Share

Share |

ਜਿਲ੍ਹੇ ਵਿਚ ਚੋਣ ਤਿਆਰੀਆਂ ਮੁਕੰਮਲ : ਡੀ ਸੀ

ਹੁਸ਼ਿਆਰਪੁਰ, 28 ਜਨਵਰੀ: ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕੇ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਅਤੇ ਗੜ੍ਹਸ਼ੰਕਰ ਦੇ 1314 ਚੋਣ ਬੂਥਾਂ ਵਿੱਚ 30 ਜਨਵਰੀ ਨੂੰ ਹੋਣ ਵਾਲੇ ਮਤਦਾਨ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ 5796 ਅਧਿਕਾਰੀ/ਕਰਮਚਾਰੀ ਪੋਲਿੰਗ ਪਾਰਟੀਆਂ ਵਜੋਂ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ- ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰ: ਦੀਪਇੰਦਰ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ 29 ਜਨਵਰੀ ਨੂੰ ਸਾਰੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ (ਈ.ਵੀ.ਐਮ ਮਸ਼ੀਨਾਂ ਤੇ ਹੋਰ ਲੋੜੀਂਦਾ ਸਮਾਨ) ਤਕਸੀਮ ਕਰਕੇ ਉਨ੍ਹਾਂ ਨੂੰ ਸਬੰਧਤ ਚੋਣ ਬੂਥਾਂ/ਡਿਊਟੀ ਸਥਾਨਾਂ ਤੇ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1065448 ਵੋਟਰ ਹਨ ਜਿਨ੍ਹਾਂ ਵਿੱਚੋਂ 546817 ਮਰਦ ਅਤੇ 518631 ਇਸਤਰੀ ਵੋਟਰ ਹਨ। ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਜ਼ਿਲ੍ਹੇ ਵਿੱਚ 55 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ 39-ਮੁਕੇਰੀਆਂ ਵਿੱਚ 8, 40-ਦਸੂਹਾ ਵਿੱਚ 7, 41-ਉੜਮੁੜ ਵਿੱਚ 7, 42 ਸ਼ਾਮਚੁਰਾਸੀ ਵਿੱਚ 7, 43-ਹੁਸ਼ਿਆਰਪੁਰ ਵਿੱਚ 10, 44-ਚੱਬੇਵਾਲ ਵਿੱਚ11 ਅਤੇ 45-ਗੜ੍ਹਸ਼ੰਕਰ ਵਿੱਚ 5 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਵਿੱਚ ਕੀਤੇ ਚੋਣ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 204, ਦਸੂਹਾ ਵਿੱਚ 192, ਉੜਮੁੜ 196, ਸ਼ਾਮਚੁਰਾਸੀ 188, ਹੁਸ਼ਿਆਰਪੁਰ ਵਿੱਚ 160, ਚੱਬੇਵਾਲ ਵਿੱਚ 181 ਅਤੇ ਗੜ੍ਹਸ਼ੰਕਰ ਵਿੱਚ 193 ਮਤਦਾਨ ਕੇਂਦਰ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿੱਚ ਸੁਰੱਖਿਆ ਪ੍ਰਬੰਧ ਕਰਨ ਦੇ ਨਾਲ ਨਾਲ ਜ਼ਿਲ੍ਹਾ ਪੱਧਰ ਤੇ ਕਾਇਮ ਕੀਤੇ ਕੰਟਰੋਲ ਰੂਮ ਜਿਨ੍ਹਾਂ ਦੇ ਟੋਲ ਫਰੀ ਨੰਬਰ 18001802250 ਅਤੇ ਟੈਲੀਫੋਨ ਨੰਬਰ 01882-225013 ਹਨ, ਜਿਨ੍ਹਾਂ ਤੇ ਹਰ ਵਕਤ ਕਿਸੇ ਵੀ ਤਰਾਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਮਤਦਾਨ ਦੌਰਾਨ ਅਮਨ, ਕਾਨੂੰਨ ਤੇ ਸਦਭਾਵਨਾ ਪੂਰਣ ਮਾਹੌਲ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨਾਲ ਹੀ ਵੋਟਰਾਂ ਨੂੰ ਆਪਣੀ ਵੋਟ ਆਪਣੀ ਮਰਜ਼ੀ ਮੁਤਾਬਕ ਤੇ ਬਿਨਾਂ ਕਿਸੇ ਲਾਲਚ ਤੋਂ ਪਾਉਣ ਲਈ ਵੀ ਆਖਿਆ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 30 ਜਨਵਰੀ ਨੂੰ ਵੋਟਾਂ ਪੈਣ ਦਾ ਸਮਾਂ ਸਵੇਰੇ 8.00 ਵਜੇ ਤੋਂ ਸ਼ਾਮ 5.00 ਵਜੇ ਤੱਕ ਦਾ ਹੋਵੇਗਾ। ਵੋਟ ਪਾਉਣ ਲਈ ਵੋਟਰ ਕੋਲ ਫੋਟੇ ਸ਼ਨਾਖ਼ਤੀ ਕਾਰਡ ਜਾਂ ਬੀ.ਐਲ.ਓ. ਵੱਲੋਂ ਜਾਰੀ ਕੀਤੀ ਗਈ ਵੋਟਰ ਪਰਚੀ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਾਰਨ ਵੋਟਰ ਸੂਚੀ ਵਿੱਚ ਵੋਟਰ ਦੀ ਫੋਟੋ ਨਾ ਲੱਗੀ ਹੋਵੇ ਜਾਂ ਮਿਸਪ੍ਰਿੰਟ ਹੋਵੇ ਜਾਂ ਵੋਟਰ ਦਾ ਸ਼ਨਾਖ਼ਤੀ ਕਾਰਡ ਗੁੰਮ ਹੋ ਗਿਆ ਹੋਵੇ ਤਾਂ ਉਨ੍ਹਾਂ ਹਾਲਤਾਂ ਵਿੱਚ ਵੋਟਰ ਕੋਲ ਵੋਟ ਪਾਉਣ ਲਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਫੋਟੋ ਵਾਲੇ ਹੋਰ ਦਸਤਾਵੇਜ ਜਿਨ੍ਹਾਂ ਵਿੱਚ ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਫੋਟੋ ਸ਼ਨਾਖ਼ਤੀ ਕਾਰਡ, ਬੈਂਕ/ਡਾਕਘਰ ਵੱਲੋ ਜਾਰੀ ਪਾਸ ਬੁੱਕ ਜਾ ਕਿਸਾਨ ਬੁੱਕ ਜਿਸ ਤੇ ਵੋਟਰ ਦੀ ਫੋਟੋ ਲੱਗੀ ਹੋਵੇ, ਦਿਖਾ ਕੇ ਵੋਟ ਪਾਈ ਜਾ ਸਕੇਗੀ।।
ਇਸ ਮੌਕੇ ਤੇ ਸ੍ਰ: ਬਲਕਾਰ ਸਿੰਘ ਸਿੱਧੂ ਐਸ ਐਸ ਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਜ਼ਿਲ੍ਹੇ ਵਿੱਚ ਮਤਦਾਨ ਕੇਂਦਰਾਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪੈਰਾ ਮਿਲਟਰੀ /ਹਥਿਆਰਬੰਦ ਪੁਲੀਸ /ਜ਼ਿਲ੍ਹਾ ਪੁਲੀਸ ਜਵਾਨ ਚੋਣ ਬੂਥਾਂ ਤੇ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਦੇ ਮੁਕਾਬਲੇ ਲਈ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲੇ ਸਾਰੇ ਐਂਟਰੀ ਪੁਆਇੰਟਾਂ ਤੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

30 ਜਨਵਰੀ ਨੂੰ ਛੁੱਟੀ ਦਾ ਐਲਾਨ

ਹੁਸ਼ਿਆਰਪੁਰ, 27 ਜਨਵਰੀ:  ਸ੍ਰ: ਦੀਪਇੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2012 ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਸਕੱਤਰ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਚੋਣਾਂ ਵਾਲੇ ਦਿਨ 30 ਜਨਵਰੀ 2012 ਨੂੰ ਪੇਡ ਹੋਲੀ ਡੇਅ ਐਲਾਨਿਆਂ ਗਿਆ ਹੈ।  ਇਸ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਵਪਾਰਕ ਅਤੇ ਸਨਅੱਤੀ ਜਾਂ ਹੋਰ ਕਿਸੇ ਪ੍ਰਕਾਰ ਦੇ ਸਾਰੇ ਅਦਾਰਿਆਂ ਦੇ ਸਾਰੇ ਕਰਮਚਾਰੀਆਂ ਨੂੰ ਛੁੱਟੀ ਹੋਵੇਗੀ ਤਾਂ ਜੋ ਕਿ ਉਹ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।

30 ਜਨਵਰੀ ਤੱਕ ਠੇਕੇ ਬੰਦ ਰਹਿਣਗੇ

ਹੁਸ਼ਿਆਰਪੁਰ, 27 ਜਨਵਰੀ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 30 ਜਨਵਰੀ 2012 ਨੂੰ 7 ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤਮਈ ਢੰਗ ਨਾਲ ਚੋਣਾਂ ਕਰਾਉਣ ਦੇ ਮਕਸਦ ਨਾਲ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਦੀਪਇੰਦਰ ਸਿੰਘ ਨੇ ਪੰਜਾਬ ਐਕਸਾਈਜ਼ ਐਕਟ ਤਹਿਤ ਜਾਰੀ ਇੱਕ ਹੁਕਮ ਮੁਤਾਬਕ ਜ਼ਿਲ੍ਹਾ ਭਰ ਵਿੱਚ 28 ਜਨਵਰੀ 2012 ਨੂੰ ਸ਼ਾਮ 5-00 ਵਜੇ ਤੋਂ 30 ਜਨਵਰੀ 2012 ਸ਼ਾਮ ਦੇ 5-00 ਵਜੇ ਤੱਕ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਹ ਹੁਕਮ 6 ਮਾਰਚ 2012 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਸਾਰਾ ਦਿਨ ਲਾਗੂ ਰਹਿਣਗੇ ਅਤੇ ਇਹ ਦਿਨ ਡਰਾਈ ਡੇਅ ਘੋਸ਼ਿਤ ਕੀਤੇ ਜਾਂਦੇ ਹਨ।  ਜਾਰੀ ਹੁਕਮ ਵਿੱਚ ਦਿੱਤੇ ਦਿਨਾਂ ਦੌਰਾਨ ਕਿਸੇ ਵੀ ਹੋਟਲ, ਰੈਸਟੋਰੈਂਟ ਅਤੇ ਕਲੱਬ ਬਾਰ ਆਦਿ ਦੇ ਮਾਲਕ ਸ਼ਰਾਬ ਨੂੰ ਵੇਚ ਅਤੇ ਵਰਤਾਅ ਨਹੀਂ ਸਕਣਗੇ।

ਚੋਣ ਪ੍ਰਚਾਰ ਬੰਦ, ਹੁਣ ਇੰਤਜਾਰ ਪੋਲਿੰਗ ਦਾ ...

ਹੁਸ਼ਿਆਰਪੁਰ, 27 ਜਨਵਰੀ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ 30 ਜਨਵਰੀ 2012 ਨੂੰ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਪੋਲਿੰਗ ਤੋਂ 48 ਘੰਟੇ ਪਹਿਲਾਂ ਰਾਜਸੀ ਪਾਰਟੀਆਂ / ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਲਈ ਉਨ੍ਹਾਂ ਨੇ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਤੋਂ ਚੋੜ ਲੜ ਰਹੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਹੈ ਕਿ ਚੋਣ ਪ੍ਰਚਾਰ 28 ਜਨਵਰੀ 2012 ਨੂੰ ਸ਼ਾਮ 5-00 ਵਜੇ ਤੱਕ ਹੀ ਕੀਤਾ ਜਾਣਾ ਹੈ। ਇਸ ਸਮੇਂ ਤੋਂ ਬਾਅਦ ਕਿਸੇ ਕਿਸਮ ਦੇ ਚੋਣ ਪ੍ਰਚਾਰ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਚੋਣ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਚਾਰ ਦੇ ਸਮੇਂ ਤੋਂ ਬਾਅਦ ਕਿਸੇ ਵੀ ਹਲਕੇ ਵਿੱਚ ਪ੍ਰਚਾਰ ਲਈ ਆਏ ਬਾਹਰਲੇ ਹਲਕਿਆਂ ਜਾਂ ਰਾਜਾਂ ਤੋਂ ਆਏ ਸਮਰਥਕਾਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਵਾਪਸ ਜਾਣਾ ਹੋਵੇਗਾ ਤਾਂ ਜੋ ਕਿਸੇ ਕਿਸਮ ਦੀ ਅਮਨ-ਸ਼ਾਂਤੀ ਭੰਗ ਨਾ ਹੋ ਸਕੇ।

        ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ-2012 ਦੌਰਾਨ ਚੋਣਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਆਮ ਜਨਤਾ ਵੱਲੋਂ ਚੋਣ ਦਫ਼ਤਰ ਦੇ ਟੋਲ ਫਰੀ ਨੰਬਰ 18001802250 ਤੇ ਕੀਤੀ ਜਾ ਸਕਦੀ ਹੈ।

ਰੂਪਨਗਰ ਵਿਚ ਲੋਕ ਅਦਾਲਤਾਂ ਦੀ ਸਮਾਂ ਸਾਰਨੀ ਜਾਰੀ

ਰੂਪਨਗਰ, 27 ਜਨਵਰੀ:  ਜ਼ਿਲ੍ਹਾ ਪੱਧਰੀ ਪ੍ਰੀ-ਲੋਕ ਅਦਾਲਤਾਂ ਅਤੇ ਮਹੀਨਾਂਵਾਰ ਲੋਕ ਅਦਾਲਤਾਂ ਜ਼ਿਲ੍ਹਾ ਹੈਡ ਕਵਾਟਰ ਰੂਪਨਗਰ ਸਮੇਤ ਸਬ ਡਵੀਜ਼ਨਾਂ ਅਨੰਦਪੁਰ ਸਾਹਿਬ, ਖਰੜ ,ਮੋਹਾਲੀ ਅਤੇ ਡੇਰਾ ਬਸੀ ਦੇ ਅਦਾਲਤੀ ਕੰਪਲੈਕਸਾਂ ਵਿਖੇ 28 ਜਨਵਰੀ, 25 ਫਰਵਰੀ, 31 ਮਾਰਚ, 28 ਅਪ੍ਰੈਲ, 26 ਮਈ, 28 ਜੁਲਾਈ, 25 ਅਗਸਤ, 29 ਸਤੰਬਰ, 27 ਅਕਤੂਬਰ, 17 ਨਵੰਬਰ ਅਤੇ 22 ਦਸੰਬਰ 2012 ਦਿਨ ਸ਼ਨਿਚਰਵਾਰ ਨੂੰ  ਲਗਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸ਼੍ਰੀ ਜੀ.ਕੇ.ਧੀਰ, ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਇਥੇ ਦਿੱਤੀ।

        ਸ਼੍ਰੀ  ਧੀਰ ਨੇ ਦੱਸਿਆ ਕਿ  ਆਯੋਜਿਤ ਕੀਤੀਆਂ ਜਾ ਰਹੀਆਂ ਇਨਾਂ  ਲੋਕ ਅਦਾਲਤਾਂ ਵਿੱਚ ਲੋਕਾਂ ਦੇ ਅਦਾਲਤਾਂ ਵਿਚ ਚਲਦੇ ਵੱਖ-ਵੱਖ ਤਰ੍ਹਾਂ ਦੇ ਫੌਜ਼ਦਾਰੀ ਤੇ ਦੀਵਾਨੀ ਕੇਸਾਂ ਦਾ ਮੌਕੇ ਤੇ ਹੀ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਲੋਕ ਅਦਾਲਤਾਂ ਦਾ ਫਾਇਦਾ ਉਠਾਉਣ।

ਵੋਟਿੰਗ ਮਸ਼ੀਨਾਂ ਦੀ ਸਟੋਰ ਕਰਨ ਲਈ ਪ੍ਰਬੰਧ ਮੁਕੰਮਲ : ਮਸਤ

ਰੂਪਨਗਰ, 27 ਜਨਵਰੀ- ਸਥਾਨਕ ਸਰਕਾਰੀ ਕਾਲਜ ਵਿਖੇ ਬਣਾਏ ਸਟਰੋਂਗ ਰੂਮਜ਼ ਵਿੱਚ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਸਟੋਰ ਕੀਤੀਆਂ ਜਾਣਗੀਆਂ। ਇਸ ਗੱਲ ਦੀ ਜਾਣਕਾਰੀ  ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁੱਚਾ ਸਿੰਘ ਮਸਤ ਨੇ ਅੱਜ ਸਰਕਾਰੀ ਕਾਲਜ ਵਿਖੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਫਸਰਾਂ ਅਤੇ ਪੁਲਸ ਦੇ ਅਧਿਕਾਰੀਆਂ, ਸੁਰੱਖਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸਟਰੋਂਗ ਰੂਮਜ਼ ਦੇ ਪੁਖਤਾ ਪ੍ਰਬੰਧ ਕਰਨ ਸਬੰਧੀ ਲੋੜਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ 49-ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਵੋਟਿੰਗ ਮਸ਼ੀਨਾਂ ਸਥਾਨਿਕ ਸਰਕਾਰੀ ਕਾਲਜ ਦੇ ਵੱਖ-ਵੱਖ ਸਟਰੋਂਗ ਰੂਮਜ਼ ਵਿੱਚ ਰੱਖੀਆਂ ਜਾਣਗੀਆਂ ਅਤੇ ਇੰਨ੍ਹਾਂ ਮਸ਼ੀਨਾਂ ਦੇ ਸਟੋਰ ਕਰਨ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਇਸ ਮੌਕੇ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਨੇ ਆਪਣੇ ਹਲਕਿਆਂ ਨਾਲ ਸਬੰਧਤ ਲੋੜਾਂ ਅਤੇ ਸ਼ੰਕਾਵਾਂ ਬਾਰੇ ਵਧੀਕ ਜ਼ਿਲ੍ਹਾ ਚੋਣ ਅਫਸਰ ਤੋਂ ਸੇਧਾਂ ਪ੍ਰਾਪਤ ਕੀਤੀਆਂ। ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਕਾਲਜ ਦੇ ਤਿੰਨੋਂ ਸਟਰੋਂਗ ਰੂਮਜ਼  ਵਿੱਚ ਛੇ ਮਾਰਚ ਤੱਕ ਲਈ ਕਲੋਜ਼ ਸਰਕਟ ਕੈਮਰੇ ਫਿੱਟ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾਂ ਦਿਨ ਵਿੱਚ ਤਿੰਨ ਵਾਰ ਵੱਖ-ਵੱਖ ਅਧਿਕਾਰੀਆਂ ਵੱਲੋਂ ਇੰਨ੍ਹਾਂ ਸਟੋਰਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇੰਨ੍ਹਾਂ ਸਟਰੋਂਗ ਰੂਮਾਂ ’ਤੇ 24 ਘੰਟੇ ਸੁਰੱਖਿਆ ਅਧਿਕਾਰੀ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ  30 ਜਨਵਰੀ ਸ਼ਾਮ ਨੂੰ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ  ਬਿਜਲਈ ਵੋਟਿੰਗ ਮਸ਼ੀਨਾਂ  ਨੂੰ ਉਮੀਦਵਾਰਾਂ ਦੀ ਹਾਜਰੀ ਵਿੱਚ ਸੀਲ ਕਰ ਦਿੱਤਾ ਜਾਵੇਗਾ।

          ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਾਮਵੀਰ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਰੂਪਨਗਰ, ਸ਼੍ਰੀ ਉਪਕਾਰ ਸਿੰਘ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਸ਼੍ਰੀ ਚਮਕੌਰ ਸਾਹਿਬ, ਅਤੇ ਸ਼੍ਰੀਮਤੀ ਹਰਗੁਣਜੀਤ ਕੌਰ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਹਰਬੀਰ ਸਿੰਘ  ਡੀ.ਐਸ.ਪੀ.ਸ਼੍ਰੀ ਗਗਨਦੀਪ ਸਿੰਘ ਵਿਰਕ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸ਼੍ਰੀ ਜ਼ਸਵੰਤ ਸਿੰਘ ਤਹਿਸੀਲਦਾਰ, ਸ਼੍ਰੀ ਰੂਪ ਸਿੰਘ ਬੀ.ਡੀ.ਪੀ.ਓੁ. ਰੂਪਨਗਰ ਵੀ ਹਾਜਰ ਸਨ।

ਜਿਲ੍ਹੇ ਭਰ ਵਿਚ ਗਣਤੰਤਰ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ

ਵਿੱਦਿਅਕ ਅਦਾਰਿਆਂ ਵਿਚ 27 ਨੂੰ ਛੁੱਟੀ
ਹੁਸ਼ਿਆਰਪੁਰ, 26 ਜਨਵਰੀ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 63ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਜ਼ਿਲ੍ਹਾ ਪੱਧਰ ਦਾ ਗਣਤੰਤਰ ਦਿਵਸ ਦਾ ਸਮਾਗਮ ਪੁਲਿਸ ਲਾਇਨਜ਼ ਗਰਾਉਂਡ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਚੁੰਨੀ ਲਾਲ ਭਗਤ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਕੌਮੀ ਝੰਡਾ ਲਹਿਰਾਇਆ ਅਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੁਬਾਰਕ ਮੌਕੇ ਤੇ ਬੀ ਐਸ ਐਫ, ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਸਾਬਕਾ ਫੌਜੀਆਂ, ਐਨ ਸੀ ਸੀ 12 ਪੰਜਾਬ ਬਟਾਲੀਅਨ, ਸਕਾਊਟਸ ਅਤੇ ਗਰਲ ਗਾਇਡਜ਼ ਦੀਆਂ ਟੁਕੜੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਮੁੱਖ ਮਹਿਮਾਨ ਦੇ ਨਾਲ ਪੁਲਿਸ ਜਿਪਸੀ ਵਿੱਚ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਅਤੇ ਬਲਕਾਰ ਸਿੰਘ ਸਿੱਧੂ ਐਸ ਐਸ ਪੀ ਹੁਸਿਆਰਪੁਰ ਨੇ ਪਰੇਡ ਦਾ ਨਿਰੀਖਣ ਕੀਤਾ।
        ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਚੁੰਨੀ ਲਾਲ ਭਗਤ ਨੇ ਗਣਤੰਤਰ ਦਿਵਸ ਸਮਾਗਮ ਦੌਰਾਨ ਗਣਤੰਤਰ ਦਿਵਸ ਦੀ ਮਹੱਤਤਾ ਦੱਸਦਿਆਂ ਹੋਇਆਂ ਦੇਸ਼ ਵਿੱਚ ਲਾਗੂ ਕੀਤੇ ਗਏ ਕਾਨੂੰਨਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਭਾਰਤ ਇੱਕ ਲੋਕਤੰਤਰ  ਤੇ ਪ੍ਰਭੂਤਾਸੰਪਨ ਰਾਜ ਬਣਿਆ ਸੀ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਹਰ ਭਾਰਤੀ ਨਾਗਰਿਕ ਨੂੰ ਮੁਢਲੇ ਅਧਿਕਾਰ ਅਤੇ ਬਰਾਬਰਤਾ ਦਾ ਅਧਿਕਾਰ ਦਿੱਤਾ ਅਤੇ ਨਾਲ ਹੀ ਆਪਣੇ ਫਰਜ਼ਾਂ ਦੀ ਪੂਰਤੀ ਲਈ ਵੀ ਸੰਦੇਸ਼ ਦਿੱਤਾ। ਉਨ੍ਹਾਂ ਆਪਣੇ ਸੰਦੇਸ਼ ਦੌਰਾਨ ਸ਼ਹੀਦ-ਏ-ਆਜਮ ਸ੍ਰ: ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਨਾਮਧਾਰੀ ਬਾਬਾ ਰਾਮ ਸਿੰਘ, ਸੋਹਨ ਸਿੰਘ ਭਕਨਾ ਵਰਗੇ ਮਹਾਨ ਸ਼ਹੀਦਾਂ, ਮਹਾਨ ਦੇਸ਼ ਭਗਤਾਂ ਅਤੇ ਅਨੇਕਾਂ ਹੋਰ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਬਰਕਰਾਰ ਰੱਖਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਸਾਨੂੰ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।
        ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਿਥੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ, ਉਥੇ ਦੇਸ਼ ਦੇ ਅੰਨ-ਭੰਡਾਰ ਵਿੱਚ ਵੀ ਸਭ ਤੋਂ ਵੱਧ ਹਿੱਸਾ ਪੰਜਾਬ ਦੇ ਮਿਹਨਤੀ ਕਿਸਾਨ ਪਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕਤੰਤਰ ਵਿੱਚ ਜਿਥੇ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂ ਪਾਲਿਕਾ ਦਾ ਅਹਿਮ ਰੋਲ ਹੈ, ਉਥੇ ਪ੍ਰੈਸ ਵੀ ਇੱਕ ਵੱਡੀ ਭੂਮਿਕਾ ਅਦਾ ਕਰਦੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ ਇਨ੍ਹਾਂ ਸਾਲਾਂ ਵਿੱਚ ਭਾਰਤ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਅਜੇ ਲੋੜ ਹੈ ਕਿ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਾਰੇ ਇੱਕ ਜੁਟ ਹੋ ਕੇ ਹਭਲਾ ਮਾਰੀਏ। ਸੰਵਿਧਾਨ ਵਿੱਚ ਜਿਥੇ ਸਾਨੂੰ ਬਹੁਤ ਸਾਰੇ ਮੌਲਿਕ ਅਧਿਕਾਰ ਪ੍ਰਾਪਤ ਹਨ, ਉਥੇ ਕਰਤੱਵਾਂ ਦੀ ਪਾਲਣਾ ਕਰਨਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।
        ਇਸ ਮੌਕੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਵੱਲੋਂ ਦੇਸ਼ ਪਿਆਰ ਦੇ ਗੀਤਾਂ ਦੇ ਅਧਾਰਤ ਸਭਿਆਚਾਰਕ ਪ੍ਰੋਗਰਮ ਅਤੇ ਗਿੱਧਾ, ਭੰਗੜਾ ਵੀ ਪੇਸ਼ ਕੀਤਾ ਗਿਆ। ਗਣਤੰਤਰ ਦਿਵਸ ਵਿੱਚ ਹਾਜ਼ਰ ਜ਼ਿਲ੍ਹੇ ਦੇ ਸੁਤੰਤਰਤਾ ਸੈਲਾਨੀਆਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।    ਮਾਰਚ ਪਾਸਟ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਬੀ ਐਸ ਐਫ ਅਤੇ ਦੂਸਰੇ ਨੰਬਰ ਤੇ ਪੰਜਾਬ ਪੁਲਿਸ ਹੁਸ਼ਿਆਰਪੁਰ ਦੀ ਟੁਕੜੀ ਅਤੇ ਪਰੇਡ ਕਮਾਂਡਰ ਡੀ ਐਸ ਪੀ ਹਰਿੰਦਰ ਪਾਲ ਸਿੰਘ ਪਰਮਾਰ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਸਪੀਕਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ।
        ਪੰਚਾਇਤ ਸੰਮਤੀ ਸਟੇਡੀਅਮ ਦਸੂਹਾ ਵਿਖੇ ਸਬਡਵੀਜ਼ਨ ਪੱਧਰ ਦੇ ਗਣਤੰਤਰ ਦਿਵਸ ਤੇ ਸ੍ਰੀ ਕੇ ਡੀ ਭੰਡਾਰੀ ਮੁੱਖ ਸੰਸਦੀ ਸਕੱਤਰ ਕਰ ਤੇ ਆਬਕਾਰੀ ਵਿਭਾਗ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰਾਂ ਏ ਐਸ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿੱਚ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਐਸ ਡੀ ਐਮ ਗੜ੍ਹਸ਼ੰਕਰ ਸ੍ਰੀਮਤੀ ਰਣਜੀਤ ਕੌਰ ਨੇ ਕੌਮੀ ਝੰਡਾ ਲਹਿਰਾਇਆ।

ਤਲਵਾੜਾ ਦੇ ਸਮੂਹ ਸਕੂਲਾਂ ਵੱਲੋਂ ਸਾਂਝੇ ਤੌਰ ਤੇ ਗਣਤੰਤਰ ਦਿਵਸ ਨਰਸਰੀ ਗਰਾਉਂਡ ਵਿਚ ਮਨਾਇਆ ਗਿਆ ਜਿੱਥੇ ਤਿਰੰਗਾ ਲਹਿਰਾਉਣ ਦੀ ਰਸਮ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਨੇ ਅਦਾ ਕੀਤੀ। ਇਸ ਮੌਕੇ ਡਾ. ਅਮਰਜੀਤ ਅਨੀਸ, ਕੇ ਕੇ ਰਾਣਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਸਰਕਾਰੀ ਕੰਨਿਆ ਸ. ਸ. ਸਕੂਲ ਸੈਕਟਰ 3, ਬੀ ਬੀ ਐਮ ਬੀ ਡੀ ਏ ਵੀ ਪਬਲਿਕ ਸਕੂਲ ਸੈਕਟਰ 2, ਸ਼ਿਵਾਲਿਕ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ, ਵਸ਼ਿਸ਼ਟ ਭਾਰਤੀ, ਸ਼੍ਰੀ ਗੁਰੂ ਹਰਕ੍ਰਿਸ਼ਨ ਪਲਬਿਕ ਸਕੂਲ ਸੈਕਟਰ 2, ਸ ਸ ਸ ਸਕੂਲ ਸੈਕਟਰ 1 ਦੇ ਬੱਚਿਆਂ ਨੇ ਮਨਮੋਹਕ ਪੇਸ਼ਕਾਰੀਆਂ ਨਾਲ ਦੇਸ਼ ਭਗਤੀ ਦਾ ਖੂਬ ਰੰਗ ਜਮਾਇਆ।
ਪ੍ਰਸ਼ਾਸ਼ਨ ਵੱਲੋਂ ਭਲਕੇ 27 ਜਨਵਰੀ ਨੂੰ ਵਿੱਦਿਅਕ ਸੰਸਥਾਨਾਂ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

Type in Punjabi

Reuters IN: Latest Market Data