ਅਲਵਿਦਾ 2009 ! ਖ਼ੁਸ਼ਆਮਦੀਦ 2010 !!

ਤਲਵਾੜਾ, 31 ਦਸੰਬਰ: ਸਾਲ, ਮਹੀਨੇ, ਦਿਨ ਆਪਣੀ ਤੋਰੇ, ਰਮਤੇ ਜੋਗੀਆਂ ਦੇ ਕਾਫਲੇ ਵਾਂਗ ਲੰਘੀ ਜਾ ਰਹੇ ਹਨ। ਤਲਵਾੜੇ ਲਈ ਕਿਹੋ ਜਿਹਾ ਰਿਹਾ ਸਾਲ 2009? ਬਸ ਠੀਕ ਠਾਕ ਜਿਹਾ, ਉਹੀ ਦਿਨ, ਉਹੀ ਰਾਤਾਂ, ਵੱਡੇ ਛੋਟੇ ਲੀਡਰਾਂ ਦੇ ਉਹੀ ਲਾਰੇ ਲੱਪੇ ਤੇ ਰਾਮ ਰੌਲਾ। ਖ਼ੂਬ ਗਹਿਮਾਗਹਿਮੀ ਰਹੀ, ਪਰ ਪੱਲੇ ਕੁਝ ਵੀ ਨਹੀਂ ਪਿਆ। ਨਾ ਉਜੜੇ ਮਕਾਨਾਂ ਵਿਚ ਰੌਣਕ ਪਰਤੀ, ਨਾ ਹੀ ਇਸ ਦੀ ਤਰੱਕੀ ਦੀ ਫ਼ਾਈਲ ਅੱਗੇ ਤੁਰੀ। ਹਾਂ, ਕਈ ਗੱਲਾਂ ਜਿਕਰਯੋਗ ਰਹੀਆਂ। ਸਰਕਾਰੀ ਕਾਲਜ ਤਲਵਾੜਾ ਦੀ ਆਪਣੀ ਬਿਲਡਿੰਗ ਦਾ ਕੰਮ ਕਾਜ ਸ਼ੁਰੂ ਹੋਇਆ ਅਤੇ ਇਸ ਕੰਮ ਕਾਰ ਦਾ ਉਦਘਾਟਨ ਖ਼ੁਦ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕੀਤਾ। ਫ਼ਰਵਰੀ ਵਿਚ ਸ਼ੁਰੂ ਹੋਏ ਇਸ ਪ੍ਰਾਜੈਕਟ ਤਹਿਤ ਹੁਣ ਤੱਕ ਆਰਟਸ ਬਲਾਕ ਦੀ ਉਸਾਰੀ ਮੁਕੰਮਲ ਹੋਣ ਦੇ ਨੇੜੇ ਆਖੀ ਜਾ ਸਕਦੀ ਹੈ। ਇਹ ਅਗਲੇ ਵਰ੍ਹੇ ਪੂਰੀ ਹੋ ਸਕਦੀ ਹੈ। ਸ. ਬਾਦਲ ਨੇ ਆਪਣੀ ਯਾਦਗਾਰੀ ਫੇਰੀ ਦੌਰਾਨ ਤਲਵਾੜਾ ਵਾਸੀਆਂ ਨਾਲ ਅਨੇਕਾਂ ਵਾਅਦੇ ਕੀਤੇ ਜਿਹਨਾਂ ਵਿਚੋਂ ਕਈ ਪੂਰੇ ਵੀ ਹੋਏ ਹਨ। ਟਾਊਨਸ਼ਿਪ ਕਲੌਨੀ ਵਿਚ ਖਾਲੀ ਪਏ ਸੁੰਨਮਸਾਨ ਸੈਂਕੜੇ ਕਵਾਟਰਾਂ ਦੀ ਬਦਹਾਲੀ ਤੇ ਉਹਨਾਂ ਨੇ ਦੁਖ ਦਾ ਇਜਹਾਰ ਕਰਦਿਆਂ ਛੇਤੀ ਹੀ ਇਸ ਮਸਲੇ ਦਾ ਹੱਲ ਕਰਨ ਦੀ ਲੋੜ ਤੇ ਜੋਰ ਦਿੱਤਾ। ਰੱਬ ਕਰੇ, ਸਾਡੇ ਆਗੂ ਛੇਤੀ ਹੀ ਇੱਥੇ ਚੰਗਾ ਮਾਹੌਲ ਉਸਾਰਨ ਲਈ ਕੁਝ ਸਾਰਥਿਕ ਕਰਨ ਲਈ ਹੰਭਲਾ ਮਾਰਨ।ਵਿਦੇਸ਼ ਵਿਚ ਇਕ ਧਾਰਮਿਕ ਆਗੂ ਦੇ ਕਤਲ ਮਗਰੋਂ ਪੰਜਾਬ ਵਿਚ ਫ਼ੈਲੀ ਅਫ਼ਰਾਤਫਰੀ ਨੂੰ ਵੇਖਦਿਆਂ ਇਥੇ ਕਰਫਿਊ ਵੀ ਲੱਗਿਆ। ਕਈ ਵਾਰ ਪੰਜਾਬ ਬੰਦ ਦੇ ਸੱਦੇ ਤੇ ਲੋਕਾਂ ਨੇ ਬੰਦ ਦਾ ਸਾਥ ਵੀ ਦਿੱਤਾ। ਮੁਲਾਜਮ ਜਥੇਬੰਦੀਆਂ ਆਪੋ ਆਪਣੇ ਲਾਲ ਪੀਲੇ ਝੰਡਿਆਂ ਨੂੰ ਚੁੱਕੀ ਰੱਖਿਆ। ਬਿਆਸ ਡੈਮ ਦੇ ਚੀਫ਼ ਇੰਜੀਨੀਅਰ ਟੀ. ਕੇ. ਪਰਮਾਰ ਦੀ ਥਾਂ ਨਵੇਂ ਅਧਿਕਾਰੀ ਕੁੰਦਨ ਲਾਲ ਮੀਣਾ ਨੇ ਲਈ। ਸ਼੍ਰੀ ਮੀਣਾ ਨੇ ਅਹੁਦਾ ਸੰਭਾਲਦਿਆਂ ਹੀ ਅਨੇਕਾਂ ਲਈ ਸੁਧਾਰਕ ਜਾਪਦੇ ਕੰਮ ਆਰੰਭ ਦਿੱਤੇ, ਜਿਵੇਂ ਕਲੌਨੀ ਵਿਚੋਂ ਖੋਖਿਆਂ ਨੂੰ ਚੁੱਕਣਾ, ਦੁਕਾਨਾਦਾਰਾਂ ਵੱਲੋਂ ਸੜਕ ਕੰਢੇ ਲਗਾਏ ਬੋਰਡ ਉਖਾੜਨੇ ਆਦਿ ਅਤੇ ਸੂਤਰਾਂ ਅਨੁਸਾਰ ਉਹ ਕਲੌਨੀ ਵਿਚ ਪੌਲੀਥੀਨ ਲਿਫਾਫਿਆਂ ਦੀ ਵਰਤੋਂ ਤੇ ਪਾਬੰਦੀ ਲਾਉਣ ਦੇ ਇਛੁੱਕ ਵੀ ਹਨ ਅਤੇ ਹੋਰ ਕਈ ਸੁਧਾਰ ਕਰਨਾ ਚਾਹੁੰਦੇ ਹਨ। ਰੱਬ ਖੈਰ ਕਰੇ!ਇਸ ਵਾਰ ਕੁਦਰਤ ਨੇ ਸੁਖ ਸ਼ਾਂਤੀ ਬਣਾਈ ਰੱਖੀ। ਨਾ ਤਾਂ 2008 ਵਾਂਗ ਜੰਗਲ ਨੂੰ ਅੱਗ ਲੱਗੀ ਅਤੇ ਨਾ ਹੀ ਹੜ੍ਹਾਂ ਨੇ ਤਬਾਹੀ ਮਚਾਈ। ਸਾਹਿਤਕ ਸਰਗਰਮੀਆਂ ਲਗਪਗ ਠੰਡੀਆਂ ਹੀ ਰਹੀਆਂ। ਹਾਂ, ਉੱਘੇ ਲੇਖਕ ਸ਼੍ਰੀ ਧਰਮਪਾਲ ਸਾਹਿਲ ਨੇ ਆਪਣਾ ਵਸੇਬਾ ਬਦਲ ਕੇ ਹੁਸ਼ਿਆਰਪੁਰ ਕਰ ਲਿਆ। ਸਿੱਖਿਆ ਜਗਤ ਵਿਚ ਆਈ. ਏ. ਐਸ. ਅਧਿਕਾਰੀ ਡਾਇਰੈਕਟਰ ਜਨਰਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਵੱਟੋ ਵੱਟ ਪਾਈ ਰੱਖਿਆ ਅਤੇ ਮਣਾਂਮੂੰਹੀ ਡਾਕ ਇਕੱਠੀ ਕਰਨਾ ਜਾਰੀ ਰੱਖਿਆ। ਅਧਿਆਪਕਾਂ ਨੇ ਉਂਜ ਸੈਮੀਨਾਰ ਦੀ ਬਿਮਾਰੀ ਤੋਂ ਛੁਟਕਾਰਾ ਪਾ ਕੇ ਰਾਹਤ ਦੀ ਸਾਹ ਲਈ।ਸਾਲ 2010 ਦੀ ਆਮਦ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸਾਲ ਪੂਰੇ ਵਿਸ਼ਵ ਦੇ ਲੋਕਾਂ ਲਈ ਸ਼ਾਂਤਮਈ, ਜੰਗਮੁਕਤ, ਖ਼ਸ਼ੀਆਂ ਭਰਪੂਰ ਅਤੇ ਤਰੱਕੀ ਦੀ ਰਾਹ ਤੇ ਤੋਰਨ ਵਾਲਾ ਬਣਕੇ ਆਵੇ।ਭਾਰਤੀ ਫਿਲਮ ਜਗਤ ਵਿਚ ਜਿਆਦਾ ਕੁਝ ਚਰਚਿਤ ਨਹੀਂ ਰਿਹਾ ਸਿਵਾਏ ਅਮਿਤਾਬ ਦੇ ਮੇਕਅਪ ਤੋਂ। ਬੱਬੂ ਮਾਨ ਨੇ ਲਾਲ ਬੱਤੀ ਲਾਉਣੇ ਬਾਬਿਆਂ ਦੇ ਮੂੰਹ ਜਰੂਰ ਸ਼ਰਮ ਨਾਲ ਲਾਲ ਕੀਤੇ ਆਪਣੀ ਕੈਸਟ ਸਿੰਘ ਇਜ਼ ਬੈਟਰ ਦੈਨ ਕਿੰਗ ਨਾਲ। ਹਾਲੀਵੁੱਡ ਵਿਚ ਅਵਤਾਰ, ਹੋਟਲ ਫਾਰ ਡੌਗਜ਼, ਟਰਮੀਨੇਟਰ ਸਾਲਵੇਸ਼ਨ, ਜੋਹਨ ਰੈਂਬੋ 4 ਆਦਿ ਅਨੇਕਾਂ ਜਿਕਰਯੋਗ ਫ਼ਿਲਮਾਂ ਦਿੱਤੀਆਂ ਹਨ।
ਸਾਲ 2009 ਤੇ ਜਾਣ ਤੇ ਪੰਜਾਬੀ ਕਵੀ ਦੀਆਂ ਲਾਈਨਾਂ ਚੇਤੇ ਆਉਂਦੀਆਂ ਹਨ :




ਦੁਨੀਆਂ ਹੈ ਵਾਂਗ ਸਰਾਂ,
ਕੋਈ ਚਲ ਜਾਂਦਾ ਕੋਈ ਆ ਜਾਂਦਾ।
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ
ਕੋਈ ਕੰਡਿਆਂ ਨਾਲ ਨਿਭਾ ਜਾਂਦਾ।
ਨਵੀਆਂ ਆਸਾਂ, ਉਮੀਦਾਂ ਤੇ ਸੋਚਾਂ ਦੇ ਨਾਲ,
ਸਭ ਨੂੰ ਨਵਾਂ ਸਾਲ ਮੁਬਾਰਕ !!

ਸ਼ਮੀ

ਸਾਈਕਲ ਚੋਰ ਸਰਗਰਮ, ਪੁਲਿਸ ਨਰਮ, ਲੋਕ ਦੁਖੀ !

ਤਲਵਾੜਾ, 30 ਦਸੰਬਰ: ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਜਿਸ ਤਰਾਂ ਸਾਈਕਲ ਚੋਰਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਦਿਨ ਦਿਹਾੜੇ ਲੋਕਾਂ ਦੇ ਸਾਈਕਲ ਚੋਰੀ ਕੀਤੇ ਜਾ ਰਹੇ ਹਨ ਉਸ ਤੋਂ ਜਿੱਥੇ ਪੁਲਿਸ ਦੀ ਬੇਬਸੀ ਸਾਫ਼ ਝਲਕ ਰਹੀ ਹੈ ਉੱਥੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਗਈ ਹੈ। ਅੱਜ ਦੇ ਇਸ ਮਹਿੰਗਾਈ ਦੇ ਜਮਾਨੇ ਵਿਚ ਸਧਾਰਨ ਸਾਈਕਲ ਦੀ ਕੀਮਤ ਕਰੀਬ ਢਾਈ ਹਜਾਰ ਤੋਂ ਤਿੰਨ ਹਜਾਰ ਰੁਪਏ ਹੈ ਅਤੇ ਆਮ ਆਦਮੀ ਦੀ ਇਹ ਖਾਸ ਸਵਾਰੀ ਸ਼ਰਾਰਤੀ ਤੱਤਾਂ ਦੇ ਨਿਸ਼ਾਨੇ ਤੇ ਹੈ। ਜਿਕਰਯੋਗ ਹੈ ਕਿ ਪਿਛਲੇ ਕਰੀਬ ਛੇ ਮਹੀਨੇ ਦੇ ਅੰਦਰ ਹੀ ਕਰੀਬ ਪੰਜਾਹ ਸਾਈਕਲ ਚੋਰੀ ਹੋ ਚੁੱਕੇ ਹਨ ਅਤੇ ਪੁਲਿਸ ਕੋਲ ਇਸ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਵੀ ਬਾਕਾਇਦਾ ਪੁੱਜਦੀਆਂ ਹਨ ਪਰੰਤੂ ਪੁਲਿਸ ਵੱਲੋਂ ਜਿਸ ਤਰੀਕੇ ਨਾਲ ਚੋਰੀ ਦਾ ਸ਼ਿਕਾਰ ਬਣੇ ਲੋਕਾਂ ਦੇ ਹੌਸਲੇ ਪਸਤ ਕੀਤੇ ਜਾਂਦੇ ਹਨ ਉਹ ਬੇਹੱਦ ਹੈਰਾਨੀਜਨਕ ਹੈ। ਮਾਮਲੇ ਦਾ ਦਿਲਚਸਪ ਪਹਿਲੂ ਹੈ ਕਿ ਹੁਣ ਤੱਕ ਸਾਈਕਲ ਚੋਰੀ ਦੀਆਂ ਵਾਰਦਾਤਾਂ ਸਬੰਧੀ ਪੁਲਿਸ ਨੇ ਕੋਈ ਸਖਤੀ ਦਿਖਾਉਣਾ ਤਾਂ ਦੂਰ ਕਿਸੇ ਦੀ ਕੋਈ ਐਫ. ਆਈ. ਆਰ. ਤੱਕ ਦਰਜ ਕਰਨ ਦੀ ਵੀ ਖੇਚਲ ਨਹੀਂ ਕੀਤੀ। ਪੁਲਿਸ ਸੂਤਰਾਂ ਅਨੁਸਾਰ ਸਾਈਕਲ ਵਰਗੀ ‘ਮਾਮੂਲੀ’ ਵਸਤੂ ਲਈ ਐਫ. ਆਈ. ਆਰ. ਦਰਜ ਕਰਨ ਨਾਲ ਕਾਨੂੰਨ ਦੇ ਰਖਵਾਲਿਆਂ ਲਈ ਕਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਜਵਾਬਦੇਹੀ ਵਧ ਜਾਂਦੀ ਹੈ। ਇਸ ਤਰਾਂ ਕਾਗਜ਼ੀ ਝਮੇਲਿਆਂ ਤੋਂ ਸੁਰਖਰੂ ਹੋ ਕੇ ਪੁਲਿਸ ਆਪਣਾ ਪੱਲਾ ਝਾੜ ਰਹੀ ਹੈ ਅਤੇ ਚੋਰ ਹਰ ਦੂਜੇ ਦਿਨ ਬੜੀ ਨਿਡਰਤਾ ਨਾਲ ਸਾਈਕਲ ਚੁੱਕ ਰਹੇ ਹਨ। ਸੂਤਰਾਂ ਅਨੁਸਾਰ ਸਾਈਕਲ ਦਾ ਬੀਮਾ ਆਦਿ ਵੀ ਨਾ ਹੋਣ ਕਾਰਨ ਸਾਈਕਲ ਦੇ ਮਾਲਕ ਦੇ ਪੱਲੇ ਹਰ ਪੱਖੋਂ ਕੇਵਲ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਲੋਕਾਂ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜਿਲ੍ਹਾ ਪੁਲਿਸ ਮੁਖੀ ਤੋਂ ਪੁਰਜੋਰ ਮੰਗ ਹੈ ਕਿ ਤਲਵਾੜੇ ਵਿਚ ਸਰਗਰਮ ਸਾਈਕਲ ਚੋਰ ਗਿਰੋਹ ਨੂੰ ਨੱਥ ਪਾਉਣ ਲਈ ਯੋਗ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

ਅਹੁਦੇਦਾਰਾਂ ਦਾ ਐਲਾਨ

ਤਲਵਾੜਾ, 25 ਦਸੰਬਰ: ਅੱਜ ਇੱਥੇ ਬੇਰੁਜਗਾਰ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਬਲਾਕ ਤਲਵਾੜਾ ਪੱਧਰ ਦੀ ਜਰੂਰੀ ਮੀਟਿੰਗ ਰਾਕ ਗਾਰਡਨ ਵਿਖੇ ਹੋਈ ਜਿਸ ਵਿਚ ਜਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਬਲਾਕ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਿਸ ਅਨੁਸਾਰ ਰਣਜੀਤ ਸਿੰਘ ਪ੍ਰਧਾਨ, ਸੁਸ਼ੀਲ ਕੁਮਾਰ ਜਨਰਲ ਸਕੱਤਰ, ਅਨਿਲ ਚੌਧਰੀ ਖਜਾਨਚੀ, ਮਿਨਾਕਸ਼ੀ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਸਿੰਘ ਪ੍ਰੈੱਸ ਸਕੱਤਰ ਬਣਾਏ ਗਏ। ਇਸ ਮੌਕੇ ਜਤਿੰਦਰ ਸਿੰਘ ਰਾਣਾ ਜਿਲ੍ਹਾ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਨਵਦੀਪ ਕੌਰ ਨੇ ਕਿਹਾ ਕਿ ਰੋਜ਼ਗਾਰ ਪ੍ਰਾਪਤੀ ਤੱਕ ਜਥੇਂਬੰਦਕ ਸੰਘਰਸ਼ ਪੂਰੀ ਸ਼ਿੱਦਤ ਨਾਲ ਜਾਰੀ ਰੱਖਿਆ ਜਾਵੇਗਾ ਅਤੇ ਗੜ੍ਹਸ਼ੰਕਰ ਵਿਖੇ ਮੁੱਖ ਮੰਤਰੀ ਦੀ ਫ਼ੇਰੀ ਮੌਕੇ ਵੀ ਆਪਣਾ ਪੱਖ ਰੱਖਣ ਦੇ ਮੰਤਵ ਨਾਲ ਉੱਥੇ ਜਾਣਗੇ।

ਦਵਿੰਦਰ ਸਿੰਘ ਪ੍ਰਿੰਸੀਪਲ ਬਣੇ

ਤਲਵਾੜਾ, 25 ਦਸੰਬਰ: ਸ. ਦਵਿੰਦਰ ਸਿੰਘ ਸੂਬਾ ਪ੍ਰਧਾਨ ਪੰਜਾਬ ਵੋਕੇਸ਼ਨਲ ਲੈਕਚਰਾਰ ਯੂਨੀਅਨ ਨੇ ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਇੱਕ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਸਾਲ 1987 ਤੋਂ ਇਸੇ ਸਕੂਲ ਵਿਚ ਬਤੌਰ ਵੋਕੇਸ਼ਨਲ ਲੈਕਚਰਾਰ ਕੰਮ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਕੂਲ ਨੂੰ ਨਵੀਆਂ ਬੁ¦ਦੀਆਂ ਵੱਲ ਲਿਜਾਣ ਤੇ ਆਧੁਨਿਕ ਲੀਹਾਂ ਤੇ ਤੋਰਨ ਲਈ ਪੂਰਾ ਯਤਨ ਕਰਨਗੇ। ਜਿਕਰਯੋਗ ਹੈ ਕਿ ਇਸ ਸਕੂਲ ਵਿਚ ਪਿਛਲੇ ¦ਮੇ ਸਮੇਂ ਤੋਂ ਪ੍ਰਿੰਸੀਪਲ ਦੀ ਅਸਾਮੀ ਤੇ ਆਰਜੀ ਤੌਰ ਤੇ ਹੀ ਕੰਮ ਚਲਾਇਆ ਜਾ ਰਿਹਾ ਸੀ ਪਰੰਤੂ ਹੁਣ ਬਕਾਇਦਾ ਰੈਗੂਲਰ ਪ੍ਰਿੰਸੀਪਲ ਆਉਣ ਨਾਲ ਸਕੂਲ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਰਹੀ ਹੈ।

ਚੀਨ ਦੀ ਵਿਸਥਾਰਵਾਦੀ ਨੀਤੀ ਵਿਸ਼ੇ ਤੇ ਸੈਮੀਨਾਰ

ਤਲਵਾੜਾ, 15 ਦਸੰਬਰ: ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵੱਲੋਂ ਚੀਨ ਦੀ ਵਿਸਥਾਰਵਾਦੀ ਨੀਤੀ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ. ਕੁਲਦੀਪ ਅਗਨੀਹੋਤਰੀ ਨੇ ਬੋਲਦਿਆਂ ਕਿਹਾ ਕਿ ਚੀਨ ਖੁਦ ਨੂੰ ਦੁਨੀਆਂ ਦਾ ਧੁਰਾ ਸਮਝਦਾ ਹੈ ਅਤੇ ਇਸੇ ਸੋਚ ਕਾਰਨ ਸਦੀਆਂ ਤੋਂ ਆਪਣੇ ਆਸ ਪਾਸ ਦੇ ਛੋਟੇ ਵੱਡੇ ਦੇਸ਼ਾਂ ਉੱਤੇ ਆਪਣਾ ਪ੍ਰਭਾਵ ਕਾਇਮ ਕਰਨ ਲਈ ਤਤਪਰ ਰਹਿੰਦਾ ਹੈ। ਹਾਲ ਹੀ ਵਿਚ ਭਾਰਤ ਚੀਨ ਸੀਮਾ ਤੇ ਹੋਈਆਂ ਘਟਨਾਵਾਂ ਇਸ ਦੀ ਤਾਜਾ ਮਿਸਾਲ ਵਜੋਂ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਮਰਾਜੀ ਸ਼ਕਤੀਆਂ ਨਾਲ ਮੁਕਾਬਲੇ ਲਈ ਦੇਸ਼ ਨੂੰ ਪ੍ਰਪੱਕ ਲੀਡਰਸ਼ਿਪ ਦੀ ਲੋੜ ਹੈ ਜੋ ਦੇਸ਼ ਨੂੰ ਮੌਜੂਦਾ ਮੁਸ਼ਕਿਲਾਂ ਦੇ ਭੰਵਰ ਵਿਚੋਂ ਕੱਢ ਦੇ ਨਵੀਂ ਦਿਸ਼ਾ ਪ੍ਰਦਾਨ ਕਰ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੋਦ, ਪ੍ਰਿੰ. ਦੇਸ ਰਾਜ ਸ਼ਰਮਾ, ਅਸ਼ੋਕ ਸੱਭਰਵਾਲ ਆਦਿ ਸਮੇਤ ਕਈ ਹੋਰ ਬੁੱਧੀਜੀਵੀ ਅਤੇ ਪਤਵੰਤੇ ਹਾਜਰ ਸਨ।

ਬਿਜਲੀ ਬੋਰਡ ਦੇ ਕਰਮਚਾਰੀਆਂ ਦੇ ਹੱਕ ਵਿਚ ਰੈਲੀ

ਤਲਵਾੜਾ, 11 ਦਸੰਬਰ: ਅੱਜ ਇੱਥੇ ਬੀ. ਬੀ. ਵਰਕਰ ਯੂਨੀਅਨ ਇੰਟਕ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜਮਾਂ ਦੀ ਹੜਤਾਲ ਦੇ ਹੱਕ ਵਿਚ ਚੀਫ਼ ਇੰਜੀਨੀਅਰ ਤਲਵਾੜਾ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਜਿਸਨੂੰ ਇੰਟਕ ਆਗੂ ਰਵਿੰਦਰ ਸਿੰਘ ਰਵੀ, ਇਕਬਾਲ ਸਿੰਘ ਮਿਨਹਾਸ, ਹਰਭਜਨ ਸਿੰਘ ਤੇ ਸਤਬੀਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਰਾਜ ਦੀ ਨਿੱਜੀਕਰਨ ਨੀਤੀ ਦਾ ਡੱਟਵਾਂ ਵਿਰੋਧ ਕਰਦਿਆਂ ਕਿਹਾ ਕਿ ਸੁਧਾਰ ਦੇ ਨਾਮ ਤੇ ਵਿਭਾਗਾਂ, ਬੋਰਡਾਂ ਨੂੰ ਭੰਗ ਕਰਨਾ ਕਿਸੇ ਤਰਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਮੌਕੇ ਉਨ੍ਹਾਂ ਬੀ. ਬੀ. ਐਮ. ਬੀ. ਦੇ ਮੁਲਾਜਮਾਂ ਦੀਆਂ ਮੰਗਾਂ, ਸਮੱਸਿਆਵਾਂ ਅਤੇ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਤੱਕ ਕੀਤੀ ਜਾ ਰਹੀ ਉਸਾਰੂ ਪਹੁੰਚ ਦੀ ਚਰਚਾ ਕਰਦਿਆਂ ਕਿਹਾ ਕਿ ਮੁਲਾਜ਼ਮ ਭਾਈਚਾਰੇ ਅਤੇ ਟਾਊਨਸ਼ਿਪ ਕਲੌਨੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੇਂਦਰੀ ਊਰਜਾ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਛੇਤੀ ਹੀ ਮੁਲਾਕਾਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ, ਦਿਲਬਾਗ ਸਿੰਘ, ਜਸਵੀਰ ਸਿੰਘ, ਕੇਵਲ ਸਿੰਘ ਆਦਿ ਸਮੇਤ ਕਈ ਹੋਰ ਮੁਲਾਜਮ ਆਗੂ ਹਾਜਰ ਸਨ।

ਪੰਜਾਬੀ ਸਾਹਿਤ ਤੇ ਕਲਾ ਮੰਚ ਦੀ ਮੀਟਿੰਗ 12 ਨੂੰ

ਤਲਵਾੜਾ, 11 ਦਸੰਬਰ : ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੀ ਜਰੂਰੀ ਮੀਟਿੰਗ 12 ਦਸੰਬਰ ਸ਼ਨੀਵਾਰ ਨੂੰ ਸ਼ਾਮ 4 ਵਜੇ ਸਟਾਫ਼ ਕਲੱਬ ਵਿਖੇ ਰੱਖੀ ਗਈ ਹੈ ਜਿਸ ਵਿਚ ਨਵੇਂ ਸਾਲ ਦੇ ਪ੍ਰੋਗਰਾਮ ਦੀ ਰੂਪ ਰੇਖਾ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਹ ਜਾਣਕਾਰੀ ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਅਤੇ ਮੀਤ ਪ੍ਰਧਾਨ ਰਵਿੰਦਰ ਰਵੀ ਨੇ ਦਿੱਤੀ।

ਖ਼ਜ਼ਾਨਾ ਦਫਤਰ ਤਲਵਾੜਾ ਨੂੰ ਤਾੜਨਾ

ਤਲਵਾੜਾ, 10 ਦਸੰਬਰ : ਅੱਜ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਬਲਾਕ ਤਲਵਾੜਾ ਦੀ ਵਿਸ਼ੇਸ਼ ਇਕੱਤਰਤਾ ਸੈਕਟਰ ਇੱਕ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੀ ਗੁਰਦੇਵ ਰਾਣਾ ਨੇ ਕੀਤੀ। ਇਸ ਮੀਟਿੰਗ ਵਿਚ ਬੁਲਾਰਿਆਂ ਨੇ ਖ਼ਜ਼ਾਨਾ ਦਫਤਰ ਤਲਵਾੜਾ ਵੱਲੋਂ ਬਲਾਕ ਦੇ ਕਰਮਚਾਰੀਆਂ ਦੇ ਬਿੱਲਾਂ ਤੇ ਲਗਾਏ ਜਾਂਦੇ ਕਥਿਤ ਗੈਰਵਾਜਬ ਇਤਰਾਜ ਅਤੇ ਜਨਰੇਟਰ ਦੇ ‘ਤੇਲ ਪਾਣੀ’ ਦੇ ਕਥਿਤ ਖਰਚਿਆਂ ਲਈ ਸਹਿਯੋਗ ਦੇ ਨਾਂ ਤੇ ਕੀਤੀ ਜਾ ਰਹੀ ਲੁੱਟ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਸਬੰਧੀ ਪਿਛਲੇ ਦਿਨੀਂ ਜਥੇਬੰਦੀ ਦੇ ਆਗੂਆਂ ਖ਼ਜਾਨਾ ਅਫ਼ਸਰ ਨਾਲ ਗੱਲਬਾਤ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਦਫਤਰ ਵੱਲੋਂ ਆਪਣੇ ਰਵੱਈਏ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਮਜਬੂਰਨ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਾਜਰ ਆਗੂਆਂ ਨੇ ਕਈ ਹੋਰ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਿਨ੍ਹਾਂ ਵਿਚ 18 ਦਸੰਬਰ ਨੂੰ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਮੁਕੇਰੀਆਂ ਐਕਸ਼ਨ ਅਤੇ 25 ਦਸੰਬਰ ਨੂੰ ਈ. ਟੀ. ਟੀ. ਅਧਿਆਪਕ ਫਰੰਟ ਵੱਲੋਂ ਐਲਾਨੀ ਦੁਆਬਾ ਰੈਲੀ ਵਿਚ ਪੂਰਾ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਵਿਚ ਜੀ. ਟੀ. ਯੂ. ਦੇ ਸੂਬਾਈ ਆਗੂ ਮਾਸਟਰ ਸ਼ਿਵ ਕੁਮਾਰ, ਦਵਿੰਦਰ ਸਿੰਘ ਫ਼ੀਲਡ ਤੇ ਵਰਕਸ਼ਾਪ ਯੂਨੀਅਨ, ਜਸਵੀਰ ਸਿੰਘ ਤੇ ਵਰਿੰਦਰ ਵਿੱਕੀ ਬੀ. ਐ¤ਡ. ਅਧਿਆਪਕ ਫ਼ਰੰਟ, ਇੰਦਰ ਸੁਖਦੀਪ ਸਿੰਘ ਓਡਰਾ ਈ. ਟੀ. ਟੀ. ਅਧਿਆਪਕ ਫ਼ਰੰਟ ਆਗੂ, ਦਵਿੰਦਰ ਹਲੇੜ, ਵਿਨੋਦ ਕੁਮਾਰ, ਰਾਜਿੰਦਰ ਪ੍ਰਸਾਦ ਕਮਾਹੀ, ਕੁਲਵੰਤ ਸਿੰਘ ਕੱਥੂਨੰਗਲ, ਰਾਜਿੰਦਰ ਧਾਰ, ਇੰਦਰਜੀਤ ਸਿੰਘ, ਨਰਦੇਵ ਸਿੰਘ, ਵਿਜੇ ਕੁਮਾਰ ਸੰਸਾਰਪੁਰ ਮੱਕੋਵਾਲ, ਮੁਲਖ ਰਾਜ ਹਾਜੀਪੁਰ ਆਦਿ ਸਮੇਤ ਕਈ ਹੋਰ ਸਰਗਰਮ ਆਗੂਆਂ ਨੇ ਸ਼ਿਰਕਤ ਕੀਤੀ।

ਐੱਨ. ਸੀ. ਸੀ. ਹਫ਼ਤਾ ਮਨਾਇਆ

ਤਲਵਾੜਾ, 7 ਦਸੰਬਰ : ਐਨ. ਸੀ. ਸੀ. 12 ਪੰਜਾਬ ਬਟਾਲੀਅਨ ਹੁਸ਼ਿਆਰਪੁਰ ਦੇ ਕਮਾਂਡਿੰਗ ਅਫ਼ਸਰ ਕਰਨਲ ਐੱਸ. ਡੀ. ਐੱਸ. ਬਾਠ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਦੇ ਵਿੰਗ ਅਧਿਕਾਰੀ ਮੇਜਰ ਡਾ. ਤਿਲਕ ਵਰਮਾ ਦੀ ਅਗਵਾਈ ਵਿਚ ਐਨ. ਸੀ. ਸੀ. ਹਫ਼ਤਾ ਮਨਾਇਆ ਗਿਆ ਜਿਸ ਵਿਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਰਾਮਤੀਰਥ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪੂਰੇ ਹਫ਼ਤੇ ਦੌਰਾਨ ਕੈਡਿਟਾਂ ਵੱਲੋਂ ਪੇਟਿੰਗ, ਗੀਤ ਸੰਗੀਤ, ਭਾਸ਼ਣ, ਨਿਬੰਧ, ਰਨ ਫ਼ਾਰ ਫ਼ਨ ਮਨੋਰੰਜਕ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਜੇਤੂ ਰਹੇ ਕੈਡਿਟ ਅਜਮੇਰ ਸਿੰਘ, ਅਖਿਲ, ਅਨਿਲ, ਆਂਚਲ, ਸੁਰੇਸ਼, ਪਰਵੀਨ, ਮੀਰਾ, ਗੀਤਾ, ਅਰੁਣਾ, ਰਿਤੂ, ਮਨੀਸ਼ ਕੁਮਾਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਵਿਚ ਸਮਾਪਤੀ ਸਮਾਰੋਹ ਮੌਕੇ ਕੈਡਿਟਾਂ ਨੇ ਸਮਾਜਿਕ ਬੁਰਾਈਆਂ ਦੂਰ ਕਰਨ ਦਾ ਪ੍ਰਣ ਲਿਆ।

ਹੋਣਹਾਰ ਖਿਡਾਰੀ ਸਨਮਾਨਿਤ

ਤਲਵਾੜਾ, 7 ਦਸੰਬਰ: ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵੱਲੋਂ ਲਗਾਤਾਰ ਤੀਜੀ ਵਾਰ ਹਾਈ ਸਕੂਲ ਖੇਡਾਂ ਵਿਚ ਓਵਰਆਲ ਟਰਾਫ਼ੀ ਜਿੱਤ ਕੇ ਰਿਕਾਰਡ ਕਾਇਮ ਕੀਤਾ ਗਿਆ ਹੈ ਅਤੇ ਇਸ ਵਾਰ ਕ੍ਰਿਕਟ, ਟੇਬਲ ਟੈਨਿਸ, ਬੈਡਮਿੰਟਨ, ਲਾਨ ਟੈਨਿਸ ਆਦਿ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਖੇਡ ਅਧਿਆਪਕ ਦਵਿੰਦਰਪਾਲ ਸਿੰਘ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਸਕੂਲ ਦੇ ਇਹਨਾਂ ਹੋਣਹਾਰ ਵਿਦਿਆਰਥੀਆਂ ਨੇ ਸਕੂਲ ਦਾ ਮਾਣ ਵਧਾਇਆ ਹੈ। ਮੁੱਖ ਅਧਿਆਪਕਾ ਊਸ਼ਾ ਕੁਮਾਰੀ ਚੌਧਰੀ ਨੇ ਵੀ ਜੇਤੂ ਖਿਡਾਰੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਦਿਅਕ ਅਤੇ ਖੇਡ ਮੁਕਾਬਲਿਆਂ ਵਿਚ ਸਕੂਲ ਨੇ ਲੰਮਾ ਤੇ ਸ਼ਾਨਦਾਰ ਇਤਿਹਾਸ ਬਣਾਇਆ ਹੈ ਜਿਸਨੂੰ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਕਾਇਮ ਰੱਖਿਆ ਜਾ ਰਿਹਾ ਹੈ।

ਛੁੱਟੀ ਦੇ ਭੰਬਲਭੂਸੇ ਦੌਰਾਨ ਪੰਜਾਬ ਬੰਦ ਅੱਜ

ਤਲਵਾੜਾ, 7 ਦਸੰਬਰ: ਲੁਧਿਆਣਾ ਵਿਖੇ ਵਾਪਰੀਆਂ ਘਟਨਾਵਾਂ ਦੇ ਵਿਰੁੱਧ ਅੱਜ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਰੇ ਵਿੱਦਿਅਕ ਅਦਾਰੇ ਅੱਜ ਬੰਦ ਰੱਖਣ ਦਾ ਐਲਾਨ ਕੀਤਾ ਹੈ ਪਰੰਤੂ ਇਕ ਦੋ ਅਖਬਾਰਾਂ ਵਿਚ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਹਵਾਲੇ ਨਾਲ ਛਪੀਆਂ ਖ਼ਬਰਾਂ ਮੁਤਾਬਕ ਸਰਕਾਰ ਵੱਲੋਂ ਵੀ ਅੱਜ ਰਾਜ ਦੇ ਸਾਰੇ ਵਿੱਦਿਅਕ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਸਥਿਤੀ ਦੇ ਚਲਦਿਆਂ ਅੱਜ ਰਾਜ ਵਿਚ ਲਗਪਗ ਸਾਰੇ ਹੀ ਵਿੱਦਿਅਕ ਅਦਾਰੇ ਬੰਦ ਰੱਖੇ ਜਾ ਰਹੇ ਹਨ। ਇਸ ਦੌਰਾਨ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਮਿਲਣ ਦੀ ਸੰਭਾਵਨਾ ਦੱਸੀ ਜਾਂਦੀ ਹੈ।

ਪੰਜਾਬ ਵਿਚ ਅਰਾਜਕਤਾ ਦਾ ਮਾਹੌਲ: ਧਰਮਪਾਲ ਸੱਭਰਵਾਲ

ਤਲਵਾੜਾ, 5 ਦਸੰਬਰ : ਸੀਨੀਅਰ ਕਾਂਗਰਸੀ ਆਗੂ ਅਤੇ ਮੈਂਬਰ ਰਾਜ ਸਭਾ ਸ਼੍ਰੀ ਧਰਮਪਾਲ ਸੱਭਰਵਾਲ ਨੇ ਅੱਜ ਇੱਥੇ ਲਾਗਲੇ ਪਿੰਡ ਭੰਬੋਤਾੜ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਅਤੇ ਪੰਚਾਇਤ ਨੂੰ ਇਸ ਮੰਤਵ ਲਈ 10 ਲੱਖ ਰੁਪਏ ਦਾ ਚੈਕ ਪ੍ਰਦਾਨ ਕੀਤਾ। ਇਸ ਮੌਕੇ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਭਰਵਾਲ ਨੇ ਪੰਜਾਬ ਦੀ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ਦੀ ਭਰਪੂਰ ਨਿਖੇਧੀ ਕਰਦਿਆਂ ਕਿ ਅਕਾਲੀਆਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜੋਰ ਸੂਬਾ ਬਣਾ ਦਿੱਤਾ ਹੈ ਅਤੇ ਕੇਂਦਰ ਦੀਆਂ ਗਰਾਂਟਾਂ ਦੇ ਚੈ¤ਕ ਵਿਧਾਇਕ ਆਪਣੀਆਂ ਜੇਬਾਂ ਵਿਚ ਪਾਈ ਫ਼ਿਰਦੇ ਹਨ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਨਰੇਗਾ ਤੇ ਹੋਰ ਵਿਕਾਸ ਸਬੰਧੀ ਕੇਂਦਰੀ ਯੋਜਨਾਵਾਂ ਦੇ ਉਦਘਾਟਨ ਕਰੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਗੂ ਕੇਂਦਰ ਨੂੰ ਨਰੇਗਾ ਦਾ ਪੁਰਾਣਾ ਹਿਸਾਬ ਹੀ ਨਹੀਂ ਦੇ ਸਕੇ ਅਤੇ ਇਸੇ ਕਰਕੇ ਹੁਣ ਨਰੇਗਾ ਲਈ ਹੋਰ ਪੈਸਾ ਆਉਣਾ ਵੀ ਬੰਦ ਹੋ ਗਿਆ ਹੈ। ਸ਼੍ਰੀ ਸੱਭਰਵਾਲ ਨੇ ਕਿਹਾ ਕਿ ਇਸ ਵੇਲੇ ਜਦੋਂ ਸੂਬਾ ਭਾਰੀ ਮਾਲੀ ਸੰਕਟ ਵਿਚੋਂ ਲੰਘ ਰਿਹਾ ਹੈ ਤਾਂ ਅਕਾਲੀ ਮਹਿੰਗੇ ਹੋਟਲਾਂ ਵਿਚ ਮੀਟਿੰਗਾਂ ਕਰਕੇ ਜਨਤਾ ਦੇ ਪੈਸੇ ਦਾ ਉਜਾੜਾ ਕਰ ਰਹੇ ਹਨ। ਉਨ੍ਹਾਂ ਵਿਅੰਗ ਕੀਤਾ ਕਿ ਸ਼ੰਭੂ ਬਾਰਡਰ ਲੰਘ ਜਾਓ ਤਾਂ ਬਾਕੀ ਸੂਬਿਆਂ ਵਿਚ ਅਕਾਲੀ ਦਲ ਦੀ ਕੋਈ ਹੋਂਦ ਹੀ ਨਹੀਂ ਹੈ। ਉਨ੍ਹਾਂ ਇਸ ਮੌਕੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਨੌਜਵਾਨ ਕੌਮੀ ਆਗੂ ਸ਼੍ਰੀ ਰਾਹੁਲ ਗਾਂਧੀ ਦੀਆਂ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਨੂੰ ਅੱਜ ਇਹੋ ਜਿਹੇ ਦਿਆਨਤਦਾਰ ਆਗੂਆਂ ਦੀ ਸਖਤ ਲੋੜ ਹੈ। ਇਸ ਮੌਕੇ ਇੰਕਾ ਆਗੂ ਚੌਧਰੀ ਮੋਹਨ ਲਾਲ ਜਿਲ੍ਹਾ ਜਨਰਲ ਸਕੱਤਰ, ਕੰਵਰ ਰਤਨ ਚੰਦ, ਸਤਪਾਲ ਸਰਪੰਚ ਭੰਬੋਤਾੜ, ਸਮੂਹ ਮੈਂਬਰ ਪੰਚਾਇਤ ਅਤੇ ਕਈ ਹੋਰ ਸਥਾਨਕ ਕਾਂਗਰਸੀ ਵਰਕਰ ਤੇ ਆਗੂ ਹਾਜਰ ਸਨ।

ਮਾਨਵ ਸੇਵਾ ਸਮਿਤੀ ਵੱਲੋਂ ਮੈਡੀਕਲ ਕੈਂਪ ਲਗਾਇਆ

ਤਲਵਾੜਾ, 5 ਦਸੰਬਰ: ਅੱਜ ਇੱਥੇ ਮਾਨਵ ਸੇਵਾ ਸਮਿਤੀ ਵੱਲੋਂ ਮਾਸਟਰ ਦਲੀਪ ਸਿੰਘ, ਵਿਦਿਆ ਸਾਗਰ ਦੇ ਸਹਿਯੋਗ ਨਾਲ ਬੱਚਿਆਂ ਦੀਆਂ ਬਿਮਾਰੀਆਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਨੇ ਕੀਤਾ। ਇਸ ਮੌਕੇ ਸ. ਸਾਹੀ ਨੇ ਜਥੇਬੰਦੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਕ ਦੂਜੇ ਦੇ ਦੁੱਖਾਂ ਨੂੰ ਵੰਡਾਉਣਾ ਸਮੇਂ ਦੀ ਲੋੜ ਹੈ ਅਤੇ ਸਰਕਾਰ ਵੱਲੋਂ ਅਜਿਹੀਆਂ ਜਥੇਬੰਦੀਆਂ ਨੂੰ ਬਣਦਾ ਸਹਿਯੋਗ ਹਮੇਸ਼ਾ ਦਿੱਤਾ ਜਾਂਦਾ ਹੈ। ਇਸ ਮੌਕੇ ਰਕੇਸ਼ ਕੁਮਾਰ, ਸੰਜੀਵ ਭਾਰਦਵਾਜ, ਹਰਮੋਹਨ ਸਿੰਘ, ਸੰਜੀਵ ਪ੍ਰਧਾਨ, ਗੁਰਦੇਵ ਸਿੰਘ ਆਦਿ ਸਮੇਤ ਕਈ ਹੋਰ ਸਮਾਜ ਸੇਵੀ ਹਾਜਰ ਸਨ। ਕੈਂਪ ਵਿਚ ਡਾ. ਅਜੈ ਬੱਗਾ, ਅਨੁਪਮਾ ਸ਼ਰਮਾ, ਦਲਬੀਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ ਦੀ ਟੀਮ ਵੱਲੋਂ ਬੱਚਿਆਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੁੜੀਂਦੇ ਇਲਾਜ ਦਾ ਪ੍ਰਬੰਧ ਕੀਤਾ ਗਿਆ।

ਵਿਸ਼ੇਸ਼ ਚੈਕਅਪ ਕੈਂਪ


ਤਲਵਾੜਾ, 5 ਦਸੰਬਰ: ਫੋਰਟਿਸ ਹਸਪਤਾਲ ਮੋਹਾਲੀ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਜਤ ਸ਼ਰਮਾ ਅਤੇ ਡਾ. ਆਰ. ਕੇ. ਜਸਵਾਲ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਖੇ ਲਗਾਏ ਵਿਸ਼ੇਸ਼ ਚੈਕਅਪ ਕੈਂਪ ਵਿਚ ਮਰੀਜਾਂ ਦਾ ਮੁਆਇਨਾ ਕਰਦੇ ਹੋਏ।

ਸਿੱਧੂ ਦੀ ਨਿਯੁਕਤੀ ਦਾ ਸਵਾਗਤ

ਤਲਵਾੜਾ, 4 ਦਸੰਬਰ: ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੂੰ ਸਮਾਜ ਭਲਾਈ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਨੂੰ ਮੁੱਖ ਰੱਖਦਿਆਂ ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਆਪਣੀ ਪ੍ਰਬੰਧਕ ਕਮੇਟੀ ਵਿਚ ਦੋ ਸਾਲ ਲਈ ਨਿਯੁਕਤ ਕੀਤਾ ਗਿਆ ਹੈ ਜਿਸ ਦਾ ਸਵਾਗਤ ਕਰਦਿਆਂ ਸਰਕਲ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ, ਤਾਰਾ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਸ. ਸਿੱਧੂ ਵਰਗੇ ਨੌਜਵਾਨ ਆਗੂ ਨਾਲ ਜੋੜਨਾ ਸ਼ਲਾਘਾਯੋਗ ਕਦਮ ਹੈ। ਐਡਵੋਕੇਟ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਵਹਿੱਤਕਾਰੀ ਸੰਸਥਾ ਵੱਲੋਂ ਸਿੱਖਿਆ ਦੇ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਆਪਣੇ ਨਿਵੇਕਲੇ ਅਤੇ ਉਚੇਰੇ ਮਿਆਰ ਸਦਕਾ ਇਹ ਬਾਕੀ ਸੰਸਥਾਵਾਂ ਨੂੰ ਵੱਖਰੀ ਹੋਂਦ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪਸਾਰ ਲਈ ਉਹ ਆਪਣੇ ਵੱਲੋਂ ਬਣਦਾ ਯੋਗਦਾਨ ਦੇਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

ਏਡਜ਼ ਵਿਰੋਧੀ ਚੇਤਨਾ ਰੈਲੀ

ਤਲਵਾੜਾ, 2 ਦਸੰਬਰ : ਅੱਜ ਇੱਥੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਸ਼ਵ ਏਡਜ਼ ਦਿਵਸ ਮੌਕੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਦੇ ਵਿਦਿਆਰਥੀਆਂ ਵੱਲੋਂ ਰੈ¤ਡ ਰਿਬਨ ਕਲੱਬ ਦੇ ਝੰਡੇ ਹੇਠ ਵਿਸ਼ੇਸ਼ ਚੇਤਨਾ ਰੈਲੀ ਕੱਢੀ ਜਿਸ ਨੂੰ ਸਕੂਲ ਮੁਖੀ ਸ਼੍ਰੀਮਤੀ ਊਸ਼ਾ ਚੌਧਰੀ ਨੇ ਰਵਾਨਾ ਕੀਤਾ। ਕਲੱਬ ਇੰਚਾਰਜ ਅਧਿਆਪਕ ਸ਼੍ਰੀ ਸੁਰੇਸ਼ ਰਾਣਾ ਨੇ ਮੌਜੂਦਾ ਸਮੇਂ ਵਿਚ ਏਡਜ਼ ਦੇ ਪ੍ਰਕੋਪ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਅਤੇ ਮਗਰੋਂ ਸਕੂਲ ਦੇ ਨੌਵੀਂ ਅਤੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਵੱਲੋਂ ਇਸ ਨਾਮੁਰਾਦ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਟਾਊਨਸ਼ਿਪ ਕਲੌਨੀ ਵਿਚ ਚੇਤਨਾ ਮਾਰਚ ਕੱਢਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਜਿੱਥੇ ਚੇਤਨਾ ਨਾਹਰੇ ਲਗਾਏ ਗਏ ਉੱਥੇ ਵੱਡੀ ਗਿਣਤੀ ਵਿਚ ਬੈਨਰ, ਝੰਡੀਆਂ ਅਤੇ ਤਖਤੀਆਂ ਨਾਲ ਵੀ ਆਪਣੀ ਆਵਾਜ ਬੁ¦ਦ ਕੀਤੀ। ਰੈਲੀ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀ ਰਾਜ ਕੁਮਾਰ ਸਾਇੰਸ ਅਧਿਆਪਕ, ਸ. ਕੁਲਵੰਤ ਸਿੰਘ, ਰਸ਼ਪਾਲ ਰਾਣਾ, ਮੁਲਖਾ ਸਿੰਘ, ਰਕੇਸ਼ ਕੁਮਾਰ, ਹਰਮੀਤ ਕੌਰ, ਸਵਿਤਾ, ਸੁਨੀਤਾ, ਰਜਿੰਦਰ ਪ੍ਰਸ਼ਾਦ, ਮਹਿੰਦਰ ਸਿੰਘ ਕਮਾਹੀ ਅਤੇ ਨਵਕਿਰਨ ਆਦਿ ਅਧਿਆਪਕ ਸ਼ਾਮਿਲ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)