੇਸ਼ ਜ਼ਾਲਮ, ਡਾ ਇੰਦਰਜੀਤ ਸ਼ਰਮਾ,  ਜਗਦੀਸ਼ ਸੈਣੀ, ਅਨੰਦਵੀਰ ਸਿੰਘ, ਦਿਨੇਸ਼ ਨਾਗਪਾਲ, ਸ਼ੀਲ ਸੂਦ, ਸਤੀਸ਼ ਪੁਰੀ, ਅਸ਼ੋਕ ਜੈਨ, ਅਸ਼ੋਕ ਮਲਹੋਤਰਾ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ।

ਪਹਾੜੀ ਵਣ ਬਣਿਆ ਮੈਦਾਨ; ਵਣ ਅਧਿਕਾਰੀ ਤਮਾਸ਼ਬੀਨ ਬਣੇ ਰਹੇ

ਵਣ ਨਿਯਮਾਂ ਦੀਆਂ ਧੱਜੀਆਂ ਉੱਡੀਆਂ
ਤਲਵਾੜਾ, 19 ਅਗਸਤ: ਬੀਤੇ ਦਿਨੀਂ ਕੰਢੀ ਇਲਾਕੇ ਦੇ ਹਰਿਆਣਾ ਕਮਾਹੀ ਦੇਵੀ ਸੜਕ ਤੇ ਸਥਿਤ ਬਲਾਕ ਤਲਵਾੜਾ ਵਿਚ ਪੈਂਦੇ ਪਿੰਡ ਪੁਹਾਰੀ ਵਿਖੇ ਵਣ ਅਧੀਨ 23 ਹਜਾਰ ਵਰਗ ਮੀਟਰ ਪਹਾੜੀ ਰਕਬੇ ਨੂੰ ਭਾਰਤੀ ਵਣ ਐਕਟ 1927, ਪੰਜਾਬ ਭੂਮੀ ਸੁਰੱਖਿਆ ਐਕਟ 1900 ਅਤੇ ਵਣ ਬਚਾਅ ਐਕਟ 1980 ਦੀਆਂ ਧੱਜੀਆਂ ਉਡਾ ਕੇ ਆਧੁਨਿਕ ਭਾਰੀ ਮਸ਼ੀਨਰੀ ਰਾਹੀਂ ਮੈਦਾਨ ਬਣਾ ਦਿੱਤਾ ਗਿਆ। ਸਬੰਧਤ ਵਣ ਅਧਿਕਾਰੀ ਕੋਈ ਠੋਸ ਵਿਭਾਗੀ ਕਾਰਵਾਈ ਕਰਨ ਦੀ ਬਜਾਏ ਤਮਾਸ਼ਬੀਨ ਬਣੇ ਰਹੇ ਜਿਸ ਦੀ ਇਲਾਕੇ ਵਿਚ ਚਰਚਾ ਜੋਰਾਂ ਤੇ ਹੈ।
    ਉਪਰੋਕਤ ਕਾਨੂੰਨਾਂ ਦੀ ਘੋਰ ਉ¦ਘਣਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਵਣ ਵਿਭਾਗ ਦੇ ਦਸੂਹਾ ਮੰਡਲ ਦੇ ਪੰਜ ਵਣ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਹੋਏ ਹਨ, ਜਿਹਨਾਂ ਵਿਚ ਵਣ ਮੰਡਲ ਅਫਸਰ ਵੀ ਸ਼ਾਮਿਲ ਹੈ। ਸ਼੍ਰੀ ਜਤਿੰਦਰ ਕੁਮਾਰ ਸ਼ਰਮਾ ਆਈ. ਐਫ. ਐਸ. ਮੁੱਖ ਵਣਪਾਲ ਹਿੱਲਜ਼ ਨੂੰ ਮਿਤੀ 9 ਅਗਸਤ ਨੂੰ ਫੋਨ ਰਾਹੀ ਉਪਰੋਕਤ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਜਿਸ ਦੇ ਅਧਾਰ ਤੇ ਸ਼੍ਰੀ ਸ਼ਰਮਾ ਨੇ ਇਸ ਨੂੰ ਅਤੀ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਪਰਵੀਨ ਕੁਮਾਰ ਆਈ. ਐਫ. ਐਸ. ਵਣਪਾਲ ਸ਼ਿਵਾਲਿਕ ਸਰਕਲ ਨੂੰ ਪ੍ਰਭਾਵਿਤ ਜੰਗਲ ਦਾ ਮੌਕੇ ਤੇ ਨਿਰੀਖਣ ਕਰਕੇ ਮੁਕੰਮਲ ਰਿਪੋਰਟ ਤੁਰੰਤ ਸੌਪਣ ਦੇ ਆਦੇਸ਼ ਕੀਤੇ ਸਨ।
    ਸ਼੍ਰੀ ਪਰਵੀਨ ਕੁਮਾਰ ਵਣਪਾਲ ਸ਼ਿਵਾਲਿਕ ਅਨੁਸਾਰ ਸ਼੍ਰੀ ਦਲੀਪ ਸਿੰਘ ਵਾਸੀ ਪਿੰਡ ਬੇਗੋਵਾਲ ਜਿਲ੍ਹਾ ਕਪੂਰਥਲਾ ਨੇ ਪਹਾੜੀ ਜੰਗਲ ਦੇ ਰਕਬੇ ਨੂੰ ਭਾਰੀ ਆਧੁਨਿਕ ਮਸ਼ੀਨਰੀ ਦਾ ਪ੍ਰਯੋਗ ਕਰਕੇ ਜੰਗਲ ਨੂੰ ਢਹਿਢੇਰੀ ਕਰਕੇ ਮੈਦਾਨ ਬਣਾਇਆ। ਕਥਿਤ ਦੋਸ਼ੀ ਨੇ ਤਿੰਨ ਕੁਦਰਤੀ ਬਰਸਾਤੀ ਚੋਆਂ ਵਿਚ ਪੁੱਟੀ ਮਿੱਟੀ ਭਰਕੇ ਉਹਨਾਂ ਦਾ ਕੁਦਰਤੀ ਵਹਾਅ ਬੰਦ ਕਰਨ ਦੇ ਨਾਲ ਨਾਲ ਪ੍ਰਭਾਵਿਤ ਜੰਗਲ ਵਿਚ ਖੜ੍ਹੀ ਹਰੀ ਭਰੀ ਬਨਸਪਤੀ ਨੂੰ ਜੜੋਂ ਪੁੱਟ ਕੇ ਬਲੀ ਚੜ੍ਹਾ ਕੇ ਵਾਤਾਵਰਨ ਨਾਲ ਖਿਲਵਾੜ ਕੀਤਾ। ਸ਼੍ਰੀ ਜਸਮੇਰ ਸਿੰਘ ਵਣ ਮੰਡਲ ਅਫਸਰ ਦਸੂਹਾ, ਸ਼੍ਰੀ ਗੁਰਸ਼ਰਨ ਸਿੰਘ ਉਪ ਵਣਮੰਡਲ ਅਫਸਰ, ਸ਼੍ਰੀ ਰਕੇਸ਼ ਚੰਦਰ ਡਿਪਟੀ ਰੇਂਜਰ, ਸ਼੍ਰੀ ਜੋਗਿੰਦਰਪਾਲ ਫਾਰੈਸਟਰ ਅਤੇ ਸ਼੍ਰੀ ਜੋਗਿੰਦਰਪਾਲ ਸਿੰਘ ਵਣ ਗਾਰਡ ਨੂੰ ਭਾਰਤੀ ਵਣ ਐਕਟ 1927, ਪੰਜਾਬ ਭੂਮੀ ਸੁਰੱਖਿਆ ਐਕਟ 1900 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਆਪਣੀ ਨਿਭਾਉਣ ਪ੍ਰਤੀ ਘੋਰ ਲਾਪਰਵਾਹੀ ਵਰਤਣ ਕਾਰਨ ਤੁਰੰਤ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਆਰੰਭੀ ਗਈ ਹੈ।
    ਵਰਨਣਯੋਗ ਹੈ ਕਿ ਮੁਅੱਤਲ ਵਣ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਦੀ ਸੰਭਾਵੀ ਕਾਰਵਾਈ ਤੋਂ ਭੈਭੀਤ ਹੋ ਕੇ ਯੋਜਨਾ ਘੜ ਕੇ ਇਕ ਨੁਕਸਾਨ ਰਿਪੋਰਟ ਜਾਰੀ ਕੀਤੀ ਅਤੇ ਦੋਸ਼ੀ ਤੋਂ 2 ਲੱਖ ਪੰਜਾਹ ਹਜਾਰ ਰੁਪਏ ਵਸੂਲ ਕੇ 14 ਅਗਸਤ ਨੂੰ ਬੈਂਕ ਰਾਹੀਂ ਵਿਭਾਗੀ ਖਾਤੇ ਵਿਚ ਜਮ੍ਹਾ ਕਰਵਾਏ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਜੰਗਲ ਦਾ ਨਜਾਇਜ ਨੁਕਸਾਨ ਮੁਅੱਤਲ ਵਣ ਅਧਿਕਾਰੀਆਂ ਅਤੇ ਦੋਸ਼ੀ ਦੀ ਤਹਿਬੰਦੀ ਅਧੀਨ ਹੋਇਆ ਹੈ। ਇਸ ਤਰਾਂ ਕਰਕੇ ਮੁਅੱਤਲ ਵਣ ਅਧਿਕਾਰੀਆਂ ਨੇ ਆਪਣੀਆਂ ਮੁਸੀਬਤਾਂ ਵਿਚ ਹੋਰ ਵਾਧਾ ਕੀਤਾ ਹੈ ਕਿਉਂਕਿ ਇਸ ਕੇਸ ਦਾ ਮੁਆਵਜਾ ਵਸੂਲਣ ਦਾ ਅਧਿਕਾਰ ਕਿਸੇ ਵਣ ਅਧਿਕਾਰੀ ਨੂੰ ਨਹੀਂ ਹੈ ਅਤੇ ਸਿਰਫ ਕੇਂਦਰੀ ਵਣ ਮੰਤਰਾਲਾ ਹੀ ਇਹੋ ਜਿਹੀ ਕਾਰਵਾਈ ਲਈ ਇਜਾਜਤ ਦਿੰਦਾ ਹੈ। ਜਦਕਿ ਉਕਤ ਵਣ ਅਧਿਕਾਰੀਆਂ ਨੂੰ ਇਸ ਕੇਸ ਨੂੰ ਪੰਜਾਬ ਭੂਮੀ ਸੁਰੱਖਿਆ ਐਕਟ 1900 ਦੀ ਤਰਾਂ ਵਿਚਾਰ ਕੇ ਅਮਲ ਵਿਚ ਲਿਆਂਦਾ ਹੈ। ਇਸ ਲਈ ਸ਼੍ਰੀ ਪਰਵੀਨ ਕੁਮਾਰ ਵਣਪਾਲ ਸ਼ਿਵਾਲਿਕ ਨੇ ਸ਼੍ਰੀ ਹਰਜਿੰਦਰ ਸੰਘ ਉਪ ਵਣਮੰਡਲ ਅਫਸਰ ਗੜ੍ਹਸ਼ੰਕਰ ਨੂੰ ਦੋ ਦਿਨਾਂ ਦੇ ਅੰਦਰ ਜਾਂਚ ਕਰਕੇ ਰਿਪੋਰਟ ਕਰਨ ਲਈ ਸਖਤ ਹੁਕਮ ਦਿੱਤੇ ਹਨ ਕਿ ਸਬੰਧਤ ਵਣ ਅਧਿਕਾਰੀਆਂ ਨੇ ਦੋਸ਼ੀ ਪਾਸੋਂ ਮੁਆਵਜਾ ਵਸੂਲੀ ਕਿਉਂ ਅਤੇ ਕਿਸ ਅਧਾਰ ਤੇ ਕੀਤੀ ਹੈ?

ਜਿਲ੍ਹਾ ਪੱਧਰੀ ਆਜਾਦੀ ਦਿਵਸ ਸਮਾਗਮ ਮੌਕੇ ਕੋਹਾੜ ਨੇ ਲਹਿਰਾਇਆ ਤਿਰੰਗਾ

ਹੁਸ਼ਿਆਰਪੁਰ,15 ਅਗਸਤ: ਸ੍ਰ: ਅਜੀਤ ਸਿੰਘ ਕੋਹਾੜ  ਮਾਲ ਮੰਤਰੀ ਪੰਜਾਬ ਨੇ 64ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਸਥਾਨਿਕ ਪੁਲਿਸ ਗਰਾਊਂਡ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ।  ਮਾਰਚ ਪਾਸਟ ਵਿਚ ਬੀ ਐਸ ਐਫ ,ਪੰਜਾਬ ਪੁਲਿਸ, ਪੀ ਆਰ ਟੀ ਸੀ ਜਹਾਨਖੇਲਾਂ, ਪੰਜਾਬ ਹੋਮ ਗਾਰਡਜ਼, ਸਾਬਕਾ ਫੋਜੀਆਂ , ਗਰਲ ਗਾਈਡਜ਼ ਅਤੇ ਸਕਾਉਟਸ ਦੀਆਂ ਟੁਕੜੀਆਂ ਨੇ ਹਿੱਸਾ ਲਿਆ।
        ਸ੍ਰ: ਕੋਹਾੜ ਨੇ ਇਸ ਸ਼ੁੱਭ ਦਿਹਾੜੇ ਮੌਕੇ ਆਪਣੇ ਸੰਦੇਸ਼ ਵਿਚ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ , ਰਾਜਗੁਰੂ, ਸੁਖਦੇਵ, ਸ੍ਰ: ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤਰਾਏ, ਸ਼ਹੀਦ ਊਧਮ ਸਿੰਘ ਅਤੇ ਹੋਰ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਅਤੇ ਪੰਜਾਬ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਨੂੰ  ਬਿਜਲੀ ਦੇ ਖੇਤਰ ਵਿਚ ਆਤਮ-ਨਿਰਭਰ ਬਣਾਉਣ ਲਈ ਰਾਜਪੁਰਾ, ਤਲਵੰਡੀ ਸਾਬੋ, ਗਿਦੜਵਾਹਾ ਅਤੇ  ਸ੍ਰੀ ਗੋਇੰਦਵਾਲ ਸਾਹਿਬ  ਵਿਖੇ ਚਾਰ ਥਰਮਲ ਪਲਾਂਟ ਲਗਾਏ ਜਾ ਰਹੇ ਹਨ। 
ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਦੇ ਮੌਕੇ ਤੇ ਪੁਲਿਸ ਗਰਾਉਂਡ ਹੁਸ਼ਿਆਰਪੁਰ ਵਿਖੇ  ਸ਼੍ਰ੍ਰੀਮਤੀ ਸੁਰਿੰਦਰ ਕੌਰ  ਸਹਾਇਕ ਲੋਕ ਸੰਪਰਕ ਅਫ਼ਸਰ ਹੁਸ਼ਿਆਰਪੁਰ ਨੂੰ ਬੇਹਤਰੀਨ ਸੇਵਾਵਾਂ  ਬਦਲੇ  ਸਨਮਾਨਿਤ ਕਰਦੇ ਹੋਏ ਸ਼੍ਰ: ਅਜੀਤ ਸਿੰਘ ਕੋਹਾੜ ਮਾਲ ਮੰਤਰੀ ਪੰਜਾਬ ।  ਉਹਨਾਂ ਨਾਲ ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ  ਅਤੇ ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ  ਵੀ ਖੜ੍ਹੇ ਹਨ।
        ਉਹਨਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਦੇ ਕੰਪਿਉਟਰੀਕਰਨ  ਦਾ ਕੰਮ  31 ਮਾਰਚ 2011 ਤਕ  ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲ ਵਿਭਾਗ ਦੇ ਕੰਪਿਉਟਰੀਕਰਨ ਲਈ ਪੰਜਾਬ ਸਰਕਾਰ ਵਲੋਂ  10 ਕਰੋੜ ਰੁਪਏ, ਸਬ-ਤਹਿਸੀਲਾਂ ਦੀਆਂ ਇਮਾਰਤਾਂ ਦੀ ਉਸਾਰੀ ਲਈ 8 ਕਰੋੜ ਰੁਪਏ ਅਤੇ ਮਾਲ ਵਿਭਾਗ ਦੀਆਂ ਰਾਜ ਪੱਧਰੀ ਯੋਜਨਾਵਾਂ ਅਧੀਨ 11 ਕਰੋੜ ਰੁਪਏ ਚਾਲੂ ਮਾਲੀ ਸਾਲ ਦੌਰਾਨ ਖਰਚ ਕੀਤੇ ਜਾ ਰਹੇ ਹਨ। ਉਹਨਾਂ ਦਸਿਆ ਕਿ 41 ਫਰਦ ਕੇਂਦਰਾਂ ਤੇ ਕੰਪਿਉਟਰੀਕਰਨ ਦਾ ਕੰਮ  ਮੁਕੰਮਲ ਕਰਕੇ ਇਹਨਾਂ ਨੂੰ ਚਾਲੂ ਕਰ ਦਿਤਾ ਗਿਆ ਹੈ ਅਤੇ 15 ਹੋਰ ਫਰਦ ਕੇਂਦਰਾਂ ਦਾ ਕੰਮ ਮੁਕੰਮਲ ਹੋ ਗਿਆ ਹੈ  ਅਤੇ ਬਾਕੀ ਫਰਦ ਕੇਂਦਰਾਂ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ। ਉਹਨਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਦਾ ਕੰਪਿਉਟਰੀਕਰਨ ਹੋਣ ਨਾਲ ਕੋਈ ਵੀ ਵਿਅਕਤੀ ਦੇਸ਼ ਅਤੇ ਵਿਦੇਸ਼ ਦੇ ਕਿਸੇ  ਵੀ ਕੋਨੇ ਵਿਚ ਬੈਠ ਕੇ  ਜਮੀਨੀ ਰਿਕਾਰਡ ਦੇਖ ਸਕਦਾ ਹੈ।
        ਉਹਨਾਂ ਨੇ ਇਸ ਮੌਕੇ ਤੇ ਰੈਡਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ 15 ਸਿਲਾਈ ਮਸ਼ੀਨਾਂ, 10 ਟਰਾਈ-ਸਾਈਕਲ ਅਤੇ 5 ਵੀਲ੍ਹ ਚੇਅਰ ਲੋੜਵੰਦਾਂ ਅਤੇ ਗਰੀਬਾਂ ਨੂੰ ਵੰਡੇ। ਉਹਨਾਂ ਨੇ ਇਸ ਮੌਕੈ ਤੇ ਸ੍ਰੀਮਤੀ ਸੁਰਿੰਦਰ ਕੌਰ ਸਹਾਇਕ ਲੋਕ ਸੰਪਰਕ ਅਫਸਰ ਹੁਸ਼ਿਆਰਪੁਰ ਤੋ. ਇਲਾਵਾ ਵੱਖ-ਵੱਖ ਖੇਤਰਾਂ ਵਿਚ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ , ਕਰਮਚਾਰੀਆਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਪੀ ਟੀ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਤੋਂ ਖੁਸ਼ ਹੋ ਕੇ ਸ੍ਰ: ਅਜੀਤ ਸਿੰਘ ਕੋਹਾੜ ਮਾਲ ਮੰਤਰੀ ਨੇ  ਇੱਕ ਲੱਖ ਰੁਪਏ  ਦੇਣ ਦਾ ਅਤੇ  16 ਅਗਸਤ 2010 ਨੂੰ  ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਵਿਚ ਛੁੱਟੀ ਦਾ ਐਲਾਨ ਵੀ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ,  ਰਾਕੇਸ਼ ਅਗਰਵਾਲ ਐਸ ਐਸ ਪੀ, ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡੀ ਆਰ ਭਗਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ,  ਸ਼ਿਵ ਸੂਦ ਪ੍ਰਧਾਨ ਨਗਰ ਕੋਂਸਲ ਹੁਸ਼ਿਆਰਪੁਰ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ  ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ ਹੁਸ਼ਿਆਰਪੁਰ  ਵੀ ਹਾਜ਼ਰ ਸਨ।

ਪੰਜਾਬ ਦਾ ੩੩ ਫੀਸਦੀ ਰਕਬਾ ਜੰਗਲਾਂ ਹੇਠ ਹੋਣਾ ਚਾਹੀਦੈ - ਖੰਨਾ

ਦਸੂਹਾ, 14 ਅਗਸਤ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦਸੂਹਾ ਅਤੇ ਵਣ ਵਿਭਾਗ ਦਸੂਹਾ ਵਲੋਂ ਬਲਾਕ ਦਸੂਹਾ ਅਧੀਨ ਆਉਂਦੇ ਏ ਪੀ (ਟਿਊਬਵੈਲ) ਖਪਤਕਾਰਾਂ ਨੂੰ ਪੌਦੇ ਵੰਡਣ ਸਬੰਧੀ ਅੱਜ ਸ਼ਗਨ ਪੈਲਸ  ਦਸੂਹਾ ਵਿਖੇ  ਸ਼੍ਰੀ ਅਮਰਜੀਤ ਸਿੰਘ ਸ਼ਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਦੇ ਯਤਨਾਂ ਸਦਕਾ ਇੱਕ ਸਮਾਗਮ ਕਰਵਾਇਆ ਗਿਆ।  ਜਿਸ ਵਿਚ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ  ਰਾਜ ਸਭਾ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
         ਸ਼੍ਰੀ ਖੰਨਾ ਨੇ ਇਸ ਮੌਕੇ ਤੇ   ਕਿਸਾਨਾਂ, ਪੰਚਾਂ, ਸਰਪੰਚਾਂ, ਨੰਬਰਦਾਰਾਂ ਅਤੇ ਹੋਰ ਪਤਵੰਤਿਆਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ 18 ਲੱਖ ਟਿਊਬਵੈਲ ਹਨ। ਜੇਕਰ ਇਕ ਟਿਊਬਵੈਲ  ਤੇ  ਚਾਰ ਪੌਦੇ  ਲਗਾਏ ਜਾਣ  ਤਾਂ 72 ਲੱਖ ਪੌਦੇ ਲੱਗ ਸਕਦੇ ਹਨ। ਉਨਾਂ ਕਿਹਾ ਕਿ  ਪੰਜਾਬ ਵਿੱਚ 33 ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ ਜਦ ਕਿ  ਪੰਜਾਬ ਵਿੱਚ ਇਸ ਵੇਲੇ 3 ਪ੍ਰਤੀਸ਼ਤ ਰਕਬਾ ਹੀ ਜੰਗਲਾਂ ਅਧੀਨ ਹੈ।  ਉਹਨਾਂ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ  ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਜੰਗਲਾਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਘਰ ਵਿੱਚ ਖੁਸ਼ੀ ਦਾ ਮੌਕਾ ਹੋਵੇ  ਤਾਂ ਉਸ ਸਮੇਂ ਘਰ ਦੇ ਸਾਰੇ ਮੈਂਬਰਾਂ ਨੂੰ ਇੱਕ-ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਪਰਵਰਿਸ਼ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਜਿਥੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਉਥੇ  ਧਰਤੀ ਹੇਠਲੇ ਪਾਣੀ ਦੇ ਸਤਰ ਨੂੰ ਉਪਰ ਲਿਆਉਣ ਲਈ ਪਾਣੀ ਦੀ ਵਰਤੋਂ ਵੀ ਸੰਜਮ ਨਾਲ ਕਰਨੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਕੰਢੀ ਖੇਤਰ ਵਿੱਚ ਵੱਧ ਤੋਂ ਵੱਧ  ਨਿੰਮ ਅਤੇ ਮੈਡੀਸਨ ਪਲਾਂਟਸ ਲਗਾਉਣੇ ਚਾਹੀਦੇ ਹਨ ।
         ਸ਼੍ਰੀ ਖੰਨਾ ਨੇ ਧਾਰਮਿਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਹਨਾਂ ਦੀ ਦੇਖ-ਭਾਲ ਵੀ ਕਰਨ।  ਉਹਨਾਂ ਨੇ ਇਸ ਮੌਕੇ ਤੇ ਆਏ ਸਰਪੰਚਾਂ-ਪੰਚਾਂ ਅਤੇ ਲੋਕਾਂ ਨੂੰ 4-4 ਪੌਦੇ ਟਿਊਬਵੈਲਾਂ ਤੇ ਲਗਾਉਣ ਲਈ ਵੰਡੇ । ਉਹਨਾਂ ਕਿਹਾ ਕਿ 16,000 ਪੌਦੇ ਟਿਊਬਵੈਲਾਂ ਤੇ ਲਗਾਉਣ ਲਈ ਦਸੂਹਾ ਵਿਧਾਨ ਸਭਾ ਹਲਕੇ ਵਿੱਚ ਮੁਫ਼ਤ ਵੰਡੇ ਜਾਣਗੇ।
        ਸ਼੍ਰੀ ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ  ਪੌਦੇ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਹਨਾਂ ਦੀ ਸਾਂਭ-ਸੰਭਾਲ ਆਪਣੇ ਬੱਚਿਆਂ ਦੀ ਤਰ੍ਹਾਂ ਕਰਨੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਜਿਹੜੇ ਸਾਡੇ ਬਜੁਰਗਾਂ ਨੇ ਪੌਦੇ ਲਗਾਏ ਸਨ,  ਉਹ ਪੈਸਿਆਂ ਦੇ ਲਾਲਚ ਵਿੱਚ ਅਸੀਂ ਕੱਟ ਕੇ ਵੇਚ ਦਿੱਤੇ । ਇਸ ਲਈ ਉਹਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਫਲਦਾਰ ਪੌਦਿਆਂ ਦੇ ਨਾਲ-ਨਾਲ ਛਾਂ ਵਾਲੇ ਅਤੇ ਮੈਡੀਸਨ ਪੌਦੇ ਲਗਾਉਣੇ ਚਾਹੀਦੇ ਹਨ।  ਉਹਨਾਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਿਤ ਹੋ ਗਿਆ ਹੈ ਜਿਸ ਦਾ ਅਸਰ ਆਮ ਆਦਮੀ ਦੀ ਸਿਹਤ ਤੇ ਪੈ ਰਿਹਾ ਹੈ ਅਤੇ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।  ਬੀਮਾਰੀਆਂ ਤੋਂ ਬਚਣ , ਸ਼ੁੱਧ ਫਲ ਪ੍ਰਾਪਤ ਕਰਨ ਅਤੇ ਵਾਤਾਵਰਣ ਵਿੱਚ ਸੰਤੁਲਨ ਬਣਾਉਣ ਲਈ ਪੌਦਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸ਼ਾਮਸ਼ਾਨਘਾਟਾਂ, ਸਕੂਲਾਂ, ਪਿੰਡ ਦੀ ਸ਼ਾਮਲਾਟ ਥਾਵਾਂ, ਪੇਂਡੂ ਲਿੰਕ ਸੜਕਾਂ ਅਤੇ ਪੰਚਾਇਤ ਘਰਾਂ ਵਿੱਚ ਛਾਂਦਾਰ ਪੌਦੇ ਲਾਉਣੇ ਚਾਹੀਦੇ ਹਨ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਕਸੀਅਨ ਬਿਜਲੀ ਵਿਭਾਗ ਦਸੂਹਾ ਹਰੀਸ਼ ਸ਼ਰਮਾ,  ਪਰਮਜੀਤ ਸਿੰਘ ਸਿੱਧੂ, ਜਸਮੇਰ ਸਿੰਘ ਵਣ ਮੰਡਲ ਅਫ਼ਸਰ, ਅੰਜਨ ਸਿੰਘ ਠਾਕਰ ਰੇਂਜ ਅਫ਼ਸਰ ਦਸੂਹਾ,  ਸ਼੍ਰੀਮਤੀ ਓਮੇਸ਼ ਸ਼ਾਕਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਭਾਜਪਾ ਹੁਸ਼ਿਆਰਪੁਰ, ਭਗਵੰਤ ਸਿੰਘ ਚੀਮਾ ਚੇਅਰਮੈਨ ਮਾਰਕੀਟ ਕਮੇਟੀ ਦਸੂਹਾ,  ਸਤਨਾਮ ਸਿੰਘ ਧਨੋਆ, ਰਵਿੰਦਰ ਸਿੰਘ ਰਵੀ ਪ੍ਰਧਾਨ ਮਿਉਂਸਪਲ ਕਮੇਟੀ ਦਸੂਹਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।  ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਮਿਨਾਕਸ਼ੀ ਖੰਨਾ, ਸ਼੍ਰੀ ਪਿੰਸ਼ੂ ਖੰਨਾ, ਸ਼੍ਰੀ ਜਵਾਹਰ ਖੁਰਾਨਾ ਅਤੇ ਇਲਾਕੇ ਦੇ ਸਰਪੰਚ-ਪੰਚ, ਅਕਾਲੀ-ਭਾਜਪਾ ਆਗੂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।  ਸਟੇਜ ਦੀ ਭੂਮਿਕਾ  ਬਲਦੇਵ ਸਿੰਘ ਸਾਹੀ ਨੇ  ਬਾਖੂਬੀ ਨਿਭਾਈ।

ਆਜਾਦੀ ਦਿਵਸ ਦੀ ਫੁੱਲ ਡਰੈੱਸ ਰਿਹਰਸਲ

DD Tarnach ( DC ) & Rakesh Aggarwal ( SSP ) Hoshiarpur
ਹੁਸ਼ਿਆਰਪੁਰ, 13 ਅਗਸਤ: 64ਵਾਂ ਆਜ਼ਾਦੀ ਦਿਵਸ ਪੁਲਿਸ ਗਰਾਉਂਡ ਹੁਸ਼ਿਆਰਪੁਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਮਾਲ ਮੰਤਰੀ ਪੰਜਾਬ ਸ੍ਰ: ਅਜੀਤ ਸਿੰਘ ਕੋਹਾੜ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ।  ਗੜ੍ਹਸ਼ੰਕਰ ਵਿਖੇ ਸਬ-ਡਵੀਜ਼ਨ ਪੱਧਰ ਤੇ ਮਨਾਏ ਜਾ ਰਹੇ ਆਜਾਦੀ ਦਿਵਸ ਸਮਾਗਮ ਦੇ ਮੌਕੇ ਤੇ ਸ੍ਰ: ਸੋਹਨ ਸਿੰਘ ਠੰਡਲ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ, ਦਸੂਹਾ ਵਿਖੇ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਅਤੇ ਮੁਕੇਰੀਆਂ ਵਿਖੇ ਸ਼੍ਰੀ ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।   ਇਸ ਗੱਲ ਦੀ ਜਾਣਕਾਰੀ ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਅੱਜ ਪੁਲਿਸ ਗਰਾਉਂਡ ਹੁਸ਼ਿਆਰਪੁਰ ਵਿਖੇ ਮਨਾਏ ਜਾ ਰਹੇ ਜ਼ਿਲ੍ਹਾ ਪੱਧਰ ਦੇ ਆਜ਼ਾਦੀ ਦਿਵਸ ਸਮਾਰੋਹ ਦੀ ਫੂਲ ਡਰੈਸ ਰਿਹਸਲ ਦੇ ਮੌਕੇ ਤੇ ਦਿੱਤੀ। 
        ਡਿਪਟੀ ਕਮਿਸ਼ਨਰ ਸ਼੍ਰੀ ਧਰਮ ਦੱਤ ਤਰਨਾਚ ਅਤੇ ਐਸ ਐਸ ਪੀ ਰਾਕੇਸ਼ ਅਗਰਵਾਲ  ਨੇ ਅੱਜ ਦੀ ਫੂਲ ਡਰੈਸ ਰਿਹਸਲ ਦੇ ਮੌਕੇ ਤੇ ਬੀ ਐਸ ਐਫ, ਪੰਜਾਬ ਪੁਲਿਸ, ਜ਼ਿਲ੍ਹਾ ਮਹਿਲਾ ਪੁਲਿਸ , ਪੀ ਆਰ ਟੀ ਸੀ ਜਹਾਨਖੇਲਾਂ, ਪੰਜਾਬ ਹੋਮਗਾਰਡਜ਼,  ਸਾਬਕਾ ਫੌਜੀਆਂ, ਗਰਲ ਗਾਈਡਜ਼ ਅਤੇ ਸਕਾਉਂਟਸ ਦੀਆਂ ਟੂਕੜੀਆਂ ਦਾ ਮੁਆਇਨਾ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਸਕੂਲਾਂ ਦੇ ਬੱਚਿਆਂ ਵੱਲੋਂ ਮਾਸ ਪੀ ਟੀ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ  ਪੇਸ਼ ਕੀਤਾ ਗਿਆ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜਾਦੀ ਦਿਵਸ ਸਮਾਗਮ ਦੇ ਮੌਕੇ ਤੇ ਲੋੜਵੰਦ ਵਿਅਕਤੀਆਂ ਨੂੰ ਟਰਾਈਸਾਈਕਲ , ਸਿਲਾਈ ਮਸ਼ੀਨਾਂ ਅਤੇ ਵੀਲ੍ਹ ਚੇਅਰਜ਼ ਵੀ ਦਿੱਤੀਆਂ ਜਾਣਗੀਆਂ। 
        ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਐਸ ਡੀ ਐਮ ਕੈਪਟਨ ਕਰਨੈਲ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਭੁਪਿੰਦਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕੁਲਦੀਪ ਚੌਧਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਇੰਦਰਜੀਤ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਸ਼ਾਮ ਚੁਰਾਸੀ ਚ ਤੀਆਂ ਦਾ ਤਿਓਹਾਰ ਮਨਾਇਆ


ਸ਼ਾਮਚੁਰਾਸੀ, 13 ਅਗਸਤ: ਸਾਉਣ ਦਾ ਮਹੀਨਾ ਪੰਜਾਬੀ ਜੀਵਨ ਵਿੱਚ ਖੁਸ਼ੀਆਂ ਦੇ ਹੜ੍ਹ ਵਾਂਗ ਆਉਂਦਾ ਹੈ। ਇਸ ਮਹੀਨੇ ਵਿੱਚ ਤੀਆਂ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਤੀਆਂ ਸ਼ਬਦ ਦਾ ਨਿਕਾਸ ਧੀਆਂ ਤੋਂ ਹੋਇਆ ਮੰਨਿਆ ਜਾਂਦਾ ਹੈ।  ਇਸ ਗੱਲ ਦਾ ਪ੍ਰਗਟਾਵਾ  ਬੀਬੀ ਮਹਿੰਦਰ ਕੌਰ ਜੋਸ਼, ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਵਿਖੇ ਤੀਆਂ ਦੇ ਤਿਉਹਾਰ  ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਬੀਬੀ ਜੋਸ਼ ਨੇ ਤੀਆਂ ਦੇ ਮੇਲੇ ਵਿੱਚ ਪੀਂਘਾਂ ਝੂਟੀਆਂ ਅਤੇ ਬਹੁਰੰਗੀ ਚੂੜੀਆਂ ਵੀ ਚੜਾਈਆਂ।  ਮੇਲੇ ਵਿੱਚ ਮਾਹਲ ਪੂੜੇ, ਖੀਰ, ਪੂਰੀਆਂ ਅਤੇ ਛੋਲਿਆਂ ਦੇ ਵਿਸ਼ੇਸ਼ ਲੰਗਰ ਲਗਾਏ ਗਏ ਸਨ।  ਇਸ ਮੌਕੇ ਤੇ  ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਮਿੰਦਰ ਸਿੰਘ ਦੀ ਧਰਮਪਤਨੀ,  ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕੁਲਦੀਪ ਚੌਧਰੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਇੰਦਰਜੀਤ ਸਿੰਘ, ਹਰਿੰਦਰ ਪਾਲ ਸਿੰਘ ਪ੍ਰਮਾਰ ਡੀ ਐਸ ਪੀ , ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਦੇ ਪ੍ਰਧਾਨ ਪ੍ਰਿੰਥੀ ਪਾਲ ਸਿੰਘ ਬਾਲੀ, ਜਨਰਲ ਸਕੱਤਰ ਤਰਲੋਚਨ ਲੋਚੀ, ਕੈਸ਼ੀਅਰ ਲਾਲ ਚੰਦ ਬਿਰਦੀ,  ਮੈਂਬਰ ਪ੍ਰਕਾਸ਼ ਰਾਮ, ਰਾਮ ਪ੍ਰਕਾਸ ਵਿਸੇਸ਼ ਤੌਰ ਤੇ ਹਾਜਰ ਸਨ।
        ਬੀਬੀ ਮਹਿੰਦਰ ਕੌਰ ਜੋਸ਼ ਨੇ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਤੀਆਂ ਵਿੱਚ ਕੁੜੀਆਂ, ਨੂੰਹਾਂ, ਧੀਆਂ ਪਹਿਣ ਪਚਰ ਕੇ, ਹਾਰ ਸ਼ਿੰਗਾਰ ਕਰਕੇ ਬੜੇ ਚਾਵਾਂ ਨਾਲ ਇੱਕ ਦੂਜੀ ਨੂੰ ਤੀਆਂ ਦੇ ਪਿੜ ਵਿੱਚ ਪਹੁੰਚਣ ਲਈ ਕਹਿੰਦੀਆਂ ਹਨ।  ਉਹਨਾਂ ਕਿਹਾ ਕਿ  ਤੀਆਂ ਵਿੱਚ ਮਹਿੰਦੀ ਰੰਗੇ ਹੱਥ ਗਿੱਧਾ ਪਾਉਂਦਿਆਂ ਥਕਦੇ  ਨਹੀਂ, ਨੱਚਣ ਵਾਲੀਆਂ ਦੀ ਅੱਡੀ ਨਹੀਂ ਟਿਕਦੀ ਅਤੇ ਗਾਉਣ ਵਾਲੀਆਂ ਪਾਸ ਗੀਤਾਂ ਦੇ ਅਮੁਕ  ਭੰਡਾਰ ਹੁੰਦੇ ਹਨ। ਸਾਉਣ ਮਹੀਨੇ ਵਿੱਚ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਪਹੁੰਚਦੀਆਂ ਹਨ ਅਤੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ। ਉਹਨਾਂ ਕਿਹਾ ਕਿ ਧੀਆਂ ਹਮੇਸ਼ਾਂ ਆਪਣੇ ਪੇਕਿਆਂ ਦੀ ਸੁੱਖ ਮੰਗਦੀਆਂ ਹਨ।  ਪੰਜਾਬੀ ਸਭਿਆਚਾਰ ਹਵਿੱਚ ਤੀਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਉਹਨਾਂ ਹੋਰ ਕਿਹਾ ਕਿ ਪੰਜਾਬੀ ਸਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ । ਸਾਨੂੰ ਆਪਣੇ ਪੰਜਾਬੀ ਵਿਰਸੇ ਨੁੰ ਭੁੱਲਣਾ ਨਹੀਂ ਚਾਹੀਦਾ।  ਉਹਨਾਂ ਕਿਹਾ ਕਿ ਧੀਆਂ ਨੂੰ ਕੁੱਖ ਵਿੱਚ ਮਾਰਨਾ ਨਹੀਂ ਚਾਹੀਦਾ ਅਤੇ ਭਰ੍ਯੂਣ ਹੱਤਿਆ ਬੰਦ ਹੋਣੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਅਗਲੇ ਸਾਲ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸ ਤੇ  ਇੱਕ ਲੱਖ ਰੁਪਏ ਖਰਚ ਕੀਤੇ ਜਾਣਗੇ।  ਉਹਨਾਂ ਤੀਆਂ ਦੇ ਤਿਉਹਾਰ ਵਿੱਚ ਭਾਗ ਲੈਣ ਆਈਆਂ ਸਾਰੀਆਂ ਟੀਮਾਂ ਨੂੰ 5-5 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰਧਾਨ ਨਗਰ ਕੌਂਸਲ ਸ਼ਾਮਚੁਰਾਸੀ ਇੰਦਰਜੀਤ ਕੌਰ,  ਐਮ ਸੀ ਅਸੋਕ ਕੁਮਾਰ ਬੰਗੜ, ਮੰਗੀ ਰਾਮ, ਦਵਿੰਦਰ ਸੋਧ, ਸਿੰਦੋ, ਬਲਬੀਰ ਕੌਰ ਭੁੱਲਰ, ਬਲਵੰਤ ਸਿੰਘ ਬਰਿਆਲ, ਸੁਖਵਿੰਦਰ ਸਿੰਘ ਸੋਢੀ, ਕਰਮਜੀਤ ਸਿੰਘ ਧਾਮੀ, ਰਵਿੰਦਰ ਸਿੰਘ ਧਾਮੀ, ਸੁੱਚਾ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਆਰ ਸੀ ਝਾਵਰ,  ਸੂਬੇਦਾਰ ਪ੍ਰਗਟ ਸਿੰਘ, ਗੁਰਜੀਤ ਸਿੰਘ ਪਾਵਲਾ, ਜਗਤਾਰ ਸਿੰਘ ਧਾਮੀ, ਸੁਖਵਿੰਦਰ ਕੌਰ ਸਰਪੰਚ ਮੱਛਰੀਵਾਲ, ਬੇਅੰਤ ਕੌਰ ਸਰਪੰਚ ਬਰਿਆਲ, ਪਰਮਜੀਤ ਸਿੰਘ ਐਸ ਐਚ ਓ ਬੁਲੋਵਾਲ, ਵਿਕਰਮਜੀਤ ਸਿੰਘ ਚੌਂਕੀ ਇੰਚਾਰਜ  ਇਸ ਮੌਕੇ ਤੇ ਹਾਜਰ ਸਨ। ਇਸ ਮੌਕੇ ਤੇ ਵੱਖ-ਵੱਖ ਟੀਮਾਂ ਵੱਲੋਂ ਰੰਗਾ-ਰੰਗ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਨੇਤਰਦਾਨ ਸਮਾਗਮ ਦੀਆਂ ਤਿਆਰੀਆਂ ਸਬੰਧੀ ਬੈਠਕ ਹੋਈ

ਹੁਸ਼ਿਆਰਪੁਰ, 13 ਅਗਸਤ: ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ (ਰਜਿ:) ਅਤੇ ਪੰਜਾਬ ਮੈਡੀਕਲ ਕੌਂਸਲ (ਆਈ) ਮੁਹਾਲੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ 28 ਅਗਸਤ 2010 ਨੂੰ ਸਵੇਰੇ 10-00 ਵਜੇ ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਨੇਤਰਦਾਨ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਤੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਇੱਕ ਵਿਸ਼ੇਸ਼ ਮੀਟਿੰਗ   ਸ਼੍ਰੀ ਤੀਕਸ਼ਨ ਸੂਦ, ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਦੀ ਪ੍ਰਧਾਨਗੀ  ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ  ਹੋਈ । ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਕਮਲਜੀਤ ਸੇਤੀਆ ਮੀਡੀਆ ਇੰਚਾਰਜ ਭਾਜਪਾ, ਪ੍ਰੋ: ਬਹਾਦਰ ਸਿੰਘ ਸੁਨੇਤ ਪ੍ਰਧਾਨ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ, ਡਾ ਏ ਐਸ ਥਿੰਦ, ਡਾ ਬੋਪਾਰਾਏ, ਡਾ ਧਰਮਵੀਰ, ਡਾ ਕੇ ਡੀ ਸਿੰਘ, ਉਘੇ ਸਮਾਜ ਸੇਵਕ ਐਚ ਐਸ ਬੇਦੀ ਗੁਰਦਾਸਪੁਰ, ਇੰਜੀ: ਜਸਬੀਰ ਸਿੰਘ ਸਕੱਤਰ, ਇੰਜੀ: ਐਮ ਐਸ ਗਰੇਵਾਲ, ਮਲਕੀਤ ਸਿਘ ਮਹੇੜੂ ਅਤੇ  ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੇਤਰਦਾਨ ਨਾਲ ਸਬੰਧਤ ਐਸੋਸੀਏਸ਼ਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
        ਸ਼੍ਰੀ ਸੂਦ ਨੇ ਕਿਹਾ ਕਿ ਨੇਤਰਦਾਨ ਨਾਲ  ਸਬੰਧਤ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਵਿੱਚੋਂ ਕੋਰਨੀਆਂ ਬਲਾਈਂਡਨੈਸ ਨੂੰ ਖਤਮ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਨੇਤਰਦਾਨ ਕਰਨਾ ਇੱਕ ਮਹਾਨ ਦਾਨ ਹੈ। ਕਿਸੇ ਵੀ ਵਿਅਕਤੀ ਵੱਲੋਂ ਦਾਨ ਕੀਤੀਆਂ ਗਈਆਂ ਅੱਖਾਂ ਕਿਸੇ ਲਾਚਾਰ ਅਤੇ ਮਜ਼ਬੂਰ ਵਿਅਕਤੀ ਜੋ ਕੁਦਰਤੀ ਕਰੋਪੀ ਦਾ ਮੁਕਾਬਲਾ ਕਰ ਰਿਹਾ ਹੈ, ਲਈ ਵਰਦਾਨ ਸਾਬਤ ਹੋ ਸਕਦੀਆਂ ਹਨ। ਉਹਨਾਂ ਦੱਸਿਆ ਕਿ ਇਸ  ਮੌਕੇ  ਨੇਤਰਦਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ  ਆਪਣੇ ਵਿਚਾਰ ਪੇਸ਼ ਕਰਨਗੇ।  ਇਸ ਮੌਕੇ ਤੇ ਮੁਫ਼ਤ  ਅੱਖਾਂ ਦਾ ਚੈਕਅਪ ਕੈਂਪ ਲਗਾਇਆ ਜਾਵੇਗਾ  ਅਤੇ ਪੰਜਾਬ ਭਰ ਤੋਂ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦਾ ਮੁਫ਼ਤ ਚੈਕਅਪ ਕੀਤਾ ਜਾਵੇਗਾ ਅਤੇ ਅੱਖਾਂ ਦਾ ਇਲਾਜ ਕਰਾਉਣ ਲਈ ਗਾਈਡ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹਾ ਖੂਨਦਾਨ ਕਰਨ ਲਈ ਪੰਜਾਬ ਭਰ ਚੋਂ ਮੋਹਰੀ ਜ਼ਿਲ੍ਹਾ ਹੈ ਅਤੇ  ਹੁਣ ਇਸ ਜ਼ਿਲ੍ਹੇ ਨੂੰ ਅੱਖਾਂ ਦਾਨ ਦੇ ਖੇਤਰ ਵਿੱਚ ਵੀ ਮੋਹਰੀ ਬਣਾਇਆ ਜਾਵੇਗਾ।  ਉਹਨਾਂ ਦੱਸਿਆ ਕਿ ਨੇਤਰਦਾਨ ਦੀ ਸੇਵਾ ਨੂੰ ਪੰਜਾਬ ਭਰ ਵਿੱਚ ਉਜਾਗਰ ਕਰਨ ਲਈ  ਉਨ੍ਹਾਂ ਦੀ ਸਰਪ੍ਰਸਤੀ ਹੇਠ ਇੱਕ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਹਰ ਜ਼ਿਲ੍ਹੇ ਦੇ ਨੇਤਰਦਾਨ ਨਾਲ ਸਬੰਧਤ ਵਿਅਕਤੀਆਂ ਨੂੰ ਮੈਂਬਰ ਲਿਆ ਜਾਵੇਗਾ। ਇਸ ਕਾਰਜ ਲਈ ਪ੍ਰੋ: ਬਹਾਦਰ ਸਿੰਘ ਸੁਨੇਤ, ਜਸਬੀਰ ਸਿੰਘ  ਨੂੰ ਕੋਆਰਡੀਨੇਟਰ ਬਣਾਇਆ ਗਿਆ ਹੈ ਤਾਂ ਜੋ ਰਾਜ ਭਰ ਵਿੱਚ ਬਾਕੀ ਸੰਸਥਾਵਾਂ ਨਾਲ ਤਾਲਮੇਲ ਕੀਤਾ ਜਾ ਸਕੇ।
        ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਦੱਸਿਆ ਕਿ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰਨਾ ਸਹਿਯੋਗ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਨੇਤਰਦਾਨ ਕਰਨਾ ਮਨੁੱਖਤਾ ਅਤੇ ਲੋੜਵੰਦਾਂ ਦੀ ਸਭ ਤੋਂ ਵੱਡੀ ਸੇਵਾ ਹੈ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ: ਜਗਤਾਰ ਸਿੰਘ ਸੈਣੀ ਜ਼ਿਲ੍ਰਾ ਪ੍ਰਧਾਨ ਭਾਜਪਾ , ਕਮਲਜੀਤ ਸੇਤੀਆ ਮੀਡੀਆ ਇੰਚਾਰਜ ਭਾਜਪਾ ਅਤੇ  ਬਲਬੀਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਨੇਤਰਦਾਨ ਰਾਜ ਪੱਧਰੀ ਸਮਾਗਮ ਨੂੰ ਸੁਚਾਰੂ ਢੰਗ ਨਾਲ ਕਰਾਉਣ ਲਈ ਹਰ ਤਰਾਂ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਦੁਆਇਆ।

ਅਸ਼ਵਨੀ ਟੰਡਨ ਨਮਿਤ ਸ਼ਰਧਾਂਜਲੀ ਸਮਾਗਮ

ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸਾਂ ਭਰੇ ਭਰਾਏ...
ਤਲਵਾੜਾ, 12 ਅਗਸਤ:  ਉੱਘੇ ਪੱਤਰਕਾਰ ਅਤੇ ਨਿਸ਼ਕਾਮ ਸਮਾਜ ਸੇਵੀ ਸਵ. ਅਸ਼ਵਨੀ ਟੰਡਨ ਜੋ ਬੀਤੇ ਦਿਨ ਸੰਖੇਪ ਬਿਮਾਰੀ ਮਗਰੋਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਰਸਮ ਕਿਰਿਆ ਮੌਕੇ ਅੱਜ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਗੁਰੂ ਅਮਰਦਾਸ ਹਾਲ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ। ਜਿਸ ਵਿਚ ਹਰਦੀਪ ਸਿੰਘ ਢਿਲੋਂ ਆਈ.ਜੀ ਡਾਇਰੈਕਟਰ ਵਿਜੀਲੈਂਸ, ਵੀ.ਕੇ ਉੱਪਲ ਆਈ.ਜੀ. ਕਰਾਇਮ, ਸੰਜੀਵ ਕਾਲੜਾ ਆਈ. ਜੀ., ਇਕਬਾਲਪ੍ਰੀਤ ਸਿੰਘ ਸਹੋਤਾ ਆਈ.ਜੀ. ਬਾਰਡਰ ਰੇਂਜ, ਸ਼ਰਦ ਸੱਤਿਆ ਚੌਹਾਨ ਡੀ.ਆਈ.ਜੀ. ਜ¦ਧਰ ਰੇਂਜ, ਜਸਕਰਨ ਸਿੰਘ ਏ.ਆਈ.ਜੀ, ਲੋਕ ਨਾਥ ਆਂਗਰਾ ਐਸ.ਐਸ.ਪੀ. ਗੁਰਦਾਸਪੁਰ, ਰਕੇਸ਼ ਅਗਰਵਾਲ ਐਸ.ਐਸ.ਪੀ ਹੁਸ਼ਿਆਰਪੁਰ, ਐਸ.ਕੇ. ਕਾਲੀਆ ਐਸ.ਪੀ., ਪਰਮਪਾਲ ਸਿੰਘ ਡੀ.ਐਸ.ਪੀ. ਫਿਲੌਰ, ਧਰਮਵੀਰ ਸਿੰਘ ਡੀ.ਐਸ.ਪੀ. ਮੁਕੇਰੀਆਂ, ਐਸ. ਐਸ. ਸੋਹਲ ਡਾਇਰੈਕਟਰ ਸਿਹਤ ਰਿਟਾ., ਅਸ਼ੋਕ ਮੱਟੂ ਡਰੱਗ ਕੰਟ੍ਰੋਲਰ ਪੰਜਾਬ, ਨਿਰਮਲ ਸਿੰਘ ਭੰਗੂ ਪਰਲ ਗਰੁੱਪ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਹਾਜਰ ਸਨ। ਇਸ ਮੌਕੇ ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਸੁਦਰਸ਼ਨ ਕੁਮਾਰ ਪੱਤਰਕਾਰ, ਜੰਗੀ ਲਾਲ ਮਹਾਜਨ ਸੀਨੀਅਰ ਭਾਜਪਾ ਆਗੂ, ਅਵਤਾਰ ਸਿੰਘ ਪਰਲ ਗਰੁੱਪ ਅਤੇ ਕੰਵਰ ਰਤਨ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵ. ਟੰਡਨ ਨੇ ਨਿੱਕੀ ਉਮਰੇ ਵੱਡੀਆਂ ਪੁਲਾਘਾਂ ਪੁੱਟ ਕੇ ਵਿਲੱਖਣ ਮਿਸਾਲ ਕਾਇਮ ਕਰਦਿਆਂ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਦੀਆਂ ਇਨ੍ਹਾਂ ਸਤਰਾਂ ਨੂੰ ਸਾਰਥਿਕ ਬਣਾ ਦਿੱਤਾ ਕਿ ‘ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸਾਂ ਭਰੇ ਭਰਾਏ ...’ ਅਤੇ ਪੱਤਰਕਾਰੀ ਅਤੇ ਸਮਾਜ ਸੇਵਾ ਨੂੰ ਸਮਰਪਣ ਦੀ ਭਾਵਨਾ ਨਾਲ ਨਿਭਾਇਆ। ਉਨ੍ਹਾਂ ਕਿਹਾ ਕਿ ਅਸ਼ਵਨੀ ਟੰਡਨ ਨੂੰ ਹਮੇਸ਼ਾ ਇਕ ਆਦਰਸ਼ ਸ਼ਖਸ਼ੀਅਤ ਵਜੋਂ ਜਾਣਿਆ ਜਾਵੇਗਾ ਅਤੇ ਉਨ੍ਹਾਂ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਤੇ ਇਲਾਕਾ ਵਾਸੀਆਂ ਨੂੰ ਡੂੰਘਾ ਸਦਮਾ ਪੁੱਜਾ ਹੈ ਉੱਥੇ ਮੀਡੀਆ ਜਗਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਸਦੀਵੀ ਘਾਟਾ ਪਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮਜੀਤ ਸਿੰਘ ਗਿੱਲ ਐਕਸਾਈਜ਼ ਕਮਿਸ਼ਨਰ, ਠਾਕੁਰ ਰਘੁਨਾਥ ਰਾਣਾ ਮੀਤ ਪ੍ਰਧਾਨ ਭਾਜਪਾ ਪੰਜਾਬ, ਬੱਬਾ ਕਾਲੀਆ, ਦੇਸ ਰਾਜ ਸ਼ਰਮਾ, ਅਮਰਜੀਤ ਸਿੰਘ ਢਾਡੇ ਕਟਵਾਲ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜੀਪੁਰ, ਸੁਰਿੰਦਰ ਮੰਡ, ਸੁਰਜੀਤ ਸਿੰਘ, ਦਲਬੀਰ ਸਿੰਘ ਮੱਲ੍ਹੀ, ਹਰਸ਼ ਮਹਿਤਾ, ਭਗਤ ਗੇਲਾ ਰਾਮ, ਗੁਰਚਰਨ ਸਿੰਘ ਜੌਹਰ, ਅਸ਼ੋਕ ਸੱਭਰਵਾਲ, ਓ. ਪੀ. ਕਾਲੀਆ, ਅਮਰਪਾਲ ਜੌਹਰ, ਦਵਿੰਦਰ ਸਿੰਘ ਸੇਠੀ, ਡਾ. ਧਰੁਬ, ਰਾਮ ਪ੍ਰਸ਼ਾਦ ਸਰਪੰਚ ਤਲਵਾੜਾ, ਏ. ਕੇ. ਬਾਲੀ ਐਸ. ਈ. ਤਲਵਾੜਾ, ਅਨਿਲ ਗੌਤਮ, ਗੁਲਜ਼ਾਰ ਸਿੰਘ ਸਾਬਕਾ ਡੀ ਪੀ ਆਰ ਓ, ਅਸ਼ਵਨੀ ਚੱਡਾ, ਅਰਵਿੰਦਰਪਾਲ ਸਿੰਘ ਉੱਭੀ ਅਤੇ ਟੰਡਨ ਪਰਿਵਾਰ ਸਮੇਤ ਪੱਤਰਕਾਰ, ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜਰ ਸਨ। ਉੱਘੇ ਸ਼ਾਸ਼ਤਰੀ ਅਸ਼ਵਨੀ ਸ਼ਰਮਾ ਨੇ ਸ਼ਾਂਤੀ ਪਾਠ ਕਰਨ ਉਪਰੰਤ ਸਵ. ਟੰਡਨ ਦੇ ਸਪੁੱਤਰ ਨਿਤਿਨ ਟੰਡਨ ਨੂੰ ਰਸਮ ਪਗੜੀ ਅਦਾ ਕੀਤੀ।

16 ਅਗਸਤ ਨੁੰ ਛੁੱਟੀ ਦਾ ਐਲਾਨ

ਤਲਵਾੜਾ / ਮੁਹਾਲੀ, 13 ਅਗਸਤ : ਪੰਜਾਬ ਸਰਕਾਰ ਨੇ ੧੬ ਅਗਸਤ ( ਸੋਮਵਾਰ ) ਨੁੰ ਰਾਜ ਦੇ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਪੰਜਾਬ ਡਾ. ਉਪਿੰਦਰਜੀਤ ਕੌਰ ਨੇ ਰਾਜ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਿਆ ਹੈ। ਸੁਤੰਤਰਤਾ ਦਿਵਸ ਦੇ ਦੂਜੇ ਦਿਨ ਰਵਾਇਤ ਅਨੁਸਾਰ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਹੁੰਦੀ ਹੈ ਕਿਉਂਕਿ ਆਜਾਦੀ ਦਿਵਸ ਸਮਾਰੋਹ ਵਿਚ ਵਿਦਿਆਰਥੀਆਂ ਵੱਲੋਂ ਵਧ ਚੜ੍ਹ ਕੇ ਭਾਗ ਲਿਆ ਜਾਂਦਾ ਹੈ।

13 ਪ੍ਰਮੁੱਖ ਮੰਡੀਆਂ ਵਿਚ ਆਧੁਨਿਕ ਪੈਕ ਹਾਉਸ ਬਣਨਗੇ: ਲੱਖੋਵਾਲ

ਹੁਸ਼ਿਆਰਪੁਰ, 12 ਅਗਸਤ: ਪੰਜਾਬ ਮੰਡੀ ਬੋਰਡ ਵਲੋਂ ਰਾਜ ਦੀਆਂ 13 ਪ੍ਰਮੁੱਖ  ਮੰਡੀਆਂ  ਵਿਚ  ਆਧੁਨਿਕ ਸਹੂਲਤਾਂ ਵਾਲੇ ਪੈਕ ਹਾਊਸ ਬਣਾਉਣ ਤੇ 15 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਵਿਚ ਹੁਸ਼ਿਆਰਪੁਰ ਦੀ ਮੰਡੀ ਵੀ ਸ਼ਾਮਲ ਹੈ। ਇਹ ਪ੍ਰਗਟਾਵਾ ਸ: ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਅੱਜ ਪਿੰਡ ਸਰਹਾਲਾਂ ਕਲਾਂ  ਦੀ ਮੰਡੀ ਵਿਖੇ 16 ਲੱਖ ਰੁਪਏ ਦੀ ਲਾਗਤ ਨਾਲ ਐਡੀਸ਼ਨਲ ਆਕਸ਼ਨ ਪਲੇਟ ਫਾਰਮ ਦੀ ਉਸਾਰੀ ਅਤੇ ਪੁਰਾਣੇ ਫੜ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਣ ਉਪਰੰਤ  ਸੰਤ ਬਾਬਾ ਸ਼ੇਰ ਸਿੰਘ ਜੀ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
        ਸ੍ਰ: ਲੱਖੋਵਾਲ ਨੇ ਕਿਹਾ ਕਿ ਪੰਜਾਬ ਦੀਆਂ 50 ਮੰਡੀਆਂ ਨੂੰ ਕੰਪਿਉਟਰਾਈਜ਼ ਕੀਤਾ ਜਾ ਰਿਹਾ ਹੈ, ਮੰਡੀਆਂ ਦੇ ਗੇਟਾਂ ਤੇ ਕੰਢੇ ਅਤੇ ਕੈਮਰੇ ਲਾਏ ਜਾ ਰਹੇ ਹਨ ਅਤੇ ਆੜਤੀਆਂ ਨੂੰ  ਵੀ ਸਬਸਿਡੀ ਤੇ  ਕੰਪਿਉਟਰਾਈਜ਼ ਕੰਢੇ ਦਿੱਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਦੀਆਂ ਜਿਣਸਾਂ ਦੀ ਤੁਲਾਈ ਵਿਚ ਕੋਈ ਹੇਰਾ-ਫੇਰੀ ਨਾ ਹੋ ਸਕੇ। ਉਹਨਾਂ ਕਿਹਾ ਕਿ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ 5 ਕਿਲੋਮੀਟਰ ਤੋਂ ਦੂਰ ਨਾ ਜਾਣਾ ਪਵੇ।  ਉਹਨਾਂ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ  ਦੀਆਂ ਵੱਖ-ਵੱਖ ਮੰਡੀਆਂ ਦੇ ਵਿਕਾਸ ਕੰਮਾਂ ਤੇ ਲਗਭਗ 2 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਬਾੜੀਅਕਲਾਂ, ਰੋੜਮਜਾਰਾ ਅਤੇ ਮਾਹਿਲਪੁਰ ਦੀਆਂ ਮੰਡੀਆਂ ਦੇ ਵਿਕਾਸ ਤੇ ਵੀ 45 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।  ਸ੍ਰ: ਲੱਖੋਵਾਲ ਨੇ ਕਿਹਾ ਕਿ  ਸਾਢੇ ਤਿੰਨ ਸਾਲ ਪਹਿਲਾਂ ਜਦੋਂ ਮੈਂ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਿਆ ਸੀ ਉਸ ਵਕਤ ਪੰਜਾਬ ਮੰਡੀ ਬੋਰਡ ਦੀ ਆਮਦਨ 351 ਕਰੋੜ ਰੁਪਏ ਸੀ ਜੋ ਕਿ ਹੁਣ ਵੱਧ ਕੇ  658 ਕਰੋੜ ਰੁਪਏ ਹੋ ਗਈ ਹੈ।  ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
        ਸ੍ਰ: ਲੱਖੋਵਾਲ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਪਿਛਲੇ ਸਾਲ 1700 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਨਵੀਆਂ ਬਣਾਈਆਂ ਗਈਆਂ  ਜਿਸ ਤੇ 300 ਰੁਪਏ ਖਰਚ ਕੀਤੇ ਗਏ  ਅਤੇ 9107 ਕਿਲੋਮੀਟਰ ਲੰਬੀਆਂ ਸੜਕਾਂ ਦੀ ਮੁਰੰਮਤ ਤੇ 600 ਕਰੋੜ ਰੁਪਏ ਖਰਚ ਕੀਤੇ ਗਏ। ਉਹਨਾਂ ਦੱਸਿਆ ਕਿ ਇਸ ਸਾਲ ਹਰ ਵਿਧਾਨ ਸਭਾ ਹਲਕੇ ਵਿੱਚ 20-20 ਕਿਲੋਮੀਟਰ ਲੰਬੀਆਂ ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ  ਅਤੇ ਹਰ ਵਿਧਾਨ ਸਭਾ ਹਲਕੇ ਨੂੰ ਪਿੰਡਾਂ ਦੇ ਸਮੂਹਿਕ ਵਿਕਾਸ ਅਤੇ ਸਕੂਲਾਂ ਦੀਆਂ ਚਾਰਦੀਵਾਰੀਆਂ ਲਈ 10-10 ਕਰੋੜ ਰੁਪਏ ਦਿੱਤੇ ਜਾ ਰਹੇ ਹਨ ਜੋ ਕਿ ਲਗਭਗ 1000 ਕਰੋੜ ਰੁਪਏ ਬਣਦਾ ਹੈ।   ਉਹਨਾਂ ਹੋਰ ਕਿਹਾ ਕਿ ਸਰਹਾਲਾਂ ਕਲਾਂ ਦੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇਗਾ।  ਉਹਨਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਜਿਨ੍ਹਾਂ ਸੜਕਾਂ  ਦੀ 2002 ਤੋਂ ਬਾਅਦ ਮੁਰੰਮਤ ਨਹੀਂ ਹੋਈ ,  ਉਨ੍ਹਾਂ ਸੜਕਾਂ ਦੀ ਮੁਰੰਮਤ ਤੇ  1000 ਕਰੋੜ ਰੁਪਏ ਖਰਚ ਕੀਤੇ ਜਾਣਗੇ। 
        ਸ੍ਰ: ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਸਿਖਿਅਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਵੱਲੋਂ 24 ਅਤੇ 25 ਸਤੰਬਰ 2010 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਕਿਸਾਨ ਡੈਲੀਗੇਸ਼ਨ ਇਜਲਾਸ ਕੀਤਾ ਜਾ ਰਿਹਾ ਹੈ ਜਿਸ ਵਿੰਚ ਸਾਰੇ ਪੰਜਾਬ ਤੋਂ 2000 ਤੋਂ ਵੱਧ ਕਿਸਾਨ ਡੈਲੀਗੇਟ ਹਿੱਸਾ ਲੈਣਗੇ।  ਉਹਨਾਂ ਕਿਹਾ ਕਿ ਗੋਦਾਮਾਂ ਵਿੱਚ ਜਿਹੜਾ ਅਨਾਜ ਖਰਾਬ ਹੋਇਆ ਹੈ, ਉਹ ਕੇਂਦਰ ਸਰਕਾਰ ਦੀ ਅਣ-ਗਹਿਲੀ ਕਾਰਨ ਹੋਇਆ ਹੈ। ਉਹਨਾਂ ਕਿਹਾ ਕਿ ਕੇਂਦਰ ਸਕਰਾਰ ਜਿੰਨੇ ਪੈਸੇ ਅਨਾਜ ਦੀ ਸਾਂਭ-ਸੰਭਾਲ ਤੇ ਖਰਚ ਕਰਦੀ ਹੈ ਜੇ ਓਨੇ ਪੈਸੇ ਕਿਸਾਨਾਂ ਨੂੰ ਦੇ ਦੇਵੇ ਤਾਂ ਉਹ ਛੋਟੇ-ਛੋਟੇ ਗੋਦਾਮ ਬਣਾ ਕੇ ਅਨਾਜ ਦੀ ਚੰਗੀ ਤਰਾਂ ਸਾਂਭ-ਸੰਭਾਲ ਕਰ ਸਕਦੇ ਹਨ।  ਉਹਨਾਂ ਨੇ ਸਰਹਾਲਾ ਕਲਾਂ ਦੀ ਮੰਡੀ ਵਿੱਚ ਚਲ ਰਹੇ ਕੰਮ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਕਿਸਾਨਾਂ ਨੂੰ ਇਸ ਮੰਡੀ ਵਿੱਚ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਇੰਡੀਆ ਮਾਰਕਾ ਡੂੰਘਾ ਨਲਕਾ ਅਤੇ ਟਾਵਰ ਲਾਈਟਾਂ ਲਾਈਆਂ ਜਾਣਗੀਆਂ।    ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਹਰਭਜਨ ਸਿੰਘ ਚੋਪੜਾ ਜ਼ਿਲ੍ਹਾ ਮੰਡੀ ਅਫ਼ਸਰ, ਅਜਮੇਰ ਸਿੰਘ ਗਿੱਲ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ, ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਹੁਸ਼ਿਆਰਪੁਰ, ਆਰ ਪੀ ਅਗਨੀਹੋਤਰੀ ਕਾਰਜਕਾਰੀ ਇੰਜੀਨੀਅਰ, ਸੁੱਚਾ ਸਿੰਘ ਸਰਪੰਚ ਸਰਹਾਲਾ ਕਲਾਂ, ਸੀਤਲ ਸਿੰਘ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ, ਰਾਮ ਜੀ ਦਾਸ ਟੰਡਨ ਸਕੱਤਰ ਮਾਰਕੀਟ ਕਮੇਟੀ, ਗੁਰਮੁੱਖ ਸਿੰਘ ਐਸ ਡੀ ਓ ਅਤੇ ਇਲਾਕੇ ਦੇ ਸਰਪੰਚ ਪੰਚ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਪੁਰਾਤਨ ਤਿਓਹਾਰ ਪੰਜਾਬ ਦੀ ਜਿੰਦਜਾਨ : ਠੰਡਲ

ਹੁਸ਼ਿਆਰਪੁਰ, 11 ਅਗਸਤ: ਪੰਜਾਬੀ ਸਭਿਆਚਾਰ ਅਤੇ ਪੁਰਾਤਨ ਵਿਰਸੇ ਤੋਂ ਅੱਜ ਦੀ ਪੀੜੀ ਨੂੰ ਜਾਣੂ ਕਰਾਉਣ ਲਈ ਪਿੰਡਾਂ ਵਿੱਚ ਤੀਆਂ ਦੇ ਤਿਉਹਾਰ ਮਨਾਉਣੇ ਬਹੁਤ ਜ਼ਰੂਰੀ ਹਨ।  ਇਹ ਵਿਚਾਰ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਪਿੰਡ ਸਿੰਬਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪਿੰਡ ਦੀ ਪੰਚਾਇਤ ਅਤੇ ਮਹਿਲਾ ਮੰਡਲ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ ਤੀਆਂ ਦੇ ਤਿਉਹਾਰ ਸਬੰਧੀ ਸਮਾਗਮ ਨੁੰ ਸੰਬੋਂਧਨ ਕਰਦਿਆਂ ਪ੍ਰਗਟ ਕੀਤੇ।  ਉਹਨਾਂ ਕਿਹਾ ਕਿ ਅੱਜ ਦਾ ਨੌਜਵਾਨ ਵਰਗ ਸਾਡੇ ਪੰਜਾਬ ਦੇ ਅਮੀਰ ਵਿਰਸੇ ਅਤੇ ਪੁਰਾਤਨ ਰਵਾਇਤਾਂ ਨੂੰ ਭੁਲਦਾ ਜਾ ਰਿਹਾ ਹੈ ਅਤੇ ਵਿਦੇਸ਼ਾਂ ਦੇ ਸਭਿਆਚਾਰ ਨੂੰ ਅਪਨਾ ਰਿਹਾ ਹੈ।  ਉਹਨਾਂ ਕਿਹਾ ਕਿ ਸਾਡਾ ਪੰਜਾਬੀ ਸਭਿਆਚਾਰ ਦੁਨੀਆਂ ਨਾਲੋਂ ਵੱਖਰਾ ਹੈ । ਇਸ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ਾਂ ਦੇ ਲੋਕ ਵੀ ਇਸ ਨੂੰ ਅਪਨਾ ਰਹੇ ਹਨ।  ਇਸ ਤਰਾਂ ਦੇ ਤਿਉਹਾਰ ਮਨਾਉਣ ਨਾਲ ਅੱਜ ਦਾ ਨੌਜਵਾਨ ਵਰਗ ਪੰਜਾਬੀ ਸਭਿਆਚਾਰ ਨਾਲ ਜੁੜੇਗਾ।  ਉਹਨਾਂ ਕਿਹਾ ਕਿ ਮਹਿਲਾ ਮੰਡਲ  ਅਤੇ ਪੰਚਾਇਤ ਵੱਲੋਂ ਅੱਜ ਦੇ ਇਸ ਸਮਾਗਮ ਵਿੱਚ ਜੋ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।  ਇਸ ਮੌਕੇ ਤੇ ਉਹਨਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਅਤੇ ਪਿੰਡ ਦੇ ਮਹਿਲਾ ਮੰਡਲ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
        ਪਿੰਡ ਦੀ ਸਰਪੰਚ ਬੀਬੀ ਹਰਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ  ਪਿੰਡ ਦੀਆਂ ਔਰਤਾਂ ਵੱਲੋਂ ਮਿਲ ਕੇ ਇਹ ਪਹਿਲਾ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਅਤੇ ਹੁਣ ਇਹ ਤਿਉਹਾਰ  ਹਰ ਸਾਲ ਮਨਾਇਆ ਜਾਵੇਗਾ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਸ ਐਚ ਓ ਦਲਜੀਤ ਸਿੰਘ ਖੱਖ, ਚੇਅਰਮੈਨ ਬਲਾਕ ਸੰਮਤੀ ਜੋਗਿੰਦਰ ਸਿੰਘ,  ਮਲਕੀਤ ਸਿੰਘ, ਇਕਬਾਲ ਸਿੰਘ, ਮੈਂਬਰ ਪੰਚਾਇਤ ਸੁਰਜੀਤ ਸਿਘ, ਭਗਤ ਸਿਘ ਢੋਡਰਪੁਰ, ਹਰਜੀਤ ਸਿੰਘ ਅਰਿਹਾਣਾ ਜੱਟਾਂ, ਗੁਰਪਾਲ ਸਿੰਘ, ਕਰਨਜੀਤ ਸਿੰਘ, ਗੁਰਮਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।

ਅਰੁਣੇਸ਼ ਸ਼ਾਕਰ ਵੱਲੋਂ ਵੱਖ ਵੱਖ ਵਿਕਾਸ ਕਾਰਜਾਂ ਨੂੰ ਹਰੀ ਝੰਡੀ

ਤਲਵਾੜਾ, 11 ਅਗਸਤ: ਪੰਜਾਬ ਸਰਕਾਰ ਲੋਕਾਂ ਨੂੰ ਆਵਾਜਾਈ ਦੀਆਂ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਸਾਲ 2010-11 ਦੌਰਾਨ ਸੜਕਾਂ ਤੇ 1100 ਕਰੋੜ ਰੁਪਏ ਖਰਚ ਕਰੇਗੀ। ਇਸ ਗਲ ਦਾ ਪ੍ਰਗਟਾਵਾ ਸ੍ਰੀ ਅਰੁਨੇਸ਼ ਸ਼ਾਕਰ ਮੁੱਖ ਸੰਸਦੀ ਸੱਕਤਰ ਖੁਰਾਕ ਅਤੇ ਸਪਲਾਈ ਵਿਭਾਗ, ਪੰਜਾਬ ਨੇ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਬੰਗੜੋਈ ਵਿਖੇ ਨਵੀਂ ਉਸਾਰੀ ਗਈ ਪੱਕੀ ਫਿਰਨੀ ਅਤੇ ਡਰੇਨ ਤੇ ਬਣਾਏ ਗਏ ਪੁੱਲ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਸ਼੍ਰੀ ਜਨਕ ਸਿੰਘ ਬਗੜੋਈ ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ, ਸ਼੍ਰੀ ਅਜੇ ਕੌਸ਼ਲ ਚੇਅਰਮੈਨ ਬਲਾਕ ਸੰਮਤੀ, ਸ਼੍ਰੀ ਯੁੱਧਵੀਰ ਸਿੰਘ ਡਡਵਾਲ ਬੀ ਡੀ ਪੀ ਓ ਮੁਕੇਰੀਆਂ ,   ਸ਼੍ਰੀ ਜਤਿੰਦਰ ਮੋਹਨ ਐਸ ਡੀ ਓ ਪੀ ਡਬਲਯੂ ਡੀ  ਅਤੇ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।
        ਇਸ ਮੌਕੇ ਤੇ ਸ਼੍ਰੀ ਸ਼ਾਕਰ ਨੇ ਕਿਹਾ ਕਿ ਪੁੱਲ ਦੀ ਉਸਾਰੀ ਤੇ 14 ਲੱਖ ਰੁਪਏ ਅਤੇ ਪੱਕੀ ਫਿਰਨੀ ਬਣਾਉਣ ਤੇ 9 ਲੱਖ ਰੁਪਏ ਖਰਚ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ 17.61 ਕਿਲੋਮੀਟਰ   ਲੰਬੀਆਂ ਨਵੀਆਂ ਲਿੰਕ ਸੜਕਾਂ ਦੀ ਉਸਾਰੀ ਤੇ   3 .10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਦ ਕਿ ਪਿਛਲੇ ਸਾਲ 18.48 ਕਿਲੋਮੀਟਰ  ਲਿੰਕ ਸੜਕਾਂ ਦੀ ਉਸਾਰੀ ਤੇ 3 . 43 ਕਰੋੜ ਰੁਪਏ ਖਰਚ ਕੀਤੇ ਗਏ ਹਨ।  ਉਹਨਾਂ ਦਸਿਆ ਕਿ     60 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਤੇ  5 .77 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਮੁਕੇਰੀਆਂ ਵਿਖੇ 8 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਦੀ ਨਵ ਉਸਾਰੀ ਕੀਤੀ ਗਈ ਹੈ। ਉਹਨਾਂ ਦਸਿਆ ਕਿ ਨਾਬਾਰਡ ਦੀ ਸਹਾਇਤਾ ਨਾਲ  ਹਲਕਾ ਮੁਕੇਰੀਆਂ ਦੇ ਤਿੰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਰਾਮਸਹਾਏ, ਹਾਜੀਪੁਰ ਅਤੇ ਹਰਦੋਖੁੰਦਪੁਰ ਦੇ ਵਿਕਾਸ ਤੇ 45 ਲੱਖ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਦਸਿਆ ਕਿ ਸਕੂਲਾਂ ਦੀਆਂ ਅਸੁਰਖਿਅਤ ਇਮਾਰਤਾਂ ਦੀ ਨਵ ਉਸਾਰੀ ਦੀ ਯੋਜਨਾ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਅਤੇ ਜਲਦੀ ਹੀ ਇਹਨਾਂ ਸਕੂਲਾਂ ਦੀਆਂ ਇਮਾਰਤਾਂ ਦੀ ਨਵ ਉਸਾਰੀ ਕਰ ਦਿਤੀ ਜਾਵੇਗੀ। ਉਹਨਾ ਕਿਹਾ ਕਿ ਸੜਕਾਂ ਦੀ  ਉਸਾਰੀ ਲਈ ਪੈਸੇ ਦੀ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ ਅਤੇ ਪਿੰਡਾਂ ਨੂੰ ਵੀ  ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।  ਸ਼੍ਰੀ ਸ਼ਾਕਰ ਨੇ ਹੋਰ ਦਸਿਆ ਕਿ ਲੋਕਾਂ ਨੂੰ ਅਦਾਲਤਾਂ ਵਿਚ ਛੇਤੀ ਇਨਸਾਫ ਦਿਵਾਉਣ ਲਈ ਪਹਿਲਾਂ ਮੁਕੇਰੀਆਂ ਵਿਖੇ ਮੇਬਾਇਲ ਕੋਰਟ ਸ਼ੁਰੂ ਕੀਤੀ ਗਈ ਸੀ। ਹੁਣ ਲੋਕਾਂ ਦੀ ਹੋਰ ਸਹੂਲਤ ਲਈ ਪੱਕੇ ਤੌਰ ਤੇ ਪੁਰਾਣੇ ਐਸ ਡੀ ਐਮ ਦਫਤਰ ਵਿਖੇ ਜੁਡੀਸ਼ਿਅਲ ਕੋਰਟ ਸ਼ੁਰੂ ਕਰ ਦਿਤੀ ਗਈ ਹੈ ਅਤੇ ਨਵਾਂ ਜੁਡੀਸਿਅਲ ਕੰਪਲੈਕਸ ਬਣਾਉਣ ਲਈ ਵੀ ਜਗਾ ਦਾ ਨਿਰੀਖਣ ਕਰ ਲਿਆ ਗਿਆ ਹੈ।
        ਇਸ ਮੌਕੇ ਤੇ ਸ਼੍ਰੀ ਸ਼ਾਕਰ ਨੇ ਪ੍ਰਾਇਮਰੀ ਸਕੂਲ ਦੀ ਚਾਰਦੀਵਾਰੀ ਵਾਸਤੇ ਪਿੰਡ ਧਨੌਏ ਨੂੰ  1.29 ਲੱਖ ਰੁਪਏ , ਪਿੰਡ ਧਰਮਪੁਰਾ ਨੂੰ 24232 ਰੁਪਏ , ਮੌਲੀ ਨੂੰ 1 ਲੱਖ 75 ਹਜ਼ਾਰ, ਮੁਰਾਦਪੁਰ ਜੱਟਾਂ ਨੂੰ 1.49 ਲੱਖ, ਸਮਰਾਵਾਂ ਨੂੰ 67 ਹਜਾਰ, ਬਾਊਪੁਰ ਨੂੰ 1.53 ਲੱਖ ਅਤੇ ਪਿੰਡ ਬਗੜੋਈ ਨੂੰ 1.19 ਲੱਖ ਦੇ ਚੈਕ ਤਕਸੀਮ ਕੀਤੇ।
        ਇਸ ਤੋਂ ਪਹਿਲਾਂ ਸ਼੍ਰੀ ਸ਼ਾਕਰ ਨੇ ਨਵੀਂ ਉਸਾਰੀ ਗਈ  ਸੜਕ ਧਰਮਪੁਰ ਤੋ  ਹਰੀਜਨ ਬਸਤੀ ਜਿਸ ਤੇ 16 .08 ਲੱਖ ਰੁਪਏ, ਨਵੀਂ ਉਸਾਰੀ ਅਬਦੁਲਾਪੁਰ ਤੋਂ ਮਹਿੰਦੀਪੁਰ ਸੜਕ ਤੇ 8  15 ਲੱਖ ਰੁਪਏ, ਨਵੀਂ ਉਸਾਰੀ ਸੜਕ ਬਾਉਪੂਰ ਤੋਂ ਚੱਕਵਾਲ ਤੇ 27 .19 ਲੱਖ ਅਤੇ ਨਵੀਂ ਉਸਾਰੀ ਝੰਗੀ ਸ਼ਾਹੀਸ਼ਾਹ ਤੋਂ ਚੱਕਵਾਲ ਸੜਕ ਤੇ 16.18 ਲੱਖ ਰੁਪਏ ਖਰਚ ਕੀਤੇ ਗਏ ਹਨ, ਦਾ ਵੀ ਉਦਘਾਟਨ ਕੀਤਾ ।

ਅਸ਼ਵਨੀ ਟੰਡਨ ਨਮਿੱਤ ਸ਼ਰਧਾਂਜਲੀ ਸਮਾਗਮ 12 ਨੂੰ

ਤਲਵਾੜਾ, 11 ਅਗਸਤ : ਉੱਤੇ ਪੱਤਰਕਾਰ ਅਤੇ ਤਲਵਾੜਾ ਟਾਈਮਜ਼ ਵੀਕਲੀ ਦੇ ਮੁੱਖ ਸੰਪਾਦਕ ਸਵ. ਅਸ਼ਵਨੀ ਟੰਡਨ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ 12 ਅਗਸਤ ਨੂੰ ਬਾਦ ਦੁਪਿਹਰ 2 ਵਜੇ ਤੋਂ 3 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 2 ਤਲਵਾੜਾ ਵਿਖੇ ਹੋਵੇਗਾ।
ਸੰਨ 1961 ਵਿੱਚ ਤਲਵਾੜਾ ਵਿਖੇ ਜੰਮੇ ਪਲੇ ਅਸ਼ਵਨੀ ਟੰਡਨ ਨੇ ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਉਨ, ਨਵਾਂ ਜਮਾਨਾ, ਪੰਜਾਬ ਕੇਸਰੀ ਆਦਿ ਅਖਬਾਰਾਂ ਲਈ ਪੱਤਰ ਪ੍ਰੇਰਕ ਵੱਜੋਂ ਪੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟਿਆ ਅਤੇ ਬਾਅਦ ਵਿਚ ਉਹਨਾਂ ਤਲਵਾੜਾ ਟਾਈਮਜ਼ ਹਫਤਾਵਾਰੀ ਅਖਬਾਰ ਜਲੰਧਰ ਤੋਂ ਛਪਵਾ ਕੇ ਪ੍ਰਕਾਸ਼ਿਤ ਕੀਤਾ। ਪੱਤਰਕਾਰ ਵਜੋਂ ਉਹਨਾਂ ਦਾ ਸਫਰ ਉਹਨਾਂ ਦੇ ਬੁਲੰਦ ਇਰਾਦਿਆਂ, ਦ੍ਰਿੜ ਨਿਸ਼ਚੇ ਤੇ ਭਰਪੂਰ ਆਤਮ ਵਿਸ਼ਵਾਸ਼ ਦਾ ਗਵਾਹੀ ਭਰਦਾ ਹੈ। ਪਰਿਵਾਰਿਕ ਸੂਤਰਾਂ ਅਨੁਸਾਰ ਸਵ. ਟੰਡਨ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਮਾਮੂਲੀ ਬੁਖਾਰ ਦੀ ਸ਼ਿਕਾਇਤ ਹੋਈ ਅਤੇ ਫਿਰ ਤਬੀਅਤ ਹੋਰ ਖਰਾਬ ਹੁੰਦੀ ਗਈ। ਡਾਕਟਰੀ ਜਾਂਚ ਮਗਰੋਂ ਲੁਧਿਆਣਾ ਵਿਖੇ ਉਨ੍ਹਾਂ ਦੇ ਦਿਲ ਦਾ ਆਪ੍ਰੇਸ਼ਨ ਕੀਤਾ ਗਿਆ ਜੋ ਕਾਮਯਾਬ ਨਾ ਹੋ ਸਕਿਆ। ਅਸੀਂ ਸਮੂਹ ਪੱਤਰਕਾਰ ਭਾਈਚਾਰੇ ਅਤੇ ਤਲਵਾੜਾ ਵਾਸੀਆਂ ਵੱਲੋਂ ਉਹਨਾਂ ਦੇ ਪਰਿਵਾਰ ਦੇ ਦੁਖ ਵਿਚ ਸ਼ਰੀਕ ਹੁੰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦੇ ਹਾਂ।

ਮਾਰੂਤੀ ਆਲਟੋ ਦਾ ਨਵਾਂ ਮਾਡਲ ਲਾਂਚ

ਤਲਵਾੜਾ, 10 ਅਗਸਤ: ਇੱਥੇ ਮਾਰੂਤੀ ਸਜੂਕੀ ਦੇ ਹੁਸ਼ਿਆਰਪੁਰ ਆਟੋਮੋਬਾਇਲਜ਼ ਤਲਵਾੜਾ ਸ਼ੋਰੂਮ ਵਿਖੇ ਆਲਟੋ ਕੇ-10 ਮਾਡਲ ਦੀ ਲਾਂਚਿੰਗ ਸ਼੍ਰੀ ਬੀ. ਐੱਸ. ਢਿੱਲੋਂ ਸੀਨੀਅਰ ਮੈਨੇਜਰ ਪੀ. ਐਨ. ਬੀ. ਅਤੇ ਰਾਮ ਪ੍ਰਸ਼ਾਦ ਸਰਪੰਚ ਤਲਵਾੜਾ ਵੱਲੋਂ ਕੀਤੀ ਗਈ। ਇਸ ਮੌਕੇ ਕੰਪਨੀ ਦੇ ਜਨਰਲ ਮੈਨੇਜਰ ਕਰਨਲ ਰਘਬੀਰ ਸਿੰਘ ਅਤੇ ਸੀਨੀਅਰ ਅਧਿਕਾਰੀ ਸ਼੍ਰੀ ਸੂਰਜ ਸੂਦ ਨੇ ਦੱਸਿਆ ਕਿ ਇਸ ਨਵੇਂ ਮਾਡਲ ਵਿਚ ਕਈ ਨਵੇਂ ਫੀਚਰ ਦਿੱਤੇ ਗਏ ਹਨ ਅਤੇ ਵਧੇਰੇ ਸ਼ਕਤੀਸ਼ਾਲੀ ਪਰ ਕਿਫਾਇਤੀ ਇੰਜਣ ਨਾਲ ਇਸ ਨੂੰ ਹਰ ਥਾਂ ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੀਤਪਾਲ ਸਿੰਘ, ਤਨੂ ਸੂਦ, ਸੰਜੀਵ ਸ਼ਰਮਾ, ਵਿਸ਼ਾਲ ਸੂਦ, ਕਮਲ ਸੱਗੂ, ਆਰ. ਐਲ. ਸੂਦ, ਕੁਲਵੰਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਮੁਫਤ ਚੈਕਅੱਪ ਕੈਂਪ ਲਈ ਚੇਤਨਾ ਰੈਲੀ ਰਵਾਨਾ

ਤਲਵਾੜਾ, 10 ਅਗਸਤ:  ਭਾਰਤ ਵਿਕਾਸ ਪਰਿਸ਼ਦ ਤਲਵਾੜਾ ਦੇ ਸਹਿਯੋਗ ਨਾਲ ਅਮਨਦੀਪ ਹਸਪਤਾਲ ਅੰਮ੍ਰਿਤਸਰ ਵੱਲੋਂ ਇੱਥੇ ਮੁਫਤ ਚੈਕਅੱਪ ਕੈਂਪ ਲਈ ਚੇਤਨਾ ਰੈਲੀ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਸ਼ਦ ਦੇ ਸਕੱਤਰ ਸ਼੍ਰੀ ਕੇ. ਕੇ. ਸ਼ਰਮਾ ਅਤੇ ਹਸਪਤਾਲ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਵਿਚ 29 ਅਗਸਤ ਨੂੰ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਖੇ ਲਗਾਏ ਜਾ ਰਹੇ ਇਸ ਕੈਂਪ ਵਿਚ ਡਾ. ਅਵਤਾਰ ਸਿੰਘ ਦੀ ਅਗਵਾਈ ਵਿਚ ਮਾਹਿਰ ਡਾਕਟਰਾ ਦੀ ਟੀਮ ਵੱਲੋਂ ਜਮਾਂਦਰੂ ਕੱਟੇ ਬੁੱਲ੍ਹ ਅਤੇ ਤਾਲੂ ਦੇ ਮੁਫਤ ਅਪ੍ਰੇਸ਼ਨ ਲਈ ਚੈਕਅੱਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਰੋਗਾਂ ਤੋਂ ਇਲਾਵਾ ਹੱਡੀਆਂ ਤੇ ਜੋੜਾਂ ਦੇ ਇਲਾਜ, ਪਲਾਸਟਿਕ ਤੇ ਕੌਸਮੈਟਿਕ ਸਰਜਰੀ, ਸਿਰ ਤੇ ਰੀੜ੍ਹ ਦੀ ਹੱਡੀ ਦਾ ਇਲਾਜ ਅਤੇ ਈ. ਐਨ. ਟੀ. ਸਿਰ ਅਤੇ ਗਲੇ ਦਾ ਕੈਂਸਰ ਆਦਿ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੀ ਵੀ ਜਾਂਚ ਕੀਤੀ ਜਾਵੇਗੀ। ਅੱਜ ਇਸ ਕੈਂਪ ਸਬੰਧੀ ਰਵਾਨਾ ਕੀਤੀ ਰੈਲੀ ਵਿਚ ਸ਼ਾਮਿਲ ਮਾਹਿਰ ਸਟਾਫ ਵੱਲੋਂ ਤਲਵਾੜਾ ਬਲਾਕ ਦੇ ਸਾਰੇ ਪਿੰਡਾਂ ਵਿਚ ਜਾ ਕੇ ਜਾਣਕਾਰੀ ਦਿੱਤੀ ਜਾਵੇਗੀ ਤਾ ਕਿ ਲੋੜਵੰਦ ਮਰੀਜ ਇਸ ਕੈਂਪ ਦਾ ਲਾਹਾ ਲੈ ਸਕਣ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼੍ਰੀ ਬੀ. ਐਸ. ਢਿੱਲੋਂ, ਜੇ. ਬੀ. ਵਰਮਾ, ਪੀ. ਸੀ. ਰਾਨਾਵਤ, ਜੈਦੇਵ ਸਿੰਘ, ਸੁਖਦੇਵ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਮਾਜ ਸੇਵੀ ਹਾਜਰ ਸਨ।

ਤੀਕਸ਼ਣ ਸੂਦ ਨੇ ਲਿਆ ਹੁਸ਼ਿਆਰਪੁਰ ਹਲਕੇ ਦੇ ਵਿਕਾਸ ਕਾਰਜਾਂ ਦਾ ਜਾਇਜਾ

ਹੁਸ਼ਿਆਰਪੁਰ, 10 ਅਗਸਤ:  ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਸਮੂਹਿਕ ਵਿਕਾਸ ਲਈ ਪਿਛਲੇ  ਤਿੰਨ ਸਾਲਾਂ ਦੌਰਾਨ 170  ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ  ਸਾਲ 2012 ਤੱਕ 140  ਕਰੋੜ ਰੁਪਏ ਖਰਚ ਕਰਕੇ ਆਮ ਲੋਕਾਂ ਨੁੰ ਮੁਢਲੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ।  ਇਹ ਜਾਣਕਾਰੀ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ  ਨੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਵਤਾਰ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ,  ਡੀ ਆਰ ਸ਼ਰਮਾ ਵਣ ਮੰਡਲ ਅਫ਼ਸਰ,  ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ , ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ, ਰਮੇਸ਼ ਜ਼ਾਲਮ, ਵਿਜੇ ਪਠਾਨੀਆਂ, ਅਸ਼ਵਨੀ ਓਹਰੀ ਅਤੇ ਹੋਰ ਅਧਿਕਾਰੀ  ਵੀ ਹਾਜ਼ਰ ਸਨ।
        ਸ਼੍ਰੀ ਸੂਦ ਨੇ ਅਧਿਕਾਰੀਆਂ ਨੁੰ ਕਿਹਾ ਕਿ ਉਹ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ  ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਸਬੰਧਤ ਲਾਭਪਾਤਰੀਆਂ ਤੱਕ ਤੁਰੰਤ ਪਹੁੰਚਾਈਆਂ ਜਾਣ।  ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਪੰਚਾਇਤਾਂ ਨੂੰ ਦਿੱਤੀਆਂ ਗਰਾਂਟਾਂ ਨੂੰ ਵੀ ਸਮੇਂ ਸਿਰ ਦੇ ਕੇ ਉਨ੍ਹਾਂ ਦੀ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਵਿਕਾਸ ਕਾਰਜਾਂ ਵਿੱਚ ਚੁਣੇ ਗਏ ਨੁਮਾਇੰਦਿਆਂ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਕਾਸ ਕਾਰਜ ਉਨ੍ਹਾਂ ਦੀ ਨਿਗਰਾਨੀ ਹੇਠ  ਅਤੇ  ਮਿਆਰੀ ਹੋ ਸਕਣ।  ਸ਼੍ਰੀ ਸੂਦ ਨੇ ਨਰੇਗਾ ਸਕੀਮ ਹੇਠ  ਚਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ।  ਸ਼੍ਰੀ ਸੂਦ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।  ਉਹਨਾਂ ਨੇ ਕਿਹਾ ਕਿ ਇਸ ਹਲਕੇ ਵਿੱਚ ਲਗਭਗ ਸਾਰੇ ਪਿੰਡਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਲਈ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।  ਉਹਨਾਂ ਕਿਹਾ ਕਿ ਸ਼ਹਿਰ ਦੀਆਂ ਸਮੂਹ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਕਰਵਾਈ ਜਾ ਰਹੀ ਹੈ।

ਫੌਜੀਆਂ ਦੇ ਬੱਚਿਆਂ ਲਈ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਕੋਰਸ ਲਈ ਦਾਖਲੇ ਸ਼ੁਰੂ

ਹੁਸ਼ਿਆਰਪੁਰ, 10 ਅਗਸਤ:  ਲੈ: ਕਰਨਲ (ਰਿਟਾ:)  ਹਰਵਿੰਦਰ ਪਾਲ ਸਿੰਘ  ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਜੋ ਕਿ ਪੰਜਾਬ ਟੈਕਨੀਕਲ ਯੁਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ। ਸਾਬਕਾ ਸੈਨਿਕਾਂ/ ਉਹਨਾਂ ਦੇ ਆਸ਼ਰਿਤਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਦੇ ਬੱਚਿਆਂ ਲਈ ਨਾ-ਮਾਤਰ ਫੀਸ ਤੇ ਐਮ ਐਸ ਸੀ (ਆਈ ਟੀ ) ਪੀ ਜੀ ਡੀ ਸੀ ਏ ਅਤੇ ਬੀ ਸੀ ਏ ਕੋਰਸ ਕਰਵਾਏ ਜਾਂਦੇ ਹਨ। ਕੋਰਸਾਂ ਦਾ ਨਵਾਂ ਸ਼ੈਸ਼ਨ 1 ਸਤੰਬਰ 2010 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਲਈ ਅਰਜੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਕ 16 ਅਗਸਤ 2010 ਰੱਖੀ ਗਈ ਹੈ।  ਇਹਨਾਂ ਕੋਰਸਾਂ ਲਈ ਯੋਗਤਾ ਗਰੈਜੁਏਸ਼ਨ (ਕਿਸੇ ਵੀ ਵਿਸ਼ੇ ਨਾਲ ) ਅਤੇ 10+2 ਕ੍ਰਮਵਾਰ ਰੱਖੀ ਗਈ ਹੈ। ਉਹਨਾਂ ਹੋਰ ਦਸਿਆ ਕਿ ਵਿਦਿਆਰਥੀਆਂ ਦਾ ਯੋਗਤਾ  ਟੈਸਟ 17 ਅਗਸਤ 2010 ਅਤੇ ਇੰਟਰਵਿਊ 19 ਅਗਸਤ 2010 ਨੂੰ ਹੋਵੇਗੀ। ਕੋਰਸ ਲਈ ਦੂਜੇ ਵਰਗਾਂ ਦੇ ਬੱਚੇ ਵੀ ਯੋਗਤਾ ਟੈਸਟ ਵਿਚ ਬੈਠ ਸਕਦੇ ਹਨ।  ਸੈਨਿਕਾਂ ਦੇ ਆਸ਼ਰਿਤਾਂ ਤੋਂ ਇਲਾਵਾ ਸਿਵਲੀਅਨ ਬੱਚਿਆਂ ਦੇ ਕੇਸਾਂ ਨੂੰ ਵੀ ਵਿਚਾਰਿਆ ਜਾਵੇਗਾ। ਯੋਗਤਾ ਟੈਸਟ ਲਈ ਉਮੀਦਵਾਰ ਆਪਣੇ ਅਸਲੀ ਸਰਟੀਫੀਕੇਟ ਅਤੇ ਲਿਖਤ ਸਾਮਾਨ ਲੈ ਕੇ 17 ਅਗਸ਼ਤ 2010 ਨੂੰ ਸਵੇਰੇ 10  00 ਵਜੇ  ਜ਼ਿਲ੍ਹਾ ਸੈਨਿਕ ਭਲਾਈ ਦਫਤਰ ਹੁਸ਼ਿਆਰਪੁਰ ਵਿਖੇ ਪਹੁੰਚਣ। ਪ੍ਰੋਸਪੈਕਟਸ ਇੰਸਟੀਚਿਊਟ ਵਿਚ ਉਪਲਭਦ ਹਨ ਅਤੇ ਕੰਮ ਕਾਜ ਵਾਲੇ ਦਿਨ ਪ੍ਰਾਪਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 94634-38080 ਅਤੇ 01882-246812  ਟੈਲੀਫੋਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸੂਦ ਵੱਲੋਂ ਪੇਂਡੂ ਵਣ ਚੇਤਨਾ ਪਾਰਕ ਦਾ ਜਾਇਜਾ

ਹੁਸ਼ਿਆਰਪੁਰ, 9 ਅਗਸਤ :  ਇਥੋਂ  ਥੋੜੀ  ਦੂਰ  ਪਿੰਡ  ਬਸੀ  ਪੁਰਾਣੀ  ਵਿਖੇ  ਇਕ  ਕਰੋੜ  ਰੁਪਏ  ਦੀ  ਲਾਗਤ  ਨਾਲ  12  ਏਕੜ  ਰਕਬੇ ਵਿਚ  ਬਣਾਏ  ਜਾ ਰਹੇ  ਪੰਜਾਬ  ਦੇ  ਪਹਿਲੇ  ਪੇਡੂ  ਵਣ  ਚੇਤਨਾ  ਪਾਰਕ  ਵਿੱਚ ਚਲ ਰਹੇ ਕੰਮਾਂ ਦੀ ਪ੍ਰਗਤੀ ਦਾ  ਜਾਇਜਾ   ਲੈਣ  ਲਈ  ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ  ਨੇ  ਦੋਰਾ  ਕੀਤਾ  ।  ਉਨਾਂ  ਦੇ ਨਾਲ ਇਸ ਮੋਕੇ  ਤੇ  ਵਣ ਮੰਡਲ ਅਫਸਰ  ਸ੍ਰੀ  ਦੇਵ ਰਾਜ ਸ਼ਰਮਾ, ਭਾਜਪਾ  ਦੇ  ਜਿਲਾ ਪ੍ਰਧਾਨ  ਸ੍ਰੀ ਜਗਤਾਰ  ਸਿੰਘ , ਸ੍ਰੀ  ਸ਼ਿਵ ਸੂਦ  ਪ੍ਰਧਾਨ ਨਗਰ ਕੌਂਸਲ , ਸ਼੍ਰੀ ਕਮਲਜੀਤ ਸੇਤੀਆ ਮੀਡੀਆ ਇੰਚਾਰਜ ਭਾਜਪਾ, ਮਹਿੰਦਰ ਪਾਲ ਮਾਨ ਭਾਜਪਾ ਆਗੂ, ਸ਼੍ਰੀ ਅਸ਼ਵਨੀ ਓਹਰੀ ਸ਼ਹਿਰੀ ਮੰਡਲ ਪ੍ਰਧਾਨ, ਸ਼੍ਰੀ ਵਿਜੇ ਪਠਾਨੀਆ ਦਿਹਾਤੀ ਪ੍ਰਧਾਨ ਭਾਜਪਾ, ਸ੍ਰੀ ਸੁਧੀਰ ਸੂਦ ਜ਼ਿਲ੍ਹਾ ਵਾਈਸ ਪ੍ਰਧਾਨ, ਸ਼੍ਰੀ ਵਿਨੋਦ ਪਰਮਾਰ, ਯੂਥ ਆਗੂ ਸ਼੍ਰੀ ਸਤੀਸ਼ ਬਾਵਾ, ਰਮੇਸ਼ ਜ਼ਾਲਮ, ਜਗਦੀਸ਼ ਸੈਣੀ, ਵਣ ਰੇਂਜ ਅਫ਼ਸਰ ਕੁਲਰਾਜ ਸਿੰਘ ਸਨ।
ਸ਼੍ਰੀ ਸੂਦ ਨੇ  ਪੇਂਡੂ ਵਣ ਚੇਤਨਾ ਪਾਰਕ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਤਸਲੀ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਇਹ ਚੇਤਨਾ ਪਾਰਕ ਜਲਦੀ ਹੀ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਾਰਕ ਜਿਥੇ ਬਾਹਰੋਂ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ , ਉਥੇ ਇਹ ਵਣ ਚੇਤਨਾ ਪਾਰਕ ਪਿੰਡ ਪੁਰਾਣੀ ਬਸੀ, ਬਸੀ ਗੁਲਾਮ ਹੂਸੈਨ, ਬਹਾਦਰਪੁਰ, ਬਜਵਾੜਾ, ਨਾਰਾ , ਡਾਡਾ, ਮਾਂਝੀ ਆਦਿ ਪਿੰਡਾਂ ਦੇ ਲੋਕਾਂ ਲਈ ਵੀ ਸੈਰਗਾਹ ਬਣੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਜਿੰਨੇ ਵੀ ਵਣ ਚੇਤਨਾ ਪਾਰਕ ਬਣਾਏ ਗਏ ਹਨ, ਉਹ ਸਾਰੇ ਸ਼ਹਿਰਾਂ ਵਿੱਚ ਹੀ ਬਣਾਏ ਗਏ ਹਨ। ਪੰਜਾਬ ਦਾ ਇਹ ਪਹਿਲਾ ਪੇਂਡੂ ਵਣ ਚੇਤਨਾ ਪਾਰਕ ਬਣਨ ਜਾ ਰਿਹਾ ਹੈ ਜਿਸ ਨਾਲ ਆਲੇ-ਦੁਆਲੇ ਦੇ ਪਿੰਡਾਂ ਅਤੇ ਖਾਸ ਕਰਕੇ ਕੰਢੀ ਇਲਾਕੇ ਦੇ ਬੱਚਿਆਂ ਨੂੰ ਦਰੱਖਤਾਂ ਜਿਵੇਂ ਕਿ ਹਰੜ, ਬਰੇੜਾ, ਆਂਵਲਾ ਅਤੇ ਹੋਰ ਜੜੀਆਂ ਬੂਟੀਆਂ ਬਾਰੇ ਵਧੇਰੇ ਜਾਣਕਾਰੀ ਮਿਲੇਗੀ।  ਉਨ੍ਹਾਂ ਕਿਹਾ ਕਿ ਇਹ ਵਣ ਪਾਰਕ  ਲੋਕਾਂ ਵਿੱਚ ਦਰੱਖਤਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਬਹੁਤ ਹੀ ਸਹਾਈ ਸਿੱਧ ਹੋਵੇਗਾ ਅਤੇ ਲੋਕਾਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਵੱਧ ਤੋਂ ਵੱਧ  ਪੌਦੇ ਲਗਾਉਣ ਲਈ  ਪ੍ਰੇਰਿਤ ਵੀ ਕਰੇਗਾ।
ਸ਼੍ਰੀ ਸੂਦ ਨੇ ਦੱਸਿਆ ਕਿ ਵਣ ਚੇਤਨਾ ਪਾਰਕ ਵਿੱਚ ਐਲੀਵੇਟਿਡ ਡੈਕ, ਗਜੀਬੋ, ਮੀਂਹ ਅਤੇ ਧੁੱਪ ਤੋਂ ਬਚਣ ਲਈ ਝੌਂਪੜੀਆਂ , ਵੱਖ-ਵੱਖ ਕਿਸਮ ਦੇ ਸਜਾਵਟੀ ਬੂਟੇ , ਦਫ਼ਤਰੀ ਕੰਪਲੈਕਸ, ਫੋਰੈਸਟ ਮਿਊਜ਼ੀਅਮ, ਪਰਗੋਲਾਜ, ਤੁਪਕਾ ਸਿੰਚਾਈ ਸਿਸਟਮ, ਆਧੁਨਿਕ ਕਿਸਮ ਦੀਆਂ ਲਾਈਟਾਂ ਅਤੇ ਵੱਖ-ਵੱਖ ਜੰਗਲੀ ਜਾਨਵਰਾਂ ਦੀਆਂ ਟਿਪਆਰੀਜ਼ ਅਤੇ ਐਂਡਵੈਂਚਰ ਐਕਟੀਵੀਟੀਜ਼ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਇਸ ਵਣ ਚੇਤਨਾ ਪਾਰਕ ਨੂੰ ਜਲਦੀ ਤਿਆਰ ਕਰਨ ਅਤੇ ਖੂਬਸੂਰਤ ਫੁੱਲਦਾਰ ਪੌਦੇ ਵੀ ਲਗਾਏ ਜਾਣ।

ਸਿੰਬਲੀ ਵਿਚ ਖੇਡ ਟੂਰਨਾਮੈਂਟ

ਹੁਸ਼ਿਆਰਪੁਰ, 9 ਅਗਸਤ : ਦਸ਼ਮੇਸ਼ ਸਪੋਰਟ ਕਲੱਬ ਅਤੇ ਗਰਾਮ ਪੰਚਾਇਤ ਸਿੰਬਲੀ ਵੱਲੋਂ ਸਾਂਝੇ ਤੌਰ ਕਰਵਾਏ ਗਏ ਕ੍ਰਿਕਟ ਅਤੇ ਕਬੱਡੀ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਕੀਤੀ।  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਚੇਅਰਮੈਨ ਐਨ ਆਰ ਆਈ ਸਭਾ ਸ੍ਰ: ਅਜਵਿੰਦਰ ਸਿੰਘ, ਐਸ ਐਚ ਓ ਮੇਹਟਿਆਣਾ ਦਲਜੀਤ ਸਿੰਘ ਖੱਖ, ਚੇਅਰਮੈਨ ਬਲਾਕ ਸੰਮਤੀ ਜੋਗਿੰਦਰ ਸਿੰਘ, ਮਲਕੀਤ ਸਿੰਘ, ਭਗਤ ਸਿੰਘ ਢੋਡਰਪੁਰ ਬਲਾਕ ਸੰਮਤੀ ਮੈਂਬਰ, ਸਰਪੰਚ ਸਿੰਬਲੀ ਹਰਜੀਤ ਕੌਰ, ਸਾਬਕਾ ਸਰਪੰਚ, ਇਕਬਾਲ ਸਿੰਘ, ਸੁਰਜੀਤ ਸਿੰਘ , ਗੁਰਮਿੰਦਰ ਸਿੰਘ, ਹਰਜੀਤ ਸਿੰਘ ਅਰਿਹਾਣਾ ਜੱਟਾਂ, ਡਾ ਧਰਮਜੀਤ ਸਿੰਘ, ਜਸਪਾਲ ਸਿੰਘ ਅਤੇ ਹੋਰ ਪੰਚ ਸਰਪੰਚ  ਸਨ।
ਇਸ ਮੌਕੇ ਤੇ ਖੇਡ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਨੁੰ ਸੰਬੋਧਨ ਕਰਦਿਆਂ ਸ੍ਰ: ਸੋਹਨ ਸਿੰਘ ਠੰਡਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਪੰਜਾਬ  ਸ੍ਰ: ਸੁਖਬੀਰ ਸਿਘ ਬਾਦਲ ਵੱਲੋਂ ਪੰਜਾਬ ਦੀ ਮਾਂ ਖੇਡ ਕਬੱਡੀ  ਨੂੰ ਅੰਤਰ ਰਾਸ਼ਟਰੀ ਪੱਧਰ ਤੇ ਲਿਜਾਉਣ ਲਈ ਜੋ ਉਪਰਾਲੇ ਕੀਤੇ ਗਏ ਹਨ , ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਖੇਡ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੰਤਰ-ਰਾਸ਼ਟਰੀ ਪੱਧਰ ਦੇ ਕਬੱਡੀ ਮੈਚ ਕਰਵਾਏ ਗਏ ਹਨ ਜਿਸ ਵਿੱਚ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਦਸ਼ਮੇਸ਼ ਸਪੋਰਟਸ  ਕਲੱਬ ਵੱਲੋਂ ਵੀ ਕਬੱਡੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਟੂਰਨਾਮੈਂਟ ਕਰਾਉਣ ਦਾ ਜੋ ਉਪਰਾਲਾ ਕੀਤਾ ਹੈ, ਉਹ ਬਹੁਤ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਖੇਡਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਵਿੱਚ ਸਹਾਈ ਹੁੰਦੀਆਂ ਹਨ। ਇਸ ਲਈ ਸਾਨੂੰ ਪਿੰਡ ਪੱਧਰ ਤੇ ਇਸ ਤਰਾਂ ਦੇ ਟੂਰਨਾਮੈਂਟ ਕਰਾਉਣੇ ਚਾਹੀਦੇ ਹਨ। ਇਸ ਮੌਕੇ ਤੇ ਦਸ਼ਮੇਸ਼ ਸਪੋਰਟਸ ਕਲੱਬ ਨੂੰ 50 ਹਜ਼ਾਰ ਰੁਪਏ ਅਤੇ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ  2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜਿਸ ਵਿੱਚੋਂ ਇੱਕ ਲੱਖ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।  ਇਸ ਮੌਕੇ ਤੇ ਸ੍ਰ: ਸੋਹਨ ਸਿੰਘ ਠੰਡਲ ਨੇ ਕ੍ਰਿਕਟ ਅਤੇ ਕਬੱਡੀ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਇਸ ਮੌਕੇ ਤੇ ਚੇਅਰਮੈਨ ਐਨ ਆਰ ਆਈ ਸਭਾ ਸ੍ਰ: ਅਜਵਿੰਦਰ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਿੰਡ ਦੀਆਂ ਮੰਗਾਂ ਸਬੰਧੀ ਮੁੱਖ਼ ਮਹਿਮਾਨ ਨੂੰ ਜਾਣੂ ਕਰਵਾਇਆ।  ਸ੍ਰ: ਅਜਵਿੰਦਰ ਸਿੰਘ ਨੇ ਦਸ਼ਮੇਸ਼ ਸਪੋਰਟਸ ਕਲੱਬ ਨੂੰ 5100 ਰੁਪਏ ਦੇਣ ਦਾ ਐਲਾਨ ਕੀਤਾ। ਪਿੰਡ ਦੀ ਸਰਪੰਚ ਹਰਜੀਤ ਕੌਰ ਨੇ ਮੁੱਖ ਮਹਿਮਾਨ ਦਾ ਪਿੰਡ ਵਿੱਚ ਆਉਣ ਤੇ ਧੰਨਵਾਦ ਕੀਤਾ।
  ਇਸ ਟੂਰਨਾਮੈਂਟ ਵਿੱਚ ਕ੍ਰਿਕਟ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਭਗਾਣਾ ਦੀ ਟੀਮ ਨੁੰ 5100 ਰੁਪਏ ਅਤੇ ਪਿੰਡ ਖਨੌੜਾਂ ਦੀ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 3100 ਰੁਪਏ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ।  ਇਸੇ ਤਰਾਂ ਕਬੱਡੀ ਦੀਆਂ 8 ਟੀਮਾਂ ਨੇ ਇਸ ਟੂਰਨਾਮੈਂਟ ਵਿੱਚ  ਭਾਗ ਲਿਆ, ਜਿਹਨਾਂ ਵਿੱਚੋਂ ਪਿੰਡ ਸਾਂਧਰਾ ਦੀ ਟੀਮ 25 ਅੰਕ ਪ੍ਰਾਪਤ ਕਰਕੇ ਪਹਿਲੇ ਨੰਬਰ  ਤੇ ਰਹੀ ਜਿਸ ਨੂੰ 5100 ਰੁਪਏ ਦਾ ਇਨਾਮ ਅਤੇ ਬਡਾਲਾ ਮਾਹੀ ਦੀ ਟੀਮ 20 ਅੰਕ ਪ੍ਰਾਪਤ ਕਰਕੇ ਦੂਜੇ ਨੰਬਰ ਤੇ ਰਹੀ ਜਿਸ ਨੂੰ 3100 ਰੁਪਏ ਦਾ ਇਨਾਮ ਅਤੇ ਟਰਾਫੀਆਂ ਦਿੱਤੀਆਂ ਗਈਆਂ।

ਜਿਲ੍ਹੇ ਦੇ ਵਿਕਾਸ ਵਿਚ ਤੇਜੀ ਲਿਆਂਦੀ ਜਾਵੇਗੀ: ਤਰਨਾਚ

ਹੁਸ਼ਿਆਰਪੁਰ, 6 ਅਗਸਤ: ਸਥਾਨਿਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ  ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਅਤੇ ਭਲਾਈ ਸਕੀਮਾਂ ਦਾ ਲਾਭ ਗਰੀਬ ਅਤੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹਿਕ ਵਿਕਾਸ ਵਿੱਚ ਤੇਜ਼ੀ  ਲਿਆਂਦੀ ਜਾਵੇਗੀ।
  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ  ਵਿੱਚੋਂ ਬਰਸਾਤੀ ਪਾਣੀ ਤੇ ਗੰਦੇ ਪਾਣੀ ਦੇ ਨਿਕਾਸ ਲਈ  ਅਤੇ ਸ਼ਹਿਰੀ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਉਪਰਾਲੇ ਕੀਤੇ ਜਾਣਗੇ।  ਉਹਨਾਂ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੁਲਿਸ ਵਿਭਾਗ  ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ  ਸ਼ਹਿਰ ਦੇ  ਪਤਵੰਤੇ ਲੋਕਾਂ ਦਾ ਸਹਿਯੋਗ ਲੈ ਕੇ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਫ਼ਤਰੀ ਕੰਮਾਂ  ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਆਮ ਲੋਕਾਂ ਨੂੰ ਸਹੀ ਅਤੇ ਸਮੇਂ ਸਿਰ  ਇਨਸਾਫ਼ ਦੇਣ ਲਈ ਸਰਕਾਰੀ ਦਫ਼ਤਰਾਂ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ।  ਉਹਨਾਂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਹੁਸ਼ਿਆਰਪੁਰ ਦੇ ਸਮੂਹਿਕ ਵਿਕਾਸ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੁੰ ਸਹਿਯੋਗ ਅਤੇ ਆਪਣੇ ਵੱਡਮੁਲੇ ਸੁਝਾਅ ਦੇਣ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)